ਕੇਸਰ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੇਸਰ ਸਿੰਘ (1875-?): ਗ਼ਦਰ ਪਾਰਟੀ ਦਾ ਇਕ ਪ੍ਰਮੁਖ ਆਗੂ ਅਤੇ ਪਹਿਲਾ ਮੀਤ-ਪ੍ਰਧਾਨ ਸੀ। ਗ਼ਦਰ ਪਾਰਟੀ ਦਾ ਅਸਲੀ ਨਾਂ ਪੈਸਫ਼ਿਕ ਕੋਸਟ (ਅਮਰੀਕਾ) ਹਿੰਦੁਸਤਾਨੀ ਐਸੋਸੀਏਸ਼ਨ ਸੀ। 1875 ਵਿਚ ਜਨਮੇ ਕੇਸਰ ਸਿੰਘ ਦੇ ਪਿਤਾ ਦਾ ਨਾਂ ਭੂਪ ਸਿੰਘ ਸੀ ਅਤੇ ਉਹ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਠਟਗੜ੍ਹ ਦਾ ਜੰਮ-ਪਲ ਸੀ। ਇਸ ਨੇ ਭਾਰਤੀ ਸੈਨਾ ਦੀ ਘੋੜ-ਸਵਾਰ ਰੈਜਮੈਂਟ ਵਿਚ ਦੋ ਸਾਲ ਨੌਕਰੀ ਕੀਤੀ ਅਤੇ ਫਿਰ 1902 ਵਿਚ ਸ਼ੰਘਾਈ ਚੱਲਾ ਗਿਆ ਜਿੱਥੇ ਇਸ ਨੇ ਚੌਂਕੀਦਾਰ ਦੀ ਨੌਕਰੀ ਕੀਤੀ। 1909 ਵਿਚ ਇਹ ਅਮਰੀਕਾ ਚੱਲਾ ਗਿਆ ਅਤੇ ਐਸਟੋਰੀਆ (ਓਰੇਗਾਨ) ਵਿਖੇ ਰਹਿਣ ਲੱਗਾ , ਜਿੱਥੇ ਇਸ ਨੇ ਲੱਕੜ-ਮਿੱਲ ਵਿਚ ਨੌਕਰੀ ਕੀਤੀ।
ਅਮਰੀਕਾ ਵਿਚ ਰਹਿੰਦੇ ਭਾਰਤੀਆਂ ਦੇ ਹਿਤਾਂ ਦੀ ਰਖਵਾਲੀ ਕਰਨ ਲਈ 1912 ਦੇ ਸ਼ੁਰੂ ਵਿਚ ਪੋਰਟਲੈਂਡ (ਓਰੇਗਾਨ) ਵਿਖੇ ਹਿੰਦੁਸਤਾਨੀ ਐਸੋਸੀਏਸ਼ਨ ਬਣੀ। ਕੇਸਰ ਸਿੰਘ ਐਸਟੋਰੀਆ ਵਿਖੇ ਸਥਾਪਿਤ ਕੀਤੀ ਗਈ ਸ਼ਾਖ਼ਾ ਦਾ ਪ੍ਰਧਾਨ ਚੁਣਿਆ ਗਿਆ। ਇਸ ਨੂੰ ਜ਼ੁੰਮੇਵਾਰੀ ਸੌਂਪੀ ਗਈ ਕਿ ਇਹ ਉੱਘੇ ਇਨਕਲਾਬੀ ਹਰਦਿਆਲ ਨੂੰ ਬਰਕਲੇ, ਕੈਲੀਫੋਰਨੀਆ ਤੋਂ ਬੁਲਾਉਣ ਤਾਂ ਜੋ ਉਹ ਐਸੋਸੀ- ਏਸ਼ਨ ਦੀਆਂ ਵੱਖ-ਵੱਖ ਸ਼ਾਖ਼ਾਵਾਂ ਨੂੰ ਮਿਲ ਸਕਣ। ਹਰਦਿਆਲ ਨੇ ਸੱਦਾ ਪ੍ਰਵਾਨ ਕਰ ਲਿਆ ਅਤੇ ਓਰੇਗਾਨ ਰਾਜ ਦੇ ਵੱਖ-ਵੱਖ ਖੇਤਰਾਂ ਵਿਚ ਹੋਈਆਂ ਇਕੱਤਰਤਾਵਾਂ ਵਿਚ ਉਹ ਮੁੱਖ ਬੁਲਾਰਾ ਸੀ। ਇਸੇ ਦੌਰਾਨ ਪੈਸਫ਼ਿਕ ਕੋਸਟ ਦੀ ਹਿੰਦੁਸਤਾਨੀ ਐਸੋਸੀਏਸ਼ਨ ਨਾਮੀ ਸੰਸਥਾ ਦੀ ਸਥਾਪਨਾ ਕੀਤੀ ਗਈ। ਮੀਤ-ਪ੍ਰਧਾਨ ਚੁਣੇ ਜਾਣ ਤੋਂ ਇਲਾਵਾ ਕੇਸਰ ਸਿੰਘ ਨੂੰ ਕੇਂਦਰੀ ਸੰਗਠਨ ਦੀ ਫੰਡ ਇਕੱਤਰ ਕਰਨ ਵਾਲੀ ਕਮੇਟੀ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ। ਇਸ ਨੇ ਐਸਟੋਰੀਆ ਸ਼ਾਖ਼ਾ ਦੇ ਪ੍ਰਧਾਨ ਦੇ ਤੌਰ ‘ਤੇ ਵੀ ਕੰਮ ਕੀਤਾ। ਕੁਝ ਸਮਾਂ ਬਾਅਦ ਇਹ ਸਾਨ- ਫਰਾਂਸਿਸਕੋ ਚੱਲਾ ਗਿਆ ਅਤੇ ਯੁਗਾਂਤਰ ਆਸ਼ਰਮ ਵਿਖੇ ਪ੍ਰੈਸ ਸਥਾਪਿਤ ਕਰਨ ਵਿਚ ਸਹਾਇਤਾ ਕੀਤੀ ਜਿੱਥੋਂ ਬਾਅਦ ਵਿਚ ਐਸੋਸੀਏਸ਼ਨ ਦਾ ਅਖ਼ਬਾਰ ਗ਼ਦਰ ਪ੍ਰਕਾਸ਼ਿਤ ਹੁੰਦਾ ਰਿਹਾ।
ਕੇਸਰ ਸਿੰਘ ਨੇ ਅਗਸਤ 1914 ਵਿਚ ਯੁਗਾਂਤਰ ਆਸ਼ਰਮ ਵਿਖੇ ਹੋਈ ਗ਼ਦਰ ਪਾਰਟੀ ਦੀ ਮੀਟਿੰਗ ਵਿਚ ਹਿੱਸਾ ਲਿਆ ਜਿਸ ਵਿਚ ਸਾਰੇ ਭਾਰਤੀਆਂ ਨੂੰ ਭਾਰਤ ਵਾਪਸ ਜਾ ਕੇ ਅੰਗਰੇਜ਼ਾਂ ਖ਼ਿਲਾਫ਼ ਹਥਿਆਰਬੰਦ ਗ਼ਦਰ ਕਰਨ ਦਾ ਸੱਦਾ ਦਿੱਤਾ ਗਿਆ ਸੀ। ਉਸੇ ਮਹੀਨੇ ਦੇ ਅਖੀਰ ਵਿਚ ਇਹ ਆਪਣੀ ਮਾਤ-ਭੂਮੀ ਵੱਲ ਚੱਲ ਪਿਆ ਸੀ। ਇਸ ਨੂੰ ਬਾਅਦ ਵਾਲੇ ਸਬੂਤਾਂ ਅਨੁਸਾਰ ਪਹਿਲੇ ਲਾਹੌਰ ਸਾਜ਼ਸ਼ ਕੇਸ ਵਿਚ ਉਹ ਵਿਅਕਤੀ ਮੰਨਿਆ ਗਿਆ “ਜਿਸ ਦੀਆਂ ਹਿਦਾਇਤਾਂ ਨੂੰ ਮੰਨਿਆਂ ਜਾਂਦਾ ਸੀ।" ਸਮੁੰਦਰੀ ਜਹਾਜ਼ ਉੱਪਰ ਯਾਤਰੂਆਂ ਦਾ ਉਤਸ਼ਾਹ ਕਾਇਮ ਰੱਖਣ ਲਈ ਇਸ ਨੇ ਵੱਖ-ਵੱਖ ਮੌਕਿਆਂ ‘ਤੇ ਭਾਸ਼ਣ ਦਿੱਤੇ। ਹਾਂਗਕਾਂਗ ਪਹੁੰਚਣ `ਤੇ ਕੇਸਰ ਸਿੰਘ ਨੇ ਗੁਰਦੁਆਰੇ ਵਿਖੇ ਸੰਗਤ ਨੂੰ ਸੰਬੋਧਿਤ ਕੀਤਾ ਅਤੇ ਗ਼ਦਰੀਆਂ ਦੇ ਦੂਜੇ ਗਰੁੱਪਾਂ, ਜੋ ਕਿ ਵੱਖ-ਵੱਖ ਜਹਾਜ਼ਾਂ ਰਾਹੀਂ ਪਹੁੰਚੇ ਸਨ , ਨਾਲ ਮੀਟਿੰਗਾਂ ਕੀਤੀਆਂ ਸਨ। ਭਾਰਤ ਵਿਚ ਕਾਰਜ- ਯੋਜਨਾ ਉਲੀਕਣ ਵਾਲੀ ਕੇਂਦਰੀ ਕਮੇਟੀ ਦਾ ਇਹ ਮੈਂਬਰ ਬਣਿਆ। ਹਾਂਗਕਾਂਗ ਤੋਂ ਜਾਂਦੇ ਹੋਏ ਕੇਸਰ ਸਿੰਘ ਨੇ ਪੀਨਾਂਗ ਵਿਖੇ ਸੈਨਿਕਾਂ ਨੂੰ ਵੀ ਜਿੱਤਣ ਦੀ ਕੋਸ਼ਿਸ਼ ਕੀਤੀ। ਯਾਤਰੂਆਂ ਦੀਆਂ ਹਰਕਤਾਂ ਕਾਰਨ ਜਦੋਂ ਇਸ ਦਾ ਜਹਾਜ਼ ਰੋਕ ਲਿਆ ਗਿਆ ਤਾਂ ਕੇਸਰ ਸਿੰਘ ਉਸ ਪ੍ਰਤਿਨਿਧ ਮੰਡਲ ਵਿਚ ਸ਼ਾਮਲ ਹੋਇਆ ਜੋ ਜਹਾਜ਼ ਛੁਡਾਉਣ ਲਈ ਰਾਜ ਦੇ ਗਵਰਨਰ ਨਾਲ ਗੱਲ-ਬਾਤ ਕਰਨ ਲਈ ਗਿਆ ਸੀ। ਜਦੋਂ ਇਹ ਭਾਰਤ ਪੁੱਜਿਆ ਤਾਂ ਇਸ ਨੂੰ 1914 ਦੇ ਇਨਗ੍ਰੈਸ ਆਰਡਨੈਂਸ ਅਧੀਨ ਇਕ “ਖ਼ਤਰਨਾਕ" ਵਿਅਕਤੀ ਘੋਸ਼ਿਤ ਕਰਕੇ ਜੇਲ ਡੱਕ ਦਿੱਤਾ ਗਿਆ। 1915 ਵਿਚ ਪਹਿਲੇ ਲਾਹੌਰ ਸਾਜ਼ਸ਼ ਕੇਸ ਵਿਚ ਇਸ ਉੱਤੇ ਮੁਕੱਦਮਾ ਚਲਾਇਆ ਗਿਆ ਅਤੇ ਦੋਸ਼ੀ ਮੰਨਦੇ ਹੋਏ ਇਸ ਦੀ ਜਾਇਦਾਦ ਜ਼ਬਤ ਕਰਕੇ ਇਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਇਸ ਨੇ ਭਾਵੇਂ ਰਹਿਮ ਦੀ ਅਪੀਲ ਠੁਕਰਾ ਦਿੱਤੀ ਸੀ ਪਰੰਤੂ ਫਿਰ ਵੀ ਵਾਇਸਰਾਇ, ਲਾਰਡ ਹਾਰਡਿੰਗ ਨੇ ਇਸ ਦੀ ਮੌਤ ਦੀ ਸਜ਼ਾ ਨੂੰ ਕਾਲੇ ਪਾਣੀ ਵਿਚ ਤਬਦੀਲ ਕਰ ਦਿੱਤਾ ਸੀ।
ਕਿਹਾ ਜਾਂਦਾ ਹੈ ਕਿ ਕੇਸਰ ਸਿੰਘ ਅਜ਼ਾਦੀ ਤੋਂ ਬਾਅਦ ਬਿਮਾਰ ਹੋ ਗਿਆ ਅਤੇ ਇਸ ਨੂੰ ਅੰਮ੍ਰਿਤਸਰ ਵਿਖੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੋਂ, ਕੁਝ ਰਿਪੋਰਟਾਂ ਅਨੁਸਾਰ, ਇਹ “ਗਾਇਬ ਹੋ ਗਿਆ ਅਤੇ ਕਦੇ ਵਾਪਸ ਨਹੀਂ ਮੁੜਿਆ।”
ਲੇਖਕ : ਗ.ਸ.ਦ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੇਸਰ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੇਸਰ ਸਿੰਘ (ਅ.ਚ. 1935): ਕੁਰਾਨ ਪ੍ਰੇਮੀ ਇਕ ਸਿੱਖ। ਇਹ ਇਕ ਦਿਲਚਸਪ ਸਵਾਲ ਹੈ ਕਿ ਅਰਬੀ ਭਾਸ਼ਾ ਇਕ ਸਿੱਖ ਦੀ ਜ਼ੁਬਾਨ ਤੇ ਕਿਵੇਂ ਚੜ੍ਹ ਗਈ। ਅਰਬੀ ਜਦੋਂ ਭਾਰਤ ਵਿਚ ਆਈ ਤਾਂ ਇਸ ਨੇ ਭਾਰਤੀ ਭਾਸ਼ਾਵਾਂ ਨਾਲ ਆਪਣੀ ਮਿੱਤਰਤਾ ਬਣਾਈ। ਭਾਰਤੀਆਂ ਨੇ ਇਸ ਦੇ ਉਚਾਰਨ ਦੇ ਪ੍ਰਭਾਵਸ਼ਾਲੀ ਅਤੇ ਜੋਸ਼ੀਲੇ ਅੰਦਾਜ ਨੂੰ ਮਹਿਸੂਸ ਕੀਤਾ। ਉਸ ਸਮੇਂ ਕੁਝ ਭਾਰਤੀ ਅਜਿਹੇ ਸਨ ਜਿਹਨਾਂ ਨੇ ਅੰਤਰ-ਸੱਭਿਆਚਾਰਕ ਪ੍ਰਗਟਾਵੇ ਵਿਚ ਵਿਲੱਖਣ ਮੁਹਾਰਤ ਹਾਸਲ ਕਰ ਲਈ ਸੀ। ਰਾਜਾ ਰਾਮ ਮੋਹਨ ਰਾਇ (1772-1833) ਵੀ ਇਹਨਾਂ ਵਿਚੋਂ ਇਕ ਸੀ। ਉਹ ਅਰਬੀ ਅਤੇ ਸੰਸਕ੍ਰਿਤ ਦੋਹਾਂ ਵਿਚ ਮਾਹਰ ਸੀ। ਭਦੌੜ ਦਾ ਸਰਦਾਰ ਸਰ ਅਤਰ ਸਿੰਘ (1833-1896) ਇਕ ਸਿੱਖ ਵਿਦਵਾਨ ਸੀ ਜਿਸ ਨੇ ਅਰਬੀ ਭਾਸ਼ਾ ਅਤੇ ਸਾਹਿਤ ਵਿਚ ਮੁਹਾਰਤ ਹਾਸਲ ਕਰ ਲਈ ਸੀ। ਉਹਨਾਂ ਨੇ ਅਰਬੀ ਅਤੇ ਸੰਸਕ੍ਰਿਤ ਦੋਹਾਂ ਖੇਤਰਾਂ ਦੀ ਰਵਾਇਤੀ ਸਿੱਖਿਆ ਹਾਸਲ ਕਰ ਕੇ ਦੁਹਰਾ ਮਾਣ ਪ੍ਰਾਪਤ ਕੀਤਾ। ਅਰਬੀ ਵਿਚ ਇਹਨਾਂ ਨੂੰ ਸ਼ਮਸ ਉਲ-ਉਲੇਮਾ ਅਤੇ ਸੰਸਕ੍ਰਿਤ ਵਿਚ ਇਹਨਾਂ ਨੂੰ ਮਹਾਮਹੋਪਾਧਯਾਯ ਦੇ ਖ਼ਿਤਾਬ ਨਾਲ ਸਨਮਾਨਿਆ ਗਿਆ। ਉਹ ਇਹਨਾਂ ਦੋਹਾਂ ਭਾਸ਼ਾਵਾਂ ਅਤੇ ਸਾਹਿਤ ਵਿਚ ਬਹੁਤ ਸਹਿਜਤਾ ਅਤੇ ਮੁਹਾਰਤ ਨਾਲ ਵਿਚਰ ਸਕਦੇ ਸਨ। ਇਹਨਾਂ ਤੋਂ ਪਹਿਲਾਂ ਅਤੇ ਬਾਅਦ ਵੀ ਅਜਿਹੇ ਵਿਦਵਾਨ ਹੋਏ ਜੋ ਕਿ ਦੋਵਾਂ ਵਿਸ਼ਿਆਂ ਵਿਚ ਮੁਹਾਰਤ ਰੱਖਦੇ ਸਨ। ਜਿਹਨਾਂ ਵਿਚੋਂ ਸੰਸਕ੍ਰਿਤ ਅਤੇ ਅਰਬੀ ਵਿਚ ਹੋਏ ਘੱਟੋ-ਘੱਟ ਦੋ ਸਤਿਕਾਰਯੋਗ ਵਿਦਵਾਨ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ (1837-1887) ਅਤੇ ਕਪੂਰਥਲੇ ਦੇ ਕੰਵਰ ਬਿਕਰਮਾ ਸਿੰਘ (1835-87) ਸਨ।
ਕੇਸਰ ਸਿੰਘ ਦੇ ਜੀਵਨ-ਬਿਰਤਾਂਤ ਵੱਲ ਧਿਆਨ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕੁਰਾਨ ਨੂੰ ਮੂੰਹ-ਜ਼ਬਾਨੀ ਯਾਦ ਕਰਨ ਵਾਲੇ ਕੇਸਰ ਸਿੰਘ ਦਾ ਜੀਵਨ ਵੀ ਉਨਾ ਹੀ ਅਸਧਾਰਨ ਸੀ ਜਿੰਨਾ ਕਿ ਉਸ ਦਾ ਪਹਿਲਾ ਨਾਂ - ਅਕਬਰ ਸਿੰਘ। ਇਹ ਥੰਮਨ ਸਿੰਘ ਦੇ ਤਿੰਨ ਪੁੱਤਰਾਂ ਵਿਚੋਂ ਸਭ ਤੋਂ ਛੋਟਾ ਸੀ। ਥੰਮਨ ਸਿੰਘ ਪਟਿਆਲਾ ਰਿਆਸਤ ਦੇ ਡਾਂਗਰੀ ਪਿੰਡ ਵਿਚ 20 ਏਕੜ ਜ਼ਮੀਨ (ਜਿਸ ਦਾ ਕੁਝ ਹਿੱਸਾ ਨਹਿਰੀ ਸਿੰਚਾਈ ਵਾਲਾ ਸੀ) ਦਾ ਮਾਲਕ ਸੀ। ਇਸ ਦੀਆਂ ਤਿੰਨ ਭੈਣਾਂ ਸਨ। ਉਹਨਾਂ ਦਿਨਾਂ ਵਿਚ ਮੁੰਡਾ ਜਾਂ ਕੁੜੀ ਪਰਵਾਰ ਦਾ ਹਰ ਜੀਅ ਖੇਤੀ ਦੇ ਕੰਮ ਵਿਚ ਲੋੜੀਂਦਾ ਸੀ। ਇਸ ਕਰਕੇ ਬਹੁਤ ਸਾਰੇ ਕਿਸਾਨ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ ਸਨ।
ਅਕਬਰ ਸਿੰਘ 12 ਸਾਲ ਦੀ ਉਮਰ ਤਕ ਆਪਣੇ ਪਿਤਾ ਦੇ ਪਸੂਆਂ ਦੀ ਦੇਖ-ਭਾਲ ਕਰਦਾ ਰਿਹਾ। ਇਸ ਦੀ ਇੱਛਾ ਸੀ ਕਿ ਇਹ ਵੀ ਸਕੂਲ ਜਾਵੇ। ਚਰਵਾਹੇ ਦੀ ਜ਼ਿੰਦਗੀ ਤੋਂ ਤੰਗ ਆ ਕੇ ਇਹ ਘਰੋਂ ਭੱਜ ਕੇ ਆਪਣੇ ਮਾਮੇ ਕੋਲ ਚੱਲਾ ਗਿਆ। ਮਾਮੇ ਨੇ ਆਪਣੇ ਭਾਣਜੇ ਦੀ ਆਉ-ਭਗਤ ਕੀਤੀ ਅਤੇ ਇਸ ਨੂੰ ਪਿੰਡ ਤੋਂ ਪੰਜ ਮੀਲ ਦੂਰ ਦਹੇੜੂ ਦੇ ਸਰਕਾਰੀ ਮਿਡਲ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ।
ਅਕਬਰ ਸਿੰਘ ਗੁਆਂਢੀ ਪਿੰਡਾਂ ਦੇ ਦੂਜੇ ਮੁੰਡਿਆਂ ਵਾਂਗ ਪੈਦਲ ਸਕੂਲ ਜਾਂਦਾ ਸੀ। ਉਹਨਾਂ ਦਿਨਾਂ ਵਿਚ ਮਿਡਲ ਸਕੂਲ ਦੇ ਇਮਤਿਹਾਨ ਯੂਨੀਵਰਸਿਟੀ ਦੁਆਰਾ ਲਏ ਜਾਂਦੇ ਸਨ। ਮਿਸਟਰ ਟਰੰਪ ਸਕੂਲ ਦਾ ਚੀਫ਼ ਇੰਸਪੈਕਟਰ ਸੀ। ਉਹ ਇਮਤਿਹਾਨ ਲੈਣ ਆਇਆ ਤਾਂ ਇਕ ਅਨੋਖਾ ਨਾਂ ਅਕਬਰ ਸਿੰਘ ਸੁਣ ਕੇ ਬਹੁਤ ਹੈਰਾਨ ਹੋਇਆ।
ਇੰਸਪੈਕਟਰ ਨੇ ਅਕਬਰ ਸਿੰਘ ਦਾ ਨਾਂ ਬਦਲ ਕੇ ਕੇਸਰ ਸਿੰਘ ਰੱਖਣ ਦਾ ਹੁਕਮ ਦੇ ਦਿੱਤਾ। ਇਸ ਦੇ ਮਿਤੀ 11 ਜੂਨ 1885 ਨੂੰ ਪੰਜਾਬ ਯੂਨੀਵਰਸਿਟੀ, ਲਾਹੌਰ ਵੱਲੋਂ ਜਾਰੀ ਹੋਏ ਸਰਟੀਫਿਕੇਟ ਉੱਪਰ ਤਸਦੀਕ ਕੀਤਾ ਗਿਆ ਹੈ ਕਿ ਕੇਸਰ ਸਿੰਘ ਨੇ ਅਪ੍ਰੈਲ 1885 ਵਿਚ ਹੋਈ ਮਿਡਲ ਸਕੂਲ ਪ੍ਰੀਖਿਆ ਪਾਸ ਕਰ ਲਈ ਹੈ। ਸਰਟੀਫਿਕੇਟ ਦੇ ਖੱਬੇ ਹੱਥ ਸਿਰੇ ‘ਤੇ ਉਸ ਦਾ ਅਸਲ ਨਾਂ ਅਕਬਰ ਸਿੰਘ ਦਹੇੜੂ ਫ਼ਾਰਸੀ ਵਿਚ ਲਿਖਿਆ ਹੋਇਆ ਹੈ।
ਕੇਸਰ ਸਿੰਘ ਨੇ ਸਰਕਾਰੀ ਮਾਡਲ ਸਕੂਲ, ਪਟਿਆਲਾ , ਵਿਖੇ ਨੌਂਵੀਂ ਜਮਾਤ ਵਿਚ ਦਾਖ਼ਲਾ ਲੈ ਲਿਆ। ਇਹ ਸਕੂਲ ਮਹਿੰਦਰਾ ਕਾਲਜ ਦੇ ਇਕ ਵਿੰਗ ਵਿਚ ਸਥਾਪਿਤ ਸੀ। ਦਸਵੀਂ ਪਾਸ ਕਰਨ ਉਪਰੰਤ ਇਹ ਮਹਿੰਦਰਾ ਕਾਲਜ ਵਿਚ ਦਾਖ਼ਲ ਹੋਇਆ।
ਕੇਸਰ ਸਿੰਘ ਨੇ ਬੀ.ਏ. ਵਿਚ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਐਮ.ਏ. ਦੀ ਪੜ੍ਹਾਈ ਲਈ ਵਾਇਸਰਾਇ (ਨਾਰਥਬਰੁੱਕ) ਦਾ ਗੋਲਡ ਮੈਡਲ ਅਤੇ ਯੂਨੀਵਰਸਿਟੀ ਸਕਾਲਰਸ਼ਿਪ ਪ੍ਰਾਪਤ ਕੀਤਾ ਸੀ। ਮਹਿੰਦਰਾ ਕਾਲਜ ਵਿਚ ਐਮ.ਏ. ਦੀਆਂ ਕਲਾਸਾਂ ਨਹੀਂ ਸਨ ਇਸ ਲਈ ਇਸ ਨੇ ਪੰਜਾਬ ਯੂਨੀਵਰਸਿਟੀ ਦੁਆਰਾ ਚਲਾਏ ਜਾ ਰਹੇ ਲਾਹੌਰ ਦੇ ਓਰੀਐਂਟਲ ਕਾਲਜ ਤੋਂ ਐਮ.ਏ. ਪਾਸ ਕੀਤੀ। ਸਾਰੇ ਵਿਸ਼ਿਆਂ ਵਿਚੋਂ ਇਸ ਨੇ ਅਰਬੀ ਭਾਸ਼ਾ ਨੂੰ ਚੁਣਿਆ ਜਿਸਨੂੰ ਕਿ ਆਮ ਤੌਰ ‘ਤੇ ਮੁਸਲਮਾਨ ਵਿਦਿਆਰਥੀ ਲੈਂਦੇ ਸਨ। ਸਲਾਨਾ ਪ੍ਰੀਖਿਆ ਪਹਿਲੇ ਦਰਜੇ ਵਿਚ ਪਾਸ ਕਰਕੇ ਇਸ ਨੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਜੋ ਪੁਨਰ-ਜਨਮ ਵਿਚ ਵਿਸ਼ਵਾਸ ਰੱਖਦੇ ਹਨ ਉਹ ਇਸ ਘਟਨਾ ਦੀ ਵਿਆਖਿਆ ਸ਼ਾਇਦ ਇਸ ਤਰ੍ਹਾਂ ਕਰਨ ਕਿ ਕੇਸਰ ਸਿੰਘ ਪਿਛਲੇ ਜਨਮ ਵਿਚ ਜ਼ਰੂਰ ਇਕ ਮੁਸਲਮਾਨ ਅਤੇ ਸਿਰੇ ਦਾ ਅਰਬੀ ਵਿਦਵਾਨ ਹੋਵੇਗਾ।
ਪਟਿਆਲਾ ਰਿਆਸਤ ਵਿਚ ਕੇਵਲ ਇਕ ਕਾਲਜ ਸੀ ਜਿੱਥੇ ਅਰਬੀ ਅਧਿਆਪਕ ਦੀ ਪੋਸਟ ਪਹਿਲਾਂ ਹੀ ਭਰੀ ਹੋਈ ਸੀ। ਕੇਸਰ ਸਿੰਘ ਨੇ ਸਰਕਾਰੀ ਮਿਡਲ ਸਕੂਲ, ਭਵਾਨੀਗੜ੍ਹ ਵਿਚ ਸਾਇੰਸ ਮਾਸਟਰ ਦੀ ਨੌਕਰੀ ਲੈ ਲਈ। ਕੁਝ ਸਾਲਾਂ ਬਾਅਦ ਇਸ ਨੂੰ ਲੈਕਚਰਾਰ-ਕਮ-ਲਾਇਬ੍ਰੇ- ਰੀਅਨ ਦੇ ਤੌਰ’ਤੇ ਮਹਿੰਦਰਾ ਕਾਲਜ ਬਦਲ ਦਿੱਤਾ ਗਿਆ।
ਪੰਦਰਾਂ ਸਾਲ ਲੈਕਚਰਾਰ-ਕਮ-ਲਾਇਬ੍ਰੇਰੀਅਨ ਦੇ ਤੌਰ ‘ਤੇ ਕੰਮ ਕਰਨ ਤੋਂ ਬਾਅਦ ਇਸ ਨੂੰ ਵਿਦੇਸ਼ ਵਿਭਾਗ ਵਿਚ ਬਦਲ ਦਿੱਤਾ ਜਿਸ ਨੂੰ ਆਮ ਤੌਰ ‘ਤੇ ਮੁਨਸ਼ੀਖ਼ਾਨਾ ਕਿਹਾ ਜਾਂਦਾ ਸੀ। ਇਹ ਅੰਗਰੇਜ਼ੀ, ਫ਼ਾਰਸੀ/ਉਰਦੂ ਅਤੇ ਸੰਸਕ੍ਰਿਤ ਬਹੁਤ ਸੁੰਦਰ ਲਿਖਦਾ ਸੀ।
ਕੇਸਰ ਸਿੰਘ ਨੇ ਜੈਪੁਰ ਪ੍ਰਾਂਤ ਵਿਚ ਤੂਰਾਵਤਿ ਵਿਖੇ ਵਕੀਲ ਵਜੋਂ ਆਖ਼ਰੀ ਨੌਕਰੀ ਕੀਤੀ। ਪਟਿਆਲਾ ਰਿਆਸਤ ਨੇ ਗੁਆਂਢੀ ਰਾਜਾਂ ਵਿਚ ਅਤੇ ਅੰਗਰੇਜ਼ੀ ਇਲਾਕੇ ਵਿਚ ਵਕੀਲ ਨਿਯੁਕਤ ਕੀਤੇ। ਵਕੀਲ ਰਾਜ ਦੇ ਪ੍ਰਤਿਨਿਧ ਦੇ ਤੌਰ ‘ਤੇ ਕੰਮ ਕਰਦੇ ਅਤੇ ਰਾਜ ਦਾ ਹਿਤ ਵੇਖਦੇ ਸਨ।
ਕੇਸਰ ਸਿੰਘ ਜਦੋਂ ਆਪਣੇ ਇਕਲੌਤੇ ਪੁੱਤਰ , ਪਰਤਾਪ ਸਿੰਘ, ਨੂੰ ਪੜ੍ਹਾਉਣ ਜਾਂ ਕੋਈ ਹੋਰ ਮਸ਼ਵਰਾ ਦੇਣ ਦੇ ਇਰਾਦੇ ਨਾਲ ਪੱਤਰ ਲਿਖਦਾ ਤਾਂ ਉਹ ਆਪਣੇ ਖ਼ਤ ਵਿਚ ਪਵਿੱਤਰ ਕੁਰਾਨ, ਹਦੀਥ, ਪ੍ਰਸਿੱਧ ਫ਼ਾਰਸੀ ਕਵੀਆਂ ਜਿਵੇਂ ਸ਼ੇਖ਼ ਸਾਅਦੀ ਅਤੇ ਹਾਫ਼ੀਜ਼ ਦੇ ਨਾਲ-ਨਾਲ ਸੰਸਕ੍ਰਿਤ ਵਿਚੋਂ ਉੰਨੀ ਹੀ ਸਹਿਜਤਾ ਨਾਲ ਹਵਾਲੇ ਦਿੰਦਾ ਜਿੰਨੀ ਸਹਿਜਤਾ ਨਾਲ ਗੁਰਬਾਣੀ ਵਿਚੋਂ ਹਵਾਲੇ ਦਿੰਦਾ ਸੀ।
ਅਖੀਰ ਨੂੰ ਇਸ ਦਾ ਪੁੱਤਰ ਪਰਤਾਪ ਸਿੰਘ ਡਾਕਟਰ ਬਣ ਗਿਆ ਅਤੇ ਉਸ ਨੇ ਰਿਆਸਤ ਵਿਚ ਨੌਕਰੀ ਕਰ ਲਈ। ਆਪਣੇ ਇਕ ਪੱਤਰ ਵਿਚ ਪਵਿੱਤਰ ਕੁਰਾਨ ਵਿਚੋਂ ਹਵਾਲਾ ਦਿੰਦੇ ਹੋਏ ਕੇਸਰ ਸਿੰਘ ਨੇ ਉਸ ਨੂੰ ਇਸ ਤਰ੍ਹਾਂ ਲਿਖਿਆ “ਪਿਆਰੇ ਪਰਤਾਪ ਸਿੰਘ, ਪਵਿੱਤਰ ਕਲਮਾ ਵਿਚਲੀ ਨੈਤਿਕਤਾ ਨੂੰ ਹਮੇਸ਼ਾਂ ਯਾਦ ਰੱਖੀਂ। ਇਹ ਕਹਿੰਦੀ ਹੈ ਕਿ ਜਦੋਂ ਮਰ ਰਹੇ ਵਿਅਕਤੀ ਦੇ ਨੇੜਲੇ ਮਿੱਤਰ ਅਤੇ ਰਿਸ਼ਤੇਦਾਰ ਸਭ ਉਮੀਦਾਂ ਛੱਡ ਦਿੰਦੇ ਹਨ ਤਾਂ ਉਹ ਉਸ ਨੂੰ ਫ਼ਰਸ਼ ’ਤੇ ਲਿਟਾ ਦਿੰਦੇ ਹਨ। ਬਿਮਾਰ ਮਨੁੱਖਤਾ ਦੀ ਸੇਵਾ ਕਰਦੇ ਹੋਏ ਅਤੇ ਆਪਣੀ ਨਿਯੁਕਤੀ ਦੇ ਸਥਾਨ ਤੇ ਡਾਕਟਰੀ ਰਿਪੋਰਟਾਂ ਤਿਆਰ ਕਰਦੇ ਸਮੇਂ ਇਸ ਸੀਨ ਨੂੰ ਹਮੇਸ਼ਾਂ ਆਪਣੀਆਂ ਅੱਖਾਂ ਸਾਮ੍ਹਣੇ ਰੱਖਣਾ। ਕਦੇ ਵੀ ਝੂਠੀ ਰਿਪੋਰਟ ਨਹੀਂ ਦੇਣੀ। ਇਹ ਬਹੁਤ ਮੱਹਤਵਪੂਰਨ ਹੈ।"
ਇਕ ਹੋਰ ਪੱਤਰ ਵਿਚ ਕੇਸਰ ਸਿੰਘ ਨੇ ਪੈਗ਼ੰਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ “ਇਕ ਵਿਦਵਾਨ ਦੀ ਸਿਆਹੀ ਇਕ ਸ਼ਹੀਦ ਦੇ ਖ਼ੂਨ ਨਾਲੋਂ ਵਧੇਰੇ ਕੀਮਤੀ ਹੁੰਦੀ ਹੈ।”
ਕੇਸਰ ਸਿੰਘ ਦੇ ਸਰਦਾਰ ਦਿਆਲ ਸਿੰਘ ਮਜੀਠੀਆ ਨਾਲ ਗਹਿਰੇ ਸੰਬੰਧ ਸਨ ਜਿਸ ਨੇ ਲਾਹੌਰ ਵਿਖੇ ਦ ਟ੍ਰਿਬਿਊਨ, ਦਿਆਲ ਸਿੰਘ ਕਾਲਜ ਅਤੇ ਦਿਆਲ ਸਿੰਘ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਸੀ। ਕੇਸਰ ਸਿੰਘ ਦੀ ਚਚੇਰੀ ਭੈਣ , ਭਗਵਾਨ ਕੌਰ, ਦਿਆਲ ਸਿੰਘ ਮਜੀਠੀਏ ਨੂੰ ਵਿਆਹੀ ਹੋਈ ਸੀ। ਉਹ ਪੰਜਾਬੀ ਲਿਖਣ ਅਤੇ ਪੜ੍ਹਨ ਦੇ ਨਾਲ-ਨਾਲ ਸਿੱਖ ਧਰਮ-ਪੁਸਤਕਾਂ ਨੂੰ ਵੀ ਚੰਗੀ ਤਰ੍ਹਾਂ ਪੜ੍ਹ ਸਕਦੀ ਸੀ। ਉਹ ਬੇਹਦ ਖ਼ੂਬਸੂਰਤ ਸੀ ਅਤੇ ਉਸਦਾ ਆਪਣੇ ਪਤੀ ‘ਤੇ ਬਹੁਤ ਪ੍ਰਭਾਵ ਸੀ।
ਕੇਸਰ ਸਿੰਘ ਦੀ ਜਨਮ ਤਰੀਕ ਦੀ ਤਾਂ ਭਾਵੇਂ ਕੋਈ ਪੱਕੀ ਜਾਣਕਾਰੀ ਨਹੀਂ ਹੈ ਪਰ ਕਿਹਾ ਜਾਂਦਾ ਹੈ ਕਿ 1857 ਦੇ ਵਿਦਰੋਹ ਤੋਂ ਕੋਈ 12 ਸਾਲ ਪਿੱਛੋਂ ਭਾਵ 1869 ਨੂੰ ਇਸ ਦਾ ਜਨਮ ਹੋਇਆ ਸੀ। ਨਿਮੂਨੀਏ ਦੀ ਸੰਖੇਪ ਬਿਮਾਰੀ ਤੋਂ ਬਾਅਦ 1935 ਵਿਚ ਇਸ ਦਾ ਸਵਰਗਵਾਸ ਹੋ ਗਿਆ। ਉਸ ਸਮੇਂ ਇਸ ਦੀ ਉਮਰ 65 ਸਾਲ ਦੀ ਸੀ।
ਇਸ ਦੇ ਪੁੱਤਰ ਡਾਕਟਰ ਪਰਤਾਪ ਸਿੰਘ ਨੇ ਆਪਣਾ ਘਰ ਪਟਿਆਲੇ ਬਣਾਇਆ। ਮਹਾਰਾਜਾ ਭੂਪਿੰਦਰ ਸਿੰਘ ਦੁਆਰਾ ਦਿੱਤੇ ਗਏ ਵਜੀਫ਼ੇ ਨਾਲ ਉਸ ਨੇ ਕਿੰਗ ਐਡਵਰਡਜ਼ ਮੈਡੀਕਲ ਕਾਲਜ, ਲਾਹੌਰ ਵਿਖੇ ਦਾਖ਼ਲਾ ਲੈ ਲਿਆ ਜਿੱਥੋਂ ਉਸ ਨੇ 1924-25 ਵਿਚ ਐਮ.ਬੀ.ਬੀ.ਐਸ. ਦੀ ਡਿਗਰੀ ਹਾਸਲ ਕੀਤੀ ਸੀ। ਇਸ ਇੰਦਰਾਜ ਦੇ ਮੂਲ ਰੂਪ ਵਿਚ ਲਿਖੇ ਜਾਣ ਸਮੇਂ ਉਹ 96 ਸਾਲ ਦੀ ਉਮਰ ਵਿਚ ਵੀ ਬਿਲਕੁਲ ਤੰਦਰੁਸਤ ਸੀ। ਸਵੇਰ ਦੀ ਸੈਰ ਲਈ ਉਹ ਰੋਜ਼ਾਨਾ ਬਾਹਰ ਜਾਂਦਾ, ਪ੍ਰੋਫ਼ੈਸ਼ਨਲ ਮੀਟਿੰਗਾਂ ਵਿਚ ਹਿੱਸਾ ਲੈਂਦਾ ਅਤੇ ਪੰਜਾਬੀ ਯੂਨੀਵਰਸਿਟੀ ਵਿਖੇ ਆਪਣੇ ਵਿਸ਼ੇ ਨਾਲ ਸੰਬੰਧਿਤ ਹਰ ਕਾਨਫ਼ਰੰਸ ਜਾਂ ਸਿੰਪੋਜ਼ੀਅਮ ਵਿਚ ਸ਼ਾਮਲ ਹੁੰਦਾ ਸੀ।
ਲੇਖਕ : ਰ.ਸ.ਦ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4216, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੇਸਰ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕੇਸਰ ਸਿੰਘ : ਗਿਆਨੀ ਕੇਸਰ ਸਿੰਘ ਦਾ ਜਨਮ ਸ. ਪ੍ਰੇਮ ਸਿੰਘ ਦੇ ਘਰ, ਜ਼ਿਲ੍ਹਾ ਰਾਵਲਪੰਡੀ, (ਪਾਕਿਸਤਾਨ) ਦੇ ਪਿੰਡ ਮੁਗ਼ਲ ਖਾਦਸਾ ਵਿਖੇ ਹੋਇਆ। ਇਸ ਨੇ ਐਮ. ਏ., ਬੀ. ਟੀ. ਤਕ ਵਿਦਿਆ ਪ੍ਰਾਪਤ ਕੀਤੀ। ਇਹ ਆਜ਼ਾਦ ਹਿੰਦ ਫ਼ੌਜ ਵਿਚ ਸਿਵਲ ਐਡਮਨਿਸਟਰੇਟਰ ਦੀ ਪਦਵੀ ਤੇ ਰਿਹਾ। ਇਹ ਫ਼ੌਜ ਦੀ ਅਕਾਦਮੀ ਵਿਚ ਇਨਕਲਾਬੀ ਇਤਿਹਾਸ ਅਤੇ ਜਾਪਾਨੀ ਭਾਸ਼ਾ ਪੜ੍ਹਾਉਂਦਾ ਸੀ। ਇਸ ਨੇ ਗ਼ਦਰੀ ਬਾਬਿਆਂ ਨਾਲ ਮਿਲ ਕੇ ਆਜ਼ਾਦੀ ਸੰਗਰਾਮ ਵਿਚ ਹਿੱਸਾ ਪਾਇਆ।
ਇਸ ਨੇ ਆਪਣੀਆਂ ਰਚਨਾਵਾਂ ਰਾਹੀਂ ਭਾਰਤੀ ਸੁਤੰਤਰਤਾ ਸੰਗਰਾਮ ਅਤੇ ਅਮਰ ਸ਼ਹੀਦਾਂ ਦੀਆਂ ਜੀਵਨੀਆਂ ਨੂੰ ਉਜਾਗਰ ਕੀਤਾ। ‘ਲਹਿਰ ਵਧਦੀ ਗਈ’ ਅਤੇ ‘ਜੰਗੀ ਕੈਦੀ’ ਨਾਵਲਾਂ ਵਿਚ ਮਲਾਇਆ ਅਤੇ ਦੱਖਣ-ਪੂਰਬੀ ਏਸ਼ੀਆ ਵਿਚ ਵੱਧ ਰਹੀ ਆਜ਼ਾਦੀ ਲਹਿਰ ਦਾ ਜ਼ਿਕਰ ਪੇਸ਼ ਕੀਤਾ ਹੈ। ‘ਸ਼ਹੀਦ ਊਧਮ ਸਿੰਘ’, ‘ਬਾਬਾ ਹਰੀ ਸਿੰਘ ਉਸਮਾਨ’, ‘ਸ਼ਹੀਦ ਮਦਨ ਲਾਲ ਢੀਂਗਰਾ’ ਅਤੇ ‘ਅਮਰ ਸ਼ਹੀਦ ਮੇਵਾ ਸਿੰਘ ਲੋਪੇਕੇ’ ਵਿਚ ਇਸ ਨੇ ਪੰਜਾਬ ਵਿਚ ਭਾਰਤੀ ਸੁਤੰਤਰਤਾ ਸੰਗਰਾਮ ਇਤਿਹਾਸ ਨੂੰ ਬਿਆਨਿਆ ਹੈ।
ਪੰਜਾਬੀ ਲੇਖਣੀ ਤੋਂ ਇਲਾਵਾ ਇਸ ਨੇ ਦੋ ਹੋਰ ਰਚਨਾਵਾਂ ‘ਯੁੱਧ ਬੰਦੀ’ (ਹਿੰਦੀ ਵਿਚ) ਅਤੇ ‘ਇੰਡੀਪੈਂਡੈਸ ਮੂਵਮੈਂਟ ਇਨ ਈਸਟ ਇੰਡੀਆ’ (ਅੰਗਰੇਜ਼ੀ ਵਿਚ) ਵੀ ਲਿਖੀਆਂ ਹਨ।
ਇਸ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਭਾਸ਼ਾ ਵਿਭਾਗ, ਪੰਜਾਬ ਨੇ ਇਸ ਨੂੰ 1981 ਈ. ਵਿਚ ਸ਼੍ਰੋਮਣੀ ਬਦੇਸ਼ੀ ਪੰਜਾਬੀ ਸਾਹਿਤਕਾਰ ਦੇ ਤੌਰ ਤੇ ਸਨਮਾਨਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-31-12-24-18, ਹਵਾਲੇ/ਟਿੱਪਣੀਆਂ: ਹ. ਪੁ. -ਸ. ਸੁ. -ਭਾ. ਵਿ. ਪੰ. (1982)
ਵਿਚਾਰ / ਸੁਝਾਅ
Please Login First