ਕੁਦਰਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਦਰਤ [ਨਾਂਇ] ਪ੍ਰਕਿਰਤੀ, ਸ੍ਰਿਸ਼ਟੀ , ਬ੍ਰਹਿਮੰਡ; ਰੱਬੀ ਤਾਕਤ, ਈਸ਼ਵਰੀ ਸ਼ਕਤੀ; ਤਾਕਤ, ਸ਼ਾਨ, ਮਹਿਮਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20851, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁਦਰਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਦਰਤ ਅ਼.ਕੁਦਰਤ. ਸੰਗ੍ਯਾ—ਤ਼ਾਕ਼ਤ. ਸ਼ਕਤਿ. “ਕੁਦਰਤਿ ਕਉਣ ਹਮਾਰੀ?” (ਬਸੰ ਅ: ਮ: ੧) ੨ ਮਾਇਆ. ਕਰਤਾਰ ਦੀ ਰਚਨਾਸ਼ਕਤਿ. “ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ.” (ਵਾਰ ਆਸਾ) “ਕੁਦਰਤਿ ਪਾਤਾਲੀ ਆਕਾਸੀ.” (ਵਾਰ ਆਸਾ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20555, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁਦਰਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕੁਦਰਤ: ਅਰਬੀ ਮੂਲ ਦੇ ਇਸ ਸ਼ਬਦ ਦਾ ਅਰਥ ਹੈ ਸ਼ਕਤੀ, ਸਮਰਥਾ , ਤਾਕਤ। ਤੁਰਕੀ (ਤੁਰਕਸ਼) ਭਾਸ਼ਾ ਵਿਚ ਇਸ ਨੂੰ ਪਰਮਾਤਮਾ ਦੀ ਸ਼ਕਤੀ ਅਥਵਾ ਸ੍ਰਿਸ਼ਟੀ ਲਈ ਵੀ ਵਰਤਿਆ ਗਿਆ ਹੈ। ‘ਕੁਦਰਤ’ ਦੇ ਸੁਆਮੀ ਲਈ ‘ਕਾਦਿਰ’ ਦੀ ਵਰਤੋਂ ਕੀਤੀ ਗਈ ਹੈ।

            ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਵਿਚੋਂ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਇਸ ਸ਼ਬਦ ਦੀ ਵਰਤੋਂ ਦਾਰਸ਼ਨਿਕ ਆਧਾਰ’ਤੇ ਕਰਕੇ ਇਸ ਨੂੰ ਮਾਇਆ ਦਾ ਵਾਚਕ ਮੰਨਿਆ ਹੈ—ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ (ਗੁ.ਗ੍ਰੰ. 463)। ਇਥੇ ਸਾਂਖੑਯ-ਸ਼ਾਸਤ੍ਰ ਦੇ ਵਿਪਰੀਤ ਕੁਦਰਤ (‘ਪ੍ਰਕ੍ਰਿਤੀ’) ਨੂੰ ਪ੍ਰਭੂ ਆਸ਼ਰਿਤ ਮੰਨਿਆ ਗਿਆ ਹੈ।

            ਗੁਰੂ ਨਾਨਕ ਦੇਵ ਜੀ ਨੇ ਇਸ ਸ਼ਬਦ ਦੀ ਵਰਤੋਂ ਸ੍ਰਿਸ਼ਟੀ ਲਈ ਕਰਦਿਆਂ ਕਿਹਾ ਹੈ ਕਿ ਪਰਮਾਤਮਾ ਸ੍ਰਿਸ਼ਟੀ ਦੀ ਰਚਨਾ ਕਰਕੇ ਫਿਰ ਉਸ ਵਿਚ ਆਪ ਹੀ ਵਸਿਆ ਹੋਇਆ ਹੈ— ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਜਾਈ ਲਖਿਆ (ਗੁ.ਗ੍ਰੰ.469); ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ (ਗੁ.ਗ੍ਰੰ.143)।

            ਕੁਦਰਤ ਅਤਿਅੰਤ ਵਿਆਪਕ ਹੈ। ਇਸ ਦੇ ਕਲਾਵੇ ਵਿਚ ‘ਕਾਦਿਰ’ ਨੂੰ ਛਡ ਕੇ ਹੋਰ ਸਭ ਕੁਝ ਸਮਾ ਜਾਂਦਾ ਹੈ। ਜੋ ਕੁਝ ਦਿਖਦਾ ਹੈ, ਸੁਣੀਂਦਾ ਹੈ, ਸਭ ਕਾਦਿਰ ਦੀ ਕੁਦਰਤ ਹੈ। ਪਾਤਾਲ ਤੋਂ ਲੈ ਕੇ ਆਕਾਸ਼ ਤਕ , ਸਾਰੇ ਦ੍ਰਿਸ਼ਟਮਾਨ ਆਕਾਰ ਕੁਦਰਤ ਹੈ। ਵੇਦ , ਪੁਰਾਣ , ਸਾਮੀ- ਧਰਮ ਪੁਸਤਕਾਂ ਅਤੇ ਉਨ੍ਹਾਂ ਵਿਚ ਅੰਕਿਤ ਸਾਰੇ ਵਿਚਾਰ ਕੁਦਰਤ ਹੈ। ਖਾਣ , ਪੀਣ ਦੇ ਸਾਰੇ ਸਾਧਨ ਕੁਦਰਤ ਹੈ, ਜਗਤ ਦੇ ਸਾਰੇ ਪ੍ਰੇਮ ਕੁਦਰਤ ’ਤੇ ਆਧਾਰਿਤ ਹਨ। ਜਾਤਾਂ, ਵਸਤੂਆਂ, ਰੰਗ , ਜਗਤ ਦੇ ਜੀਵ ਸਭ ਪਰਮਾਤਮਾ ਦੀ ਕੁਦਰਤ ਦਾ ਹੀ ਸਿੱਟਾ ਹਨ। ਸੰਸਾਰ ਦੀਆਂ ਸਾਰੀਆਂ ਚੰਗਿਆਈਆਂ ਬੁਰਾਈਆਂ, ਮਾਨ ਅਪਮਾਨ ਸਭ ਕੁਦਰਤ ਦੀ ਸੀਮਾ ਵਿਚ ਹਨ। ਪੌਣ, ਪਾਣੀ , ਅਗਨੀ , ਧਰਤੀ ਅਤੇ ਮਿੱਟੀ ਆਦਿ ਸਭ ਕੁਦਰਤ ਦੇ ਹੀ ਪਰਿਣਾਮ ਹਨ— ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ਕੁਦਰਤਿ ਖਾਣਾ ਪੀਣਾ ਪੈਨ੍ਹਣੁ ਕੁਦਰਤਿ ਸਰਬ ਪਿਆਰੁ ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ (ਗੁ.ਗ੍ਰੰ.464)। ਗੁਰੂ ਨਾਨਕ ਦੇਵ ਜੀ ਨੇ ‘ਆਸਾ ਕੀ ਵਾਰ ’ ਵਿਚ ਕੁਦਰਤ ਨੂੰ ਸੱਚਾ ਕਿਹਾ ਹੈ— ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ

            ਇਥੇ ਸਪੱਸ਼ਟ ਕਰ ਦੇਣਾ ਉਚਿਤ ਹੋਵੇਗਾ ਕਿ ਇਥੇ ਗੁਰੂ ਜੀ ਦਾ ਕੁਦਰਤ ਨੂੰ ਸੱਚਾ ਕਹਿਣਾ ਵਿਵਹਾਰਿਕ ਰੂਪ ਵਿਚ ਹੈ, ਉਂਜ ਇਹ ਕੋਈ ਸੁਤੰਤਰ ਸੱਤਾ ਨਹੀਂ ਹੈ, ਨ ਹੀ ਨਿੱਤ ਅਤੇ ਅਨਾਦਿ ਹੈ। ਪਰਮਾਰਥਿਕ ਸਚ ਕੇਵਲ ਪਰਮਾਤਮਾ ਹੈ। ਕੁਦਰਤ ਦਾ ਸਿਰਜਕ ਪਰਮਾਤਮਾ ਹੈ— ਕੁਦਰਤਿ ਕਰਿ ਕੈ ਵਸਿਆ ਸੋਇ। ਇਸ ਲਈ ਕੁਦਰਤ ਵਿਵਹਾਰਿਕ ਰੂਪ ਵਿਚ ਸੱਚੀ ਹੈ, ਪਰਮਾਰਥਿਕ ਰੂਪ ਵਿਚ ਕੇਵਲ ਪਰਮਾਤਮਾ ਸੱਚਾ ਹੈ। ਉਸੇ ਦੇ ਭੈ ਵਿਚ ਕੁਦਰਤ ਦੇ ਸਾਰੇ ਅੰਸ਼ ਜਾਂ ਤੱਤ੍ਵ ਕਾਰਜ-ਸ਼ੀਲ ਹਨ। ‘ਆਸਾ ਕੀ ਵਾਰ ’ ਵਿਚ ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਸਥਾਪਨਾ ਕੀਤੀ ਹੈ— ਭੈ ਵਿਚਿ ਪਵਣੁ ਵਹੈ ਸਦ ਵਾਉ ਭੈ ਵਿਚਿ ਚਲਹਿ ਲਖ ਦਰੀਆਉ ਭੈ ਵਿਚਿ ਅਗਨਿ ਕਢੈ ਵੇਗਾਰਿ ਭੈ ਵਿਚਿ ਧਰਤੀ ਦਬੀ ਭਾਰਿ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ਭੈ ਵਿਚਿ ਰਾਜਾ ਧਰਮੁ ਦੁਆਰੁ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ਕੋਹ ਕਰੋੜੀ ਚਲਤ ਅੰਤੁ ਭੈ ਵਿਚਿ ਸਿਧ ਬੁਧ ਸੁਰ ਨਾਥ ਭੈ ਵਿਚਿ ਆਡਾਣੇ ਆਕਾਸ ਭੈ ਵਿਚਿ ਜੋਧ ਮਹਾਬਲ ਸੂਰ ਭੈ ਵਿਚਿ ਆਵਹਿ ਜਾਵਹਿ ਪੂਰ ਸਗਲਿਆ ਭਉ ਲਿਖਿਆ ਸਿਰਿ ਲੇਖੁ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ (ਗੁ. ਗ੍ਰੰ.464)।

            ਕੁਦਰਤ ਦਾ ਵਿਧਾਨ ਅਟਲ ਹੈ, ਇਸ ਵਿਚ ਕੋਈ ਪਰਿਵਰਤਨ ਨਹੀਂ ਕਰ ਸਕਦਾ, ਕੇਵਲ ਪਰਮਾਤਮਾ ਹੀ ਇਸ ਦੀ ਵਿਵਸਥਾ ਨੂੰ ਬਦਲ ਸਕਦਾ ਹੈ। ਉਹ ਮਾਸ ਖਾਣ ਵਾਲਿਆਂ ਨੂੰ ਘਾਹ ਖਵਾ ਸਕਦਾ ਹੈ ਅਤੇ ਘਾਹ ਖਾਣ ਵਾਲਿਆਂ ਨੂੰ ਮਾਸ ਖਵਾ ਸਕਦਾ ਹੈ। ਉਹ ਨਦੀਆਂ ਵਿਚ ਟਿੱਬੇ ਵਿਖਾ ਸਕਦਾ ਹੈ ਅਤੇ ਥਲਾਂ ਨੂੰ ਅਸਗਾਹ ਸਮੁੰਦਰਾਂ ਵਿਚ ਬਦਲ ਸਕਦਾ ਹੈ। ਉਹ ਕੀੜਿਆਂ ਨੂੰ ਰਾਜਸਿੰਘਾਸਨ ਉਤੇ ਬਿਠਾ ਸਕਦਾ ਹੈ ਅਤੇ ਲਸ਼ਕਰਾਂ ਨੂੰ ਸਾੜ ਕੇ ਸੁਆਹ ਕਰ ਸਕਦਾ ਹੈ— ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ (ਗੁ.ਗ੍ਰੰ.144)।

            ‘ਜਪੁਜੀ ’ ਦੀ 22ਵੀਂ ਅਤੇ 35ਵੀਂ ਪਉੜੀਆਂ ਵਿਚ ਕੁਦਰਤ ਦੀ ਭੂਗੋਲਿਕ ਸੀਮਾ ਨੂੰ ਸਪੱਸ਼ਟ ਕਰਦਿਆਂ ਉਸ ਨੂੰ ‘ਅਨੰਤ ’ ਕਿਹਾ ਗਿਆ ਹੈ। ਇਸ ਤਰ੍ਹਾਂ ਕੁਦਰਤ ਅਨੰਤ, ਵਿਸ਼ਾਲ ਅਤੇ ਅਸੀਮ ਹੈ। ਉਸ ਦੀ ਵਾਸਤਵਿਕ ਸਥਿਤੀ ਕੇਵਲ ਪਰਮਾਤਮਾ ਹੀ ਜਾਣਦਾ ਹੈ— ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ (ਗੁ.ਗ੍ਰੰ.467)।

            ਸਿੱਧ ਹੈ ਕਿ ਗੁਰਬਾਣੀ ਵਿਚ ਕੁਦਰਤ ਨੂੰ ਅਨੰਤ ਮੰਨਦੇ ਹੋਇਆਂ ਉਸ ਨੂੰ ਪ੍ਰਭੁ ਦੁਆਰਾ ਸਿਰਜਿਤ ਅਤੇ ਅਨੁਸ਼ਾਸਿਤ ਮੰਨਿਆ ਗਿਆ ਹੈ। ਉਸ ਦੀ ਸੱਤਾ ਕੇਵਲ ਵਿਵਹਾਰਿਕ ਹੈ, ਪਰਮਾਰਥਿਕ ਨਹੀਂ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕੁਦਰਤ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਦਰਤ (ਗੁਰਬਾਣੀ ਅਨੁਸਾਰ ਕੁਦਰਤਿ): ਸ਼ਬਦ ਗੁਰੂ ਨਾਨਕ ਸਾਹਿਬ ਨੇ ਅਰਬੀ ਭਾਸ਼ਾ ਤੋਂ ਲਿਆ ਅਤੇ ਇਸ ਨੂੰ ਦਾਰਸ਼ਨਿਕ ਮਹੱਤਵ ਅਤੇ ਅਰਥ ਪ੍ਰਦਾਨ ਕੀਤੇ ਹਨ। ਇਹ ਅਰਥ ਕੁਝ ਹੱਦ ਤਕ ਵੱਖ-ਵੱਖ ਭਾਵਾਂ ਵਿਚ ਸਦੀਆਂ ਪੁਰਾਣੇ ਭਾਰਤੀ ਸ਼ਬਦਾਂ ਪ੍ਰਕ੍ਰਿਤੀ ਅਤੇ ਮਾਯਾ ਰਾਹੀਂ ਹੀ ਦਰਸਾਏ ਜਾਂਦੇ ਰਹੇ ਹਨ। ਅਰਬੀ ਭਾਸ਼ਾ ਦੇ ਕੁਦਰਤ ਸ਼ਬਦ ਦਾ ਮੂਲ ਅਰਥ ਹੈ ਤਾਕਤ ਜਾਂ ਸ਼ਕਤੀ। ਤੁਰਕੀ ਭਾਸ਼ਾ ਵਿਚ ਇਸ ਸ਼ਬਦ ਦੇ ਅਰਥ ਹਨ ਸ਼ਕਤੀ, ਮਜ਼ਬੂਤੀ, ਪਰਮਾਤਮਾ ਦੀ ਸਰਵਸ਼ਕਤੀਮਾਨਤਾ ਅਤੇ ਰਚਨਾ। ਫ਼ਾਰਸੀ ਵਿਚ ਇਹ ਪਦ ਸ਼ਕਤੀ, ਸਮਰੱਥਾ , ਪਰਮਾਤਮਾ ਦੀ ਸੱਤਾ , ਰਚਨਾ, ਬ੍ਰਹਿਮੰਡ, ਸੁਭਾਅ ਲਈ ਵਰਤਿਆ ਜਾਂਦਾ ਰਿਹਾ ਹੈ। ਅਰਬੀ ਭਾਸ਼ਾ ਵਿਚ ਕੁਦਰਤ ਪਦ ਉਹਨਾਂ ਲਈ ਵਰਤਿਆ ਗਿਆ ਹੈ ਜੋ ਆਪਣੇ ਮਾਲਕ , ਪਰਮਾਤਮਾ, ਦੀ ਸੱਤਾ ਅਤੇ ਸ਼ਕਤੀ ਅਧੀਨ ਹਨ। ਕੁਰਾਨ ਵਿਚ ਪਰਮਾਤਮਾ ਨੂੰ ਅਲ-ਕਾਦਿਰ, ਅਲ-ਕਦੀਰ (ਦੋਵੇਂ ਸ਼ਬਦ ਸਰਵ-ਸ਼ਕਤੀਮਾਨਤਾ ਦੇ ਅਰਥਾਂ ਵਿਚ ਹਨ) ਅਤੇ ਅਲ-ਖ਼ਾਲਿਕ ਵਰਗੇ ਗੁਣਾਂ ਨਾਲ ਸੰਬੋਧਨ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਕੁਦਰਤ ਪਦ ਕੁਰਾਨ ਵਿਚ ਆਏ ਪਰਮਾਤਮਾ ਦੇ ਦੋਵੇਂ ਗੁਣਾਂ, ਅਲ-ਕਾਦਿਰ ਅਤੇ ਅਲ-ਖ਼ਾਲਿਕ ਦੇ ਰੂਪ ਵਿਚ ਵਰਤਿਆ ਹੈ।

      ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀ ਸ਼ਕਤੀ ਦਰਸਾਉਣ ਲਈ ਕੁਦਰਤ ਪਦ ਵਰਤਿਆ ਹੈ। ਕੁਦਰਤ ਨੂੰ ਸੰਭਾਵਿਤ ਤੌਰ ਤੇ ਪ੍ਰਕ੍ਰਿਤੀ ਦੇ ਬਰਾਬਰ ਰੱਖ ਕੇ ਵੇਖਣ ਦੀ ਵੀ ਲੋੜ ਹੈ। ਭਾਰਤੀ ਦਰਸ਼ਨ ਵਿਚ ਪ੍ਰਕ੍ਰਿਤੀ ਪੁਰਸ਼ ਦੀ ਤਰ੍ਹਾਂ ਅਨਾਦਿ ਮੰਨੀ ਗਈ ਹੈ। ਗੁਰੂ ਨਾਨਕ ਦੇਵ ਜੀ ਦੀ ਸ਼ਬਦਾਵਲੀ ਵਿਚ ਫ਼ਾਰਸੀ-ਅਰਬੀ ਸਰੋਤਾਂ ਦੀ ਭਾਸ਼ਾ ਦੀ ਖੁੱਲ੍ਹੀ ਵਰਤੋਂ ਕੀਤੀ ਗਈ ਹੈ ਕਿਉਂਕਿ ਇਹ ਆਮ ਲੋਕਾਂ ਵਿਚ ਪ੍ਰਚਲਿਤ ਸੀ। ਇਸ ਭਾਸ਼ਾਈ ਵਰਤੋਂ ਨੂੰ ਉਹਨਾਂ ਦੀ ਸਹਿਨਸ਼ੀਲਤਾ ਦੀ ਭਾਵਨਾ ਵਜੋਂ ਵੀ ਵੇਖਿਆ ਜਾ ਸਕਦਾ ਹੈ। ਸਾਹਿਬ, ਪੀਰ , ਮੀਰ ਅਤੇ ਖ਼ਸਮ ਵਰਗੀਆਂ ਉਦਾਹਰਨਾਂ ਆਮ ਵੇਖੀਆਂ ਜਾ ਸਕਦੀਆਂ ਹਨ। ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਇਕ ਪਰਮ ਪੁਰਖ ਨੂੰ ਜਗਤ ਦਾ ਆਧਾਰ ਮੰਨਕੇ ਪੇਸ਼ ਕੀਤੀ ਗਈ ਹੈ। ਗੁਰੂ ਜੀ ਸਾਂਖ ਕਾਰਿਕਾ ਦੇ ਪੁਰਸ਼ ਅਤੇ ਪ੍ਰਕ੍ਰਿਤੀ ਦੀ ਦਵੈਤ ਨੂੰ ਪ੍ਰਵਾਨ ਨਹੀਂ ਕਰਦੇ। ਸਾਂਖ ਪ੍ਰਣਾਲੀ ਆਤਮ ਅਤੇ ਅਨਾਤਮ, ਜਾਂ ਮਨ ਅਤੇ ਪਦਾਰਥ ਜਾਂ ਜੀਵਨ ਅਤੇ ਪ੍ਰਕ੍ਰਿਤੀ ਦੇ ਦਵੈਤ ਦੀ ਅਨੁਸਾਰੀ ਹੈ। ਗੁਰੂ ਜੀ ਦੀ ਦਾਰਸ਼ਨਿਕ ਵਿਚਾਰਧਾਰਾ ਵਿਚ ਜਗਤ ਦਾ ਇਕ ਕਰਤਾ ਹੈ ਅਤੇ ਕੁਦਰਤ ਵਿਚ ਜੋ ਕੁਝ ਵੀ ਰਚਿਆ ਗਿਆ ਹੈ ਉਸਦੀ ਅਕਾਲ ਪੁਰਖ ਤੋਂ ਵੱਖ ਕੋਈ ਹੋਰ ਸੁਤੰਤਰ ਹੋਂਦ ਨਹੀਂ ਹੈ। ਨਾ ਹੀ ਵੈਦਿਕ ਪੁਰਸ਼ ਅਤੇ ਨਾ ਹੀ ਸਾਂਖ ਦਾ ਪੁਰਸ਼ ਇਸ ਜਗਤ ਦਾ ਰਚੈਤਾ ਜਾਂ ਪ੍ਰਬੰਧਕ ਹੈ। ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਵਿਚ ਅਕਾਲ ਪੁਰਖ ਜਗਤ ਦਾ ਰਚੈਤਾ ਅਤੇ ਪ੍ਰਬੰਧਕ ਦੋਵੇਂ ਹਨ। ਕੁਦਰਤ ਦੀਆਂ ਵਸਤਾਂ ਅਤੇ ਕੁਦਰਤ ਦੀ ਸ਼ਕਤੀ ਨੂੰ ਰਚਿਆ ਗਿਆ ਹੈ। ਇੱਥੇ ਕੁਦਰਤ ਪਦਾਰਥਵਾਦੀ ਪ੍ਰਪੰਚ ਦੇ ਨਾਲ-ਨਾਲ ਸ਼ਕਤੀ, ਤਾਕਤ, ਮਜ਼ਬੂਤੀ, ਕਰਾਮਾਤੀ- ਕਾਰਜਵਾਦੀ ਸਰਵ-ਸ਼ਕਤੀਮਾਨ, ਪਰਮਾਤਮਾ ਦੀ ਸੱਤਾ ਵਜੋਂ ਮੰਨੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦੀ ਨਜ਼ਰ ਵਿਚ ਕੁਦਰਤ ਜਾਂ ਮਾਯਾ ਜਗਤ ਦੇ ਵੱਖ-ਵੱਖ ਰੂਪਾਂ ਵਿਚ ਪਰਪੰਚਾਂ ਦੇ ਨਾਲ-ਨਾਲ ਮਨ-ਪ੍ਰਚਾਵੇ ਦੀ ਯੋਗਤਾ ਅਤੇ ਸਮਰੱਥਾ ਦੀ ਸਾਧਨ ਹੈ। ਮਾਯਾ ਪਦ ਭੁਲੇਖੇ, ਝੁਠ , ਧੋਖੇ ਅਤੇ ਪਦਾਰਥਕ ਉਲਝਣਾਂ ਆਦਿ ਦੇ ਅਰਥਾਂ ਵਿਚ ਵੇਖਿਆ ਜਾਂਦਾ ਹੈ। ਰਚਨਾ ਦੇ ਸੰਬੰਧ ਵਿਚ ਮਾਯਾ ਨੂੰ ਪ੍ਰਤੱਖਤਾ ਦੇ ਭੁਲੇਖੇ ਜਾਂ ਮਾਇਆਜਾਲ ਵਜੋਂ ਵਰਤਿਆ ਜਾਂਦਾ ਹੈ। ਦਰਅਸਲ, ਭਾਰਤੀ ਦਰਸ਼ਨ ਵਿਚ ਮਾਯਾ ਅਜਿਹੀ ਪ੍ਰਕਿਰਿਆ ਵੱਲ ਸੰਕੇਤ ਕਰਦੀ ਹੈ ਜੋ ਕਿ ਬ੍ਰਹਿਮੰਡ ਦੀ ਹੋਂਦ ਨੂੰ ਪ੍ਰਗਟ ਕਰਦੇ ਸਮੇਂ ਵਿਜਾਤੀਅਤਾ ਵਿਚ ਏਕਤਾ ਅਤੇ ਅਨੇਕਤਾ ਵਿਚ ਸਜਾਤੀਅਤਾ ਪੇਸ਼ ਕਰਦੀ ਹੈ। ਰੂਪਾਂ ਦੀ ਅਨੇਕਤਾ ਦੀ ਬੁਝਾਰਤ ਨੂੰ ਸਮਝਣ ਲਈ ਇਹ ਇਕ ਅਜਿਹਾ ਜੁਆਬ ਹੈ, ਜਿਸ ਵਿਚ ਜਗਤ ਸਾਡੇ ਸਾਮ੍ਹਣੇ ਪ੍ਰਗਟ ਹੁੰਦਾ ਹੈ। ਪਰਮਾਤਮਾ ਆਪਣੀ ਸ਼ਕਤੀ ਦੁਆਰਾ ਪਲ ਭਰ ਵਿਚ ਹੀ ਅਣਗਿਣਤ ਰੂਪ ਪੈਦਾ ਕਰਦਾ ਹੈ- “ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ॥”(ਗੁ.ਗ੍ਰੰ. 519)।

      ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਉੱਤਰਾ- ਧਿਕਾਰੀਆਂ ਦੀਆਂ ਰਚਨਾਵਾਂ ਵਿਚ ਕੁਦਰਤ ਨੂੰ ਭਾਰਤ ਵਿਚ ਦਿੱਤੇ ਗਏ ਅਰਥਾਂ ਵਿਚ ਹੀ ਵਰਤਦੇ ਹੋਏ ਇਸ ਨੂੰ ਦੈਵੀ ਸ਼ਕਤੀ ਮੰਨਿਆ ਗਿਆ ਹੈ। ਉਸ ਸੰਦਰਭ ਵਿਚ ਇਸ ਪਦ ਦਾ ਦਾਰਸ਼ਨਿਕ ਮਹੱਤਵ ਸੀ। ਪਰ ਇਹ ਪਦ ਅੱਜ-ਕੱਲ੍ਹ ਆਮ ਪ੍ਰਚਲਿਤ ਹੋ ਗਿਆ ਹੈ ਇਸ ਕਰਕੇ ਇਸ ਨੂੰ ਦਾਰਸ਼ਨਿਕ ਹਵਾਲੇ ਵਜੋਂ ਨਹੀਂ ਲਿਆ ਜਾਂਦਾ। ਮਾਯਾ ਨੂੰ ਵੀ ਅੱਜ-ਕੱਲ੍ਹ ਕੁਦਰਤ ਵਾਂਗ ਦਾਰਸ਼ਨਿਕ ਮਹੱਤਵ ਵਜੋਂ ਨਹੀਂ ਵੇਖਿਆ ਜਾਂਦਾ। ਕੁਝ ਸੰਦਰਭਾਂ ਵਿਚ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਨੂੰ ਰਚਨਾ ਦੇ ਅਰਥਾਂ ਵਿਚ ਵਰਤਦੇ ਹੋਏ ਕਿਹਾ ਹੈ ਕਿ ਦਿਖਾਈ ਦੇ ਰਿਹਾ ਸਭ ਕੁਝ ਦੈਵੀ ਸ਼ਕਤੀ ਦੀ ਕਿਰਿਆ ਹੈ। ਆਸਾ ਦੀ ਵਾਰ ਵਿਚਲੀ ਇਕ ਪੰਕਤੀ- “ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥” (ਗੁ.ਗ੍ਰੰ. 469) - ਵਿਚ ਕੁਦਰਤ ਉਸ ਨੂੰ ਕਿਹਾ ਗਿਆ ਹੈ ਜੋ ਕਿ ਦੈਵੀ ਸ਼ਕਤੀ ਦੁਆਰਾ ਰਚੀ ਹੋਈ ਹੈ ਅਤੇ ਇਹ ਸ਼ਕਤੀ ਕੁਦਰਤ ਵਿਚ ਵਿਆਪਕ ਰੂਪ ਵਿਚ ਵਿਦਮਾਨ ਹੈ। ਮਾਝ ਕੀ ਵਾਰ ਦੀ ਇਕ ਪੰਕਤੀ- “ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ” (ਗੁ.ਗ੍ਰੰ.143) - ਵਿਚ ਕੁਦਰਤ ਨੂੰ ਫਿਰ ਦੁਬਾਰਾ ਉਤਪਤੀ, ਪਰਪੰਚ ਅਤੇ ਪ੍ਰਗਟ ਜਗਤ ਕਿਹਾ ਗਿਆ ਹੈ। ਅਜਿਹੇ ਕੁਝ ਪ੍ਰਸੰਗਾਂ ਤੋਂ ਇਲਾਵਾ ਕੁਦਰਤ ਨੂੰ ਗੁਰਬਾਣੀ ਵਿਚ ਆਮ ਤੌਰ ਤੇ ਦੈਵੀ ਸ਼ਕਤੀ ਹੀ ਕਿਹਾ ਜਾਂਦਾ ਹੈ। ਭਾਰਤ ਦੇ ਆਮ ਲੋਕ ਵੀ ਇਸ ਨੂੰ ਇਸੇ ਭਾਵ ਵਿਚ ਸਮਝਦੇ ਹਨ। ਇਹ ਕੇਵਲ ਇਸੇ ਗੱਲ ਵੱਲ ਸੰਕੇਤ ਕਰਦਾ ਹੈ ਕਿ ਗੁਰੂ ਜੀ ਨੇ ਇਹ ਪਦ ਆਮ ਲੋਕਾਂ ਦੀ ਪ੍ਰਚਲਿਤ ਵਰਤੋਂ ਵਾਲਾ ਹੀ ਰੱਖਿਆ ਹੈ। ਗੁਰੂ ਜੀ ਨੇ ਇਸ ਪਦ ਦੀ ਵਰਤੋਂ ਕਿਸੇ ਅਜਿਹੇ ਦਾਰਸ਼ਨਿਕ ਆਧਾਰ ਉੱਤੇ ਨਹੀਂ ਕੀਤੀ ਜਿੱਥੇ ਇਸ ਨੂੰ ਮਾਯਾ ਨਾਲੋਂ ਵਧੇਰੇ ਤਰਜ਼ੀਹ ਦਿੱਤੀ ਜਾਂਦੀ ਸੀ। ਦਰਅਸਲ ਜਗਤ ਦੇ ਸੰਬੰਧ ਵਿਚ ਇਹਨਾਂ ਦੋਵੇਂ ਪਦਾਂ ਦੇ ਪ੍ਰਸੰਗ ਅਤੇ ਪਿਛੋਕੜ ਵੱਖ-ਵੱਖ ਹਨ। ਗੁਰਬਾਣੀ ਵਿਚ ਮਾਯਾ ਨੂੰ ਨੈਤਿਕ-ਦਾਰਸ਼ਨਿਕਤਾ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਜਿੱਥੇ ਕਿਤੇ ਇਸਨੂੰ ਪਰਪੰਚ ਲਈ ਵਰਤਿਆ ਜਾਂਦਾ ਹੈ ਉੱਥੇ ਇਹ ਦੋਸ਼ਪੂਰਨ ਤਰਕ ਤੋਂ ਮੁਕਤ ਹੁੰਦੀ ਹੈ। ਕੁਦਰਤ ਨੂੰ ਨਿਰਪੱਖ ਪਦ ਵਜੋਂ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਇਹਨਾਂ ਦੋਵੇਂ ਪਦਾਂ ਦਾ ਇਕ ਬਿੰਦੂ ਤੋਂ ਅੱਗੇ ਸਮਾਨਾਂਤਰ ਤੌਰ ਤੇ ਅਧਿਐਨ ਨਹੀਂ ਕੀਤਾ ਜਾ ਸਕਦਾ।

      ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਯੁਗਾਂ-ਯੁਗਾਂ ਤਕ ਧੰਧੂਕਾਰ ਰੂਪੀ ਹਨੇਰਾ ਫੈਲਿਆ ਹੋਇਆ ਸੀ ਅਤੇ ਉਸ ਸਮੇਂ ਕੇਵਲ ਨਿਰੰਕਾਰ ਆਪਣੇ ਅਵਿਅਕਤ ਰੂਪ ਵਿਚ ਮੌਜੂਦ ਸੀ (ਗੁ.ਗ੍ਰੰ.1035)। ਉਸ ਸਮੇਂ ਆਪਣੇ ਆਪ ਤੋਂ ਪੈਦਾ ਹੋਣ ਵਾਲੇ ਅਪ੍ਰਗਟ ਸੱਚ ਨੇ ਕੁਦਰਤ ਦੀ ਰਚਨਾ ਕੀਤੀ- “ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥” (ਗੁ.ਗ੍ਰੰ. 463)। ਕੁਦਰਤ ਆਪਣੇ ਰਚੈਤਾ ਨਾਲ ਅੰਦਰੂਨੀ ਤੌਰ ਤੇ ਇਕਮਿਕ ਹੈ ਕਿਉਂਕਿ ਕਰਤਾ ਆਪ ਇਸ ਵਿਚ ਵਿਦਮਾਨ ਹੈ। ਇਹਨਾਂ ਦੋਵਾਂ ਨੂੰ ਸਮਾਨਾਂਤਰ ਜਾਂ ਸਮ- ਸਦੀਵੀ ਨਹੀਂ ਕਿਹਾ ਜਾ ਸਕਦਾ।

      ਗੁਰੂ ਨਾਨਕ ਦੇਵ ਜੀ ਇਹ ਵੀ ਮੰਨਦੇ ਹਨ ਕਿ ਸ਼ਕਤੀ ਅਤੇ ਤਾਕਤ ਦੀ ਪ੍ਰਤੀਕ ਕੁਦਰਤ ਸ੍ਰਿਸ਼ਟੀ ਦੀਆਂ ਸਮੂਹ ਹਸਤੀਆਂ ਅਤੇ ਤਾਕਤਾਂ ਨੂੰ ਚਲਾਉਣ ਦਾ ਕਾਰਜ ਕਰਦੀ ਹੈ। ਭੈਅ, ਸ੍ਰਿਸ਼ਟੀ ਦੀਆਂ ਸਮੂਹ ਤਾਕਤਾਂ ਨੂੰ ਹਵਾ , ਪਾਣੀ , ਅਗਨੀ , ਧਰਤੀ , ਬੱਦਲ , ਸੂਰਜ , ਚੰਦਰਮਾ , ਆਕਾਸ਼ ਦੇ ਨਾਲ-ਨਾਲ ਸਿਧਾਂ, ਬੌਧਾਂ ਅਤੇ ਯੋਗੀਆਂ ਜਾਂ ਨਾਇਕਾਂ ਅਤੇ ਸੂਰਬੀਰ ਜੋਧਿਆਂ ਅਤੇ ਆਮ ਵਿਅਕਤੀਆਂ ਆਦਿ ਦੀ ਤਰ੍ਹਾਂ ਕਾਬੂ ਵਿਚ ਰੱਖਦਾ ਹੈ (ਗੁ.ਗ੍ਰੰ. 461)।

      ਗੁਰੂ ਗ੍ਰੰਥ ਸਾਹਿਬ ਵਿਚ ਸ੍ਰਿਸ਼ਟੀ ਨੂੰ ਅਸਲ , ਸੱਚ, ਤਾਕਤਵਰ, ਵਿਸ਼ਾਲ , ਅਦਭੁਤ ਅਤੇ ਹੁਕਮ ਵਿਚ ਰਹਿਣ ਵਾਲੀ ਮੰਨਿਆ ਗਿਆ ਹੈ। ਇਸ ਤਰ੍ਹਾਂ ਗੁਰੂ ਪਰੰਪਰਾ ਵਿਚ ਇਹਨਾਂ ਸ਼ਕਤੀਆਂ ਅਤੇ ਪ੍ਰਕਿਰਤੀ ਦੇ ਪ੍ਰਗਟਾਵਿਆਂ ਦੀ ਜੀਵੰਤਤਾ ਮਾਨਵੀਕਰਨ ਜਾਂ ਦੈਵੀਕਰਨ ਵੱਲ ਕੋਈ ਝੁਕਾਅ ਨਹੀਂ ਜਿਵੇਂ ਕਿ ਇਹਨਾਂ ਨੂੰ ਵੈਦਿਕ ਦੇਵਤਿਆਂ ਜਾਂ ਯੂਨਾਨੀ ਮਿਥਿਹਾਸ ਵਿਚ ਪੇਸ਼ ਕੀਤਾ ਗਿਆ ਹੈ। ਕਿਸੇ ਵੀ ਰੂਪ ਵਿਚ ਕੁਦਰਤ ਦੀ ਪੂਜਾ ਦੀ ਸਿੱਖ ਧਰਮ ਵਿਚ ਅਣਹੋਂਦ ਹੈ। ਕੁਦਰਤ ਦੀਆਂ ਸਮੂਹ ਸ਼ਕਤੀਆਂ ਜਿਵੇਂ ਹਵਾ, ਪਾਣੀ, ਅਗਨੀ, ਸਮੂਹ ਦੇਵਤੇ ਜਿਵੇਂ ਸ਼ਿਵ, ਬ੍ਰਹਮਾ ਅਤੇ ਵਿਸ਼ਣੂ, ਪਰਬਤਾਂ ਅਤੇ ਸਮੁੰਦਰਾਂ ਜਿਹੀਆਂ ਹਸਤੀਆਂ ਨੂੰ ਸੋਦਰ ਬਾਣੀ ਦੀ ਬੇਮਿਸਾਲ ਸੁਹਜ-ਭਰਪੂਰ ਅਤੇ ਵਿਚਾਰਧਾਰਕ ਪਉੜੀ ਵਿਚ ਪਰਮਾਤਮਾ ਦੀ ਉਸਤਤ ਅਤੇ ਉਸਦੀ ਇੱਛਾ ਅਨੁਸਾਰ ਏਕਤਾ ਵਿਚ ਕਾਰਜ ਕਰਦੇ ਵਿਖਾਇਆ ਗਿਆ ਹੈ। ਇਹ ਕਦੇ ਕਦਾਈਂ ਨਹੀਂ ਹੁੰਦਾ ਕਿ ਕੁਝ ਹਿਦਾਇਤਾਂ ਜਾਂ ਪ੍ਰੇਰਨਾਵਾਂ ਕੁਦਰਤ ਅਤੇ ਬ੍ਰਹਿਮੰਡ ਦੇ ਹੋਂਦ ਪੂਰਕ ਅਤੇ ਅਨੁਮਾਨਿਤ ਹੋਂਦ ਪੂਰਕ ਵੱਖ-ਵੱਖ ਸੰਬੰਧਾਂ ਤੋਂ ਲਈਆਂ ਗਈਆਂ ਹੋਣ। ਪਰ ਇਹ ਕਾਵਿਕ ਕਲਪਨਾ ਵੱਲ ਰੁਝਾਨ ਰੱਖਦੀਆਂ ਹਨ, ਨਾ ਕਿ ਦਰਸ਼ਨ ਜਾਂ ਧਰਮ ਸ਼ਾਸਤਰ ਵੱਲ।

      ਪਰਮਾਤਮਾ ਦੀ ਹੋਂਦ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਸਬੂਤ ਪੇਸ਼ ਨਹੀਂ ਕੀਤੇ ਅਤੇ ਇਹਨਾਂ ਨੂੰ ਸਵੈ ਅਨੁਭਵ ਦੇ ਆਧਾਰ ਤੇ ਹੀ ਮੰਨਿਆ ਗਿਆ ਹੈ ਪਰ ਕਿਤੇ-ਕਿਤੇ ਬ੍ਰਹਿਮੰਡੀ ਸੱਚਾਈ ਅਤੇ ਕੁਦਰਤ ਨੂੰ ਸਰਵਉੱਚ ਚੇਤਨਤਾ ਦੀ ਹੋਂਦ ਦੇ ਸਬੂਤ ਵਜੋਂ ਦ੍ਰਿਸ਼ਟਮਾਨ ਪਰਪੰਚ ਪਿੱਛੇ ਕਾਰਜ ਕਰਨ ਦੇ ਹਵਾਲੇ ਮਿਲਦੇ ਹਨ। ਲੀਲਾ, ਪਸਾਰਾ, ਰਚਨਾ ਸੁੰਨ ਤੋਂ ਉਤਪੰਨ ਹੋਏ ਹਨ; ਸੁੰਨ ਉਹ ਹੈ ਜਿਸ ਵਿਚ ਪਰਮ-ਸੱਤਾ ਭਰਪੂਰ ਹੈ। (ਗੁ.ਗ੍ਰੰ. 1037)


ਲੇਖਕ : ਗ.ਸ.ਤ. ਅ ਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20382, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੁਦਰਤ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਕੁਦਰਤ : ਭਾਰਤ ਦੇ ਫ਼ਲਸਫ਼ੇ ਵਿੱਚ ਸਿਰਜਣਾ ਨੂੰ ਸ੍ਰਿਸ਼ਟੀ ਕਿਹਾ ਗਿਆ ਹੈ ਤੇ ਜਿਸ ਨੇ ਰਚਨਾ ਰਚੀ ਉਹ ਕਰਤਾਰ ਜਾਂ ਸਿਰਜਣਹਾਰ ਹੋਇਆ। ਇਸਲਾਮ ਦੀ ਪਰੰਪਰਾ ਵਿੱਚ ਕਰਤਾ ਵਾਸਤੇ ਕਾਦਰ ਸ਼ਬਦ ਆਇਆ ਹੈ ਤੇ ਜੋ ਉਸ ਨੇ ਘੜਿਆ ਉਸ ਨੂੰ ਕੁਦਰਤ ਕਿਹਾ ਗਿਆ। ਬ੍ਰਹਮ ਦੀ ਸ਼ਕਤੀ ਇਸ ਦੇ ਜਗਤ ਵਿੱਚ ਪ੍ਰਗਟ ਹੋਈ ਤਾਂ ਉਸ ਨੂੰ ਵਿਸ਼ਵ ਕਿਹਾ ਗਿਆ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਿਵੇਂ ਘੁਮਿਆਰ ਬਰਤਨ ਬਣਾ ਕੇ ਉਹਨਾਂ ਤੋਂ ਪਰ੍ਹੇ ਹੋ ਜਾਂਦਾ ਹੈ, ਵੇਚਣ ਪਿੱਛੋਂ ਉਸਦਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਰਹਿੰਦਾ, ਕਰਤਾਰ ਅਤੇ ਉਸਦੀ ਰਚਨਾ ਇੱਕ ਦੂਜੇ ਤੋਂ ਸੁਤੰਤਰ ਨਹੀਂ ਹੋ ਸਕਦੇ।

ਵਿਗਿਆਨਿਕ ਦ੍ਰਿਸ਼ਟੀ ਤੋਂ ਬਿਆਨ ਕਰੀਏ ਤਾਂ ਕਹਾਂਗੇ ਕਿ ਜੋ ਕੁਝ ਸਾਡੀਆਂ ਗਿਆਨ ਇੰਦਰੀਆਂ ਦੀ ਪਕੜ ਵਿੱਚ ਆ ਜਾਂਦਾ ਹੈ ਉਹੀ ਕੁਦਰਤ ਹੈ। ਜੋ ਦਿਸਦਾ ਹੈ, ਜੋ ਸੁਣਦਾ ਹੈ, ਜੋ ਚੱਖ ਸਕਦੇ ਹਾਂ, ਸੁੰਘ ਸਕਦੇ ਹਾਂ, ਛੂਹ ਸਕਦੇ ਹਾਂ, ਸੋ ਕੁਦਰਤ ਹੈ। ਪਰ ਇਹ ਗੱਲ ਅਧੂਰੀ ਹੈ। ਗਿਆਨ ਇੰਦਰੀਆਂ ਦੀ ਸਮਰੱਥਾ ਬਹੁਤ ਥੋੜ੍ਹੀ ਹੈ। ਬਹੁਤੀ ਦੂਰ ਤੱਕ ਸਾਡੀ ਨਿਗਾਹ ਨਹੀਂ ਜਾਂਦੀ। ਦੂਰਬੀਨਾਂ, ਖ਼ੁਰਦਬੀਨਾਂ ਅਤੇ ਦੂਰ-ਸੰਚਾਰ ਸਾਧਨ ਪੈਦਾ ਕਰਨ ਦੇ ਬਾਵਜੂਦ ਜਿੰਨਾ ਵੱਡਾ ਕੁਦਰਤ ਦਾ ਪਸਾਰਾ ਹੈ, ਨਾ ਉਹ ਜਾਣਿਆ ਜਾ ਸਕਿਆ ਹੈ ਨਾ ਜਾਣਿਆ ਜਾ ਸਕਦਾ ਹੈ।

ਕੁਦਰਤ ਬਾਬਤ ਚਿੰਤਕਾਂ ਨੂੰ ਜੋ ਸਮਝ ਵਿੱਚ ਆਇਆ, ਉਸਦਾ ਤੱਤ ਸਾਰ ਇਹ ਹੈ :

1.        ਕੁਦਰਤ ਦਾ ਜਨਮ ਹੋਇਆ : ਵਧੇਰੇ ਧਰਮਾਂ ਵਿੱਚ ਜ਼ਿਕਰ ਆਇਆ ਹੈ ਕਿ ਰੱਬ ਨੇ ਸ੍ਰਿਸ਼ਟੀ ਦੀ ਰਚਨਾ ਇੱਕ ਖ਼ਾਸ ਮੌਕੇ ਕੀਤੀ। ਯਹੂਦੀਆਂ ਦੇ ਧਰਮ ਗ੍ਰੰਥ ਪੁਰਾਤਨ ਬਾਈਬਲ  ਵਿੱਚ ਲਿਖਿਆ ਹੈ ਕਿ ਸੱਤ ਦਿਨਾਂ ਦੇ ਅਰਸੇ ਵਿੱਚ ਸਿਰਜਣਾ ਦਾ ਕੰਮ ਮੁਕੰਮਲ ਹੋਇਆ। ਇਸੇ ਵਿਸ਼ਵਾਸ ਨੂੰ ਈਸਾਈ ਮੱਤ ਨੇ ਸ੍ਵੀਕਾਰ ਕੀਤਾ ਹੈ। ਮੁਸਲਮਾਨਾਂ ਦੇ ਧਰਮ ਗ੍ਰੰਥ ਕੁਰਾਨ  ਵਿੱਚ ਲਿਖਿਆ ਹੈ ਕਿ ਰੱਬ ਨੇ ਇੱਕ ਸ਼ਬਦ ਕਿਹਾ-‘ਕੁਨ’। ਅਰਬੀ ਦੇ ਇਸ ਸ਼ਬਦ ਦਾ ਅਰਥ ਹੈ-ਹੋ ਜਾ। ਤੁਰੰਤ ਸਿਰਜਣਾ ਹੋ ਗਈ ਤੇ ਵਾਪਸ ਗੂੰਜ ਸੁਣਾਈ ਦਿੱਤੀ-ਫਿਊ ਕੁਨ, ਭਾਵ ‘ਹੋ ਗਿਆ’। ਜਪੁ ਜੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ:

ਕੀਤਾ ਪਸਾਉ ਏਕੋ ਕਵਾਉ।

ਤਿਸ ਤੇ ਹੋਏ ਲਖ ਦਰੀਆਉ।

ਇਸ ਦਾ ਅਰਥ ਹੈ- ਇੱਕ ਵਾਕ ਬੋਲਣ ਨਾਲ ਪਸਾਰਾ ਹੋ ਗਿਆ ਅਤੇ ਲੱਖ ਦਰਿਆ ਵਗ ਪਏ। ਜਦੋਂ ਚਾਹੇ, ਰੱਬ ਸਾਰੀ ਰਚਨਾ ਨੂੰ ਖ਼ਤਮ ਕਰ ਦਿੰਦਾ ਹੈ।

ਜਿਹੜੇ ਧਰਮ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਉਹਨਾਂ ਨੂੰ ਅਨੀਸ਼ਵਰਵਾਦੀ ਕਿਹਾ ਜਾਂਦਾ ਹੈ। ਜੈਨ ਮੱਤ ਅਤੇ ਚਾਰ ਵਾਕ ਅਨੀਸ਼ਵਰਵਾਦੀ ਹਨ। ਇਹਨਾਂ ਧਰਮਾਂ ਅਨੁਸਾਰ ਦੁਨੀਆ ਦੀ ਰਚਨਾ ਕਦੀ ਨਹੀਂ ਹੋਈ। ਇਹ ਸਦਾ-ਸਦਾ ਤੋਂ ਏਵੇਂ ਹੈ ਅਤੇ ਏਵੇਂ ਰਹੇਗੀ। ਵਸਤੂਆਂ ਕੇਵਲ ਰੂਪ ਵਟਾਉਂਦੀਆਂ ਹਨ। ਨਾ ਕੁਝ ਜੰਮਦਾ ਹੈ ਨਾ ਮਰਦਾ ਹੈ। ਅਜੋਕੇ ਸਮੇਂ ਵਿੱਚ ਕਾਰਲ ਮਾਰਕਸ ਦਾ ਪਦਾਰਥਵਾਦ ਇਸੇ ਦਿਸ਼ਾ ਵਿੱਚ ਵੱਖਰੇ ਢੰਗ ਰਾਹੀਂ ਫ਼ਲਸਫ਼ਾ ਸਿਰਜਦਾ ਹੈ।

2. ਕੁਦਰਤ ਅਨੰਤ ਹੈ। ਇਸ ਵਾਕ ਬਾਬਤ ਈਸ਼ਵਰਵਾਦੀ ਅਤੇ ਅਨੀਸ਼ਵਰਵਾਦੀ ਦੋਵੇਂ ਧੀਰਾਂ ਸਹਿਮਤ ਹਨ। ਮਨੁੱਖ ਦੀ ਅਕਲ ਬਹੁਤ ਥੋੜ੍ਹੀ ਹੈ। ਹੁਣ ਵਿਗਿਆਨੀ ਇਹ ਸੋਚ ਕੇ ਖ਼ੁਸ਼ ਨਹੀਂ ਹੁੰਦੇ ਕਿ ਉਹਨਾਂ ਨੇ ਕਿੰਨਾ ਕੁਝ ਜਾਣ ਲਿਆ ਹੈ। ਉਹ ਇਸ ਗੱਲੋਂ ਹੈਰਾਨ ਹਨ ਕਿ ਕਿੰਨਾ ਕੁਝ ਅਨਜਾਣਿਆ ਪਿਆ ਹੈ ਤੇ ਅਨਜਾਣਿਆ ਰਹੇਗਾ। ਇਸਦਾ ਨਾ ਕੋਈ ਸਿਰਾ ਹੈ ਨਾ ਕਿਨਾਰਾ।

3. ਕੁਦਰਤ ਰਚੀ ਜਾਣ ਦਾ ਕੋਈ ਕਾਰਨ ਹੈ। ਗਿਆਨੀ ਦਸਦੇ ਹਨ ਕਿ ਸੰਸਾਰ ਦਾ ਕੋਈ ਕਾਰਜ ਅਜਿਹਾ ਨਹੀਂ ਜਿਸ ਪਿੱਛੇ ਕੋਈ ਕਾਰਨ ਨਾ ਹੋਵੇ। ਬੇਮਤਲਬਾ ਅਸੀਂ ਇੱਕ ਵੀ ਕਦਮ ਨਹੀਂ ਚੁਕਦੇ ਤਾਂ ਏਡਾ ਵੱਡਾ ਸੰਸਾਰ ਸਿਰਜਣਾ ਦਾ ਕੰਮ ਬਿਨਾਂ ਮੰਤਵ ਕਿਵੇਂ ਸੰਭਵ ਹੈ? ਡਾ. ਤਾਰਨ ਸਿੰਘ ਲਿਖਦੇ ਹਨ “ਭਾਣੇ ਨਾਲ ਰਚਨਾ ਹੋਈ। ਭਾਣੇ ਨਾਲ ਪੁਲਾੜ ਬਣਿਆ। ਭਾਣੇ ਨਾਲ ਜਗਤ ਦੀਆਂ ਸ਼ਕਤੀਆਂ ਬਣੀਆਂ”।

4. ਕੁਦਰਤ ਅਨੁਸ਼ਾਸਨਬੱਧ ਹੈ। ਵਿਗਿਆਨੀ ਅਤੇ ਧਾਰਮਿਕ ਚਿੰਤਕ ਸਭ ਇਸ ਕਥਨ ਬਾਬਤ ਸਹਿਮਤ ਹਨ। ਜਗਤ ਰਚਨਾ ਅੰਧਾਧੁੰਦ ਸ਼ਕਤੀਆਂ ਦੀ ਦਿਸ਼ਾਹੀਣ ਗਰਦ ਗੁਬਾਰ ਨਹੀਂ। ਸੱਚ ਤਾਂ ਇਹ ਹੈ ਕਿ ਅਕਾਸ਼ ਗੰਗਾ ਤੋਂ ਲੈ ਕੇ ਇੱਕ ਪ੍ਰਮਾਣੂ ਤੱਕ ਸਭ ਕੁਝ ਨਿਸ਼ਚਿਤ ਕ੍ਰਮ ਵਿੱਚ ਵਾਪਰ ਰਿਹਾ ਹੈ। ਗ੍ਰਹਿਆਂ ਉਪਗ੍ਰਹਿਆਂ ਅਤੇ ਸੂਰਜਾਂ ਦੇ ਰਸਤੇ ਏਨੇ ਪੱਕੇ ਨਿਸ਼ਚਿਤ ਹਨ ਕਿ ਹਜ਼ਾਰਾਂ ਸਾਲ ਪਹਿਲਾਂ ਵੀ ਵਿਗਿਆਨੀਆਂ ਨੂੰ ਪਤਾ ਹੁੰਦਾ ਸੀ ਗ੍ਰਹਿਣ ਕਦੋਂ ਲੱਗੇਗਾ। ਭਾਰਤ ਵਿੱਚ ਜੰਤਰੀਆਂ ਦਾ ਪੁਰਾਣਾ ਇਤਿਹਾਸ ਇਹੋ ਸਾਬਤ ਕਰਦਾ ਹੈ।

5. ਕੁਦਰਤ ਸੰਗੀਤਮਈ ਹੈ- ਅਨੁਸ਼ਾਸਨ ਦਾ ਨਾਮ ਹੀ ਸੰਗੀਤ ਹੈ। ਜਦੋਂ ਧੁਨਾਂ ਅਨੁਸ਼ਾਸਨ ਵਿੱਚ ਨਾ ਹੋਣ ਤਾਂ ਸ਼ੋਰ ਪੈਦਾ ਹੁੰਦਾ, ਅਨੁਸ਼ਾਸਨ ਵਿੱਚ ਹੋ ਜਾਣ ਨੂੰ ਸੁਰਬਧ ਜਾਂ ਸੰਗੀਤਮਈ ਕਿਹਾ ਜਾਂਦਾ ਹੈ।

ਕੁਦਰਤ ਅੰਦਰ ਘੁੰਮਦੇ ਚੰਦ ਤਾਰਿਆਂ ਰਾਹੀਂ ਬ੍ਰਹਿਮੰਡ ਵਿੱਚ ਜਿਹੜਾ ਸੰਗੀਤ ਪੈਦਾ ਹੁੰਦਾ ਹੈ ਉਸ ਨੂੰ ਧਾਰਮਿਕ ਲੋਕਾਂ ਨੇ ਅਨਹਦ ਨਾਦ ਕਿਹਾ ਹੈ। ਅਨਹਦ ਸ਼ਬਦ ਦਾ ਅਰਥ ਹੈ ਜੋ ਦੋ ਵਸਤਾਂ ਦੇ ਟਕਰਾਓ ਤੋਂ ਬਗ਼ੈਰ ਵਾਪਰੇ। ਸੰਗੀਤ ਵਿੱਚ ਦੋ ਵਸਤਾਂ ਦੀ ਟੱਕਰ ਅਵੱਸ਼ ਹੈ। ਢੋਲ ਉੱਪਰ ਡੱਗਾ ਵੱਜੇਗਾ ਤਾਂ ਅਵਾਜ਼ ਆਏਗੀ। ਹਵਾ ਬੰਸਰੀ ਦੇ ਖ਼ਾਸ ਥਾਂ ਤੇ ਟਕਰਾ ਕੇ ਮੁੜੇਗੀ ਮਧੁਰ ਸੁਰ ਨਿਕਲੇਗੀ (ਕੁਦਰਤ ਦਾ ਸੰਗੀਤ ਕਿਸੇ-ਕਿਸੇ ਨੂੰ ਸੁਣਾਈ ਦਿੰਦਾ ਹੈ।) ਬਾਵਾ ਬੁੱਧ ਸਿੰਘ ਲਿਖਦੇ ਹਨ :

“ਸਾਰੀ ਕੁਦਰਤ ਇੱਕ ਰਾਗ ਹੈ। ਆਕਾਸ਼ ਵਿੱਚ ਸ਼ਬਦ, ਸਾਡੇ ਵਿੱਚ ਸ਼ਬਦ, ਸਦੀਵਕਾਲ ਰਾਗ ਹੋ ਰਿਹਾ ਹੈ। ਮਨੁੱਖ ਦੇ ਅੰਦਰ ਦਾ ਸੰਗੀਤ ਜਦੋਂ ਬ੍ਰਹਿਮੰਡੀ ਸੰਗੀਤ ਨਾਲ ਇੱਕਸੁਰ ਹੋ ਜਾਵੇ, ਉਸ ਨੂੰ ਆਤਮਿਕ ਅਨੰਦ ਕਹਿੰਦੇ ਹਨ।”

6. ਕੁਦਰਤ ਰੱਬ ਦਾ ਇੱਕ ਹਿੱਸਾ ਹੈ। ਛਾਂਦੋਗਯ ਉਪਨਿਸ਼ਦ ਵਿੱਚ ਪੁੱਤਰ ਸ਼ਵੇਤਕੇਤੂ ਆਪਣੇ ਪਿਤਾ ਉਦਾਲਕ ਤੋਂ ਪੁੱਛਦਾ ਹੈ, “ਜੇ ਸ਼ੁਰੂ ਵਿੱਚ ਕੁਝ ਨਹੀਂ ਸੀ ਤਾਂ ਕੁਝ-ਨਹੀਂ ਵਿੱਚੋਂ ਕੁਝ ਕਿਵੇਂ ਪੈਦਾ ਹੋ ਗਿਆ?” ਉਦਾਲਕ ਦਸਦਾ ਹੈ, “ਕੁਝ-ਨਹੀਂ ਤੋਂ ਭਾਵ ਹੈ ਹੋਰ ਕੋਈ ਉਸ ਨੂੰ ਸਿੱਧ ਕਰਨ ਵਾਲਾ ਨਹੀਂ ਸੀ। ਉਹ ਇੱਕ ਸੀ, ਕਿਸੇ ਦੂਜੇ ਤੋਂ ਬਗ਼ੈਰ।”

ਰੱਬ ਸੱਚ ਹੈ। ਉਸ ਵਿੱਚੋਂ ਰਚੀ ਰਚਨਾ ਦਾ ਕੋਈ ਵੀ ਹਿੱਸਾ ਝੂਠ ਨਹੀਂ। ਸੋ ਕੁਦਰਤ ਸੱਚ ਹੈ। ਰੱਬ ਨੇ ਆਪਣੇ ਵਿੱਚੋਂ ਆਪਣੇ ਰਾਹੀਂ ਆਪਣੇ ਲਈ ਕੁਦਰਤ ਦੀ ਰਚਨਾ ਕੀਤੀ।

ਬਾਈਬਲ  ਵਿੱਚ ਦਰਜ਼ ਹੈ, “ਸ਼ੁਰੂ ਵਿੱਚ ਰੱਬ ਨੇ ਸੁਰਗ ਅਤੇ ਧਰਤੀ ਬਣਾਏ। ਜ਼ਮੀਨ ਬੰਜਰ ਤੇ ਸੁੰਨੀ ਸੀ। ਹੇਠ ਘੁੱਪ ਹਨੇਰਾ ਸੀ। ਰੱਬੀ ਰੂਹ ਪਾਣੀਆਂ ਉੱਪਰ ਤਰਨ ਲੱਗੀ। ਰੱਬ ਨੇ ਕਿਹਾ-ਚਾਨਣ ਹੋਵੇ। ਚਾਨਣ ਹੋ ਗਿਆ। ਰੱਬ ਨੇ ਰੋਸ਼ਨੀ ਦੇਖੀ ਜੋ ਉਸ ਨੂੰ ਚੰਗੀ ਲੱਗੀ।”

ਕੁਦਰਤ ਦੇ ਪਸਾਰੇ ਨੂੰ ਯੂਨਾਨੀਆਂ ਨੇ ਸਮਝਣ ਦਾ ਯਤਨ ਬਹੁਤ ਪਹਿਲਾਂ ਸ਼ੁਰੂ ਕਰ ਲਿਆ ਸੀ। ਥੇਲਿਸ (644-550 ਪੂਰਬ ਈਸਾ) ਨੇ ਇਹ ਦੱਸ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਜਿਨ੍ਹਾਂ ਤਾਰਿਆਂ ਅਤੇ ਗ੍ਰਹਿਆਂ ਦੀ ਤੁਸੀਂ ਪੂਜਾ ਕਰਦੇ ਹੋ ਉਹ ਦੇਵਤੇ ਨਹੀਂ, ਅੱਗ ਦੀਆਂ ਗੇਂਦਾਂ ਹਨ। ਉਹ ਜਾਣ ਗਿਆ ਸੀ ਕਿ ਪਾਣੀ ਜਿਊਂਦੀਆਂ ਅਤੇ ਨਿਰਜਿੰਦ ਸਭ ਚੀਜ਼ਾਂ ਵਿੱਚ ਹੈ ਇਸ ਕਰਕੇ ਕੁਦਰਤ ਦਾ ਆਧਾਰ ਪਾਣੀ ਹੈ। ਅਨੈਕਸੀਮਾਂਦਰ (610-540 ਪੂ.ਈ.) ਨੇ ਕਿਹਾ ਕਿ ਕੁਦਰਤ ਦਾ ਆਧਾਰ ਪਦਾਰਥ ਹੈ। ਬ੍ਰਹਿਮੰਡ ਵਿੱਚ ਅਨੇਕ ਸੰਸਾਰ ਮੌਜੂਦ ਹਨ। ਜੀਵਨ ਪਹਿਲਾਂ ਸਮੁੰਦਰ ਵਿੱਚ ਪੈਦਾ ਹੋਇਆ ਫੇਰ ਧਰਤੀ ਉੱਪਰ ਆਇਆ। ਹੇਰਾਕਲਾਈਤਸ (530-470 ਪੂ.ਈ.) ਨੇ ਕਿਹਾ ਕਿ ਹਰ ਵਸਤੂ ਵਿੱਚ ਬਦਲਾਵ ਆਉਂਦਾ ਰਹਿੰਦਾ ਹੈ। ਜਿਹੜੇ ਠੋਸ ਸਾਨੂੰ ਟਿਕੇ ਦਿਸਦੇ ਹਨ, ਉਹਨਾਂ ਅੰਦਰ ਵੀ ਅਦਿੱਖ ਹਰਕਤ ਹੈ। ਉਹ ਅੱਗ ਨੂੰ ਕੁਦਰਤ ਦੀ ਜੜ੍ਹ ਆਖਦਾ ਸੀ। ਵਿਸ਼ਵ ਦਾ ਜਨਮ ਤੇ ਮੌਤ ਅੱਗ ਕਾਰਨ ਹੁੰਦਾ ਹੈ। ਕੁਦਰਤ ਸੰਘਰਸ਼ ਦਾ ਨਾਮ ਹੈ। ਜਿਹੜੇ ਬੰਦੇ, ਜੀਵ ਜਾਂ ਕੌਮਾਂ ਸੰਘਰਸ਼ ਵਿੱਚੋਂ ਦੀ ਨਹੀਂ ਲੰਘਦੀਆਂ ਉਹ ਖ਼ਤਮ ਹੋ ਜਾਂਦੀਆਂ ਹਨ। ਕੁਦਰਤ ਦਾ ਵਿਧੀ ਵਿਧਾਨ ਨਾ ਆਦਮੀਆਂ ਨੇ ਬਣਾਇਆ ਨਾ ਦੇਵਤਿਆਂ ਨੇ, ਇਹ ਹਮੇਸ਼ਾਂ ਤੋਂ ਆਪਣੇ ਆਪ ਇਸੇ ਤਰ੍ਹਾਂ ਚੱਲ ਰਿਹਾ ਹੈ। ਅਨੈਕਸੀਮੀਨਜ਼ (450 ਪੂ.ਈ.) ਨੇ ਕਿਹਾ ਹਵਾ ਕੁਦਰਤ ਦਾ ਆਧਾਰ ਹੈ ਕਿਉਂਕਿ ਜਿੱਥੇ ਪਾਣੀ ਅਤੇ ਅੱਗ ਨਹੀਂ ਵੀ ਹੁੰਦੇ, ਹਵਾ ਉੱਥੇ ਵੀ ਹੁੰਦੀ ਹੈ। ਵਸਤਾਂ ਦੇ ਅੰਦਰ ਬਾਹਰ ਹਵਾ ਮੌਜੂਦ ਹੈ। ਐਮਪੀਦੋਕਲੀਜ਼ (445 ਪੂ.ਈ.) ਆਖਦਾ ਹੈ ਕਿ ਕੁਦਰਤ ਸਭ ਜੀਵਾਂ ਉੱਪਰ ਪ੍ਰਯੋਗ ਕਰਦੀ ਰਹਿੰਦੀ ਹੈ। ਉਸ ਨੇ ਕਿਹਾ ਕਿ ਹਵਾ, ਮਿੱਟੀ, ਅੱਗ ਅਤੇ ਪਾਣੀ ਚਾਰ ਤੱਤਾਂ ਤੋਂ ਕੁਦਰਤ ਬਣੀ ਹੈ।

ਐਪੀਕਿਊਰਸ (341-270) ਅਤੇ ਲਿਊਕਰੇਸ਼ਿਅਸ (95-55 ਪੂ.ਈ.) ਨੇ ਕਿਹਾ ਕਿ ਕੁਦਰਤ ਦਾ ਸਾਰਾ ਪਸਾਰਾ ਮਾਦੇ ਦੇ ਨਿੱਕੇ-ਨਿੱਕੇ ਕਣਾਂ ਦਾ ਹੈ ਜਿਨ੍ਹਾਂ ਨੂੰ ਪ੍ਰਮਾਣੂ ਕਹਿੰਦੇ ਹਨ। ਘਰ ਜਿਵੇਂ ਇੱਟਾਂ ਦੇ ਬਣੇ ਹੋਏ ਹਨ, ਇਸ ਤਰ੍ਹਾਂ ਪ੍ਰਮਾਣੂਆਂ ਨੇ ਕੁਦਰਤ ਦੀ ਉਸਾਰੀ ਕੀਤੀ ਹੋਈ ਹੈ। ਜਦੋਂ ਇਹਨਾਂ ਨਿੱਕੇ-ਨਿੱਕੇ ਕਣਾਂ ਨੂੰ ਹੋਰ ਬਰੀਕ ਵੰਡਦੇ ਜਾਈਏ ਤਾਂ ਇੱਕ ਥਾਂ ਆ ਜਾਵੇਗੀ ਜਦੋਂ ਕਿ ਇਹ ਹੋਰ ਅੱਗੇ ਨਹੀਂ ਵੰਡੇ ਜਾ ਸਕਣਗੇ। ਇਹ ਛੋਟੇ ਤੋਂ ਛੋਟੇ ਸੂਖ਼ਮ ਕਣ ਹੀ ਪ੍ਰਮਾਣੂ ਹਨ। ਜਿੱਥੇ ਪ੍ਰਮਾਣੂ ਨਹੀਂ ਹਨ ਉੱਥੇ ਪੁਲਾੜ ਹੈ।

ਮਨ ਅਤੇ ਰੂਹਾਂ ਵੀ ਪ੍ਰਮਾਣੂਆਂ ਦੇ ਬਣੇ ਹੋਏ ਹਨ। ਆਤਮਾ ਵਰਗੀ ਚੀਜ਼ ਦੇ ਪ੍ਰਮਾਣੂ ਵਧੀਕ ਸਾਫ਼, ਵਧੇਰੇ ਗੋਲ ਹਨ, ਉਹੋ ਜਿਹੇ ਹਨ ਜਿਹੋ-ਜਿਹੇ ਪ੍ਰਮਾਣੂਆਂ ਦੀ ਅੱਗ ਬਣੀ ਹੋਈ ਹੈ। ਪ੍ਰਮਾਣੂਆਂ ਦੀਆਂ ਤਰੰਗਾਂ ਸਾਡੇ ਤੱਕ ਪੁਜਦੀਆਂ ਹਨ ਤਾਂ ਸਾਨੂੰ ਉਹਨਾਂ ਦੀ ਹੋਂਦ ਬਾਰੇ ਪਤਾ ਲਗਦਾ ਹੈ। ਹਰ ਪਲ ਅਨੇਕਾਂ ਗ੍ਰਹਿ ਆਪਸ ਵਿੱਚ ਟਕਰਾ ਕੇ ਚੂਰ-ਚੂਰ ਹੋ ਰਹੇ ਹਨ। ਕਿਸੇ ਗ੍ਰਹਿ ਦੀ ਨਿਸ਼ਚਿਤ ਉਮਰ ਨਹੀਂ ਹੈ।

ਜੀਨ ਜੇਇਕੁਸ ਰੂਸੋ (1713-1778) ਨੇ ਨਵੇਂ ਅੰਦਾਜ਼ ਵਿੱਚ ਕੁਦਰਤ ਦਾ ਵਰਣਨ ਪੇਸ਼ ਕੀਤਾ। ਰੱਬ ਵਿੱਚ ਵਿਸ਼ਵਾਸ ਰੱਖਦਾ ਹੋਇਆ ਵੀ ਉਹ ਕੁਦਰਤ ਨੂੰ ਰੱਬ ਤੋਂ ਸੁਤੰਤਰ ਹਸਤੀ ਮੰਨਦਾ ਹੈ। ਉਸ ਨੇ ਕੁਦਰਤ ਦੀ ਉਸਤਤ ਕਰਦਿਆਂ ਕਿਹਾ ਕਿ ਸਮਾਜ ਨੂੰ ਕੁਦਰਤ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਕੁਦਰਤ ਉੱਪਰ ਵਿਸ਼ਵਾਸ ਕੀਤਾ ਜਾ ਸਕਦਾ ਹੈ ਜਦ ਕਿ ਸਮਾਜ ਬੇਈਮਾਨਾਂ ਨਾਲ ਭਰਿਆ ਹੋਇਆ ਹੈ। ਕੁਦਰਤ ਨੇਕ ਹੈ, ਸਮਾਜ ਚਲਾਕ ਅਤੇ ਫ਼ਰੇਬੀ ਹੈ। ਕੁਦਰਤ ਦੇ ਨੇੜੇ ਹੋਈਏ ਤਾਂ ਬਦਲੇ ਵਿੱਚ ਇਹ ਸਾਨੂੰ ਖੁੱਲ੍ਹ ਅਤੇ ਪਿਆਰ ਦਿੰਦੀ ਹੈ ਜਦ ਕਿ ਸਮਾਜ ਮਨ ਵਿੱਚ ਡਰ ਪੈਦਾ ਕਰਦਾ ਹੈ, ਦਬਾਅ ਪਾਉਂਦਾ ਹੈ। ਸਮਾਜ ਕਾਹਲੇ, ਚਤੁਰ ਛੋਟੀ ਤਬੀਅਤ ਵਾਲੇ ਮੂਰਖਾਂ ਨਾਲ ਭਰਿਆ ਪਿਆ ਹੈ। ਜਦੋਂ ਕਿ ਕੁਦਰਤ ਤਾਕਤਵਰ ਮਹਾਰਾਣੀ ਵਾਂਗ ਸ਼ਾਹਾਨਾ ਅੰਦਾਜ਼ ਵਿੱਚ ਮਾਣ-ਮੱਤੀ ਤੋਰ ਤੁਰਦੀ ਹੈ।


ਲੇਖਕ : ਹਰਪਾਲ ਸਿੰਘ ਪੰਨੂ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 13063, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-26-11-48-06, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.