ਕਿੱਸਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿੱਸਾ (ਨਾਂ,ਪੁ) ਇੱਕ ਪ੍ਰਸਿੱਧ ਕਾਵਿ-ਰੂਪ; ਬਿਆਨ; ਕਲਪਿਤ ਕਹਾਣੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13832, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਿੱਸਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿੱਸਾ [ਨਾਂਪੁ] ਇੱਕ ਕਾਵਿ-ਰੂਪ ਜਿਸ ਵਿੱਚ ਕਵਿਤਾ ਰਾਹੀਂ ਕਹਾਣੀ ਪੇਸ਼ ਕੀਤੀ ਜਾਂਦੀ ਹੈ; ਕਹਾਣੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13821, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਿੱਸਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿੱਸਾ. ਅ਼ ਕਿ਼ੱ. ਸੰਗ੍ਯਾ—ਕਥਾ. ਕਹਾਣੀ. ਆਖ੍ਯਾਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13626, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਿੱਸਾ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਿੱਸਾ : ‘ਕਿੱਸਾ’ ਅਰਬੀ ਸ਼ਬਦ ਹੈ ਜਿਸ ਦੇ ਅਰਥ ਹਨ––ਕਥਾ, ਕਹਾਣੀ, ਗਾਥਾ ਆਦਿ। ਪੰਜਾਬੀ ਦਾ ਇਹ ਇਕ ਵਿਸ਼ੇਸ਼ ਕਾਵਿ–ਰੂਪ ਹੈ ਜੋ ਇਕ ਪਾਸੇ ਮਹਾਕਾਵਿ ਦੇ ਬਹੁਤ ਸਾਰੇ ਗੁਣਾਂ ਦਾ ਧਾਰਣੀ ਹੈ ਤੇ ਦੂਜੇ ਪਾਸੇ ਅੰਗ੍ਰੇਜ਼ੀ ਦੇ ਰੋਮੈਨਸ ਤੇ ਬੈਲੇਡ (romance and ballad) ਨਾਲ ਮਿਲਦਾ ਜੁਲਦਾ ਹੈ ਕਿਉਂਕਿ ਪੰਜਾਬੀ ਕਿੱਸਾ–ਕਾਵਿ ਵਿਚ ਇਸ਼ਕੀਆ ਕਿੱਸੇ ਵੀ ਹਨ ਤੇ ਵਾਰਾਂ ਵੀ।
ਇਸ ਵਿਚਾਰ ਬਾਰੇ ਕਿ ਪੰਜਾਬੀ ਕਿੱਸਾ ਫ਼ਾਰਸੀ ਮਸਨਵੀ ਦੇ ਪ੍ਰਭਾਵ ਵਿਚੋਂ ਉਤਪੰਨ ਹੋਇਆ ਜਾਂ ਇਸ ਨੂੰ ਭਾਰਤੀ ਮਹਾਕਾਵਿ ਨੇ ਜਨਮ ਦਿੱਤਾ, ਨਿਸ਼ਚੇ ਨਾਲ ਨਿਖੇਡ ਕੇ ਆਖਣਾ ਬੜਾ ਮੁਸ਼ਕਲ ਜਾਪਦਾ ਹੈ ਕਿਉਂਕਿ ਇਸ ਵਿਚੋਂ ਦੋਵੋਂ ਪ੍ਰਭਾਵ ਉਘੜਦੇ ਹਨ। ਹਾਂ, ਇਹ ਜ਼ਰੂਰ ਆਖਿਆ ਜਾ ਸਕਦਾ ਹੈ ਕਿ ਪੰਜਾਬੀ ਕਿੱਸੇ ਨੂੰ ਰਾਧਾ ਤੇ ਕ੍ਰਿਸ਼ਣ ਦੀ ਕਹਾਣੀ ਤੋਂ ਜ਼ਰੂਰ ਪ੍ਰੇਰਣਾ ਮਿਲੀ ਹੋਵੇਗੀ। ‘ਸੱਸੀ ਪੁੰਨੂ ’ ਦੀ ਕਹਾਣੀ ਵੀ ‘ਹੀਰ’ ਦੇ ਕਿੱਸੇ ਨਾਲੋਂ ਪਹਿਲਾਂ ਅਪਭ੍ਰੰਸ਼ ਸਾਹਿੱਤ ਵਿਚ ਮੌਜੂਦ ਸੀ। ‘ਯੂਸਫ਼–ਜ਼ੁਲੈਖਾ’, ‘ਸ਼ੀਰੀ–ਫ਼ਰਹਾਦ’, ‘ਲੈਲਾ–ਮਜਨੂੰ’ ਆਦਿ ਪ੍ਰੇਮ ਕਥਾਂਵਾ ਸਿੱਧੀਆਂ ਅਰਬੀ ਫ਼ਾਰਸੀ ਵਿਚੋਂ ਆਈਆਂ ਹਨ। ‘ਹੀਰ–ਰਾਂਝੇ’ ਦੀ ਕਹਾਣੀ ਨੂੰ ਡਾ. ਮੋਹਨ ਸਿੰਘ ਦੀਵਾਨਾ ਨੇ ਯੂਨਾਨ ਦੇ ‘Hero and Leander’ ਨਾਲ ਜੋੜਿਆ ਹੈ।
ਆਦਰਸ਼ਕ ਪ੍ਰੀਤ, ਰੁਮਾਂਸ, ਕਰੁਣ, ਕਰਤੱਵ ਪਾਲਣ ਲਈ ਬੀਰਤਾ, ਤਿਆਗ ਤੇ ਕੁਰਬਾਨੀ, ਵਿਰੋਧੀ ਵਰਗਾਂ ਦੀ ਟੱਕਰ, ਫ਼ਕੀਰੀ , ਭਗਤੀ, ਆਚਰਣ ਦੀ ਦ੍ਰਿੜ੍ਹਤਾ ਆਦਿਕ ਸੈਂਕੜੇ ਵਿਸ਼ੈ ਹਨ ਜਿਨ੍ਹਾਂ ਨੂੰ ਪੰਜਾਬੀ ਕਿੱਸਾ–ਸਾਹਿੱਤ ਨੇ ਨਿਭਾਇਆ ਹੈ।
ਪੰਜਾਬੀ ਕਿੱਸਾ–ਸਾਹਿੱਤ ਵਿਚ ਭਿੰਨ ਭਿੰਨ ਛੰਦਾਂ ਦੀ ਵਰਤੋਂ ਕੀਤੀ ਗਈ ਹੈ ਜਿਨ੍ਹਾਂ ਵਿਚੋਂ ਬੈਂਤ, ਦਵੱਯਾ ਤੇ ਸੱਦ ਪ੍ਰਤਿਨਿਧ ਹਨ। ਕਿੱਸੇ ਦੇ ਆਰੰਭ ਵਿਚ ਮੰਗਲਾਚਰਣ (ਹਮਦ) ਵੀ ਹੁੰਦਾ ਹੈ। ਵਧੇਰੇ ਪੰਜਾਬੀ ਕਿੱਸਿਆਂ ਦੇ ਪ੍ਰਸੰਗਾਂ ਦੇ ਸਿਰਲੇਖ ਫ਼ਾਰਸੀ ਵਿਚ ਹੀ ਲਿਖੇ ਗਏ ਹਨ।
ਭਾਰਤੀ ਰਸ–ਪਰੰਪਰਾ ਦੇ ਲਗਭਗ ਸਾਰੇ ਰਸ ਪੰਜਾਬੀ ਕਿੱਸਿਆਂ ਵਿਚ ਮਿਲਦੇ ਹਨ। ਅਦਿਖ ਤੇ ਅਲੌਕਿਕ ਅੰਸ਼ ਵੀ ਪੰਜਾਬੀ ਕਿੱਸਾ–ਸਾਹਿੱਤ ਵਿਚ ਦੁਰਲਭ ਨਹੀਂ ਹਨ।
ਪੰਜਾਬੀ ਕਿੱਸਾ–ਸਹਿੱਤ ਦਾ ਆਰੰਭਿਕ ਦਮੋਦਰ (ਹੀਰ) ਤੋਂ ਹੁੰਦਾ ਹੈ। ਪੀਲੂ, ਹਾਫ਼ਜ਼ ਬਰਖੁਰਦਾਰ, ਅਹਿਮਦ ਆਦਿ ਆਰੰਭਿਕ ਕਾਲ ਦੇ ਕਿੱਸਾਕਾਰ ਹਨ। ਵਾਰਸ ਦੇ ਆਉਣ ਨਾਲ ਪੰਜਾਬੀ ਕਿੱਸੇ ਵਿਚ ਨਵਾਂ ਨਿਖਾਰ ਆਇਆ। ਮੁਕਬਲ ਤੇ ਹਾਮਦ, ਵਾਰਸ ਦੇ ਪੇਸ਼ਰੌ ਸਨ ਪਰ ਵਾਰਸ ਕਲਾ–ਨਿਪੁਨੰਤਾ ਵਿਚ ਬਾਜ਼ੀ ਲੈ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿਚ ਕਈ ਕਿੱਸਾਕਾਰ ਹੋਵੇ ਜਿਵੇਂ ਕਿ ਹਾਸ਼ਮ, ਕਾਦਰਯਾਰ, ਅਹਿਮਦਯਾਰ, ਇਸਾਮ ਬਖ਼ਸ਼ ਆਦਿ। ਹਾਸ਼ਮ ਦੀ ‘ਸੱਸੀ’, ਕਾਦਰਯਾਰ ਦਾ ‘ਪੂਰਨ ਭਗਤ’, ਤੇ ਫ਼ਜਲ਼ ਸ਼ਾਹ, ਦੀ ‘ਸੋਹਣੀ’ ਨੂੰ ਪੰਜਾਬੀ ਸੰਸਾਰ ਵਿਚ ਚੋਖੀ ਮਾਨਤਾ ਪ੍ਰਾਪਤ ਰਹੀ ਹੈ। ਫ਼ਜ਼ਲ ਸ਼ਾਹ, ਕਿਸ਼ਨ ਸਿੰਘ ਆਰਿਫ਼, ਭਗਵਾਨ ਸਿੰਘ ਆਦਿ ਮਹਾਰਾਜਾ ਰਣਜੀਤ ਸਿੰਘ ਦੇ ਪਿਛਲੇਰੇ ਕਾਲ ਦੇ ਕੁਝ ਕੁ ਪ੍ਰਤਿਨਿਧ ਕਿੱਸਕਾਰ ਹਨ। ਮਹਾਰਾਜਾ ਰਣਜੀਤ ਸਿੰਘ ਕਾਲ ਦੇ ਕਿੱਸਿਆਂ ਵਿਚ ਕੇਵਲ ਪਰੰਪਰਾ ਨੂੰ ਹੀ ਪਾਲਿਆ ਗਿਆ ਹੈ ਤੇ ਕਿੱਸਾਕਾਰਾਂ ਵਿਚ ਮੌਲਿਕਤਾ ਘੱਟ ਹੈ। ਪਰੰਗਰਾਤ ਕਹਾਣੀ ਲੈ ਕੇ ਕਿੱਸਾਕਾਰ ਆਪਣੀ ਇਲਾਕਾਈ ਭਾਸ਼ਾ ਵਿਚ ਬਿਆਨ ਕਰਦੇ ਰਹੇ ਹਨ। ਇੰਜ ਭਾਸ਼ਾ ਦੇ ਪੱਖ ਤੋਂ ਤਾਂ ਕਿੱਸਿਆਂ ਵਿਚ ਥੋੜ੍ਹੀ ਬਹੁਤੀ ਭਿੰਨਤਾ ਜ਼ਰੂਰ ਆ ਗਈ ਹੈ ਪਰ ਜਿੱਥੋ ਤਕ ਕਿੱਸਿਆਂ ਦੇ ਕਥਾਨਕਾਂ, ਪਾਤਰ–ਚਿਤਰਣ ਆਦਿ ਦਾ ਸੰਬੰਧ ਹੈ, ਇਨ੍ਹਾਂ ਕਿੱਸਕਾਰਾਂ ਵਿਚ ਮੌਲਿਕਤਾ ਤੇ ਵਿਕਾਸ ਦੀ ਥੁੜ ਹੈ। ਆਧੁਨਿਕ ਕਾਲ ਵਿਚ ਕਿੱਸਾ–ਕਾਵਿ ਦੀ ਪਰੰਪਰਾ ਲਗਭਗ ਅਲੋਪ ਹੋ ਰਹੀ ਹੈ। ਕਿੱਸਾ–ਸਾਹਿੱਤ ਦੀ ਸਿਰਜਨਾ ਘੱਟ ਹੀ ਨਹੀਂ ਗਈ ਸਗੋਂ ਲਗਭਗ ਬੰਦ ਹੀ ਹੁੰਦੀ ਜਾ ਰਹੀ ਹੈ। ਮਾਲਵੇ ਵਿਚ ਕਿੱਸੇ ਨੂੰ ਚਿੱਠਾ ਵੀ ਆਖਦੇ ਹਨ।
ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12614, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no
ਕਿੱਸਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕਿੱਸਾ : ਕਿੱਸਾ ਅਰਬੀ ਜਬਾਨ ਦਾ ਸ਼ਬਦ ਹੈ ਪਰ ਪੰਜਾਬੀ ਕਿੱਸਾ ਫ਼ਾਰਸੀ ਦੇ ਪ੍ਰਸਿਧ ਕਾਵਿ ਰੂਪ ਮਸਨਵੀ ਤੇ ਆਧਾਰਿਤ ਹੈ। ਮਾਲਵੇ ਵਿਚ ਇਸ ਨੂੰ ਚਿੱਠਾ ਵੀ ਆਖਿਆ ਜਾਂਦਾ ਹੈ। ਇਸ ਵਿਚ ਮੁੱਖ ਰੂਪ ਵਿਚ ਕੋਈ ਕਥਾ ਕਹਾਣੀ ਹੁੰਦੀ ਹੈ। ਪੰਜਾਬੀ ਵਿਚ ਕਾਵਿ ਬੱਧ ਪ੍ਰੇਮ ਕਹਾਣੀ ਨੂੰ ਕਿੱਸਾ ਆਖਣ ਦਾ ਰਿਵਾਜ਼ ਹੈ ਪਰ ਕਿੱਸੇ ਵਿਚ ਪ੍ਰੇਮ ਤੋਂ ਬਿਨਾਂ ਹੋਰ ਵਿਸ਼ੇ ਵੀ ਆ ਗਏ ਹਨ। ਇਹ ਇਕ ਬਿਰਤਾਂਤਿਕ ਤੇ ਬਾਹਰਮੁਖੀ ਕਾਵਿ ਰਚਨਾ ਹੈ ਜਿਸ ਵਿਚ ਇਕ ਲੰਮੀ ਕਹਾਣੀ ਨੂੰ ਬੜੇ ਨਾਟਕੀ ਢੰਗ ਨਾਲ ਸ਼ਬਦ ਚਿਤਰਾਂ ਵਿਚ ਅਲੰਕਾਰਾਂ ਆਦਿ ਦੀ ਸਹਾਇਤਾ ਨਾਲ ਆਖੀਰ ਤਕ ਨਿਭਾਇਆ ਗਿਆ ਹੁੰਦਾ ਹੈ। ਕਵੀ ਆਸ਼ਕਾਂ ਦੇ ਕਿੱਸੇ ਲਿਖਦਿਆਂ ਆਪਣੀ ਨਿਜੀ ਪ੍ਰੇਮ-ਪੀੜਾ ਨੂੰ ਪੇਸ਼ ਕਰਨ ਦਾ ਯਤਨ ਵੀ ਕਰਦਾ ਹੈ। ਕਿੱਸਿਆਂ ਵਿਚ ਨਾਟਕੀ ਅੰਸ਼ ਭਰਨ ਲਈ ਕਵੀ ਪਾਤਰਾਂ ਦੀ ਵਾਰਤਾਲਾਪ ਨੂੰ ਸਜਿੰਦ ਤੇ ਸੁਭਾਵਿਕ ਬਣਾਉਂਦਾ ਹੈ ਤੇ ਕਾਰਜ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ। ‘ਕਵਿਯੋਵਾਰ’ ਵਿਧੀ ਦੁਆਰਾ ਉਹ ਆਪਣੇ ਨਿਜੀ ਵਿਚਾਰ ਪ੍ਰਗਟ ਕਰਦਿਆਂ ਕਈ ਵਾਰੀ ਦਾਰਸ਼ਨਿਕ ਤੇ ਹੋਰ ਵਿਚਾਰਾਂ ਨੂੰ ਲੋਕਾਂ ਸਾਹਮਣੇ ਰਖਦਾ ਹੈ। ਪ੍ਰਭਾਵ ਨੂੰ ਵਧਾਉਣ ਤੇ ਸਥਾਨਿਕ ਰੰਗਣ ਨੂੰ ਉਘਾੜਨ ਲਈ ਪ੍ਰਕਿਰਤੀ ਚਿਤਰਨ ਕਰਦਿਆਂ ਉਹ ਕਈ ਵਾਰੀ ਪ੍ਰਕਿਰਤੀ ਰਾਹੀਂ ਪਾਤਰਾਂ ਦੇ ਹਾਵ-ਭਾਵ ਤੇ ਦੁੱਖ-ਸੁੱਖ ਆਦਿ ਅਵਿਵਿਅਕਤ ਕਰ ਜਾਂਦਾ ਹੈ।
ਪੰਜਾਬੀ ਦਾ ਇਹ ਵਿਸ਼ੇਸ਼ ਕਾਵਿ ਰੂਪ ਹੈ ਜੋ ਇਕ ਪਾਸੇ ਤਾਂ ਮਹਾਂਕਾਵਿ ਨਾਲ ਮਿਲਦਾ ਹੈ ਅਤੇ ਦੂਜੇ ਪਾਸੇ ਅੰਗ੍ਰੇਜ਼ੀ ਦੇ ਰੋਮਾਂਸ ਜਾਂ ਬੈਲਡ ਨਾਲ, ਹਿੰਦੀ ਵਿਚ ਅਜਿਹੀ ਰਚਨਾ ਨੂੰ ਆਖਿਆਨ ਆਖਦੇ ਹਨ। ਪ੍ਰੇਮਾਖਿਆਨ ਪੰਜਾਬੀ ਕਿੱਸੇ ਦਾ ਸਮਾਨਾਰਥਕ ਹੈ ਪਰ ਪੰਜਾਬੀ ਕਿੱਸਾ ਫਾਰਸੀ ਦੇ ਮਸਨਵੀ ਕਾਵਿ ਦੀ ਦੇਣ ਜਾਪਦੀ ਹੈ, ਕਿਉਂਕਿ ਕਿਸਿਆਂ ਦੇ ਪਾਤਰ ਤੇ ਲੇਖਕ ਮੁਸਲਮਾਨ ਹਨ ਤੇ ਨਾਲ ਹੀ ਇਹ ਕਥਾਵਾਂ ਫਾਰਸੀ ਵਿਚ ਵੀ ਉਪਲਬਧ ਹਨ ਜਿਨ੍ਹਾਂ ਨੂੰ ਪੰਜਾਬੀ ਵਿਚ ਪੇਸ਼ ਕਰਨ ਦਾ ਸਿਹਰਾ ਮੁਸਲਮਾਨ ਕਵੀਆਂ ਤੇ ਸਿਰ ਹੈ। ਯੂਸਫ ਜੁਲੈਖ਼ਾਂ ਸ਼ੀਰੀਂ ਫਰਹਾਦ, ਲੈਲਾ ਮਜਨੂੰ ਆਦਿ ਪ੍ਰੇਮ ਕਥਾਵਾਂ ਸਿੱਧੀਆਂ ਫਾਰਸੀ ਵਿਚੋਂ ਆਈਆਂ ਹਨ।
ਕਈ ਵਿਦਵਾਨਾਂ ਨੇ ਹੀਰ ਰਾਂਝੇ ਦੀ ਕਹਾਣੀ ਨੂੰ ‘Hero and Leander’ ਨਾਲ ਜੋੜਿਆ ਹੈ।
ਆਦਰਸ਼ਕ ਪ੍ਰੀਤ, ਰੁਮਾਂਸ, ਬਹਾਦਰੀ, ਤਿਆਗ, ਕੁਰਬਾਨੀ, ਆਚਰਨ ਦੀ ਦ੍ਰਿੜ੍ਹਤਾ ਅਸਲੀ ਫਕੀਰੀ ਆਦਿ ਸੈਂਕੜੇ ਵਿਸ਼ਿਆਂ ਬਾਰੇ ਪੰਜਾਬੀ ਕਿੱਸੇ ਮਿਲਦੇ ਹਨ।
ਪੰਜਾਬੀ ਕਿੱਸੇ ਦਵਈਏ, ਸਵਈਏ, ਕੁੰਡਲੀਏ ਆਦਿ ਛੰਦਾਂ ਵਿਚ ਲਿਖੇ ਗਏ ਪਰ ਬੈਂਤ ਨੂੰ ਪ੍ਰਧਾਨਤਾ ਮਿਲੀ ਹੈ। ਸਾਰੇ ਕਿੱਸਿਆਂ ਵਿਚ ਬੀਰ ਤੇ ਸ਼ਿੰਗਾਰ ਰਸ ਨੂੰ ਪ੍ਰਧਾਨਤਾ ਮਿਲੀ ਹੈ ਭਾਵੇਂ ਨਾਲ ਬਾਕੀ ਰਸ ਵੀ ਆਏ ਹਨ।
ਪੰਜਾਬੀ ਕਿੱਸੇ ਦਾ ਆਰੰਭ ਦਮੋਦਰ ਦੀ ਰਚਨਾ ‘ਹੀਰ’ ਤੋਂ ਮੰਨਿਆ ਜਾਂਦਾ ਹੈ ਪਰ ਵਿਦਵਾਨਾਂ ਦਾ ਵਿਚਾਰ ਹੈ ਕਿ ਇਸ ਤੋਂ ਪਹਿਲਾਂ ਵੀ ਕਿੱਸੇ ਲਿਖੇ ਗਏ ਜੋ ਹੁਣ ਪ੍ਰਾਪਤ ਨਹੀਂ ਹਨ। ਇਸ ਤੋਂ ਮਗਰੋਂ ਪੀਲੂ, ਹਾਫਜ਼ ਬਰਖ਼ੁਰਦਾਰ, ਮੁਕਬਲ, ਗੁਰਦਾਸ ਖਤਰੀ, ਅਹਿਮਦ, ਮੀਆਂ ਚਰਾਗ਼ ਐਵਾਣ, ਸਦੀਕ ਅੱਲੀ, ਨਿਆਮਤ ਖ਼ਾਨ ਜਾਨ, ਸੱਯਦ, ਬਹਾਵਲਪੁਰੀ, ਸੱਯਦ ਵਾਰਸ ਸ਼ਾਹ, ਮੁਨਸ਼ੀ ਸੁੰਦਰ ਦਾਸ ਅਰਾਮ, ਬਹਿਬਲ, ਆਡਤ, ਫਜ਼ਲ ਸ਼ਾਹ, ਹਾਸ਼ਮ ਸ਼ਾਹ, ਕਿਸ਼ਨ ਸਿੰਘ ਆਰਿਫ਼, ਦਇਆ ਸਿੰਘ, ਭਗਵਾਨ ਸਿੰਘ, ਪਾਲ ਸਿੰਘ, ਪੰਡਤ ਕਿਸ਼ੋਰ ਚੰਦ, ਸੂਬਾ ਸਿੰਘ ਆਦਿ ਪ੍ਰਸਿਧ ਕਿੱਸਾਕਾਰਾਂ ਨੇ ਕਿੱਸੇ ਲਿਖੇ।
ਹੀਰ ਰਾਂਝਾ, ਯੂਸਫ ਜੂਲੈਖਾਂ, ਲੈਲਾ ਮਜਨੂੰ, ਸ਼ੀਰੀਂ ਫਰਹਾਦ, ਚੰਦਨ ਬਦਨ, ਮਿਰਜ਼ਾਂ ਸਾਹਿਬਾਂ, ਕੀਮਾ ਮਲਕੀ, ਰੋਡਾ ਜਲਾਲੀ, ਦੁਲਾਭੱਟੀ, ਰੂਪ ਬਸੰਤ, ਗੋਪੀਚੰਦ, ਰਾਜ ਬੀਬੀ, ਸ਼ਾਹ ਬਹਿਰਾਮ, ਸੈਫੁਲ ਮਲੂਕ, ਹਕੀਕਤ ਰਾਏ, ਹਾਤਮਤਾਈ, ਪੂਰਨ ਭਗਤ, ਨਲ ਦਮਿਯੰਤੀ, ਰਾਜਾ ਰਸਾਲੂ ਤੇ ਕੋਕਲਾਂ, ਰਾਜਾ ਰੂਪ ਚੰਦ ਤੇ ਇੰਦੂਮਤੀ, ਜੈਮਲ ਫੱਤਾ, ਸੁਚਾ ਸਿੰਘ ਸੂਰਮਾ, ਭਾਈ ਬਿਧੀ ਚੰਦ, ਸ਼ਾਮੋ ਨਾਰ, ਬੋਗੋਨਾਰ, ਰਤਨੀ ਸੁਨਿਆਰੀ, ਕਿੱਸਾ ਘੁੱਗੀ ਕਾਂ, ਰੂਪ ਰਾਣੀ ਸ਼ਕੁੰਤਲਾ, ਚੰਦਣ ਸ਼ਰਾਬੀ, ਭਾਈ ਬੋਤਾ ਸਿੰਘ, ਬਾਬਾ ਦੀਪ ਸਿੰਘ, ਛੋਟਾ ਘੱਲੂਕਾਰਾ ਜ਼ਿੰਦਗੀ ਬਿਲਾਸ, ਸਪੁੱਤਰ ਬਿਲਾਸ, ਸ਼ਮਸ਼ੇਰ ਖਾਲਸਾ, ਬੰਦਾ ਬਹਾਦਰ ਆਦਿ ਪ੍ਰਸਿਧ ਪੰਜਾਬੀ ਕਿੱਸੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਛਾਪੇ ਅਤੇ ਅਣਛਪੇ ਕਿੱਸੇ ਅਧਿਐਨ ਦੇ ਮੁਹਤਾਜ ਹਨ ਜਿੰਨ੍ਹਾ ਨਾਲ ਕਿ ਕਿੱਸਾ ਸਾਹਿਤ ਵਿਚ ਭਰਪੂਰ ਵਾਧਾ ਹੋਵੇਗਾ।
ਪੱਜਾਬੀ ਕਿੱਸਾ ਕਾਵਿ ਪਰੰਪਰਾ ਦਾ ਅਨੁਸਾਰ ਹੋਣ ਕਾਰਨ ਕੋਈ ਨਵੀਂ ਚੀਜ਼ ਪੇਸ਼ ਕਰਨੋ ਅਸਮਰਥ ਰਿਹਾ ਹੈ। ਸਾਰੇ ਕਿੱਸਿਆਂ ਵਿਚ ਦੁਹਰਾ ਹੈ ਕਿਉਂਕਿ ਕਹਾਣੀ ਪਰੰਪਰਾ ਤੋਂ ਲਈ ਜਾਂਦੀ ਹੈ। ਕਿੱਸਾਕਾਰ ਆਪਣੇ ਇਲਾਕੇ ਦੀ ਭਾਸ਼ਾ ਵਰਤਦੇ ਹਨ ਜਿਸ ਕਾਰਨ ਥੋੜ੍ਹੀ ਬਹੁਤ ਵਖਰਤਾ ਦ੍ਰਿਸ਼ਟੀਗੋਚਰ ਹੁੰਦੀ ਹੈ। ਪਰ ਕਿੱਸਾਕਾਰਾਂ ਵਿਚ ਮੌਲਿਕਤਾ ਤੇ ਵਿਕਾਸ ਦੀ ਘਾਟ ਹੈ। ਆਧੁਨਿਕ ਯੁੱਗ ਵਿਚ ਲਗ ਭਗ ਇਸ ਕਾਵਿ ਰੂਪ ਨੂੰ ਕੋਈ ਮਹੱਤਵ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਸਾਹਿਤ ਰੂਪ ਤੇ ਰਸ ਦੋਨਾਂ ਪੱਖਾਂ ਤੋਂ ਅਗਾਂਹ ਨਿਕਲ ਚੁੱਕਾ ਹੈ।
ਹ. ਪੁ.––ਪੰ. ਸਾ. ਕੋ. 241 ਪੰ. ਸਾ. ਇ. 1 ਪ. ਸਾ. ਇ. (ਪੰਜਾਬ)
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no
ਕਿੱਸਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਿੱਸਾ, (ਅਰਬੀ : ਕਿੱਸਾ√ਕਸ ਬਿਆਨ ਕਰਨਾ) \ ਪੁਲਿੰਗ : ੧. ਬਿਆਨ, ਕਹਾਣੀ ਕਥਾ; ਹਕਾਇਤ, ਚਿੱਠਾ, ਜ਼ਿਕਰ, ਕਲਪਤ ਕਹਾਣੀ, ਗਲਪ, ਰਾਮ ਕਹਾਣੀ; ੨. ਬਖੇੜਾ, ਹੁੱਜਤ, ਲੜਾਈ, ਝਗੜਾ, ਤਕਰਾਰ (ਲਾਗੂ ਕਿਰਿਆ : ਕਹਿਣਾ, ਸੁਣਾਉਣਾ)
–ਕਿੱਸਾ ਉਠਣਾ, ਮੁਹਾਵਰਾ : ਝਗੜਾ ਖੜਾ ਹੋਣਾ, ਝਗੜੇ ਪੈਦਾ ਹੋਣਾ, ਤਕਰਾਰ ਛਿੜਨਾ
–ਕਿੱਸਾ ਆਖਰ ਹੋਣਾ, ਮੁਹਾਵਰਾ : ਝਗੜਾ ਮੁੱਕਣਾ, ਲੜਾਈ ਜਾਂ ਤਕਰਾਰ ਦਾ ਖ਼ਤਮ ਹੋਣਾ
–ਕਿੱਸਾ ਆਪਣੇ ਸਿਰ ਲੈਣਾ, ਮੁਹਾਵਰਾ : ਝਗੜੇ ਵਿੱਚ ਪੈਣਾ, ਝਗੜਾ ਆਪਣੇ ਗਲ ਪਾਉਣਾ
–ਕਿੱਸਾ ਸਹੇੜਨਾ, ਮੁਹਾਵਰਾ : ਝਗੜਾ ਗੱਲ ਪਾ ਲੈਣਾ
–ਕਿੱਸਾ ਕਹਾਣੀ, ਇਸਤਰੀ ਲਿੰਗ : ਅਫ਼ਸਾਨਾ ਬਾਤ, ਗਲਪ
–ਕਿੱਸਾ ਕਰਨਾ, ਮੁਹਾਵਰਾ : ੧. ਕਹਾਣੀ ਸੁਣਾਉਣਾ, ਵਾਰਤਾ ਵਰਣਨ ਕਰਨਾ; ੨. ਫਸਾਦ ਕਰਨਾ ਤਕਰਾਰ ਕਰਨਾ
–ਕਿੱਸਾਕਾਰ, ਵਿਸ਼ੇਸ਼ਣ / ਪੁਲਿੰਗ : ਕਿੱਸਾ ਲਿਖਣ ਵਾਲਾ, ਗਲਪਕਾਰ
–ਕਿੱਸਾਕਾਰੀ, ਇਸਤਰੀ ਲਿੰਗ: ਕਿੱਸਾ ਲਿਖਣ ਦਾ ਕੰਮ, ਕਿੱਸਾ ਲਿਖਣ ਦੀ ਕਲਾ ਗਲਪਕਾਰੀ
–ਕਿੱਸਾ ਕੋਤਾ, (ਫ਼ਾਰਸੀ) / ਕਿਰਿਆ ਵਿਸ਼ੇਸ਼ਣ : ਮੁਕਦੀ ਗੱਲ, ਥੋੜੇ ਚਿਰ: ਮੁੱਦਾ ਇਹ ਕਿ
–ਕਿੱਸਾ ਖੜਾ ਕਰਨਾ, ਮੁਹਾਵਰਾ : ਫਸਾਦ ਬਰਪਾ ਕਰਨਾ, ਝਗੜਾ ਕਰਨਾ
–ਕਿੱਸਾ ਗੋ, ਵਿਸ਼ੇਸ਼ਣ / ਪੁਲਿੰਗ : ਕਹਾਣੀ ਸੁਣਾਉਣ ਵਾਲਾ
–ਕਿੱਸਾਗੋਈ, ਇਸਤਰੀ ਲਿੰਗ : ਕਹਾਣੀ ਸੁਣਾਉਣ ਦਾ ਕਰਮ ਜਾਂ ਭਾਵ
–ਕਿੱਸਾ ਚੁਕਾਉਣਾ, ਮੁਹਾਵਰਾ : ੧. ਝਗੜਾ ਨਿਪਟਾਉਣਾ, ਫੈਸਲਾ ਕਰ ਦੇਣਾ; ੨. ਮਾਰ ਘੱਤਣਾ, ਫਸਤਾ ਵੱਢਣਾ, ਕਿੱਸਾ ਮੁਕਾਉਣਾ
–ਕਿੱਸਾ ਛਿੜਨਾ, ਮੁਹਾਵਰਾ : ੧. ਲੰਮੀ ਬਾਤ ਜਾਂ ਕਹਾਣੀ ਸ਼ੁਰੂ ਹੋ ਜਾਣਾ; ੨. ਝਗੜਾ ਛਿੜ ਜਾਣਾ, ਟੰਟਾ ਖੜਾ ਹੋ ਜਾਣਾ
–ਕਿੱਸਾ ਛੇੜਨਾ, ਮੁਹਾਵਰਾ : ੧. ਕਿਸੇ ਝਗੜੇ ਦੀ ਗੱਲ ਛੇੜਨਾ; ੨. ਕਿਸੇ ਗੱਲ ਦਾ ਜ਼ਿਕਰ ਕਰਨਾ, ਲੰਮੀਆਂ ਗੱਲਾਂ ਸ਼ੁਰੂ ਕਰ ਦੇਣਾ, ਰਾਮ ਕਹਾਣੀ ਛੇੜ ਬੈਠਣਾ
–ਕਿੱਸਾ ਛੋਹ ਬਹਿਣਾ, ਮੁਹਾਵਰਾ : ਲੰਮੀ ਵਾਰਤਾ ਸ਼ੁਰੂ ਕਰ ਬੈਠਣਾ, ਲੰਮੇ ਦੁਖ ਰੋਣ ਲੱਗ ਪੈਣਾ, ਕਿੱਸਾ ਛੇੜ ਬਹਿਣਾ
–ਕਿੱਸਾ ਝੋਣਾ, ਮੁਹਾਵਰਾ : ਦੁਖੜਾ ਰੋਣਾ
–ਕਿੱਸਾ ਤਮਾਮ ਹੋਣਾ, ਮੁਹਾਵਰਾ : ਖਾਤਮਾ ਹੋਣਾ, ਕੰਮ ਤਮਾਮ ਹੋਣਾ, ਮਰ ਜਾਣਾ
–ਕਿੱਸਾ ਤਮਾਮ ਕਰਨਾ, ਮੁਹਾਵਰਾ : ਜਾਨ ਤੋਂ ਮਾਰ ਦੇਣਾ, ਫਸਤਾ ਵੱਢ ਦੇਣਾ
–ਕਿੱਸਾ ਤੈ ਹੋਣਾ, ਮੁਹਾਵਰਾ :ਕਿੱਸੇ ਗੱਲ ਦਾ ਮੁੱਕ ਜਾਣਾ, ਲੜਾਈ ਝਗੜੇ ਦਾ ਅੰਤ ਹੋਣਾ, ਫੈਸਲਾ ਹੋ ਜਾਣਾ, ਗੱਲ ਨਿਪਟ ਜਾਣਾ, ਫਸਤਾ ਮੁੱਕ ਜਾਣਾ
–ਕਿੱਸਾ ਤੈ ਕਰਨਾ, ਮੁਹਾਵਰਾ : ਝਗੜਾ ਮੁਕਾਉਣਾ, ਫੈਸਲਾ ਕਰ ਦੇਣਾ, ਗੱਲ ਨੂੰ ਨਿਪਟਾ ਦੇਣਾ
–ਕਿੱਸਾ ਪਾਕ ਹੋਣਾ, ਮੁਹਾਵਰਾ : ਕਿੱਸਾ ਤਮਾਮ ਹੋਣਾ, ਲੜਾਈ ਝਗੜੇ ਦਾ ਮੁੱਕ ਜਾਣਾ
–ਕਿੱਸਾ ਪਾਕ ਕਰਨਾ, ਮੁਹਾਵਰਾ : ਲੜਾਈ ਝਗੜੇ ਦਾ ਮੁਕਾ ਦੇਣਾ, ਕਿੱਸਾ ਤਮਾਮ ਕਰਨਾ
–ਕਿੱਸਾ ਬਖੇੜਾ, ਪੁਲਿੰਗ : ਝਗੜਾ ਫਸਾਦ, ਲੜਾਈ ਦੰਗਾ
–ਕਿੱਸਾ ਮੁਕਾਉਣਾ, ਮੁਹਾਵਰਾ : ਫਸਤਾ ਵੱਢਣਾ, ਜਾਨੋਂ ਮੁਕਾਉਣਾ, ਕਿੱਸਾ ਚੁਕਾਉਣਾ
–ਕਿੱਸਾ ਲੈ ਬਹਿਣਾ, ਕਿੱਸਾ ਲੈ ਬੈਠਣਾ, ਮੁਹਾਵਰਾ : ਅਜਿਹੀ ਗੱਲ ਛੇੜਨੀ ਜਿਸ ਨੂੰ ਸੁਣ ਕੇ ਦੂਸਰਾ ਸੁਣਨ ਵਾਲਾ ਤੰਗ ਪੈ ਜਾਏ, ਰਾਮ ਕਹਾਣੀ ਛੋਹ ਬਹਿਣਾ, ਕਿੱਸਾ ਛੋਹ ਬਹਿਣਾ
–ਕਿੱਸਾ ਵਧਣਾ, ਮੁਹਾਵਰਾ : ਲੜਾਈ ਦਾ ਲੰਮਾ ਹੋਣਾ, ਝਗੜਾ ਵਜਣਾ
–ਕਿੱਸਾ ਵਧਾਉਣਾ, ਮੁਹਾਵਰਾ : ਲੜਾਈ ਵਧਾਉਣਾ, ਝਗੜਾ ਵਧਾਉਣਾ, ਗੱਲ ਨੂੰ ਤੂਲ ਦੇਣਾ
–ਕਿੱਸੇ ਦਾ ਘਰ, ਪੁਲਿੰਗ : ਫਸਾਦ ਦੀ ਜੜ, ਕਲਾ ਦਾ ਮੂਲ, ਫਿੱਟੜੀਆਂ ਦਾ ਫੇਟ
–ਕਿੱਸੇ ਪੈਣਾ, (ਪੋਠੋਹਾਰੀ) : ਚਰਚਾ ਹੋਣਾ, ਆਮ ਲੋਕਾਂ ਵਿੱਚ ਬਾਤ ਫੈਲਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2117, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-05-10-34-05, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First