ਕਿਰਿਆ ਵਿਸ਼ੇਸ਼ਣੀ ਉਪਵਾਕ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਕਿਰਿਆ ਵਿਸ਼ੇਸ਼ਣੀ ਉਪਵਾਕ: ਮਿਸ਼ਰਤ ਵਾਕਾਂ ਦੀ ਬਣਤਰ ਵਿਚ ਘੱਟੋ ਘੱਟ ਇਕ ਸਵਾਧੀਨ ਅਤੇ ਇਕ ਪਰਾਧੀਨ ਉਪਵਾਕ ਵਿਚਰਦੇ ਹਨ। ਪਰਾਧੀਨ ਉਪਵਾਕ ਕਿਸੇ ਮਿਸ਼ਰਤ ਵਾਕ ਦੀ ਬਣਤਰ ਵਿਚ ਨਾਂਵ, ਵਿਸ਼ੇਸ਼ਣ, ਅਤੇ ਕਿਰਿਆ ਵਿਸ਼ੇਸ਼ਣ ਵਰਗਾ ਕਾਰਜ ਕਰਦੇ ਹਨ। ਇਸ ਅਧਾਰ ’ਤੇ ਪਰਾਧੀਨ ਉਪਵਾਕਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ, ਜਿਵੇਂ : ਕਿ-ਉਪਵਾਕ (ਨਾਂਵ ਵਜੋਂ), ਸੰਯੋਜਕੀ ਉਪਵਾਕ (ਵਿਸ਼ੇਸ਼ਣ ਵਜੋਂ) ਅਤੇ ਕਿਰਿਆ ਵਿਸ਼ੇਸ਼ਣੀ ਉਪਵਾਕ। ਕਿਰਿਆ ਵਿਸ਼ੇਸ਼ਣੀ ਉਪਵਾਕ ਬਣਤਰ ਅਤੇ ਕਾਰਜ ਦੇ ਪੱਖ ਤੋਂ ਕਿਰਿਆ ਵਿਸ਼ੇਸ਼ਣਾਂ ’ਤੇ ਨਿਰਭਰ ਕਰਦੇ ਹਨ। ਇਕ ਸਧਾਰਨ ਵਾਕ ਵਿਚ ਜਿਹੜਾ ਕਾਰਜ ਕਿਰਿਆ ਵਿਸ਼ੇਸ਼ਣ ਕਰਦਾ ਹੈ, ਉਸੇ ਪਰਕਾਰ ਦਾ ਕਾਰਜ ਇਕ ਮਿਸ਼ਰਤ ਵਾਕ ਵਿਚ ਕਿਰਿਆ ਵਿਸ਼ੇਸ਼ਣ ਉਪਵਾਕ ਕਰ ਰਿਹਾ ਹੁੰਦਾ ਹੈ। ਕਿਰਿਆ ਵਿਸ਼ੇਸ਼ਣ ਉਪਵਾਕ ਦੀ ਬਣਤਰ ਅਤੇ ਕਾਰਜ ਕਿਰਿਆ ਵਿਸ਼ੇਸ਼ਣਾਂ ਦੇ ਰੂਪ ਅਤੇ ਕਾਰਜ ’ਤੇ ਅਧਾਰਤ ਹੁੰਦੀ ਹੈ। ਰੂਪ ਦੇ ਪੱਖ ਵਿਚ ਮਿਸ਼ਰਤ ਵਾਕਾਂ ਵਿਚ ਵਿਚਰਨ ਵਾਲੇ ਕਿਰਿਆ ਵਿਸ਼ੇਸ਼ਣਾਂ (ਉਪਵਾਕ) ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ, ਜਿਵੇਂ : (i) ਜਕਿਰਿਆ ਵਿਸ਼ੇਸ਼ਣ ਅਤੇ (ii) ਫਕਿਰਿਆ ਵਿਸ਼ੇਸ਼ਣ। ਪਹਿਲੀ ਭਾਂਤ ਦੇ ਕਿਰਿਆ ਵਿਸ਼ੇਸ਼ਣੀ ਉਪਵਾਕਾਂ ਦੀ ਬਣਤਰ ਜਅਧਾਰਤ ਕਿਰਿਆ ਵਿਸ਼ੇਸ਼ਣਾਂ ਤੇ ਨਿਰਭਰ ਕਰਦੀ ਹੈ, ਜੋ ਇਸ ਪਰਕਾਰ ਹਨ, ਜਿਵੇਂ : ਸਥਾਨ-ਸੂਚਕਜਿਥੇ, ਜਿਥੋਂ, ਜਿਧਰ, ਜਿਧਰੋਂ; ਸਮਾਂ-ਸੂਚਕਜਦ, ਜਦੋਂ; ਵਿਧੀ-ਸੂਚਕਜਿਵੇਂ,ਜਿੱਦਾਂ, ਜਿਸ ਤਰ੍ਹਾਂ ਆਦਿ। ਜਦੋਂ ਕਿ ਦੂਜੀ ਭਾਂਤ ਦੇ ਕਿਰਿਆ ਵਿਸ਼ੇਸ਼ਣੀ ਉਪਵਾਕਾਂ ਦੀ ਬਣਤਰ ਫ-ਅਧਾਰਤ ਹੁੰਦੀ ਹੈ। ਇਸ ਪਰਕਾਰ ਦੇ ਕਿਰਿਆ ਵਿਸ਼ੇਸ਼ਣਾਂ ਵਿਚ ਰੂਪ ਦੇ ਪੱਖ ਤੋਂ ਇਕਸਾਰਤਾ ਨਹੀਂ ਹੈ, ਜੋ ਇਸ ਪਰਕਾਰ ਹਨ, ਜਿਵੇਂ : ਜੇ, ਭਾਵੇਂ, ਸਗੋਂ, ਕਿਉਂਕਿ ਆਦਿ। ਪਹਿਲੀ ਭਾਂਤ ਦੇ ਕਿਰਿਆ ਵਿਸ਼ੇਸ਼ਣੀ ਉਪਵਾਕਾਂ ਵਿਚ ਜਕਿਰਿਆ ਵਿਸ਼ੇਸ਼ਣ ਪਰਾਧੀਨ ਬਣਤਰ ਦੇ ਸਿਰਜਕ ਹੁੰਦੇ ਹਨ ਅਤੇ ਸਵਾਧੀਨ ਉਪਵਾਕ ਦੀ ਬਣਤਰ ਵਿਚ ਇਸ ਦੇ ਸਹਿ-ਉਲੇਖਕ (Co-referancial) ਕਿਰਿਆ ਵਿਸ਼ੇਸ਼ਣ ਵਿਚਰਦੇ ਹਨ। ਹਰ ਇਕ ਕਿਰਿਆ ਵਿਸ਼ੇਸ਼ਣ ਦੇ ਮੇਲ ਦਾ ਇਕ ਸਹਿ-ਉਲੇਖਕ ਹੁੰਦਾ ਹੈ, ਜਿਵੇਂ : ਜਿਥੇ-ਉਥੇ, ਜਿਥੋਂ-ਉਥੋਂ, ਜਿਧਰ-ਉਧਰ, ਜਿਧਰੋਂ-ਉਧਰੋਂ, ਜਦੋਂ-ਉਦੋਂ,ਜਿਵੇਂ-ਉਵੇਂ ਆਦਿ। ਇਸ ਪਰਕਾਰ ਦੇ ਕਿਰਿਆ ਵਿਸ਼ੇਸ਼ਣੀ ਉਪਵਾਕਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ ਜੋ ਸਥਾਨ, ਸਮਾਂ ਅਤੇ ਵਿਧੀ ਦੇ ਸੂਚਕ ਹੁੰਦੇ ਹਨ, ਜਿਵੇਂ : ‘ਜਿਥੇ ਜੀਵਨ ਕਣੀ ਹੈ ਉਥੇ ਰੱਬ ਹੈ, ਜਦੋਂ ਲੜਾਈ ਲੱਗੀ ਉਦੋਂ ਸਭ ਕੁੱਝ ਮਹਿੰਗਾ ਹੋਇਆ, ਜਿਵੇਂ ਤੁਸੀਂ ਕਰਨਾ ਚਾਹੁੰਦੇ ਹੋ ਉਵੇਂ ਅਸੀਂ ਕਰਨ ਨਹੀਂ ਦੇਣਾ।’ ਦੂਜੀ ਪਰਕਾਰ ਦੇ ਕਿਰਿਆ ਵਿਸ਼ੇਸ਼ਣੀ ਉਪਵਾਕਾਂ ਦੀ ਬਣਤਰ ਫੁਟਕਲ ਕਿਰਿਆ ਵਿਸ਼ੇਸ਼ਣਾਂ ’ਤੇ ਅਧਾਰਤ ਹੁੰਦੀ ਹੈ। ਇਸ ਪਰਕਾਰ ਦੇ ਕਿਰਿਆ ਵਿਸ਼ੇਸ਼ਣੀ ਉਪਵਾਕਾਂ ਨੂੰ ਚਾਰ ਭਾਗਾਂ ਵਿਚ ਵੰਡਿਆ ਜਾਂਦਾ ਹੈ। ਇਨ੍ਹਾਂ ਚਾਰ ਭਾਗਾਂ ਦੇ ਨਮੂਨੇ ਇਸ ਪਰਕਾਰ ਹਨ : ‘ਇਸ ਨੂੰ ਸਪਤ-ਸਿੰਧੂ ਆਖਦੇ ਹਨ ਕਿਉਂਕਿ ਇਸ ਵਿਚ ਸੱਤ ਦਰਿਆ ਵਹਿੰਦੇ ਹਨ, ਸਲਵਾਰ ਕਮੀਜ਼ ਤੋਂ ਪੰਜਾਬੀ ਲਗਦੀ ਹੈ ਭਾਵੇਂ ਪੰਜਾਬ ਤੋਂ ਬਹੁਤ ਦੂਰ ਆ ਗਈ ਸੀ, ਉਹ ਇਕ ਥਾਂ ’ਤੇ ਬੱਝਣਾ ਨਹੀਂ ਚਾਹੁੰਦੀ ਸਗੋਂਂ ਥਾਂ ਥਾਂ ’ਤੇ ਘੁੰਮਣਾ ਚਾਹੁੰਦੀ ਹੈ। ਜੇ ਰੱਬ ਵਿਚ ਮੇਰਾ ਵਿਸ਼ਵਾਸ ਹੁੰਦਾ ਤਾਂ ਮੈਂ ਏਡੀ ਛੇਤੀ ਨਾ ਹੰਭਦਾ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First