ਕਿੱਕਲੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਿੱਕਲੀ : ਪੰਜਾਬੀ ਲੋਕ-ਗੀਤਾਂ ਦਾ ਇੱਕ ਰੂਪ ਕਿੱਕਲੀ ਹੈ। ਕਿੱਕਲੀ ਸ਼ਬਦ ਦੀ ਵਿਉਤਪਤੀ ‘ਕਿਲਕਿਲਾ’ ਸ਼ਬਦ ਤੋਂ ਮੰਨੀ ਜਾਂਦੀ ਹੈ। ਕੋਸ਼ਗਤ ਅਰਥਾਂ ਅਨੁਸਾਰ ਕਿਲਕਿਲਾ ਅਨੰਦ ਭਾਵਾਂ ਵਾਲੀ ਧੁਨੀ ਹੈ। ਪੋਠੋਹਾਰ (ਪਾਕਿਸਤਾਨ) ਵਿੱਚ ਇਸ ਨੂੰ ਕਿਰਕਿਲੀ ਵੀ ਕਿਹਾ ਜਾਂਦਾ ਹੈ। ਇਹ ਨਿੱਕੀਆਂ ਕੁੜੀਆਂ ਦਾ ਹਰਮਨ ਪਿਆਰਾ ਨਾਚ ਹੈ। ਇਸ ਨਾਚ ਸਮੇਂ ਕੁੜੀਆਂ ਕਿੱਕਲੀ ਦੇ ਗੀਤ ਵੀ ਗਾਉਂਦੀਆਂ ਹਨ। ਇਸ ਨੂੰ ਕੁੜੀਆਂ ਦਾ ਨਾਚ-ਗੀਤ ਵੀ ਕਿਹਾ ਜਾਂਦਾ ਹੈ। ਇਸ ਨੂੰ ਲੋਕ-ਨਾਚ ਵਿੱਚ ਵੀ ਸ਼ਾਮਲ ਕਰ ਲਿਆ ਜਾਂਦਾ ਹੈ। ਕਿੱਕਲੀ ਕੁੜੀਆਂ ਦੇ ਮਨੋਰੰਜਨ ਦਾ ਉੱਤਮ ਸਾਧਨ ਹੈ। ਇਸ ਨਾਲ ਸਰੀਰ ਵਿੱਚ ਚੁਸਤੀ ਤੇ ਨਰੋਆਪਨ ਆਉਂਦਾ ਹੈ। ਮਨ-ਪਰਚਾਵੇ ਲਈ ਇਹ ਖੇਡ-ਗੀਤ ਬਣ ਜਾਂਦਾ ਹੈ।

     ਵਿਹਲੇ ਵੇਲੇ ਜਾਂ ਆਥਣ ਵੇਲੇ ਸਾਂਝੀ ਥਾਂ `ਤੇ ਜਾਂ ਆਪਣੇ ਘਰ ਵਿੱਚ ਵਿਹੜਿਆਂ ਵਿੱਚ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਹਨ। ਫਿਰ ਇਹ ਨਾਚ ਕੁੜੀਆਂ ਦੋ-ਦੋ ਜੋਟਿਆਂ ਵਿੱਚ ਨੱਚਦੀਆਂ ਹਨ। ਦੋ ਕੁੜੀਆਂ ਆਹਮੋ- ਸਾਮ੍ਹਣੇ ਖੜ੍ਹੋ ਕੇ ਇੱਕ ਦੂਜੇ ਦਾ ਹੱਥ ਆਪਣੀਆਂ ਬਾਹਵਾਂ ਦੀ ਸੰਗਲੀ ਜਿਹੀ ਬਣਾ ਕੇ ਫੜ ਲੈਂਦੀਆਂ ਹਨ। ਫਿਰ ਪੈਰਾਂ ਦੇ ਪੱਬਾਂ ਨੂੰ ਜੋੜ ਲੈਂਦੀਆਂ ਹਨ। ਆਪਣੇ ਸਰੀਰ ਦਾ ਭਾਰ ਪੱਬਾਂ `ਤੇ ਪਾ ਕੇ ਜ਼ੋਰ ਨਾਲ ਭੰਬੀਰੀ ਵਾਂਗ ਘੁੰਮਦੀਆਂ ਹਨ। ਘੁੰਮਦਿਆਂ ਹੋਇਆਂ, ਉਹ ਆਪਣਾ ਸਾਰਾ ਸਰੀਰਕ ਭਾਰ ਪਿਛਾਂਹ ਨੂੰ ਰੱਖਦੀਆਂ ਹਨ ਅਤੇ ਸਰੀਰ ਦੇ ਉਪਰਲੇ ਅੱਧੇ ਹਿੱਸੇ ਨੂੰ ਪਿੱਛੇ ਵੱਲ ਕੱਸ ਕੇ ਰੱਖਦੀਆਂ ਹਨ। ਨਾਲ ਹੀ ਨਾਲ ਕਿੱਕਲੀ ਦਾ ਗੀਤ ਗਾਉਂਦੀਆਂ ਹਨ। ਦੋਵੇਂ ਕੁੜੀਆਂ ਇੱਕ ਦੂਜੇ ਨਾਲ ਪੂਰੇ ਤਾਲ ਮੇਚ ਕੇ ਘੁੰਮਦੀਆਂ ਹਨ ਤੇ ਝਟਕੇ ਮਾਰ-ਮਾਰ ਉਛਲਦੀਆਂ ਹਨ। ਘੁੰਮਣ ਵੇਲੇ ਪੈਰਾਂ ਦੀ ਤਾਲ ਤੇ ਪਕੜ (ਜਕੜ) ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਹਵਾ ਦੇ ਵਿੱਚ ਇੱਕ ਰੁਮਾਂਚਿਕ-ਦ੍ਰਿਸ਼ ਬਣ ਜਾਂਦਾ ਹੈ। ਕੰਵਲ- ਫੁੱਲ ਬਣੀਆਂ ਕੁੜੀਆਂ ਘੁੰਮ-ਘੁੰਮ ਹਫ਼ ਜਾਂਦੀਆਂ ਹਨ ਤੇ ਇੱਕ ਕਿੱਕਲੀ-ਗੀਤ ਤੋਂ ਬਾਅਦ ਹੋਰ ਗੀਤ ਗਾਉਣ ਲੱਗ ਜਾਂਦੀਆਂ ਹਨ। ਦੋਵਾਂ ਕੁੜੀਆਂ `ਚ ਕੌਣ ਥੱਕੂ, ਆਪਸੀ ਮੁਕਾਬਲਾ ਦਿਲਚਸਪੀ ਪੈਦਾ ਕਰ ਦਿੰਦਾ ਹੈ। ਘੁੰਮਦੀਆਂ ਕੁੜੀਆਂ ਦੀਆਂ ਚੁੰਨੀਆਂ, ਵਾਲ, ਗੁੱਤਾਂ ਤੇ ਵਸਤਰ ਮਾਹੌਲ ਵਿੱਚ ਉੱਡ-ਉੱਡ ਮਨਮੋਹਕ ਦ੍ਰਿਸ਼ ਸਿਰਜ ਦਿੰਦੇ ਹਨ। ਕਈ ਵੇਰ ਕੁੜੀਆਂ ਦੀਆਂ ਪਾਈਆਂ ਵੰਗਾਂ ਸੰਗੀਤਿਕ ਤਰੰਗਾਂ ਪੈਦਾ ਕਰ ਦਿੰਦੀਆਂ ਹਨ। ਜਦੋਂ ਬਹੁਤ ਸਾਰੀਆਂ ਕੁੜੀਆਂ ਜੋਟੇ ਬਣਾ ਕੇ ਕਿੱਕਲੀ ਪਾ ਰਹੀਆਂ ਹੋਣ ਤਾਂ ਵੇਖਣ ਲਈ ਬਹੁਤ ਹੀ ਆਲੌਕਿਕ ਦ੍ਰਿਸ਼ ਹੁੰਦਾ ਹੈ। ਅਲ੍ਹੜ ਤੇ ਮਸੂਮ ਬਾਲੜੀਆਂ ਆਪਣੇ ਸੁਪਨਿਆਂ ਦੀ ਦੁਨੀਆ ਵਿੱਚ ਗੁਆਚ ਜਾਂਦੀਆਂ ਹਨ। ਕਲਪਨਾ ਦੇ ਅੰਬਰਾਂ ਦਾ ਅਨੰਦ ਮਾਣ ਕੇ ਖ਼ੁਸ਼ ਹੁੰਦੀਆਂ ਹਨ। ਇਸ ਨਾਚ-ਗੀਤ ਵਿੱਚ ਕੋਈ ਖ਼ਰਚ ਨਹੀਂ ਹੁੰਦਾ ਤੇ ਨਾ ਹੀ ਕੋਈ ਉਚੇਚਾ ਪ੍ਰਬੰਧ ਕਰਨਾ ਪੈਂਦਾ ਹੈ। ਕੁੜੀਆਂ ਦੇ ਸਰੀਰ ਦੇ ਪੱਠਿਆਂ ਦੀ ਵਰਜਿਸ਼ ਹੋ ਜਾਂਦੀ ਹੈ।

     ਕਿੱਕਲੀ ਦੇ ਗੀਤਾਂ ਦੀ ਲੈਅ ਵਗਦੇ ਝਰਨੇ ਵਰਗੀ ਹੁੰਦੀ ਹੈ। ਛੋਟੀ ਬਹਿਰ ਦੇ ਇਹ ਗੀਤ ਛੰਦ-ਬੱਧ ਹੋਣ ਕਾਰਨ, ਲਹਿਰਾਂ ਦੀ ਘੁੰਮਣ-ਘੇਰੀ ਬਣ ਜਾਂਦੇ ਹਨ। ਇਹਨਾਂ ਦੀ ਸੰਗੀਤਿਕਤਾ ਵਿਸ਼ੇਸ਼ ਲੱਛਣ ਹੈ। ਕਿੱਕਲੀ ਦੇ ਗੀਤਾਂ ਵਿੱਚ ਮਾਪਿਆਂ, ਭਰਾ, ਭਰਜਾਈ ਤੇ ਹੋਰ ਨੇੜਲੇ ਰਿਸ਼ਤੇਦਾਰਾਂ ਪ੍ਰਤਿ ਪਿਆਰ ਦਾ ਪ੍ਰਗਟਾਵਾ ਹੁੰਦਾ ਹੈ। ਭਰਾ-ਭਾਬੋ ਲਈ ਸ਼ੁਭ ਇੱਛਾਵਾਂ ਰੂਪਮਾਨ ਹੁੰਦੀਆਂ ਹਨ। ਲੜਕੀਆਂ ਦੇ ਵਲਵਲੇ ਤੇ ਜਜ਼ਬੇ ਉੱਛਲ ਰਹੇ ਹੁੰਦੇ ਹਨ। ਕਿੱਕਲੀ ਅਰੰਭ ਕਰਨ ਲਈ ਕੁੜੀਆਂ ਅਕਸਰ ਇਸ ਗੀਤ ਤੋਂ ਸ਼ੁਰੂ ਕਰਦੀਆਂ ਹਨ :

ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ

ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ

ਗਈ ਸਾਂ ਮੈਂ ਗੰਗਾ, ਚੜ੍ਹਾ ਲਿਆਈ ਵੰਗਾਂ।

ਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕਿੱਲੀ ਟੰਗਾਂ।

          ਨੀਂ ਮੈਂ ਏਸ ਕਿੱਲੀ ਟੰਗਾਂ, ਨੀਂ ਮੈਂ ਓਸ ਕਿੱਲੀ ਟੰਗਾਂ।

     ਕਿੱਕਲੀ ਪਾਉਂਦੇ ਸਮੇਂ ਹੱਥਾਂ ਦੀ ਪਕੜ ਅਤੇ ਪੱਬਾਂ ਉੱਤੇ ਭਾਰ ਰੱਖਣਾ ਜ਼ਰੂਰੀ ਹੁੰਦਾ ਹੈ, ਤਦੇ ਕੁੜੀਆਂ ਦਾ ਜੋਟਾ ਘੁੰਮਣ-ਘੇਰੀ ਬਣਾਉਣ ਵਿੱਚ ਕਾਮਯਾਬ ਹੋ ਸਕਦਾ ਹੈ। ਇਸ ਲਈ ਲਗਪਗ ਬਾਰਾਂ ਤੇਰਾਂ ਸਾਲ ਦੀ ਉਮਰ ਤੋਂ ਵੱਧ ਵਾਲੀਆਂ ਲੜਕੀਆਂ ਹੀ ਇਸ ਨਾਚ ਦਾ ਅਭਿਆਸ ਕਰ ਸਕਦੀਆਂ ਹਨ।

     ਭੰਬੀਰੀ ਵਾਂਗ ਘੁੰਮਦੀਆਂ ਦੀ ਚਾਲ ਜਦੋਂ ਹੋਰ ਤਿੱਖੀ ਹੋ ਜਾਂਦੀ ਹੈ ਤਾਂ ਗੀਤ ਦੀ ਚਾਲ ਵੀ ਵਧੇਰੇ ਤੇਜ਼ੀ ਨਾਲ ਬਦਲਣ ਲੱਗਦੀ ਹੈ। ਬੇਸੁੱਧ ਹੋ ਕੇ ਨੱਚਦੀਆਂ ਰਹਿੰਦੀਆਂ ਹਨ :

ਚਾਰ ਚੁਰਾਸੀ, ਘੁਮਰ ਘਾਸੀ,

ਨੌਂ ਸੌ ਘੋੜਾ, ਨੌਂ ਸੌ ਹਾਥੀ

ਨੌਂ ਸੌ ਫੁੱਲ ਗੁਲਾਬ ਦਾ

ਮੁੰਡੇ ਖੇਡਣ ਗੁੱਲੀ ਡੰਡਾ

ਕੁੜੀਆਂ ਕਿੱਕਲੀ ਪਾਂਦੀਆਂ

ਮੁੰਡੇ ਕਰਦੇ ਖੇਤੀ ਪੱਤੀ

          ਕੁੜੀਆਂ ਘਰ ਵਸਾਂਦੀਆਂ।

ਕਿੱਕਲੀ ਦੀਆਂ ਕੁਝ ਹੋਰ ਵੰਨਗੀਆਂ :

ਤੋ ਵੇ ਤੋਤੜਿਆ, ਤੋਤਾ ਸਿਕੰਦਰ ਦਾ

ਪਾਣੀ ਪੀਵੇ ਸਮੁੰਦਰ ਦਾ

ਕੰਮ ਕਰੇ ਦੁਪਹਿਰਾਂ ਦਾ

ਚਿੱਟੀ ਚਾਦਰ ਕਾਕੇ ਦੀ

ਕਾਲੀਆਂ ਵਾਲੇ ਕਾਕੇ ਦੀ

ਕਾਕੜਾ ਖਿਡਾਨੀ ਆਂ

ਚਾਰ ਛੱਲੇ ਪਾਨੀ ਆਂ

ਇੱਕ ਛੱਲਾ ਰਹਿ ਗਿਆ

ਸਿਪਾਹੀ ਫੜ ਕੇ ਲੈ ਗਿਆ।

ਕਿੱਕਲੀ ਪਾਵਣ ਆਈਆਂ

ਬਦਾਮ ਖਾਵਣ ਆਈਆਂ

ਬਦਾਮ ਦੀ ਗਿਰੀ ਮਿੱਠੀ

ਮੈਂ ਵੀਰ ਦੀ ਕੁੜੀ ਡਿੱਠੀ

ਮੇਰੇ ਵੀਰ ਦੀ ਕੁੜੀ ਕਾਲੀ

ਮੈਨੂੰ ਆ ਗਈ ਭਵਾਲੀ

ਥਾਲੀ ਥਾਲੀ ਥਾਲੀ

          ਥਾਲੀ ਘੁੰਗਰਾਂ ਵਾਲੀ।

ਕਿੱਕਲੀਆਂ ਦੀਆਂ ਹੋਰ ਅਰੰਭਿਕ ਟੂਕਾਂ :

ਪਿੱਤਲ ਦੀ ਪਰਾਤ ਪਾਣੀ ਗੰਗ ਦਾ

ਮੈਂ ਬਿਗ਼ਾਨੀ ਧੀ, ਮੁੰਡਾ ਸੰਗਦਾ।

ਅੰਬੋ ਨੀਂ ਅੰਬੋ, ਮੇਰੇ ਸੱਤ ਭਰਾ ਮੰਗੇ

ਇੱਕ ਭਰਾ ਕੁਆਰਾ, ਨੀ ਉਹ ਗੇਂਦ ਖੇਡਣ ਵਾਲਾ।

ਐਸ ਗਲੀ ਮੈਂ ਆਵਾਂ ਜਾਵਾਂ, ਐਸ ਗਲੀ ਲਸੂੜਾ

ਭਾਬੋ ਮੰਗੇ ਮੁੰਦਰੀਆਂ, ਨਨਾਣ ਮੰਗੇ ਚੂੜਾ

          ਨੀ ਇਹ ਲਾਲ ਲਸੂੜਾ।

     ਕਿੱਕਲੀ ਦੀ ਹਰਮਨਪਿਆਰਤਾ ਨੂੰ ਸਮਝਦੇ ਹੋਏ ਲੇਖਕਾਂ ਨੇ ਨਵੇਂ ਅਰਥਾਂ ਵਾਲੀਆਂ ਕਿੱਕਲੀਆਂ ਲਿਖੀਆਂ ਹਨ। ਵੇਖੋ ਪੁਸਤਕ ‘ਕਿੱਕਲੀ ਕਲੀਰ ਦੀ’ ਮਾਨ ਸਿੰਘ ਹਕੀਰ, ਜਿਸ ਵਿੱਚ 23 ਕਾਵਿ-ਰਚਨਾਵਾਂ ਕਿੱਕਲੀ ਬਾਰੇ ਹੀ ਹਨ। ਨਮੂਨੇ ਵਜੋਂ :

ਕਿੱਕਲੀ ਕਲਾਈ ਦੀ

ਸੁੱਖ ਮੰਗਾਂ ਭਾਈ ਦੀ

ਤਾਏ ਅਤੇ ਤਾਈ ਦੀ

ਭਾਪੇ ਅਤੇ ਝਾਈ ਦੀ

ਘਰ ਪਰਿਵਾਰ ਦੀ

          ਸਾਰੇ ਸੰਸਾਰ ਦੀ।

     ਕਿੱਕਲੀ ਦੇ ਗੀਤ ਨੂੰ ਨਵੇਂ ਅਰਥ ਪ੍ਰਦਾਨ ਕਰਨ ਵਾਲੀ ਕਿੱਕਲੀ ਦੇ ਕੁਝ ਅੰਸ਼ :

ਕਿੱਕਲੀ ਕਲੀਰ ਦੀ

ਸੁਣ ਗੱਲ ਵੀਰ ਜੀ

ਵਿੱਦਿਆ ਦੀ ਰੋਸ਼ਨੀ

ਨੇਰ੍ਹਿਆਂ ਨੂੰ ਚੀਰ ਦੀ

ਮੇਰੇ ਸੁਹਣੇ ਵੀਰਿਆ

ਸਕੂਲ ਪੜ੍ਹਨ ਜਾਈਂ ਤੂੰ

ਵਿੱਦਿਆ ਦੀ ਪੌੜੀ `ਤੇ

ਪੈਰ ਜਾ ਟਿਕਾਈ ਤੂੰ

ਕਰ ਕੇ ਪੜ੍ਹਾਈ ਵੀਰੇ

          ਬੀਬਾ ਅਖਵਾਈਂ ਤੂੰ।

ਪੰਜਾਬ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਸਥਾਨਿਕ ਰੰਗਣ ਵਾਲੇ ਹੋਰ ਵੀ ਅਨੇਕਾਂ ਕਿੱਕਲੀ ਦੇ ਗੀਤ ਮਿਲਦੇ ਹਨ।


ਲੇਖਕ : ਮਨਮੋਹਨ ਸਿੰਘ ਦਾਉਂ, ਅਮਨਦੀਪ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14914, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਿੱਕਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿੱਕਲੀ (ਨਾਂ,ਇ) ਹੱਥਾਂ ਦੇ ਪਹੁੰਚੇ ਵਿੱਚ ਪਹੁੰਚਾ ਘੁੱਟ ਕੇ ਅਤੇ ਪੈਰ ਮਿਲਾ ਕੇ ਚੱਕਰ ਲਗਾਂਦੇ ਹੋਏ ਗੀਤ ਗਾਉਣ ਵਾਲੀ ਕੁੜੀਆਂ ਦੀ ਖੇਡ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14907, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਿੱਕਲੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿੱਕਲੀ [ਨਾਂਇ] ਇੱਕ ਖੇਡ ਜਿਸ ਵਿੱਚ ਲੜਕੀਆਂ ਹੱਥਾਂ ਵਿੱਚ ਹੱਥ ਪਾ ਕੇ ਅਤੇ ਪੈਰ ਮਿਲ਼ਾ ਕੇ ਬੜੀ ਤੇਜ਼ੀ ਨਾਲ਼ ਘੁੰਮਦੀਆਂ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਿੱਕਲੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਿੱਕਲੀ : ਕਿੱਕਲੀ ਪੰਜਾਬ ਦੀਆਂ ਨਿੱਕੀਆਂ ਬੱਚੀਆਂ ਦੀ ਖੇਡ ਹੈ। ਅਸਲ ਵਿਚ ਇਸ ਨੂੰ ਨਿੱਕੀਆਂ ਕੁੜੀਆਂ ਦਾ ਨਾਚ ਹੀ ਕਹਿਣਾ ਚਾਹੀਦਾ ਹੈ। ਖੁਸ਼ੀ ਦੀ ਮੌਜ ਵਿਚ ਆ ਕੇ ਕੁੜੀਆਂ ਖੇਡਦੀਆਂ–ਖੇਡਦੀਆਂ ਇਕ ਦੂਜੇ ਦੇ ਹੱਥ ਫੜ ਕੇ ਕਿੱਕਲੀ ਮੁਟਿਆਰਾਂ ਵੀ ਕਿੱਕਲੀ ਪਾਉਂਦੀਆਂ ਹਨ। ਇਸ ਵਿਚ ਦੋ ਕੁੜੀਆਂ ਇਕ ਦੂਜੀ ਦੇ ਆਹਮਣੇ–ਸਾਹਮਣੇ ਖੜ੍ਹ ਕੇ ਇਕ ਦੂਜੀ ਦੇ ਹੱਥ (ਸੱਜੇ ਨਾਲ ਸੱਜਾ ਤੇ ਖੱਬੇ ਨਾਲ ਖੱਬਾ) ਘੁੱਟ ਕੇ ਫੜ ਲੈਂਦੀਆਂ ਹਨ ਤੇ ਕਈ ਵਾਰੀ ਹੱਥਾਂ ਦੀ ਕੰਘੀ ਵੀ ਪਾਂ ਲੈਂਦੀਆਂ ਹਨ ਤੇ ਫਿਰ ਆਪਣੇ ਦੋਹਾਂ ਪੈਰਾਂ ਨੂੰ ਜੋੜ ਕੇ ਪੈਰ ਇਕ ਦੂਜੀ ਦੇ ਪੈਰਾਂ ਕੋਲ ਕਰਕੇ ਆਪਣਾ ਸਾਰਾ ਭਾਰ ਪਿੱਛੇ ਨੂੰ ਸੁੱਟ ਲੈਂਦੀਆਂ ਹਨ। ਇਸ ਤਰ੍ਹਾਂ ਬਾਹਾਂ ਪੂਰੀ ਤਰ੍ਹਾਂ ਖਿੱਚੀਆਂ ਜਾਂਦੀਆਂ ਹਨ। ਫਿਰ ਬਾਹਾਂ ਦਾ ਸਹਾਰਾ ਲੈ ਕੇ ਦੋਵੇਂ ਕੁੜੀਆਂ ਇਕੱਠੀਆਂ ਹੀ ਸਰੀਰ ਨੂੰ ਇਕ ਤਾਲ ਉਤੇ ਸੱਜੇ ਪਾਸੇ ਵੱਲ ਘੁੰਮਾਦੀਆਂ ਹੋਈਆਂ ਐਸਾ ਹੁਲਾਰਾ ਲੈਂਦੀਆਂ ਹਨ ਕਿ ਵੇਖਣ ਵਾਲੇ ਨੂੰ ਉਨ੍ਹਾਂ ਦੇ ਸਰੀਰ ਇਕ ਘੁੰਮਦੇ ਲਾਟੂ ਵਾਂਗ ਨਜ਼ਰ ਆਉਂਦੇ ਹਨ। ਇਸ ਤਰ੍ਹਾਂ ਤੇਜ਼ ਰਫ਼ਤਾਰ ਵਿਚ ਭੰਬੀਰੀ ਵਾਂਗ ਘੁੰਮਦੀਆਂ ਹੋਈਆਂ ਨਾਲ–ਨਾਲ ਗੀਤ ਗਾਉਂਦੀਆਂ ਹਨ ਪਰ ਕਿੱਕਲੀ ਦੀ ਰਫ਼ਤਾਰ ਤੇਜ਼ ਹੋਣ ਨਾਲ ਗੀਤ ਦੀ ਰਫ਼ਤਾਰ ਵੀ ਤੇਜ਼ ਹੁੰਦੀ ਜਾਂਦੀ ਹੈ। ਗੀਤ ਦੇ ਨਾਲ–ਨਾਲ ਕਈ ਕੁੜੀਆਂ ਵਾਰੀ–ਵਾਰੀ ਆਪਣੇ ਹੱਥ ਨੂੰ ਕਦੇ ਸੱਜੇ ਤੇ ਕਦੇ ਖੱਬੇ ਹੱਥ ਨੂੰ ਛੱਡ ਕੇ ਰਿਦਮ ਨਾਲ ਉਤੇ ਵੱਲ ਵੀ ਉਲਰਦੀਆਂ ਹਨ। ਕਿੱਕਲੀ ਦੇ ਗੀਤਾਂ ਵਿਚ ਮੁਖ ਪਾਤਰ ਭਰਾ ਹੀ ਹੁੰਦਾ ਹੈ। ਕੁੜੀਆਂ ਦੇ ਗੀਤਾਂ ਵਿਚੋਂ ਦੀ ਖੁਸ਼ਹਾਲੀ ਤਰੱਕੀ ਅਤੇ ਵੀਰ ਦਾ ਵਿਆਹ ਆਦਿ ਦੋ ਵਿਸ਼ਿਆਂ ਵਿਚੋਂ ਭੈਣ ਦਾ ਵੀਰ ਨਾਲ ਅਤੁੱਟ ਪਿਆਰ ਪਰਗਟ ਹੁੰਦਾ ਹੈ ਜਿਵੇਂ :––

                   ਕਿਕਲੀ ਕਲੀਰ ਦੀ, ਪੱਗ ਮੇਰੇ ਦੀ

                   ਦੁੱਪਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।

                             ...........

ਇਸ ਤਰ੍ਹਾਂ :––

          ਹੇਠ ਵਰਗੇ ਦਰਿਆ ਉਪਰ ਮੈਂ ਖਲੀ

          ਵੀਰ ਲਵਾਇਆ ਬਾਗ ਖਿੜ ਪਈ ਚੰਬ੍ਹਾ ਕਲੀ

          ਚੰਬ੍ਹਾ ਨਾ ਤੋੜ ਵੀਰਾ ਮਾਰੂਗਾ,

          ਵੀਰ ਮੇਰਾ ਸਰਦਾਰ ਬਹਿੰਦਾ ਕੁਰਸੀ ਤੇ

          ਭਾਬੋ ਮੇਰੀ ਪਰਾਧਨ ਬਹਿੰਦੀ ਪੀੜ੍ਹੇ ਤੇ

                   ..............

          ਦਿੱਲੀ ਪਿਸੋਰ ਦਾ।

          ਉਖਲੀ ’ਚ ਡੇਲੇ ਵੀਰ ਮੇਰਾ ਖੇਲ੍ਹੇ।

          ਉਖਲੀ ’ਚ ਦੋਣਾ ਵੀਰ ਮੇਰਾ ਸੋਹਣਾ।

          ਕਿੱਕਲੀ ਦਾ ਇਕ ਹੋਰ ਮਸ਼ਹੂਰ ਗੀਤ, ਜੋ ਪੰਜਾਬ ਦੇ ਹਰ

          ਹਿੱਸੇ ਵਿਚ ਹਰ ਬਾਲੜੀ ਦੇ ਮੂੰਹ ਤੋਂ ਸੁਣਿਆ ਜਾ ਸਕਦਾ ਹੈ––

                   ਅੰਬੇ ਨੀ ਅੰਬੇ ਮੇਰੇ ਸੱਤ ਭਰਾ ਮੰਗੇ, ਇਕ ਭਰਾ ਕੁਆਰਾ

                   ਉਹ ਡੈਮਸ ਖੇਡਣ ਵਾਲਾ ਉਹ ਡੈਮਸ ਕਿਥੇ ਖੇਲੇ ਉਹ ਲਾਹੌਰ ਸ਼ਹਿਰ ਖੇਡੇ।

                   ਉਹ ਲਾਹੌਰ ਸ਼ਹਿਰ ਖੇਡੇ।

                    ਲਾਹੌਰ ਸ਼ਹਿਰ ਉੱਚਾ ਮੈ ਧੰਨ ਪਕਾਵਾਂ ਸੁੱਚਾ

                   ਮੇਰੇ ਮੰਨ ਨੂੰ ਲਗੇ ਮੋਤੀ, ਮੈਂ ਬਾਗ਼ਾ ਵਿਚ ਖਲੋਤੀ

                   ਗਈ ਸਾਂ ਮੈ ਗੰਗਾ, ਚੜ੍ਹਾ ਲਿਆਈ ਵੰਗਾਂ

                   ਸੱਸ ਨੂੰ ਦਿਖਾਉਣ ਲੱਗੀ ਸਹੁਰੇ ਕੋਲੋਂ ਸੰਗਾਂ

                   ਅਸਮਾਨੀ ਮੇਰਾ ਘੱਗਰਾ ਮੈਂ ਕਿਹੜੀ ਕਿੱਲੀ ਟੰਗਾ,

                   ਨੀ ਮੈਂ ਓਜ ਕਿੱਲੀ ਟੰਗਾਂ ਨੀ ਮੈਂ ਏਸ ਕਿੱਲੀ ਟੰਗਾਂ।

          ਇਸ ਤਰ੍ਹਾਂ ਹੋਰ ਵੀ ਕਈ ਗੀਤ ਕਿੱਕਲੀ ਵਿਚ ਨਿੱਕੀਆਂ ਕੁੜੀਆਂ ਗਾਉਂਦੀਆਂ ਹਨ ਪਰ ਕਈ ਗੀਤ ਕਿਸੇ ਖਾਸ ਖੇਤਰ ਵਿਚ ਹੀ ਬਹੁਤ ਪਰਸਿੱਧ ਹੁੰਦੇ ਹਨ ਜਿਵੇ :––

          ਪਿੱਤਲ ਦੀ ਪਰਾਤ ਪਾਣੀ ਗੰਗਦਾ,

          ਮੈਂ ਬਗਾਨੀ ਧੀ ਮੁੰਡਾ ਸੰਗਦਾ।

          ਸੋਨੇ ਦਾ ਤਵੀਤ ਕੁੰਡਾ ਵੱਲ ਕਰ,

          ਮੈਂ ਬਗਾਨੀ ਧੀ ਵੇ ਤੂੰ ਗੱਲ ਕਰ ।

          ਗਾਗਰ ਭਰੀ ਅਨਾਰਾਂ ਦੀ

          ਵੀਰ ਮੇਰਾ ਵਿਆਹੁਣ ਚਲਿਆ,

          ਜੰਝ ਗਈ ਸਰਦਾਰਾਂ ਦੀ –––ਆਦਿ।

          ਚੱਕਰ ਵਿਚ ਘੁੰਮਣਾ, ਛੋਟੀ ਉਮਰ ਦੇ ਬੱਚਿਆਂ ਲਈ ਇਕ ਖ਼ਾਸ ਮਹੱਤਵ ਰਖਦਾ ਹੈ। ਛੋਟੇ ਬੱਚੇ ਲਾਟੂ ਨੂੰ ਘੁੰਮਦਾ ਦੇਖ ਕੇ ਜਾਂ ਭੰਬੀਰੀ ਨੂੰ ਹੱਥਾਂ ਨਾਲ ਘੁੰਮਾ ਕੇ ਇਕ ਖਾਸ ਆਨੰਦ ਮਾਣਦੇ ਹਨ।

          ਇਸ ਤਰ੍ਹਾਂ ਜਦੋ ਕਿਤੇ ਖੇਡਦੀਆਂ ਬਚੀਆਂ ਵਿਚੋਂ ਇਕ ਜੋਟੀ ਕਿੱਕਲੀ ਪਾਉਣ ਲੱਗ ਜਾਂਦੀ ਹੈ ਤਾਂ ਥੋੜ੍ਹੇ ਚਿਰ ਵਿਚ ਹੀ ਉਹ ਥਾਂ ਕਈ ਜੋਟੀਆਂ ਦੀ ਕਿੱਕਲੀ ਦਾ ਅਖਾੜਾ ਬਣ ਜਾਂਦਾ ਹੈ। ਕਈ ਵਾਰੀ ਛੋਟੇ ਛੋਟੇ ਮੁੰਡੇ ਤੇ ਕੁੜੀਆਂ ਮਿਲ ਕੇ ਵੀ ਕਿੱਕਲੀ ਪਾਉਂਦੇ ਹਨ। ਤੀਆਂ ਦੇ ਤਿਉਹਾਰ ਸਮੇਂ ਸੱਜ ਵਿਆਹੀਆਂ ਮੁਟਿਆਰਾਂ ਵੀ ਪੀਘਾਂ ਛੱਡ ਕੇ ਮਸਤੀ ਵਿਚ ਝੂਮਦੀਆਂ ਕਿੱਕਲੀ ਪਾਉਣ ਲਗ ਜਾਂਦੀਆਂ ਹਨ।

          ਹ. ਪੁ. ––ਪੰਜਾਬ ਐਮ. ਐਸ. ਰੰਧਾਵਾ; ਦੀਨਾ ਕਾਂਗੜ (ਸਰਵੇ ਪੁਸਤਕ)–ਭਾਸ਼ਾ ਵਿਭਾ; ਡੇਹਰਾ ਬਾਬਾ ਨਾਨਕ (ਸਰਵੇ ਪੁਸਤਕ)–ਭਾਸ਼ਾ ਵਿਭਾਗ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10164, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-29, ਹਵਾਲੇ/ਟਿੱਪਣੀਆਂ: no

ਕਿੱਕਲੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਿੱਕਲੀ : ਇਹ ਨਿੱਕੀਆਂ ਕੁੜੀਆਂ ਦਾ ਖੁਸ਼ੀ ਪ੍ਰਗਟ ਕਰਨ ਵਾਲਾ ਇਕ ਨਾਚ ਹੈ। ਕਦੇ ਕਦੇ ਨਿੱਕੇ ਨਿੱਕੇ ਮੁੰਡੇ ਤੇ ਕੁੜੀਆਂ ਰਲ ਕੇ ਵੀ ਕਿੱਕਲੀ ਪਾ ਲੈਂਦੇ ਹਨ। ਦੋ ਕੁੜੀਆਂ ਰਲ ਕੇ ਵੀ ਕਿੱਕਲੀ ਪਾ ਲੈਂਦੇ ਹਨ। ਦੋ ਕੁੜੀਆਂ ਆਹਮੋ ਸਾਹਮਣੇ ਖਲੋ ਕੇ ਸੱਜੇ ਹੱਥ ਨੂੰ ਸੱਜੇ ਨਾਲ ਅਤੇ ਖੱਬੇ ਹੱਥ ਨੂੰ ਖੱਬੇ ਨਾਲ ਫੜ ਲੈਂਦੀਆਂ ਹਨ। ਆਪਣੇ ਦੋਵੇਂ ਪੈਰਾਂ ਨੂੰ ਮਿਲਾ ਕੇ ਦੂਜੇ ਦੇ ਪੈਰਾਂ ਦੀਆਂ ਉਂਗਲੀਆਂ ਦੇ ਨੇੜੇ ਕਰ ਕੇ ਸਾਰਾ ਭਾਰ ਪਿੱਛੇ ਸੁੱਟ ਲੈਂਦੀਆਂ ਹਨ ਤਾਂ ਜੋ ਬਾਹਾਂ ਪੂਰੀ ਤਰ੍ਹਾਂ ਤਣ ਜਾਣ। ਫਿਰ ਦੋਵੇਂ ਪੈਰ ਇਕੱਠੇ ਚੁੱਕ ਕੇ, ਸੱਜੇ ਪਾਸੇ ਸਰੀਰ ਨੂੰ ਇਕ ਤਾਲ ਉੱਤੇ ਐਸਾ ਹੁਲਾਰਾ ਦਿੰਦੀਆਂ ਹਨ ਕਿ ਦੋਵਾਂ ਦੇ ਸਰੀਰ ਇਕ ਲਾਟੂ ਵਾਂਗ ਘੁੰਮਦੇ ਨਜ਼ਰ ਆਉਂਦੇ ਹਨ। ਜਦੋਂ ਦੋਵਾਂ ਵਿਚੋਂ ਕੋਈ ਇਕ ਕੁੜੀ ਥਕ ਜਾਂਦੀ ਹੈ ਤਾਂ ਉਸ ਦੀ ਤਾਲ ਵਿਚ ਫ਼ਰਕ ਪੈ ਜਾਂਦਾ ਹੈ ਅਤੇ ਦੂਜੀ ਲੜਕੀ ਉਸ ਦਾ ਇਸ਼ਾਰਾ ਸਮਝ ਜਾਂਦੀ ਹੈ। ਦੋਵੇਂ ਥਕ ਕੇ ਬੈਠ ਜਾਂਦੀਆਂ ਹਨ। ਕਾਫ਼ੀ ਦੇਰ ਤਕ ਉਨ੍ਹਾਂ ਨੂੰ ਚੌਗਿਰਦੇ ਦੀਆਂ ਸਭ ਚੀਜ਼ਾਂ ਘੁੰਮਦੀਆਂ ਪ੍ਰਤੀਤ ਹੁੰਦੀਆਂ ਹਨ।

          ਕਈ ਕੁੜੀਆਂ ਹੱਥਾਂ ਨੂੰ ਫੜਨ ਦੀ ਥਾਂ ਕੰਘੀ ਪਾ ਵੇ ਕਿੱਕਲੀ ਪਾਉਂਦੀਆਂ ਹਨ। ਇਸ ਤਰ੍ਹਾਂ ਦੀ ਕਿੱਕਲੀ ਵਿਚ ਇਕ ਕੁੜੀ ਅੱਧੀ ਮੁੱਠੀ ਮੀਚਦੀ ਹੈ ਤੇ ਘੁਟ ਲੈਂਦੀ ਹੈ ਅਤੇ ਦੋਵੇਂ ਕਿੱਕਲੀ ਪਾਉਂਦੀਆਂ ਹਨ। ਕਿੱਕਲੀ ਦਾ ਸਭ ਤੋਂ ਪ੍ਰਚਲਿਤ ਗੀਤ ਜਿਹੜਾ ਹਰ ਇਕ ਪੰਜਾਬੀ ਕੁੜੀ ਦੀ ਜ਼ੁਬਾਨ ਤੇ ਚੜ੍ਹਿਆ ਹੋਇਆ ਹੈ, ਇਉ ਹੈ :-

       ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,

       ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।

         ਜਦੋਂ ਕਿਤੇ ਖੇਡਦੀਆਂ ਕੁੜੀਆਂ ਵਿਚੋਂ ਇਕ ਜੋਟੀ ਕਿੱਕਲੀ ਪਾਉਣ ਲਗ ਪੈਂਦੀ ਹੈ ਤਾਂ ਥੋੜ੍ਹੀ ਦੇਰ ਬਾਅਦ ਉਸ ਥਾਂ ਕਿੱਕਲੀ ਦਾ ਅਖਾੜਾ ਬਣ ਜਾਂਦਾ ਹੈ ਅਤੇ ਇਸ ਤਰ੍ਹਾਂ ਲਗਦਾ ਹੈ ਕਿ ਭੋਲੀਆਂ ਪਰੀਆਂ ਆਕਾਸ਼ ਤੋਂ ਉਤਰ ਕੇ ਬੇਪਰਵਾਹ ਹੋ ਕੇ ਵਾਯੂ ਮੰਡਲ ਨੂੰ ਆਪਣੇ ਰੰਗ ਵਿਚ ਰੰਗ ਰਹੀਆਂ ਹਨ।ਅਜੋਕੇ ਸਮਿਆਂ ਵਿਚ ਮੁਟਿਆਰਾਂ ਦਾ ਇਹ ਨਾਚ ਬਹੁਤ ਘੱਟ ਦੇਖਣ ਵਿਚ ਆਉਂਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8433, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-27-03-13-28, ਹਵਾਲੇ/ਟਿੱਪਣੀਆਂ: ਹ. ਪੁ. -ਪੰ.–ਰੰਧਾਵਾ : 125

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.