ਕਿਰਿਆ-ਵਿਸ਼ੇਸ਼ਣ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਿਰਿਆ-ਵਿਸ਼ੇਸ਼ਣ : ਕਿਰਿਆ ਸ਼੍ਰੇਣੀ ਦੇ ਸ਼ਬਦਾਂ ਤੋਂ ਸੂਚਕ, ਕਾਰਜ, ਘਟਨਾ ਜਾਂ ਵਿਹਾਰ ਦੇ ਲੱਛਣ ਜਾਂ ਗੁਣ ਅਰਥਾਤ ਵਿਸ਼ੇਸ਼ਤਾ ਦਾ ਬੋਧ ਕਰਵਾਉਣ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਮਿਸਾਲ ਵਜੋਂ ਵਾਕ (1) ‘ਦੌੜਨ’ ਦੀ ਕਿਰਿਆ ਕੀਤੇ ਜਾਣ ਦੀ ਸੂਚਨਾ ਦਿੰਦਾ ਹੈ ਪਰ ਵਾਕ (2) ਵਿਚਲਾ ਸ਼ਬਦ ‘ਤੇਜ਼’ ਇਸ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਦਾ ਹੈ। ਇਸ ਲਈ ਸ਼ਬਦ ਤੇਜ਼ ਕਿਰਿਆ ਵਿਸ਼ੇਸ਼ਣ ਹੈ।
1. ਮੁੰਡਾ ਦੌੜਦਾ ਹੈ।
2. ਮੁੰਡਾ ਤੇਜ਼ ਦੌੜਦਾ ਹੈ।
ਕਿਰਿਆ ਵਿਸ਼ੇਸ਼ਣ ਅਵਿਕਾਰੀ ਸ਼੍ਰੇਣੀ ਦੇ ਸ਼ਬਦ ਹਨ ਕਿਉਂਕਿ ਕਿਸੇ ਦੀ ਵਿਆਕਰਨਿਕ ਸ਼੍ਰੇਣੀ ਲਈ ਇਹਨਾਂ ਦੇ ਰੂਪ ਵਿੱਚ ਕੋਈ ਵਿਕਾਰ ਅਰਥਾਤ ਪਰਿਵਰਤਨ ਨਹੀਂ ਹੁੰਦਾ। ਮਿਸਾਲ ਵਜੋਂ ਵਾਕ (2) ਵਿੱਚ ਕਿਰਿਆ ਦਾ ਕਰਤਾ ਇੱਕਵਚਨ-ਪੁਲਿੰਗ ਹੈ। ਪਰ ਜੇ ਇਸ ਦੀ ਥਾਂ ਕਰਤਾ ਬਹੁਵਚਨ-ਪੁਲਿੰਗ ਵਾਕ (3 ੳ.), ਇੱਕਵਚਨ-ਇਲਿੰਗ (3 ਅ.) ਜਾਂ ਬਹੁਵਚਨ-ਇਲਿੰਗ ਵਾਕ (3 ੲ.) ਹੋਵੇ ਤਾਂ ਵੀ ਵਾਕ ਵਿਚਲੇ ਕਿਰਿਆ ਵਿਸ਼ੇਸ਼ਣ (ਤੇਜ਼) ਵਿੱਚ ਕੋਈ ਵਿਕਾਰ ਨਹੀਂ ਆਉਂਦਾ।
3 ੳ. ਮੁੰਡੇ ਤੇਜ਼ ਦੌੜਦੇ ਹਨ।
3 ਅ. ਕੁੜੀ ਤੇਜ਼ ਦੌੜਦੀ ਹੈ।
3 ੲ. ਕੁੜੀਆਂ ਤੇਜ਼ ਦੌੜਦੀਆਂ ਹਨ।
ਵਾਕ ਵਿੱਚ ਕਿਰਿਆ ਵਿਸ਼ੇਸ਼ਣ ਸ਼ਬਦਾਂ ਦੀ ਵਰਤੋਂ, ਵੱਖਰੇ ਕਰ ਕੇ, ਮੁੱਖ ਕਿਰਿਆ ਤੋਂ ਤੁਰੰਤ ਪਹਿਲਾਂ ਕੀਤੀ ਜਾਂਦੀ ਹੈ। ਉਂਞ ਕਈ ਸਥਿਤੀਆਂ ਇਹਨਾਂ ਦੀ ਸਥਾਨ ਬਦਲੀ ਵੀ ਕੀਤੀ ਜਾਂਦੀ ਹੈ ਵਾਕ (9), (10))। ਕਿਰਿਆ ਦੇ ਵਿਸ਼ੇਸ਼ਕ ਵਜੋਂ ਕਿਰਿਆ ਵਿਸ਼ੇਸ਼ਣ ਵਾਕ ਦਾ ਜ਼ਰੂਰੀ ਭਾਗ ਨਹੀਂ ਹੁੰਦੇ। ਅਜਿਹੇ ਕਿਰਿਆ ਵਿਸ਼ੇਸ਼ਣ ਦੀ ਗ਼ੈਰ-ਹਾਜ਼ਰੀ ਵਿੱਚ ਵੀ ਵਾਕ ਦੀ ਵਿਆਕਰਨਿਕ ਬਣਤਰ ਵਿੱਚ ਕੋਈ ਵਿਘਨ ਨਹੀਂ ਪੈਂਦਾ। ਵੇਖੋ ਵਾਕ (1) ਅਤੇ (2)। ਪਰ ਵਾਕ ਵਿੱਚ ਪੂਰਕ ਵਜੋਂ ਵਿਚਰਨ ਵਾਲੇ ਕਿਰਿਆ ਵਿਸ਼ੇਸ਼ਣ ਵਾਕ ਦਾ ਜ਼ਰੂਰੀ ਅੰਗ ਹੁੰਦੇ ਹਨ। ਅਜਿਹੇ ਵਾਕਾਂ ਵਿੱਚ ਮੁੱਖ ਕਿਰਿਆ ਦੇ ਸਥਾਨ ਉੱਤੇ ਸਹਾਇਕ ਕਿਰਿਆ ਹੁੰਦੀ ਹੈ। ਵਾਕ (4 ੳ.) ਵਿੱਚ ਕਿਰਿਆ ਵਿਸ਼ੇਸ਼ਣ ‘ਅੰਦਰ’ ਦੀ ਅਜਿਹੀ ਵਰਤੋਂ ਕੀਤੀ ਗਈ ਹੈ।
4 ੳ. ਮੁੰਡਾ ਅੰਦਰ ਹੈ।
4 ਅ. ਮੁੰਡਾ ਹੈ।
ਅਰਥਾਂ ਦੇ ਆਧਾਰ ਉੱਤੇ ਪੰਜਾਬੀ ਦੇ ਕਿਰਿਆ ਵਿਸ਼ੇਸ਼ਣ ਸ਼ਬਦਾਂ ਨੂੰ ਛੇ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ- 1. ਸਥਾਨ ਬੋਧਕ, 2. ਸਮਾਂ-ਬੋਧਕ, 3. ਵਿਧੀ-ਬੋਧਕ, 4. ਮਾਤਰਾ-ਬੋਧਕ, 5. ਨਿਸਚੇ- ਬੋਧਕ, ਅਤੇ 6. ਕਾਰਕ-ਬੋਧਕ।
ਕਿਰਿਆ ਦੇ ਵਾਪਰਨ ਦੇ ਸਥਾਨ, ਸਥਾਨ ਦੀ ਦਿਸ਼ਾ ਜਾਂ ਦਸ਼ਾ ਦਾ ਬੋਧ ਕਰਵਾਉਣ ਵਾਲੇ ਸ਼ਬਦਾਂ ਨੂੰ ਸਥਾਨ ਬੋਧਕ, ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ : ਬਾਹਰ, ਅੰਦਰ, ਹੇਠਾਂ, ਉੱਤੇ, ਬਾਹਰੋਂ, ਉੱਤੋਂ, ਇੱਧਰ, ਉੱਧਰ, ਇੱਧਰੋਂ, ਉੱਧਰੋਂ, ਸਾਮ੍ਹਣੇ, ਅੱਗੇ, ਪਿੱਛੇ, ਨੇੜ ਆਦਿ।
5. ਹਰਨਾਮ ‘ਹੇਠਾਂ` ਆ ਗਿਆ ਹੈ। (ਸਥਾਨ)
6. ਉਹ ‘ਇਧਰੋਂ` ਚਲਾ ਗਿਆ ਹੈ। (ਸਥਾਨ ਦੀ ਦਿਸ਼ਾ)
7. ਰਾਮ ਅਤੇ ਸ਼ਾਮ ‘ਨੇੜੇ-ਤੇੜੇ` ਬੈਠੇ ਸਨ। (ਸਥਾਨ ਦੀ ਦਸ਼ਾ)
ਕਿਸੇ ਵੀ ਕਿਰਿਆ ਦੇ ਵਾਪਰਨ ਦੇ ਤਿੰਨ ਪੱਖ ਹੁੰਦੇ ਹਨ-1. ਕਿਰਿਆ ਦੇ ਵਾਪਰਨ ਦਾ ਵੇਲਾ,
2.ਕਿਰਿਆ ਦੇ ਵਾਪਰਨ ਲਈ ਲੱਗਾ ਚਿਰ ਅਤੇ
3. ਕਿਰਿਆ ਦੇ ਵਾਪਰਨ ਦੇ ਸਮੇਂ ਦੀ ਬਾਰੰਬਾਰਤਾ।
ਇਸ ਸੰਦਰਭ ਵਿੱਚ ਕਿਹਾ ਜਾ ਸਕਦਾ ਹੈ ਕਿ ਕਿਰਿਆ ਦੇ ਵਾਪਰਨ ਦੇ ਸਮੇਂ ਦੇ ਕਿਸੇ ਪੱਖ ਦਾ ਬੋਧ ਕਰਵਾਉਣ ਵਾਲੇ ਸ਼ਬਦਾਂ ਨੂੰ ਸਮਾਂ-ਬੋਧਕ ਕਿਰਿਆ ਵਿਸ਼ੇਸ਼ਣ ਆਖਿਆ ਜਾਂਦਾ ਹੈ : ਕੱਲ੍ਹ, ਅੱਜ, ਸਵੇਰੇ, ਕਈ ਘੰਟੇ, ਲਗਾਤਾਰ, ਹਮੇਸ਼ਾਂ, ਸਦਾ, ਹੁਣ ਤੱਕ, ਘੜੀ-ਮੁੜੀ, ਬਾਰ-ਬਾਰ, ਕਦੇ-ਕਦੇ, ਦਿਨੋ-ਦਿਨ ਆਦਿ।
8 ਸਾਨੂੰ ਤੁਹਾਡੀ ਚਿੱਠੀ ‘ਅਜੇ ਨਹੀਂ` ਮਿਲੀ ਹੈ। (ਵੇਲਾ)
9 ਕੱਲ੍ਹ, ‘ਕਈ ਘੰਟੇ` ਮੀਂਹ ਪੈਂਦਾ ਰਿਹਾ। (ਚਿਰ)
10 ਉਹ ‘ਕਦੇ-ਕਦੇ` ਕਾਲਜ ਜਾਂਦਾ ਹੈ। (ਬਾਰੰਬਾਰਤਾ)
ਕਿਰਿਆ ਦੇ ਵਾਪਰਨ ਦੀ ਵਿਧੀ ਦਾ ਬੋਧ ਕਰਵਾਉਣ ਵਾਲੇ ਸ਼ਬਦਾਂ ਨੂੰ ਵਿਧੀ-ਬੋਧਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਇੱਥੇ ਇਹ ਨੁਕਤਾ ਧਿਆਨਯੋਗ ਹੈ ਕਿ ਕਿਰਿਆ ਦੇ ਵਾਪਰਨ ਦੀ ਵਿਧੀ ਦਾ ਸੰਬੰਧ ਕਰਤਾ ਦੀ ਮਾਨਸਿਕ ਸਥਿਤੀ ਨਾਲ ਵੀ ਹੁੰਦਾ ਹੈ। ਕੱਝ ਕੁ, ਵਿਧੀ- ਬੋਧਕ ਕਿਰਿਆ ਵਿਸ਼ੇਸ਼ਣ ਇਹ ਹਨ-ਸਹਿਜੇ-ਸਹਿਜੇ, ਕਾਹਲੀ-ਕਾਹਲੀ, ਚੁਪ-ਚਾਪ, ਝਟਪਟ, ਖੁਸ਼ੀ-ਖੁਸ਼ੀ, ਇਕੱਠਿਆਂ, ਇੱਕ-ਇੱਕ ਕਰ ਕੇ, ਆਦਿ।
11. ਇਹ ਅਫ਼ਵਾਹ ਸਾਰੇ ਸ਼ਹਿਰ ਵਿੱਚ ‘ਝਟਪਟ` ਫੈਲ ਗਈ।
12. ਉਹ ਹਰ ਕੰਮ ਕਾਹਲੀ-ਕਾਹਲੀ ਕਰਦਾ ਹੈ।
ਕਿਰਿਆ ਦੀ ਮਾਤਰਾ ਦਾ ਸੰਕੇਤ ਕਰਨ ਵਾਲੇ ਸ਼ਬਦ ਮਾਤਰਾ ਬੋਧਕ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ : ਘੱਟ, ਤੇਜ਼, ਵਧੇਰੇ, ਕਾਫ਼ੀ, ਲਗਪਗ, ਬਹੁਤ ਆਦਿ।
13. ਉਹ ‘ਬਹੁਤ ਘੱਟ` ਬੋਲਦਾ ਹੈ।
ਕਿਰਿਆ ਦੇ ਵਾਪਰਨ ਦੀ ਨਿਸ਼ਚਤਾ ਦਾ ਸੰਕੇਤ ਕਰਨ ਵਾਲੇ ਸ਼ਬਦਾਂ ਨੂੰ ਨਿਸ਼ਚੇਬੋਧਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ : ਸਚਮੁਚ, ਜ਼ਰੂਰ, ਬਿਲਕੁਲ ਆਦਿ।
14. ਇਸ ਬੱਦਲਵਾਈ ਤੋਂ ਲੱਗਦਾ ਹੈ ਕਿ ਮੀਂਹ ‘ਜ਼ਰੂਰ` ਪਵੇਗਾ।
ਕਿਰਿਆ ਦੇ ਵਾਪਰਨ ਦੇ ਕਾਰਨ ਦਾ ਬੋਧ ਕਰਵਾਉਣ ਵਾਲੇ ਸ਼ਬਦਾਂ ਨੂੰ ਕਾਰਨ-ਬੋਧਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ : ਕਿਉਂ, ਕਿਵੇਂ, ਕਿੱਧਰ, ਕਿਸ ਲਈ, ਮਜ਼ਬੂਰਨ, ਉਂਞ ਹੀ ਆਦਿ। ਧੁਨੀ ਨਾਲ ਸ਼ੁਰੂ ਹੋਣ ਵਾਲੇ ਇਹਨਾਂ ਕਿਰਿਆ ਵਿਸ਼ੇਸ਼ਣਾਂ ਦੀ ਵਰਤੋਂ ਪ੍ਰਸ਼ਨ ਵਾਚਕ ਵਾਕਾਂ ਵਿੱਚ ਕੀਤੀ ਜਾਂਦੀ ਮਿਲਦੀ ਹੈ।
15. ਉਹ ਇਥੋਂ ‘ਕਿਉਂ` ਚਲਾ ਗਿਆ ਹੈ?
16. ਉਸ ਨੂੰ ਇਥੋਂ ‘ਮਜਬੂਰਨ` ਜਾਣਾ ਪਿਆ।
ਉਪਰੋਕਤ ਵੇਰਵੇ ਦੇ ਆਧਾਰ ਉੱਤੇ ਕਿਰਿਆ ਵਿਸ਼ੇਸ਼ਣਾਂ ਬਾਰੇ ਹੇਠਾਂ ਦਰਜ ਤਿੰਨ ਨੁਕਤੇ ਧਿਆਨ ਗੋਚਰ ਹੁੰਦੇ ਹਨ:
ਬਣਤਰ ਪੱਖੋਂ ਕਿਰਿਆ ਵਿਸ਼ੇਸ਼ਣ ਤਿੰਨ ਪ੍ਰਕਾਰ ਦੇ ਹਨ-(i) ਸਧਾਰਨ ਅਰਥਾਤ ਇਕਹਿਰੇ ਸ਼ਬਦ ਰੂਪਾਂ ਵਾਲੇ ਵਾਕ (2), (4), (16), (ii) ਸੰਯੁਕਤ ਅਰਥਾਤ ਇੱਕ ਤੋਂ ਵੱਧ ਸ਼ਬਦ ਰੂਪਾਂ ਵਾਲੇ ਵਾਕ ਵਾਕ (8), (10), (iii) ਮਿਸ਼ਰਤ ਅਰਥਾਤ ਮੁਕਤ ਅਤੇ ਯੁਕਤ ਭਾਵੰਸ਼ਾਂ ਦੇ ਸੁਮੇਲ ਤੋਂ ਬਣੇ ਵਾਕ (16)।
ਕਿਰਿਆ ਵਿਸ਼ੇਸ਼ਣਾਂ ਦੇ ਨਾਲ ਨਾਂਹਵਾਚੀ ਨਿਪਾਤ ਵਾਕ (8) ਅਤੇ ਦਬਾਵਾਚੀ ਨਿਪਾਤ ਵਾਕ (6), (10) ਦੀ ਵਰਤੋਂ ਵੀ ਕੀਤੀ ਜਾਂਦੀ ਮਿਲਦੀ ਹੈ।
ਮੁੱਖ ਕਿਰਿਆ ਤੋਂ ਤੁਰੰਤ ਪਹਿਲਾਂ ਆਉਣ ਦੀ ਥਾਂ ਕਿਰਿਆ ਵਿਸ਼ੇਸ਼ਣ ਵਾਕ ਵਿੱਚ ਕਿਸੇ ਹੋਰ ਸਥਾਨ ਉੱਤੇ ਵੀ ਵਿਚਰ ਸਕਦੇ ਹਨ ਵਾਕ (9), (10)।
ਲੇਖਕ : ਵੇਦ ਅਗਨੀਹੋਤਰੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no
ਕਿਰਿਆ-ਵਿਸ਼ੇਸ਼ਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਰਿਆ-ਵਿਸ਼ੇਸ਼ਣ [ਨਾਂਪੁ] (ਭਾਵਿ) ਉਹ ਸ਼ਬਦ ਜੋ ਕਿਰਿਆ ਦੀ ਵਿਸ਼ੇਸ਼ਤਾ ਦਰਸਾਏ, ਸ਼ਬਦ-ਸ਼੍ਰੇਣੀਆਂ ਦਾ ਇੱਕ ਭੇਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First