ਕੋਡੀਸਿਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Codicil_ਕੋਡੀਸਿਲ: ਇਹ ਲਾਤੀਨੀ ਸ਼ਬਦ ਕੋਡੀਸਿੱਲਸ (Codicillus) ਤੋਂ ਨਿਕਲਿਆ ਹੈ ਅਤੇ ਇਸ ਅਰਥ ਛੋਟਾ ਕੋਡ ਜਾਂ ਲਿਖਤ ਹੈ। ਰੋਮਨ ਸਿਵਲ ਕਾਨੂੰਨ ਵਿਚ ਕੋਡੀਸਿਲ ਦੀ ਪਰਿਭਾਸ਼ਾ ਉਸ ਕੰਮ ਵਜੋਂ ਕੀਤੀ ਗਈ ਹੈ ਜੋ ਮੌਤ ਦੇ ਅੰਦੇਸ਼ੇ ਵਿਚ ਵਾਰਸ ਜਾਂ ਸਾਧਕ ਨਿਯੁਕਤ ਕਰਨ ਤੋਂ ਬਿਨਾਂ ਸੰਪਤੀ ਦੇ ਨਿਪਟਾਰੇ ਲਈ ਕੀਤਾ ਜਾਂਦਾ ਹੈ।

       ਰੋਮਨ ਸਿਵਲ ਕਾਨੂੰਨ, ਮੁਢਲਾ ਅੰਗਰੇਜ਼ੀ ਕਾਨੂੰਨ ਅਤੇ ਕਲੀਸਿਆਈ ਕਾਨੂੰਨ ਸਭ ਇਸ ਗੱਲ ਤੇ ਸਹਿਮਤ ਸਨ ਕਿ ਸਾਧਕ ਦੀ ਨਿਯੁਕਤੀ ਤੋਂ ਬਿਨਾਂ ਜਾਇਜ਼ ਵਸੀਅਤ ਨਹੀਂ ਕੀਤੀ ਜਾ ਸਕਦੀ। ਇਹ ਸਮਝਿਆ ਜਾਂਦਾ ਸੀ ਕਿ ਸਾਧਕ ਨਿਯੁਕਤ ਕਰਨਾ ਇਸ ਕੰਮ ਅਰਥਾਤ ਸੰਪਤੀ ਦੇ ਨਿਪਟਾਰੇ ਦਾ ਤਤਸਾਰ ਹੈ।

       ਰੋਮਨ ਕਾਨੂੰਨ ਵਿਚ ਵਸੀਅਤ ਕਰਨ ਵਿਚ ਕਾਫ਼ੀ ਰਸਮੀ ਕਾਰਵਾਈਆਂ ਪਲਚੀਆਂ ਹੋਈਆਂ ਸਨ ਅਤੇ ਇਹ ਟੈਸਟਾਮੈਂਟ ਸਤ ਗਵਾਹਾਂ ਦੀ ਹਾਜ਼ਰੀ ਵਿਚ ਕੀਤੀ ਜਾ ਸਕਦੀ ਸੀ। ਇਸ ਲਈ ਕੋਡੀਸਿਲ ਨੂੰ ਕਿਸੇ ਹੱਦ ਤੱਕ ਗ਼ੈਰ-ਰਸਮੀ ਜਿਹੀ ਚੀਜ਼ ਸਮਝਿਆ ਜਾਂਦਾ ਸੀ।

       ਕੋਡੀਸਿਲ ਦਾ ਮਨੋਰਥ ਮੌਤ ਨੂੰ ਨੇੜੇ ਜਾਣ ਕੇ ਸੰਪਤੀ ਦਾ ਨਿਪਟਾਰਾ ਕਰਨਾ ਮੰਨਿਆ ਗਿਆ। ਹੋਇਆ ਇਸ ਤਰ੍ਹਾਂ ਕਿ ਲੂਸੀਅਸ ਲੈਂਟੂਲਸ ਅਫ਼ਰੀਕਾ ਵਿਚ ਸਵਰਗਵਾਸ ਹੋਇਆ ਅਤੇ ਬਿਸਤਰੇ ਮਰਗ ਤੇ ਕਈ ਕੋਡੀਸਿਲਾਂ ਕਰ ਗਿਆ ਜਿਨ੍ਹਾਂ ਦੀ ਪੁਸ਼ਟੀ ਪਹਿਲਾਂ ਕੀਤੀ ਵਸੀਅਤ ਤੋਂ ਹੁੰਦੀ ਸੀ। ਉਨ੍ਹਾਂ ਕੋਡੀਸਿਲਾਂ ਵਿਚ ਉਸ ਸ਼ਹਿਨਸ਼ਾਹ ਆਗੱਸਟਸ ਨੂੰ ਟਰਸਟ ਵਜੋਂ ਕੁਝ ਅਜਿਹੇ ਕੰਮ ਕਰਨ ਲਈ ਕਿਹਾ ਜੋ ਉਨ੍ਹਾਂ ਕੰਡੀਸਿਲਾਂ ਵਿਚ ਦਰਜ ਸਨ। ਸ਼ਹਿਨਸ਼ਾਹ ਨੇ ਉਸ ਵਸੀਅਤ ਨੂੰ ਅਮਲੀ ਜਾਮਾ ਪਹਿਨਾਇਆ ਅਤੇ ਲੈਟੂਲੱਸ ਦੀ ਪੁਤਰੀ ਨੇ ਅਜਿਹੀਆਂ ਵਸੀਅਤੀ ਵਿਰਾਸਤਾਂ ਵੀ ਅਦਾ ਕੀਤੀਆਂ ਜੋ ਉਹ ਸਾਧਾਰਨ ਤੌਰ ਤੇ ਅਦਾ ਕਰਨ ਦਾ ਪਾਬੰਦ ਨਹੀਂ ਸੀ। ਇਸ ਦੀ ਵੇਖਾ ਵੇਖੀ ਹੋਰ ਲੋਕਾਂ ਨੇ ਇਸ ਤਰ੍ਹਾਂ ਦੀਆਂ ਕੋਡੀਸਿਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੇ ਸ਼ਹਿਨਸ਼ਾਹ ਨੇ ਸਿਆਣਿਆਂ ਦੀ ਸਲਾਹ ਤੇ ਕੋਡੀਸਿਲ ਨੂੰ ਮਾਨਤਾ ਦੇ ਦਿੱਤੀ ਅਤੇ ਇਸ ਤਰ੍ਹਾਂ ਕੋਡੀਸਿਲ ਨੂੰ ਕਾਨੂੰਨੀ ਅਥਾਰਿਟੀ ਮਿਲ ਗਈ। ਅਜਕਲ੍ਹ ਕੋਡੀਸਿਲ ਦਾ ਮਤਲਬ ਪਹਿਲਾਂ ਕੀਤੀ ਵਸੀਅਤ ਵਿਚ ਕੀਤੇ ਵਾਧੇ ਘਾਟੇ ਦੇ ਅਰਥਾਂ ਵਿਚ ਲਿਆ ਜਾਂਦਾ ਹੈ।

       ਕੋਡੀਸਿਲ ਪਹਿਲਾਂ ਕੀਤੇ ਕਾਗ਼ਜ਼ ਤੇ ਵੀ ਹੋ ਸਕਦੀ ਹੈ ਅਤੇ ਵਖਰੇ ਕਾਗਜ਼ ਤੇ ਵੀ ਹੋ ਸਕਦੀ ਹੈ। ਜਿਥੇ ਇਹ ਪਹਿਲੇ ਕਾਗ਼ਜ਼ ਤੇ ਹੀ ਹੋਵੇ ਪਰ ਉਸ ਤੇ ਦਸਖ਼ਤਹੋਣ ਤਾਂ ਉਸ ਦੀ ਪ੍ਰੋਬੇਟ ਨਹੀਂ ਮਿਲ ਸਕਦੀ। ਠੀਕ ਤਰ੍ਹਾਂ ਤਕਮੀਲੀ ਕੋਡੀਸਿਲ ਅਤੇ ਜਿਸ ਵਿਚ ਪਹਿਲੇ ਕਾਗ਼ਜ਼ ਦਾ ਹਵਾਲਾ ਹੋਵੇ ਜਾਂ ਉਸ ਨਾਲ ਨੱਥੀ ਕੀਤੀ ਹੋਵੇ ਅਤੇ ਇਹ ਦਸਿਆ ਹੋਵੇ ਕਿ ਵਸੀਅਤ ਵਾਲੇ ਪਹਿਲੇ ਕਾਗ਼ਜ਼ ਦੀ ਠੀਕ ਤਕਮੀਲ ਨਹੀਂ ਸੀ ਹੋਈ ਉਥੇ ਕੋਡੀਸਿਲ ਅਤੇ ਵਸੀਅਤ ਨੂੰ ਇਕੋ ਲਿਖਤ ਗਿਣਿਆ ਜਾਂਦਾ ਹੈ। ਇਕ ਵਸੀਅਤ ਦੀਆਂ ਕਈ ਕੋਡੀਸਿਲਾਂ ਹੋ ਸਕਦੀਆਂ ਹਨ ਅਤੇ ਆਖ਼ਰੀ ਕੋਡੀਸਿਲ ਪਹਿਲੀਆਂ ਨੂੰ ਪੁਨਰ-ਪ੍ਰਕਾਸ਼ਤ ਅਤੇ ਸੁਰਜੀਤ ਕਰਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1733, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.