ਕੋਮਲ ਤਾਲੂ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਕੋਮਲ ਤਾਲੂ: ਉਚਾਰਨੀ ਧੁਨੀ ਵਿਗਿਆਨ ਵਿਚ ਉਚਾਰਨ ਅੰਗਾਂ ਨੂੰ ਵੀ ਉਚਾਰਨ-ਪਰਕਿਰਿਆ ਦੇ ਅਧਾਰ ’ਤੇ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਉਚਾਰਕ ਅਤੇ (ii) ਉਚਾਰਨ ਸਥਾਨ। ਜਿਹੜੇ ਉਚਾਰਨ ਵੇਲੇ, ਹਿੱਲ ਕੇ ਦੂਜੇ ਉਚਾਰਨ ਅੰਗ ਨਾਲ ਸੰਪਰਕ ਕਰਦੇ ਹਨ ਉਨ੍ਹਾਂ ਨੂੰ ਉਚਾਰਕਾਂ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ। ਜਿਹੜੇ ਉਚਾਰਨ ਅੰਗ ਆਪਣੇ ਨਿਸ਼ਚਤ ਸਥਾਨ ’ਤੇ ਹੀ ਟਿਕੇ ਰਹਿੰਦੇ ਹਨ ਉਨ੍ਹਾਂ ਨੂੰ ਉਚਾਰਨ ਸਥਾਨ ਕਿਹਾ ਜਾਂਦਾ ਹੈ। ਉਚਾਰਕਾਂ ਦੀ ਸੂਚੀ ਵਿਚੋਂ ਜੀਭ ਇਕ ਮੁੱਖ ਉਚਾਰਕ ਹੈ ਅਤੇ ਉਪਰਲੇ ਦੰਦ, ਬੁੱਟਾਂ ਦੇ ਪਿਛਲੇ ਪਾਸੇ ਤੋਂ ਲੈ ਕੇ ਸੰਘ ਦੇ ਉਪਰਲੇ ਹਿੱਸੇ ਤੱਕ ਨੂੰ ਤਾਲੂ ਕਿਹਾ ਜਾਂਦਾ ਹੈ। ਤਾਲੂ ਇਕ ਉਚਾਰਨ ਸਥਾਨ ਹੈ ਇਸ ਦੇ ਵੱਖ ਵੱਖ ਹਿੱਸਿਆਂ ਨਾਲ ਜੀਭ ਦੇ ਵੱਖੋ ਵੱਖਰੇ ਭਾਗਾਂ ਦਾ ਸੰਪਰਕ ਹੁੰਦਾ ਹੈ। ਇਸ ਸੰਪਰਕ ਨੂੰ ਅਧਾਰ ਬਣਾ ਕੇ ਵਿਅੰਜਨ ਧੁਨੀਆਂ ਦਾ ਵਰਗੀਕਰਨ ਕੀਤਾ ਜਾਂਦਾ ਹੈ। ਤਾਲੂ ਦੇ ਅੱਧ ਤੋਂ ਪਿਛਲੇ ਅਤੇ ਅਗਲੇ ਹਿੱਸੇ ਨੂੰ ਇਸ ਦੀ ਬਣਤਰ ਦੇ ਅਧਾਰ ’ਤੇ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਸਖਤ ਤਾਲੂ ਅਤੇ (ii) ਕੋਮਲ ਤਾਲੂ। ਕੋਮਲ-ਤਾਲੂ ਜਿਥੇ ਧੁਨੀਆਂ ਦੇ ਵਰਗਾਂ ਦੇ ਉਚਾਰਨ ਵਿਚ ਸਹਾਈ ਹੁੰਦਾ ਹੈ ਉਥੇ ਇਸ ਦੀ ਮਹੱਤਤਾ ਉਚਾਰਨ ਵਿਧੀ ਨਾਲ ਵੀ ਜੁੜੀ ਹੋਈ ਹੁੰਦੀ ਹੈ। ਧੁਨੀ ਵਰਗ ਦੇ ਪੱਖੋਂ ਇਸ ਸਥਾਨ ਤੋਂ ਕੋਮਲ ਤਾਲਵੀ ਧੁਨੀਆਂ ਪੈਦਾ ਹੁੰਦੀਆਂ ਹਨ। ਪੰਜਾਬੀ ਵਿਚ (ਕ, ਖ, ਗ, ਙ) ਕੋਮਲ ਤਾਲਵੀ ਧੁਨੀਆਂ ਹਨ। ਧੁਨੀਆਂ ਦੇ ਉਚਾਰਨ ਵੇਲੇ ਤਾਲੂ ਦੀ ਸਥਿਤੀ ਦੋ ਪਰਕਾਰ ਦੀ ਹੁੰਦੀ ਹੈ। ਇਹ ਜਾਂ ਤਾਂ ਉਪਰ ਵੱਲ ਉਠਿਆ ਹੋਇਆ ਹੁੰਦਾ ਹੈ ਜਾਂ ਇਹ ਹੇਠਾਂ ਵੱਲ ਡਿੱਗਿਆ ਹੋਇਆ ਹੁੰਦਾ ਹੈ। ਜਦੋਂ ਇਹ ਉਪਰ ਵੱਲ ਨੂੰ ਉਠਿਆ ਹੋਇਆ ਹੁੰਦਾ ਹੈ ਤਾਂ ਇਸ ਸਥਿਤੀ ਵਿਚ ਮੂੰਹ ਪੋਲ ਖੁੱਲ੍ਹਾ ਹੁੰਦਾ ਹੈ ਅਤੇ ਇਸ ਪਰਕਿਰਿਆ ਵਿਚੋਂ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਮੌਖਿਕ ਧੁਨੀਆਂ ਕਿਹਾ ਜਾਂਦਾ ਹੈ। ਇਸ ਤੋਂ ਉਲਟ ਜਦੋਂ ਇਹ ਹੇਠਾਂ ਵੱਲ ਨੂੰ ਡਿੱਗਿਆ ਹੋਇਆ ਹੁੰਦਾ ਹੈ ਤਾਂ ਇਸ ਸਥਿਤੀ ਵਿਚ ਮੂੰਹ ਪੋਲ ਜਾਂ ਤਾਂ ਪੂਰਨ ਰੂਪ ਵਿਚ ਬੰਦ ਰਹਿੰਦਾ ਹੈ ਜਾਂ ਹਵਾ ਦਾ ਦਬਾ ਨੱਕ ਵਿਚੋਂ ਬਾਹਰ ਨਿਕਲਦਾ ਹੈ। ਇਸ ਪਰਕਿਰਿਆ ਵਿਚੋਂ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਨਾਸਕੀ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ ਨਾਸਕੀ ਵਿਅੰਜਨਾਂ ਦਾ ਇਕ ਵਰਗ ਹੈ। ਦੂਜੇ ਪਾਸੇ ਜਦੋਂ ਮੂੰਹ ਪੋਲ ਵੀ ਖੁੱਲ੍ਹਾ ਰਹਿੰਦਾ ਹੈ ਤਾਂ ਹਵਾ ਦਾ ਦਬਾ ਨੱਕ ਅਤੇ ਮੂੰਹ ਰਾਹੀਂ ਬਾਹਰ ਨਿਕਲ ਜਾਂਦਾ ਹੈ। ਇਸ ਸਥਿਤੀ ’ਚੋਂ ਪੈਦਾ ਹੋਈਆਂ ਧੁਨੀਆਂ ਨੂੰ ਅਨੁਨਾਸਕ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚਲੀਆਂ ਸਵਰ ਧੁਨੀਆਂ ਦੇ ਨਾਸਕੀ ਰੂਪਾਂ ਦਾ ਉਚਾਰਨ ਇਸ ਭਾਂਤ ਦਾ ਹੁੰਦਾ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3821, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First