ਕੋਸ਼ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕੋਸ਼ : ‘ਕੋਸ਼’ ਸ਼ਬਦ ਪ੍ਰਾਚੀਨ ਵੈਦਿਕ ਅਤੇ ਲੌਕਿਕ ਸਾਹਿਤ ਵਿੱਚ ਅਨੇਕ ਅਰਥਾਂ ਦੇ ਭਾਵ ਪ੍ਰਗਟਾਉਣ ਲਈ ਵਰਤਿਆ ਜਾਂਦਾ ਰਿਹਾ ਹੈ। ਪਰ ਅਧਿਕਤਰ, ਇਸ ਸ਼ਬਦ ਦੇ ਅਰਥ ਕੀਮਤੀ ਵਸਤਾਂ ਦੇ ਸੰਗ੍ਰਹਿ ਵਜੋਂ ਹੁੰਦੇ ਰਹੇ ਹਨ। ਧਨ-ਦੌਲਤ ਅਤੇ ਕੀਮਤੀ ਵਸਤਾਂ ਦੇ ਸੰਗ੍ਰਹਿ ਨੂੰ ‘ਕੋਸ਼’ ਕਹਿਣ ਤੋਂ ਹੀ ਸ਼ਬਦਾਂ ਦੇ ਸੰਗ੍ਰਹਿ ਨੂੰ ਸ਼ਬਦ- ਕੋਸ਼ ਦੀ ਸੰਗਿਆ ਦਿੱਤੀ ਜਾਣ ਲੱਗ ਪਈ। ਸ਼ਬਦ ਵੀ ਕਿਸੇ ਭਾਸ਼ਾ ਦੀ ਦੌਲਤ ਹੁੰਦੇ ਹਨ। ਸ਼ਬਦ-ਕੋਸ਼ ਜਾਂ ਕੋਸ਼ ਅੰਗਰੇਜ਼ੀ ਸ਼ਬਦ ‘ਡਿਕਸ਼ਨਰੀ’ ਦਾ ਪੰਜਾਬੀ ਬਦਲ ਹੈ।

     ਉਂਞ ਤਾਂ, ਕਿਸੇ ਵੀ ਭਾਸ਼ਾ ਦੀ ਸਮੁੱਚੀ ਸ਼ਬਦਾਵਲੀ ‘ਕੋਸ਼’ ਹੁੰਦੀ ਹੈ, ਪਰ ਸੀਮਿਤ ਸ਼ਬਦਾਂ ਨੂੰ ਅਰਥਾਂ ਸਹਿਤ ਕਿਸੇ ਕ੍ਰਮ ਵਿੱਚ ਰੱਖ ਕੇ, ਪੁਸਤਕ ਰੂਪ ਵਿੱਚ ਛਪੇ ਗ੍ਰੰਥ ਦਾ ਨਾਂ ਕੋਸ਼ ਹੁੰਦਾ ਹੈ। ਮੁੱਖ ਤੌਰ ਤੇ ਕੋਸ਼ ਵਿੱਚ ਸ਼ਬਦਾਂ ਦੇ ਅਰਥ ਹੁੰਦੇ ਹਨ। ਪਰ, ਵਾਧੂ ਜਾਣਕਾਰੀਆਂ ਦੇਣ ਵਾਲੇ ਕੋਸ਼ਾਂ ਦੀ ਆਪਣੀ-ਆਪਣੀ ਵਿਸ਼ੇਸ਼ਤਾ ਹੁੰਦੀ ਹੈ। ਕਿਸੇ ਕੋਸ਼ ਵਿੱਚ ਸ਼ਬਦਾਂ ਦਾ ਉਚਾਰਨ ਦਰਜ ਹੁੰਦਾ ਹੈ, ਕਿਸੇ ਵਿੱਚ ਨਹੀਂ, ਕਈਆਂ ਵਿੱਚ ਸ਼ਬਦਾਂ ਦੀ ਨਿਰੁਕਤੀ ਵੀ ਅੰਕਿਤ ਹੁੰਦੀ ਹੈ, ਕਈ ਕੋਸ਼ ਸ਼ਬਦਾਂ ਦੇ ਅੱਗੋਂ ਬਣੇ ਕਿਰਿਆ-ਰੂਪਾਂ ਆਦਿ ਦੀ ਜਾਣਕਾਰੀ ਵੀ ਦਿੰਦੇ ਹਨ; ਕਿਸੇ ਕੋਸ਼ ਵਿੱਚ ਵਿਸ਼ੇਸ਼ ਅਰਥਾਂ ਨੂੰ ਦਰਸਾਉਂਦੇ ਵਾਕਾਂ ਦੇ ਉਦਾਹਰਨ ਦਰਜ ਹੁੰਦੇ ਹਨ। ਇਹਨਾਂ ਵਾਧੂ ਜਾਣਕਾਰੀਆਂ ਸਦਕਾ ਹੀ ਕੋਸ਼ਾਂ ਦੀ ਵਿਸ਼ੇਸ਼ਤਾ ਜਾਣੀ ਜਾਂਦੀ ਹੈ।

     ਅਸਲ ਵਿੱਚ, ਇਹਨਾਂ ਕੋਸ਼ਾਂ ਦੇ ਆਕਾਰ ਅਤੇ ਪ੍ਰਕਾਰ ਪਿੱਛੇ ਕੋਸ਼ ਦਾ ਉਦੇਸ਼ ਕੀ ਹੈ, ਇਹ ਮਹੱਤਵਪੂਰਨ ਹੁੰਦਾ ਹੈ। ਕੋਸ਼ ਕਿਨ੍ਹਾਂ ਪਾਠਕਾਂ/ਵਿਦਵਾਨਾਂ/ ਵਿਦਿਆਰਥੀਆਂ ਦੀ ਅਤੇ ਕਿਸ ਤਰ੍ਹਾਂ ਦੀ ਜ਼ਰੂਰਤ ਪੂਰੀ ਕਰੇਗਾ, ਇਸ ਗੱਲ ਨੂੰ ਮੁੱਖ ਤੌਰ ਤੇ ਧਿਆਨ ਵਿੱਚ ਰੱਖਿਆ ਜਾਂਦਾ ਹੈ। ਇਸ ਲਈ ਵੱਡੇ ਤੋਂ ਵੱਡੇ ਕੋਸ਼, ਕਈ-ਕਈ ਜਿਲਦਾਂ ਵਿੱਚ ਪ੍ਰਕਾਸ਼ਿਤ ਹੋਏ ਮਿਲਦੇ ਹਨ ਅਤੇ ਛੋਟੇ ਤੋਂ ਛੋਟੇ ਕੋਸ਼ ਜੇਬੀ ਆਕਾਰ ਦੇ ਵੀ ਛਾਪੇ ਜਾਂਦੇ ਹਨ। ਹਰ ਭਾਸ਼ਾ ਵਿੱਚ ਸ਼ਬਦ ਤਾਂ ਬੇਅੰਤ ਹੁੰਦੇ ਹਨ, ਪਰ ਸਕੂਲ ਪੜ੍ਹਦੇ ਬੱਚਿਆਂ ਲਈ ਉਹਨਾਂ ਦੀਆਂ ਪਾਠ-ਪੁਸਤਕਾਂ ਦੀ ਸ਼ਬਦਾਵਲੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਕੋਸ਼ ਸੀਮਿਤ ਸ਼ਬਦਾਵਲੀ ਵਾਲਾ ਹੁੰਦਾ ਹੈ। ਅਜਿਹੇ ਕੋਸ਼ਾਂ ਵਿੱਚ ਸੀਮਿਤ ਅਰਥਾਂ ਤੋਂ ਇਲਾਵਾ ਹੋਰ ਜਾਣਕਾਰੀ ਨਾਂ-ਮਾਤਰ ਹੀ ਹੁੰਦੀ ਹੈ।

     ਕੋਸ਼ ਜਾਂ ਡਿਕਸ਼ਨਰੀ ਵਿੱਚ ਦਰਜ ਕੀਤੇ ਸ਼ਬਦਾਂ ਨੂੰ ਕਿਸੇ ਵਿਸ਼ੇਸ਼ ਤਰਤੀਬ ਵਿੱਚ ਅੰਕਿਤ ਕੀਤਾ ਜਾਂਦਾ ਹੈ। ਭਾਸ਼ਾ ਦੀ ਵਰਨਮਾਲਾ `ਤੇ ਆਧਾਰਿਤ ਅੱਖਰ-ਕ੍ਰਮ ਕੋਸ਼-ਰਚਨਾ ਲਈ ਸਭ ਤੋਂ ਵੱਧ ਕਾਰਗਰ ਤਰੀਕਾ ਹੈ। ਇਸ ਤਰਤੀਬ ਨਾਲ ਕੋਸ਼ ਵਿੱਚੋਂ ਲੋੜੀਂਦਾ ਸ਼ਬਦ ਅਤੇ ਉਸ ਦੇ ਅਰਥ ਸੌਖਿਆਂ ਹੀ ਲੱਭ ਜਾਂਦੇ ਹਨ। ਇਸ ਪ੍ਰਕਾਰ ਤਰਤੀਬ ਵਿੱਚ ਰੱਖੇ ਸ਼ਬਦਾਂ ਅਤੇ ਉਹਨਾਂ ਨਾਲ ਸੰਬੰਧਿਤ ਜਾਣਕਾਰੀ ਅਤੇ ਅਰਥਾਂ ਨੂੰ ਇੰਦਰਾਜ ਕਹਿੰਦੇ ਹਨ। ਕੋਸ਼ ਵਿੱਚ ਹਰ ਇੰਦਰਾਜ ਦੇ ਦੋ ਭਾਗ ਹੁੰਦੇ ਹਨ। ਪਹਿਲਾ, ਸ਼ਬਦ-ਭਾਗ, ਜਿਸਦਾ ਤਕਨੀਕੀ ਨਾਂ ‘ਲੈਮਾ’ ਹੈ, ਤੇ ਦੂਜਾ ਅਰਥ-ਭਾਗ। ਸ਼ਬਦ-ਭਾਗ ਵਿੱਚ ਮੁੱਖ ਸ਼ਬਦ, ਉਸ ਦਾ ਉਚਾਰਨ, ਉਸ ਸ਼ਬਦ ਦੀ ਵਿਆਕਰਨ ਦਾ ਸੰਕੇਤ (ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ ਆਦਿ), ਉਸ ਦੀ ਸੰਖੇਪ ਨਿਰੁਕਤੀ ਅਤੇ ਹੋਰ ਅੱਗੋਂ ਬਣਨ ਵਾਲੇ ਕਿਰਿਆ ਰੂਪਾਂ ਦਾ ਸੰਕੇਤ ਦਰਜ ਹੁੰਦਾ ਹੈ। ਅਰਥ-ਭਾਗ ਵਿੱਚ ਸ਼ਬਦ ਦੇ ਅਰਥ ਅੰਕਿਤ ਹੁੰਦੇ ਹਨ। ਅਰਥਾਂ ਨੂੰ ਸਪਸ਼ਟ ਕਰਨ ਲਈ, ਕਈ ਵਾਰ, ਪ੍ਰਸੰਗ-ਵਾਕ ਵੀ ਅੰਕਿਤ ਕੀਤਾ ਹੁੰਦਾ ਹੈ। ਵਿਉਂਤਪਤ ਸ਼ਬਦਾਂ ਅਤੇ ਸ਼ਬਦ ਨਾਲ ਸੰਬੰਧਿਤ ਮੁਹਾਵਰੇ, ਅਖਾਣ ਆਦਿ ਨੂੰ ਉਪ- ਇੰਦਰਾਜ ਵਜੋਂ ਲਿਖਿਆ ਜਾਂਦਾ ਹੈ।

     ਕੋਸ਼ ਅਨੇਕ ਪ੍ਰਕਾਰ ਦੇ ਹੋ ਸਕਦੇ ਹਨ। ਇੱਕੋ ਭਾਸ਼ਾ ਦਾ (ਪੰਜਾਬੀ ਤੋਂ ਪੰਜਾਬੀ, ਅੰਗਰੇਜ਼ੀ ਤੋਂ ਅੰਗਰੇਜ਼ੀ ਜਾਂ ਹਿੰਦੀ ਤੋਂ ਹਿੰਦੀ) ਸਮਭਾਸ਼ੀ ਕੋਸ਼, ਦੋ ਭਾਸ਼ਾਵਾਂ ਦਾ ਦੁਭਾਸ਼ੀ ਕੋਸ਼ ਅਤੇ ਦੋ ਤੋਂ ਵੱਧ ਭਾਸ਼ਾਵਾਂ ਵਾਲੀ ਡਿਕਸ਼ਨਰੀ ਨੂੰ ਬਹੁ-ਭਾਸ਼ੀ ਕੋਸ਼ ਕਹਿੰਦੇ ਹਨ। ਇਸੇ ਤਰ੍ਹਾਂ ਉਪਯੋਗਤਾ ਤੇ ਆਧਾਰਿਤ ਅਕਾਦਮਿਕ-ਕੋਸ਼, ਸੰਦਰਭ-ਕੋਸ਼, ਪਰਿਆਇ-ਕੋਸ਼, ਵਿਆਖਿਆ-ਕੋਸ਼, ਵਿਚਾਰ-ਕੋਸ਼ ਆਦਿ ਰਚੇ ਜਾਂਦੇ ਹਨ। ਵੱਖ-ਵੱਖ ਵਿਸ਼ਿਆਂ ਦੀ ਸ਼ਬਦਾਵਲੀ ਤੇ ਆਧਾਰਿਤ ਵਿਸ਼ਾ-ਕੋਸ਼ ਅਤੇ ਪਰਿਭਾਸ਼ਾ- ਕੋਸ਼ ਹੁੰਦੇ ਹਨ। ਕਿਸੇ ਭਾਸ਼ਾ ਦੇ ਸ਼ੁੱਧ ਉਚਾਰਨ ਅਤੇ ਸ਼ਬਦ-ਜੋੜ ਨਿਸ਼ਚਿਤ ਕਰਨ ਲਈ ਉਚਾਰਨ-ਕੋਸ਼ ਅਤੇ ਸ਼ਬਦ-ਜੋੜ ਕੋਸ਼ ਬਣਾਏ ਜਾਂਦੇ ਹਨ। ਛੋਟੇ ਬੱਚਿਆਂ ਲਈ ਬਾਲ-ਕੋਸ਼ ਤੇ ਚਿੱਤਰ-ਕੋਸ਼, ਵਿਦਿਆਰਥੀਆਂ/ ਸਿੱਖਿਆਰਥੀਆਂ ਲਈ ਸਿੱਖਿਆਰਥੀ ਕੋਸ਼ ਵੀ ਰਚੇ ਜਾਂਦੇ ਹਨ।ਆਪਣੀ ਭਾਸ਼ਾ ਸਿੱਖਣ ਵਾਲੇ ਸਿੱਖਿਆਰਥੀਆਂ ਲਈ ਬਣੇ ਕੋਸ਼, ਦੂਜੀ ਭਾਸ਼ਾ ਸਿੱਖਣ ਵਾਲੇ ਸਿੱਖਿਆ- ਰਥੀਆਂ ਵਾਲੇ ਕੋਸ਼ਾਂ ਤੋਂ ਭਿੰਨ ਹੁੰਦੇ ਹਨ। ਭਾਵੇਂ ਵੱਡੇ ਕੋਸ਼ਾਂ ਵਿੱਚ ਵੀ ਤਸਵੀਰਾਂ, ਖ਼ਾਕੇ, ਨਕਸ਼ੇ ਆਦਿ ਥਾਂ-ਥਾਂ ਅੰਕਿਤ ਕੀਤੇ ਹੁੰਦੇ ਹਨ, ਪਰ ਬਾਲ-ਕੋਸ਼ਾਂ ਵਿੱਚ ਇਹਨਾਂ ਤਸਵੀਰਾਂ ਆਦਿ ਦਾ ਮਹੱਤਵ ਅਧਿਕ ਹੁੰਦਾ ਹੈ। ਚਿੱਤਰ- ਕੋਸ਼ ਵਿੱਚ ਤਸਵੀਰਾਂ ਦੀ ਮੁੱਖ ਭੂਮਿਕਾ ਹੋਣ ਕਰ ਕੇ, ਸ਼ਬਦਾਂ ਦਾ ਅੱਖਰ-ਕ੍ਰਮ ਨਹੀਂ ਹੁੰਦਾ, ਹਰ ਚਿੱਤਰ ਨਾਲ ਸੰਬੰਧਿਤ ਸ਼ਬਦਾਂ ਨੂੰ ਅੰਕਾਂ ਨਾਲ ਦਰਸਾ ਕੇ ਅਰਥ ਦਰਜ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਥਿਸਾਰਸ ਵਿੱਚ ਵੀ ਸੰਕਲਪ ਆਧਾਰਿਤ ਤਰਤੀਬ ਹੁੰਦੀ ਹੈ। ਅਜਿਹੇ ਕੋਸ਼ਾਂ ਦੇ ਅਖੀਰ ਵਿੱਚ ਸ਼ਬਦਾਂ ਦਾ ਇੰਡੈਕਸ ਅੱਖਰ-ਕ੍ਰਮ ਵਿੱਚ ਦਰਜ ਕੀਤਾ ਜਾਂਦਾ ਹੈ। ਵੱਖ-ਵੱਖ ਖੇਤਰਾਂ ਦੇ ਗਿਆਨ ਨੂੰ ਵਿਆਖਿਆਤਮਿਕ ਢੰਗ ਨਾਲ ਅੰਕਿਤ ਕਰ ਕੇ ਗਿਆਨ ਕੋਸ਼ (ਵਿਸ਼ਵ-ਕੋਸ਼) ਤਿਆਰ ਕੀਤੇ ਜਾਂਦੇ ਹਨ। ਵਿਸ਼ਵ-ਕੋਸ਼ਾਂ ਦੀ ਸਮਗਰੀ ਭਾਵੇਂ ਵਿਸਤ੍ਰਿਤ ਲੇਖਾਂ ਵਿੱਚ ਦਰਜ ਹੁੰਦੀ ਹੈ, ਪਰ ਇਹਨਾਂ ਦੇ ਇੰਦਰਾਜ ਸੰਬੰਧਿਤ ਭਾਸ਼ਾ ਦੇ ਅੱਖਰ-ਕ੍ਰਮ ਅਨੁਸਾਰ ਹੀ ਦਰਜ ਕੀਤੇ ਜਾਂਦੇ ਹਨ।

     ਪੰਜਾਬੀ ਵਿੱਚ ਸਭ ਤੋਂ ਪਹਿਲਾਂ-ਪਹਿਲ ਗੁਰਬਾਣੀ ਦੇ ਪਰਿਆਇ ਕੋਸ਼ਾਂ ਦੀ ਰਚਨਾ ਅਰੰਭ ਹੋਈ ਸੀ। ਭਾਰਤ ਵਿੱਚ ਅੰਗਰੇਜ਼ਾਂ ਦੇ ਆਉਣ ਨਾਲ ਭਾਰਤੀ ਭਾਸ਼ਾਵਾਂ ਦੇ ਕੋਸ਼ਾਂ ਨੂੰ ਵਿਗਿਆਨਿਕ ਲੀਹਾਂ ਤੇ ਸਿਰਜਿਆ ਜਾਣ ਲੱਗਿਆ ਹੈ। ਗੁਰਬਾਣੀ ਕੋਸ਼ਾਂ ਵਿੱਚ ਭਾਈ ਵੀਰ ਸਿੰਘ ਰਚਿਤ ਸ੍ਰੀ ਗੁਰੂ ਗ੍ਰੰਥ ਕੋਸ਼ (ਤਿੰਨ ਜਿਲਦਾਂ), ਭਾਈ ਕਾਨ੍ਹ ਸਿੰਘ ਨਾਭਾ ਦਾ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਅਤੇ ਭਾਸ਼ਾ ਕੋਸ਼ਾਂ ਵਿੱਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਿਤ ਪੰਜਾਬੀ ਕੋਸ਼ ਪ੍ਰਸਿੱਧ ਹਨ। ਈਸਾਈ ਪਾਦਰੀਆਂ ਵੱਲੋਂ ਤਿਆਰ ਕੀਤੇ ਉਪਭਾਸ਼ਾ ਕੋਸ਼ਾਂ ਤੋਂ ਇਲਾਵਾ, ਲੁਧਿਆਣਾ ਮਿਸ਼ਨ ਦੀ ਪੰਜਾਬੀ ਡਿਕਸ਼ਨਰੀ ਅਤੇ ਮੱਈਆ ਸਿੰਘ ਦੀ ਪੰਜਾਬੀ ਡਿਕਸ਼ਨਰੀ ਹੈ। ਅੰਗਰੇਜ਼ੀ-ਪੰਜਾਬੀ ਦੁਭਾਸ਼ੀ ਕੋਸ਼ਾਂ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਅੰਗਰੇਜ਼ੀ-ਪੰਜਾਬੀ ਕੋਸ਼ ਅਤੇ ਪੰਜਾਬ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਵੱਲੋਂ ਪ੍ਰਕਾਸ਼ਿਤ ਇੰਗਲਿਸ਼-ਪੰਜਾਬੀ ਡਿਕਸ਼ਨਰੀ ਵਰਣਨਯੋਗ ਹਨ। ਪੰਜਾਬੀ ਦੇ ਵਿਭਿੰਨ ਕੋਸ਼ਾਂ ਦੀ ਵਿਸਤ੍ਰਿਤ ਸੂਚੀ ਪਰਮਜੀਤ ਸਿੰਘ ਨੇ ਆਪਣੀ ਪੁਸਤਕ ਕੋਸ਼ਕਾਰੀ-ਕਲਾ ਅਤੇ ਪੰਜਾਬੀ ਕੋਸ਼ਕਾਰੀ ਦੀਆਂ ਅੰਤਿਕਾ ੳ, ਅ, ੲ ਵਿੱਚ ਦਰਜ ਕੀਤੀ ਹੈ।

     ਹਰ ਕੋਸ਼ ਦੇ ਅਰੰਭ ਵਿੱਚ ਕੋਸ਼ ਦੀ ਵਰਤੋਂ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਹੁੰਦੀ ਹੈ। ਜੇ ਕੋਸ਼ ਵਿੱਚ ਸ਼ਬਦਾਂ ਦਾ ਉਚਾਰਨ ਦਰਜ ਹੋਵੇ ਤਾਂ ਉਚਾਰਨ ਨੂੰ ਵਾਚਣ ਲਈ ਵਿਸ਼ੇਸ਼ ਕੁੰਜੀ ਵੀ ਮੁਢਲੇ ਪੰਨਿਆਂ ਉਪਰ ਅੰਕਿਤ ਕੀਤੀ ਹੁੰਦੀ ਹੈ, ਜਿਸ ਦੀ ਸਹਾਇਤਾ ਨਾਲ ਸ਼ਬਦ ਦਾ ਸ਼ੁੱਧ ਉਚਾਰਨ ਜਾਣਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਕੋਸ਼ ਵਿੱਚ ਵਰਤੇ ਗਏ ਸੰਖੇਪਾਂ, ਚਿੰਨ੍ਹਾਂ, ਵਿਰਾਮ-ਚਿੰਨ੍ਹਾਂ ਦਾ ਵੇਰਵਾ ਆਦਿ ਅੰਕਿਤ ਕਰ ਕੇ ਕੋਸ਼ ਦੀ ਵਰਤੋਂ ਨੂੰ ਸਹਿਲ ਬਣਾਇਆ ਜਾਂਦਾ ਹੈ। ਕਈ ਸ਼ਬਦ-ਕੋਸ਼ਾਂ ਦੇ ਅੰਤ ਵਿੱਚ ਵਿਸ਼ੇਸ਼ ਪੰਨਿਆਂ ਉੱਪਰ ਦੇਸੀ-ਵਿਦੇਸ਼ੀ ਮਾਪ ਅਤੇ ਤੋਲ ਦੇ ਵੇਰਵੇ, ਵਿਭਿੰਨ ਵਿਗਿਆਨਿਕ ਵਿਸ਼ਿਆਂ ਨਾਲ ਸੰਬੰਧਿਤ ਵਿਗਿਆਨਿਕ ਚਿੰਨ੍ਹ, ਸੰਸਾਰ ਭਰ ਦੇ ਮੁਲਕਾਂ ਦੇ ਨਾਂ ਅਤੇ ਉਹਨਾਂ ਦੀਆਂ ਰਾਜਧਾਨੀਆਂ ਦੇ ਨਾਂ, ਇਹਨਾਂ ਦੇਸ਼ਾਂ ਦੀ ਮੁਦਰਾ ਆਦਿ ਅੰਤਿਕਾ ਵਜੋਂ ਦਰਜ ਹੁੰਦੇ ਹਨ। ਅੰਗਰੇਜ਼ੀ ਦੇ ਕਈ ਕੋਸ਼ਾਂ ਨੇ ਤਾਂ ਅੰਗਰੇਜ਼ੀ ਭਾਸ਼ਾ ਵਿੱਚ ਨਵੇਂ ਆਏ ਸ਼ਬਦਾਂ ਦੀਆਂ ਸੂਚੀਆਂ ਦੇਣ ਦੀ ਪਿਰਤ ਵੀ ਪਾਈ ਹੈ।

     ਇਸ ਪ੍ਰਕਾਰ, ਸ਼ਬਦ-ਕੋਸ਼ ਭਾਸ਼ਾ ਦੇ ਹਰ ਪੱਖ ਨਾਲ ਵਾਬਸਤਾ ਹੁੰਦਾ ਹੈ। ਕੋਸ਼ ਬਣਾਉਣ ਵਾਲੇ ਵਿਦਵਾਨ ਨੂੰ ‘ਕੋਸ਼ਕਾਰ’ ਕਿਹਾ ਜਾਂਦਾ ਹੈ ਅਤੇ ਕੋਸ਼ ਬਣਾਉਣ ਦੇ ਅਮਲ ਨੂੰ ‘ਕੋਸ਼ਕਾਰੀ’। ਕੋਸ਼ਕਾਰੀ ਦੇ ਸਿਧਾਂਤਿਕ ਪੱਖ ਨੂੰ ‘ਕੋਸ਼-ਵਿਗਿਆਨ’ ਆਖਦੇ ਹਨ।


ਲੇਖਕ : ਅਜਮੇਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 83212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕੋਸ਼ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਸ਼ [ਨਾਂਪੁ] ਪੁਸਤਕ ਜਿਸ ਵਿੱਚ ਅੱਖਰ-ਮਾਤਰਾ ਕ੍ਰਮ ਅਨੁਸਾਰ ਸ਼ਬਦ ਇਕੱਤਰ ਕੀਤੇ ਹੋਣ ਅਤੇ ਉਹਨਾਂ ਦੇ ਉਚਾਰਨ ਵਿਆਕਰਨ ਅਤੇ ਅਰਥਾਂ ਆਦਿ ਸੰਬੰਧੀ ਜਾਣਕਾਰੀ ਦਿੱਤੀ ਹੋਵੇ,

ਡਿਕਸ਼ਨਰੀ, ਲੁਗ਼ਤ; ਖ਼ਜ਼ਾਨਾ, ਭੰਡਾਰ; ਮਿਆਨ , ਤਲਵਾਰ ਆਦਿ ਦਾ ਖੋਲ; ਥੈਲੀ, ਗੁੱਥਲੀ; ਢੇਰ; ਢੱਕਣ; ਸਮੂਹ; ਧਨ , ਦੌਲਤ; ਫਲ਼ ਦੀ ਗੁਠਲੀ; ਪਤਾਲੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 83077, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੋਸ਼ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਕੋਸ਼ : ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਭਾਂਡਾ, ਡੱਬਾ, ਢੋਲ, ਭੰਡਾਰ, ਖਜ਼ਾਨਾ, ਨਾਮ-ਮਾਲਾ, ਸ਼ਬਦ-ਸੰਗ੍ਰਹਿ ਆਦਿ ਹੈ। ਅੰਗਰੇਜ਼ੀ ਵਿਚ ਇਸ ਦਾ ਸਮਾਨਰਥਕ ਸ਼ਬਦ ਡਿਕਸ਼ਨਰੀ ਹੈ। ਆਧੁਨਿਕ ਸਮੇਂ ਵਿਚ ਕੋਸ਼ ਦਾ ਭਾਵ ਉਹ ਸ਼ਬਦ-ਸੰਗ੍ਰਹਿ ਹੈ ਜਿਸ ਵਿਚ ਭਾਸ਼ਾ ਦੀ ਕੁੱਲ ਬੁਨਿਆਦੀ ਸਮੱਗਰੀ ਅਰਥਾਤ ਸ਼ਬਦ-ਧਾਤੂ ਅਤੇ ਪ੍ਰਤਿਭਾ ਆਪਣੇ ਵਰਣ-ਕ੍ਰਮ ਜਾਂ ਹੋਰ ਕਿਸੇ ਅਜਿਹੇ ਕ੍ਰਮ-ਅਨੁਸਾਰ ਦਰਜ ਹੋਵੇ, ਜਿਸ ਵਿਚੋਂ ਲੋੜੀਂਦਾ ਸ਼ਬਦ, ਕੋਸ਼ ਵਿਚੋਂ ਤੁਰਤ ਲੱਭਿਆ ਜਾ ਸਕੇ। ਸ਼ਬਦਾਂ ਨਾਲ ਉਨ੍ਹਾਂ ਦੇ ਅਰਥ ਅਤੇ ਵਰਤੋਂ ਉਸੇ ਜਾਂ ਹੋਰ ਕਿਸੇ ਭਾਸ਼ਾ ਵਿਚ ਦੱਸੇ ਹੁੰਦੇ ਹਨ। ਅਰਥਾਂ ਤੋਂ ਇਲਾਵਾ ਕੋਸ਼ ਵਿਚ ਸ਼ਬਦਾਂ ਬਾਰੇ ਹੋਰ ਬਹੁਤ ਸਾਰੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ ਜਿਵੇਂ ਸ਼ਬਦ ਦਾ ਸ਼ੁੱਧ ਉਚਾਰਣ, ਵਿਆਕਰਣਕ ਵਿਸ਼ੇਸ਼ਤਾ, ਨਿਰੁਕਤੀ ਜਾਂ ਵਿਉਤਪਤੀ, ਵਰਤੋਂ ਸੂਚਕ ਟੂਕਾਂ, ਉਸ ਨਾਲ ਬਣੇ ਸ਼ਬਦ-ਸਮਾਸ, ਮੁਹਾਵਰੇ, ਸਮਾਨਾਰਥ, ਵਿਪਰੀਤਾਰਥ, ਉਪ-ਬੋਲੀਆਂ ਦੇ ਰੂਪ ਆਦਿ। ਜਿਸ ਕੋਸ਼ ਵਿਚ ਉਪਰੋਕਤ ਗੁਣ ਹੋਣ ਉਸ ਨੂੰ ਸੰਪੂਰਨ ਕੋਸ਼ ਆਖਿਆ  ਜਾਂਦਾ ਹੈ। ਇਹ ਬਹੁਤ ਸਾਰੇ ਵਿਦਵਾਨਾਂ ਜਾਂ ਸੰਸਥਾਵਾਂ ਦੀ ਲੰਮੀ ਘਾਲਣਾ ਮਗਰੋਂ ਤਿਆਰ ਹੁੰਦਾ ਹੈ। ਅਜਿਹਾ ਕੋਸ਼ ਆਪਣੀ ਭਾਸ਼ਾ ਦੀ ਮਰਦਮ-ਸ਼ੁਮਾਰੀ ਹੈ ਜਿਸ ਵਿਚ ਉਸ ਭਾਸ਼ਾ ਦੇ ਕੁੱਲ ਸ਼ਬਦਾਂ ਦਾ ਵੇਰਵਾ ਦਰਜ ਹੁੰਦਾ ਹੈ। ਇਹ ਰਾਹੀਂ ਭਾਸ਼ਾ ਦੇ ਵਿਕਾਸ ਕ੍ਰਮ ਅਤੇ ਭਾਸ਼ਾ ਦੇ ਇਤਿਹਾਸ ਨੂੰ ਜਾਣਿਆ ਜਾ ਸਕਦਾ ਹੈ।

          ਕੋਸ਼ ਦੀ ਮੁੱਖ ਵਰਤੋਂ ਓਪਰੀ ਭਾਸ਼ਾ ਸਿੱਖਣ ਲਈ ਕੀਤੀ ਜਾਂਦੀ ਹੈ। ਅਪ੍ਰਚੱਲਤ ਸ਼ਬਦਾਂ ਦੇ ਅਰਥ ਜਾਣਨ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਸ਼ਬਦਾਂ ਦੇ ਸੰਗ੍ਰਹਿ ਨੂੰ ਨਿਘੰਟੂ ਜਾਂ ਫਰਹੰਗ ਆਖਦੇ ਹਨ। ਸੰਸਕ੍ਰਿਤ ਦਾ ਸਭ ਤੋਂ ਪੁਰਾਣਾ ਕੋਸ਼ ਅਮਰਕੋਸ਼ ਹੈ ਜਿਸ ਵਿਚ ਪਹਿਲਾਂ ਦੇਵ ਵਰਗ ਹਦਾ। ਇਸ ਵਿਚ ਪਰਮਾਤਮਾ ਦੇ ਦੇਵਤਿਆਂ ਦੇ ਨਾਮ, ਨਰਕ ਸਵਰਗ ਆਦਿ ਨਾਲ ਸਬੰਧਤ ਸ਼ਬਦਾਵਲੀ ਹੈ। ਫਿਰ ਨਰ ਵਰਗ ਹੈ ਜਿਸ ਵਿਚ ਰਾਜਾ, ਮੰਤਰੀ, ਸੈਨਾ ਆਦਿ ਨਾਲ ਸਬੰਧਤ ਸ਼ਬਦਾਵਲੀ ਹੈ। ਆਦਮੀ ਦੇ ਅੰਗਾਂ, ਉਪ-ਅੰਗਾ ਦੇ ਨਾਮ ਹਨ। ਫਿਰ ਧਰਾਤੀ, ਵਰਨ, ਬਨਸਪਤੀ ਵਰਗ ਆਦਿ ਹਨ।

          ਕੋਸ਼ ਵਿਚ ਜਿਸ ਸ਼ਬਦ ਦਾ ਬਿਆਨ ਕਰਨਾ ਹੋਵੇ ਉਸ ਦਾ ਕੱਚਾ ਰੂਪ ਰੱਖਿਆ ਜਾਂਦਾ ਹੈ। ਸੰਸਕ੍ਰਿਤ ਵਿਚ ਨਾਮ ਦੇ ਵਿਸ਼ੇਸ਼ਣ ਦੇ ਕੱਚੇ ਰੂਪਾਂ ਨੂੰ ਪਰਾਤੀ ਪਦਕ ਆਖਦੇ ਹਨ ਅਤੇ ਕਿਰਿਆ ਦੇ ਅਜਿਹੇ ਰੂਪ ਨੂੰ ਧਾਤੂ ਆਖਦੇ ਹਨ। ਇਸ ਲਈ ਕੋਸ਼ ਵਿਚ ਪਰਤੀਪਾਦਕ ਅਤੇ ਧਾਤੂ ਦੇ ਸਿਰਲੇਖ ਅਧੀਨ ਉਸ ਤੋਂ ਬਣੇ ਦੂਜੇ ਸ਼ਬਦ ਲਿਖੇ ਜਾਂਦੇ ਹਨ। ਕੋਸ਼ ਵਿਚ ਸ਼ਬਦਾਂ ਦੀ ਵਿਆਕਰਣਕ ਵਿਸ਼ੇਸ਼ਤਾ ਦਿੱਤੀ ਜਾਂਦੀ ਹੈ। ਸ਼ਬਦ ਦਾ ਪਿਛਲਾ ਇਤਿਹਾਸ ਦਿੱਤਾ ਜਾਂਦਾ ਹੈ ਜਿਸ ਨੂੰ ਵਿਉਂਤਪਤੀ/ਨਿਰੁਕਤੀ ਆਖਿਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਸ਼ਬਦਾਂ ਦੇ ਅਰਥਾਂ ਦਾ ਨਿਸ਼ਚਾ ਕਰਨ ਵਿਚ ਬੜੀ ਸਹਾਇਤਾ ਮਿਲਦੀ ਹੈ ਜਿਨ੍ਹਾਂ ਦੀ ਹੋਂਦ ਸ਼ੱਕੀ ਹੋਵੇ। ਸ਼ਬਦਾਂ ਦੇ ਮੁਢਲੇ ਅਰਥ ਦਾ ਨਿਸ਼ਚਾ ਹੋ ਜਾਣ ਤੇ ਪਿਛਲੇ ਅਰਥਾਂ ਦੀ ਤਰਤੀਬ ਸੌਖੀ ਹੋ ਜਾਂਦੀ ਹੈ। ਸ਼ਬਦਾਂ ਦੇ ਤਿੰਨੇ ਪ੍ਰਕਾਰ ਅਭਿਧਾ ਮੂਲਕ, ਲਕਸ਼ਣਾ ਮੂਲਕ ਤੇ ਵਿਅੰਜਨਾ ਮੂਲਕ ਅਰਥ ਦਿੱਤੇ ਜਾਂਦੇ ਹਨ। ਸ਼ਬਦਾਂ ਨਾਲ ਸਬੰਧਤ ਮੁਹਾਵਰੇ ਵੀ ਦਿੱਤੇ ਜਾਂਦੇ ਹਨ। ਉਨ੍ਹਾਂ ਸ਼ਬਦਾਂ ਦੇ ਸਮਾਨਾਰਥਕ ਤੇ ਵਿਪਰੀਤਾਰਥਕ ਸ਼ਬਦ ਵੀ ਦਿੱਤੇ ਜਾਂਦੇ ਹਨ। ਕੋਸ਼ ਵਿਚ ਬਹੁ-ਰੂਪ ਵਾਲੇ ਤੇ ਅਨੇਕ ਅਰਥਾਂ ਵਾਲੇ ਸ਼ਬਦ ਦਾ ਨਿਰਣਾ ਕੀਤਾ ਗਿਆ ਹੁੰਦਾ ਹੈ। ਇਸ ਵਿਚ ਅਪ੍ਰਚੱਲਤ ਸ਼ਬਦ ਦੇਣੇ ਜ਼ਰੂਰੀ ਹਨ ਤਾਂ ਕਿ ਪੁਰਾਤਨ ਗ੍ਰੰਥਾਂ ਵਿਚ ਜਿਥੇ ਉਨ੍ਹਾਂ ਦਾ ਪ੍ਰਯੋਗ ਹੋਇਆ ਹੋਵੇ, ਸਮਝਣ ਲਈ ਔਕੜ ਨਾ ਆਵੇ। ਉਪ ਭਾਸ਼ਾਵਾਂ ਦੇ ਸ਼ਬਦ, ਜਾਤੀ ਵਿਸ਼ੇਸ਼ ਤੇ ਕਿੱਤਾ ਵਿਸ਼ੇਸ਼ ਵਿਚ ਪ੍ਰਚੱਲਤ ਸ਼ਬਦਾਂ ਸਾਹਮਣੇ ਬ੍ਰੈਕਟ ਵਿਚ ਸੰਕੇਤ ਦੇ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕੋਸ਼ ਵਰਤਣ ਵਾਲੇ ਨੂੰ ਸ਼ਬਦ ਦੇ ਅਰਥ ਸਮਝਣ ਵਿਚ ਔਕੜ ਨਹੀਂ ਆਉਂਦੀ।

          ਪੰਜਾਬੀ ਕੋਸ਼ਕਾਰੀ ਦਾ ਆਰੰਭ ਈਸਾਈ-ਮਿਸ਼ਨਰੀਆਂ ਦੇ ਕੋਸ਼ਾਂ ਨਾਲ ਹੁੰਦਾ ਹੈ ਜਿਨ੍ਹਾਂ ਨੇ ਅੰਗਰੇਜ਼ੀ ਪੈਟਰਨ ਤੇ ਪੰਜਾਬੀ ਵਿਚ ਕੋਸ਼ ਤਿਆਰ ਕਰਨ ਦਾ ਔਖਾ ਕਾਰਜ ਆਪਣੇ ਹੱਥ ਵਿਚ ਲਿਆ। ਪੰਜਾਬੀ ਡਿਕਸ਼ਨਰੀ 1854 ਵਿਚ ਲੁਧਿਆਣਾ ਮਿਸ਼ਨ ਨੇ ਪ੍ਰਕਾਸ਼ਿਤ ਕੀਤੀ। ਇਸ ਦਾ ਸੰਪਾਦਕ ਰੈਵਰੈਂਡ ਅਲ ਜਾਨਵੀਰ ਸੀ। ਇਸ ਵਿਚ ਪੰਜਾਬੀ ਸ਼ਬਦ ਗੁਰਮੁਖੀ ਲਿਪੀ ਵਿਚ ਛਾਪੇ ਹੋਏੋ ਹਨ। ਸ਼ਬਦਾਂ ਦੀ ਵਿਆਕਰਣਕ ਵਿਸ਼ੇਸ਼ਤਾ ਦਰਸਾ ਕੇ ਅੰਗਰੇਜ਼ੀ ਵਿਚ ਅਰਥ ਦਿੱਤੇ ਹਨ। ਇਸ ਵਿਚ ਲਗਭਗ 25,000 ਸ਼ਬਦ ਹਨ।

          ਭਾਈ ਮਈਆ ਸਿੰਘ ਨੇ ਪੰਜਾਬੀ-ਅੰਗਰੇਜੀ ਡਿਕਸ਼ਨਰੀ ਬਣਾਈ ਜੋ 1895 ਵਿਚ ਛਪ ਕੇ ਤਿਆਰ ਹੋਈ। ਇਸ ਵਿਚ ਆਮ ਸ਼ਬਦਾਂ ਤੋਂ ਇਲਾਵਾ ਬਨਸਪਤੀ, ਦਵਾਈਆਂ, ਜੜੀ-ਬੂਟੀਆਂ ਆਦਿ ਨਾਲ ਸਬੰਧਤ ਸ਼ਬਦਾਵਲੀ ਵੀ ਦਿੱਤੀ ਗਈ ਹੈ।

          ਪੰਜਾਬੀ ਸ਼ਬਦ ਭੰਡਾਰ ਭਾਈ ਬਿਸ਼ਨ ਲਾਲ ਪੁਰੀ ਨੇ ਤਿਆਰ ਕੀਤਾ, ਜਿਸ ਵਿਚ ਅਸ਼ਲੀਲ ਸ਼ਬਦ ਨਹੀਂ ਦਿੱਤੇ ਗਏ। ਇਹ 1922 ਵਿਚ ਪ੍ਰਕਾਸ਼ਿਤ ਹੋਇਆ।

          ਸ੍ਰੀ ਗੁਰੂ ਗ੍ਰੰਥ-ਕੋਸ਼ ਖ਼ਾਲਸਾ ਟ੍ਰੈਕਟ ਸੁਸਾਇਟੀ ਅੰਮ੍ਰਿਤਸਰ ਨੇ ਪ੍ਰਕਾਸ਼ਿਤ ਕੀਤਾ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਸ਼ਬਦਾਂ ਦੀ ਵਿਉਤਪਤੀ ਤੇ ਅਰਥ ਦਿੱਤੇ ਗਏ ਹਨ। ਇਹ ਆਪਣੀ ਕਿਸਮ ਦਾ ਵਧੀਆ ਕੋਸ਼ ਹੈ।

          ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਤਿਆਰ ਕੀਤਾ ਜੋ ਸਿੱਖ ਸਾਹਿਤ ਅਤੇ ਇਤਿਹਾਸ ਦਾ ਮਹਾਨ ਕੋਸ਼ ਹੈ। ਇਸ ਵਿਚ ਸਿੱਖ ਧਾਰਮਿਕ ਗ੍ਰੰਥਾਂ ਤੋਂ ਇਲਾਵਾ ਪੁਰਾਤਨ ਸਿੱਖ ਸਾਹਿਤ ਵਿਚ ਆਏ ਸ਼ਬਦਾਂ ਦੇ ਅਰਥ ਦਿਤੇ ਗਏ ਹਨ ਤੇ ਨਿਰੁਕਤੀ ਵੀ ਦਿਤੀ ਗਈ ਹੈ।

          ਭਾਸ਼ਾ ਵਿਭਾਗ ਵੱਲੋਂ ਪੰਜਾਬੀ ਕੋਸ਼ ਤਿਆਰ ਕੀਤਾ ਗਿਆ ਹੈ ਜਿਸ ਵਿਚ ਲਗਭਗ ਪੰਜਾਬੀ ਦੀ ਹਰ ਪ੍ਰਕਾਰ ਦੀ ਸ਼ਬਦਾਵਲੀ ਸ਼ਾਮਲ ਕਰਨ ਦਾ ਯਤਨ ਕੀਤਾ ਗਿਆ ਹੈ। ਇਹ ਕੋਸ਼ 6 ਜਿਲਦਾਂ ਵਿਚ ਪ੍ਰਕਾਸ਼ਿਤ ਹੋ ਚੁੱਕਾ ਹੈ।

          ਇਸ ਤੋਂ ਇਲਾਵਾ ਪੰਜਾਬੀ-ਅੰਗਰੇਜ਼ੀ ਕੋਸ਼ ਵੀ ਤਿਆਰ ਕੀਤੇ ਗਏ ਜਿਨ੍ਹਾਂ ਵਿਚ ਪ੍ਰੋ : ਤੇਜਾ ਸਿੰਘ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਆਦਿ ਦੇ ਕੋਸ਼ ਵਰਣਨਯੋਗ ਹਨ।

          ਭਾਸ਼ਾ ਵਿਭਾਗ ਨੇ ਪੰਜਾਬੀ-ਹਿੰਦੀ, ਹਿੰਦੀ-ਪੰਜਾਬੀ, ਮੁਲਤਾਨੀ, ਪੋਠੇਹਾਰੀ ਆਦਿ ਉਪਭਾਸ਼ਾਵਾਂ ਦੇ ਕੋਸ਼ ਵੀ ਪ੍ਰਕਾਸ਼ਿਤ ਕੀਤੇ ਹਨ। ਜਿਉਂ ਜਿਉਂ ਪੰਜਾਬੀ ਭਾਸ਼ਾ ਦੀ ਪ੍ਰਗਤੀ ਲਈ ਯਤਨ ਤੇਜ਼ ਹੋਣਗੇ, ਵਿਦਵਾਨ ਅਤੇ ਸੰਸਥਾਵਾਂ ਕੋਸ਼ਕਾਰੀ ਵੱਲ ਹੋਰ ਧਿਆਨ ਦੇਣਗੀਆਂ। ਪੋਸਟ ਗ੍ਰੈਜੂਏਟ ਪੱਧਰ ਤੇ ਪੰਜਾਬੀ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਪਾਸੇ ਸਭ ਤੋਂ ਵੱਧ ਸ਼ਲਾਘਾਯੋਗ ਕੰਮ ਭਾਸ਼ਾ ਵਿਭਾਗ ਨੇ ਕੀਤਾ ਹੈ ਜਿਸ ਨੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਸ਼ਬਦਾਵਲੀਆਂ ਪ੍ਰਕਾਸ਼ਿਤ ਕੀਤੀਆਂ ਹਨ।

          ਹ. ਪੁ.– ਪੰ. ਕੋ. 1. ਭੂਮਿਕਾ (ਭਾ. ਵਿ. ਪੰ.)


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 64903, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no

ਕੋਸ਼ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਸ਼, (ਪ੍ਰਾਕ੍ਰਿਤ : कोस; ਸੰਸਕ੍ਰਿਤ : कोश√कुश्=ਸੰਗਰਹਿ ਕਰਨਾ) \ ਪੁਲਿੰਗ : ੧. ਜਿਸ ਪੁਸਤਕ ਵਿੱਚ ਕ੍ਰਮ ਅਨੁਸਾਰ ਸ਼ਬਦ ਇਕੱਠੇ ਕੀਤੇ ਹੋਣ ਅਤੇ ਉਨ੍ਹਾਂ ਦੇ ਅਰਥ ਤੇ ਵਰਤੋਂ ਦੱਸੀ ਹੋਵੇ, ਡਿਕਸ਼ਨਰੀ ਲੁਗ਼ਾਤ, ਸ਼ਬਦ ਭੰਡਾਰ; ੨. ਭੰਡਾਰ, ਖ਼ਜ਼ਾਨਾ; ੩. ਤਲਵਾਰ ਆਦਿ ਦਾ ਖ਼ੌਲ, ਮਿਆਨ; ੪. ਥੈਲੀ; ੫. ਢੱਕਣ; ੬. ਢੇਰ; ੭. ਸਮੂਹ; ੮. ਦੌਲਤ, ਧਨ ੯. ਫਲ ਦੀ ਗੁਠਲੀ; ੧0. ਟੱਟੇ, ਫੋਤੇ, ਪਤਾਲੂ

–ਕੋਸ਼ ਕਲਾ, ਇਸਤਰੀ ਲਿੰਗ : ਕੋਸ਼ ਵਿਦਿਆ, ਕੋਸ਼ ਵਿਗਿਆਨ, ਕੋਸ਼ ਬਣਾਉਣ ਦਾ ਹੁਨਰ

–ਕੋਸ਼ਕਾਰ, ਪੁਲਿੰਗ :ਕੋਸ਼ ਬਣਾਉਣ ਵਾਲਾ, ਕੋਸ਼ ਦੇ ਸ਼ਬਦਾਂ ਦੇ ਅਰਥ ਆਦਿ ਲਿਖਣ ਵਾਲਾ, ਲੁਗਾਤ ਨਿਗਾਹ

–ਕੋਸ਼ਕਾਰੀ, ਇਸਤਰੀ ਲਿੰਗ : ਕੋਸ਼ਕਾਰ ਦਾ ਕੰਮ, ਕੋਸ਼ ਰਚਨਾ

–ਕੋਸ਼ ਨਿਰਮਾਣ, ਪੁਲਿੰਗ :ਕੋਸ਼ ਰਚਨਾ

–ਕੋਸ਼ ਰਚਨਾ, ਇਸਤਰੀ ਲਿੰਗ :ਕੋਸ਼ਕਾਰੀ, ਕੋਸ਼ ਬਣਾਉਣ ਦਾ ਕੰਮ ਜਾਂ ਭਾਵ

–ਕੋਸ਼ ਵਿਰੋਧੀ, ਇਸਤਰੀ ਲਿੰਗ : ਇੱਕ ਰੋਗ ਜਿਸ ਵਿੱਚ ਪਤਾਲੂ ਫੁਲ ਜਾਂਦੇ ਹਨ

–ਅੰਡ ਕੋਸ਼, ਪੁਲਿੰਗ :ਪਤਾਲੂ, ਫੋਤੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-01-03-04-44, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

The Punjabi lexicographers and their works should also be included in the Punjabipedia. Many Christian missionaries have contributed in this field . Many gurbani koshas have been prepared in the nineteenth and twentieth centuries.The compilers of these dictionaries should be given due place in this Punjabipedia for information and consultation for the scholars as well as the students.


ajmer singh, ( 2014/03/08 12:00AM)

The Punjabi lexicographers and their works should also be included in the Punjabipedia. Many Christian missionaries have contributed in this field . Many gurbani koshas have been prepared in the nineteenth and twentieth centuries.The compilers of these dictionaries should be given due place in this Punjabipedia for information and consultation for the scholars as well as the students.


ajmer singh, ( 2014/03/08 12:00AM)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.