ਕੌਲਾਂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੌਲਾਂ. ਦੇਖੋ, ਕੌਲਾ ੪.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੌਲਾਂ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਕੌਲਾਂ : ਇਹ ਇਕ ਹਿੰਦੂ ਲੜਕੀ ਸੀ ਜਿਸ ਦਾ ਨਾਂ ਕਮਲਾ ਸੀ ਇਸ ਨੂੰ ਕਾਜ਼ੀ ਰੁਸਤਕ ਖਾਂ ਮੁਜ਼ੰਗ (ਲਾਹੌਰ) ਨਿਵਾਸੀ ਦੇ ਮੁੱਲ ਲੈ ਕੇ ਗੋਲੀ ਵਜੋਂ ਪਾਲਿਆ ਅਤੇ ਇਸਲਾਮ ਦੀ ਧਾਰਮਿਕ ਸਿੱਖਿਆ ਦੇ ਕੇ ਵਿਦਵਾਨ ਬਣਾਇਆ ਪਰ ਇਸ ਦੇ ਮਨ ਦਾ ਝੁਕਾਓ ਹਿੰਦੂ ਧਰਮ ਵੱਲ ਵਧੇਰੇ ਰਿਹਾ। ਕਈ ਦਰਵੇਸ਼ਾਂ ਤੋਂ ਗੁਰੂ-ਮਹਿਮਾ ਅਤੇ ਸਤਿਗੁਰੂ ਨਾਨਕ ਦੇਵ ਦੀ ਬਾਣੀ ਸੁਣ ਕੇ ਇਸ ਦੇ ਮਨ ਵਿਚ ਸਿੱਖੀ ਦਾ ਪ੍ਰੇਮ ਜਾਗਿਆ ਅਤੇ ਛੇਵੇਂ ਸਤਿਗੁਰੂ ਦੀ ਸ਼ਰਨ ਲੈ ਕੇ ਇਸ ਨੇ ਪਵਿੱਤਰ ਜਨਮ ਬਿਤਾਇਆ। ਸੰਨ 1627 (ਸੰਮਤ 1684) ਵਿਚ ਇਸ ਦੇ ਨਾਂ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਸ਼ਹਿਰ ਵਿਚ ਕੌਲਸਰ ਤਿਆਰ ਕਰਵਾਇਆ ਸੀ। ਇਸ ਦਾ ਦੇਹਾਂਤ ਸੰਨ 1629 (ਸੰਮਤ 1686) ਵਿਚ ਕਰਤਾਰਪੁਰ ਵਿਖੇ ਹੋਇਆ। ਉਥੇ ਇਸ ਦੀ ਸਮਾਧੀ ਬਣੀ ਹੋਈ ਹੈ। ਭਾਈ ਸੰਤੋਖ ਸਿੰਘ ਜੀ ਨੇ ਇਸ ਦੇ ਦਫ਼ਨ ਕਰਨ ਨੂੰ ਇਤਿਹਾਸ ਵਿਰੁੱਧ ਲਿਖਿਆ ਹੈ।
ਪੰਜਾਬ ਦੀਆਂ ਲੋਕ-ਗਾਥਾਵਾਂ ਵਿਚ ਰਾਜਾ ਵੀਜਾ ਮੱਲ ਦੀ ਪਤਨੀ ਦਾ ਨਾਂ ਵੀ ਕੌਲਾਂ ਦੱਸਿਆ ਜਾਂਦਾ ਹੈ ਜਿਸ ਨੇ ਸੰਕਟ ਝੱਲ ਕੇ ਵੀ ਆਪਣੇ ਪਤੀਬਰਤਾ ਧਰਮ ਦੀ ਪੂਰਨ ਰੂਪ ਵਿਚ ਪਾਲਣਾ ਕੀਤੀ ਸੀ।
ਹ. ਪੁ.– ਮ. ਕੋ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 26037, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਕੌਲਾਂ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕੌਲਾਂ : ਇਹ ਗੁਰਬਾਣੀ ਵਿਚ ਵਿਸ਼ਵਾਸ ਰੱਖਣ ਵਾਲੀ ਇਕ ਲੜਕੀ ਸੀ ਜਿਸਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਸ਼ਰਨ ਵਿਚ ਰਹਿ ਕੇ ਭਜਨ ਬੰਦਗੀ ਕਰਦਿਆਂ ਪਵਿੱਤਰ ਜੀਵਨ ਬਤੀਤ ਕੀਤਾ। ਇਸ ਦਾ ਅਸਲੀ ਨਾਂ ਕਮਲਾ ਸੀ। ਇਸਨੂੰ ਲਾਹੌਰ ਦੇ ਕਾਜ਼ੀ ਰੁਸਤਮ ਖ਼ਾਂ ਮੁਜੰਗ ਨੇ ਮੁੱਲ ਲੈ ਕੇ ਗੋਲੀ ਦੇ ਰੂਪ ਵਿਚ ਪਾਲਿਆ ਸੀ। ਇਸ ਨੂੰ ਭਾਵੇਂ ਇਸਲਾਮ ਧਰਮ ਦੀ ਸਿੱਖਿਆ ਦਿਤੀ ਗਈ ਸੀ ਪਰ ਇਸ ਦੇ ਮਨ ਦਾ ਝੁਕਾਉ ਹਿੰਦੂ ਧਰਮ ਵੱਲ ਸੀ। ਮੀਆਂ ਮੀਰ ਵਰਗੇ ਦਰਵੇਸ਼ਾਂ ਦੀ ਸੰਗਤ ਵਿਚ ਜਾਣ ਕਰਕੇ ਇਸਨੂੰ ਗੁਰਬਾਣੀ ਸੁਣਨ ਦਾ ਮੌਕਾ ਮਿਲਿਆ। ਇਸਦੇ ਮਨ ਵਿਚ ਸਿੱਖੀ ਲਈ ਪ੍ਰੇਮ ਜਾਗਿਆ ਤਾਂ ਇਸਨੇ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿਤੀ ਪਰ ਕਾਜ਼ੀ ਨੂੰ ਕਮਲਾ ਦੀ ਇਹ ਗੱਲ ਚੰਗੀ ਨਹੀਂ ਲਗਦੀ ਸੀ। ਉਸ ਨੇ ਇਸਨੂੰ ਮਾਰਨ ਲਈ ਦੂਜੇ ਕਾਜ਼ੀਆਂ ਤੋਂ ਫਤਵਾ ਲੈ ਲਿਆ। ਗੁਰੂ ਹਰਿਗੋਬਿੰਦ ਸਾਹਿਬ ਇਨ੍ਹਾਂ ਦਿਨਾਂ ਵਿਚ ਲਾਹੌਰ ਹੀ ਬਿਰਾਜੇ ਹੋਏ ਸਨ। ਕਮਲਾ ਦੇ ਬੇਨਤੀ ਕਰਨ ਤੇ ਮੀਆਂ ਮੀਰ ਨੇ ਆਪਣੇ ਮੁਖੀ ਚੇਲੇ ਅਬਦੁਲਾ ਸ਼ਾਹ ਰਾਹੀਂ ਕਮਲਾ ਨੂੰ ਗੁਰੂ ਸਾਹਿਬ ਦੀ ਰਖਵਾਲੀ ਵਿਚ ਭੇਜ ਦਿੱਤਾ। ਗੁਰੂ ਹਰਿਗੋਬਿੰਦ ਸਾਹਿਬ ਇਸ ਬੀਬੀ ਨੂੰ ਅੰਮ੍ਰਿਤਸਰ ਲੈ ਆਏ। ਇਕ ਵੱਖਰੇ ਮਕਾਨ ਵਿਚ ਇਸ ਦੀ ਰਿਹਾਇਸ਼ ਕਰਵਾ ਕੇ ਪੈਂਦੇ ਖ਼ਾਨ ਨੂੰ ਇਸ ਦੀ ਰਖਵਾਲੀ ਸੌਂਪ ਦਿਤੀ। ਕਾਜ਼ੀ ਨੇ ਰੌਲਾ ਤਾਂ ਬਹੁਤ ਪਾਇਆ ਪਰ ਲਾਹੌਰ ਦਾ ਸੂਬੇਦਾਰ ਵਜ਼ੀਰ ਖ਼ਾਨ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਤੇ ਸਾਈਂ ਮੀਆਂ ਮੀਰ ਦੇ ਜ਼ੋਰ ਕਰਕੇ ਇਸ ਦੀ ਕੋਈ ਨਾ ਚੱਲੀ।
ਗੁਰੂ ਜੀ ਦੀ ਸ਼ਰਨ ਵਿਚ ਰਹਿੰਦਿਆਂ ਕੌਲਾਂ ਦੇ ਮਨ ਵਿਚ ਗੁਰੂ ਜੀ ਦੇ ਪੁੱਤਰ ਦੀ ਮਾਂ ਬਣਨ ਦਾ ਵਿਚਾਰ ਆਇਆ ਅਤੇ ਇਸ ਨੇ ਆਪਣੀ ਇਹ ਇੱਛਾ ਗੁਰੂ ਜੀ ਅੱਗੇ ਪ੍ਰਗਟ ਕੀਤੀ ਤਾਂ ਜੋ ਇਸ ਦਾ ਨਾਮ ਵੀ ਜੱਗ ਵਿਚ ਕਾਇਮ ਰਹੇ। ਗੁਰੂ ਜੀ ਨੇ ਕੌਲਾਂ ਦੇ ਪ੍ਰੇਮ ਨੂੰ ਗੁਰੂ ਅਤੇ ਸਿੱਖ ਦੇ ਪ੍ਰੇਮ ਤਕ ਹੀ ਸੀਮਤ ਰਖਣਾ ਠੀਕ ਸਮਝਿਆ ਅਤੇ ਉਨ੍ਹਾਂ ਨੇ ਕੌਲਾਂ ਨੂੰ ਅਧਿਆਤਮਕ ਉਪਦੇਸ਼ ਦੇ ਕੇ ਉਸ ਦੇ ਮਨ ਵਿਚੋਂ ਇਸ ਝੂਠੀ ਪ੍ਰੀਤ ਦੇ ਵਿਚਾਰ ਨੂੰ ਕੱਢ ਦਿੱਤਾ ਅਤੇ ਬਚਨ ਕੀਤਾ ਕਿ ਉਸਦੀ ਯਾਦ ਕਾਇਮ ਰੱਖਣ ਲਈ ਇਕ ਯਾਦਗਾਰ ਬਣਾਈ ਜਾਵੇਗੀ। ਇਹ ਸੁਣ ਕੇ ਕੌਲਾਂ ਬੜੀ ਖੁਸ਼ ਹੋਈ ਅਤੇ 500 ਰੁਪਏ ਦੇ ਮੁੱਲ ਦਾ ਇਕ ਗਹਿਣਾ ਜੋ ਉਸਦੇ ਕੋਲ ਸੀ ਗੁਰੂ ਜੀ ਨੂੰ ਭੇਟ ਕੀਤਾ।
ਗੁਰੂ ਜੀ ਨੇ ਇਹ ਰੁਪਿਆ ਕੋਟੂ ਮੱਲ ਸ਼ਾਹੂਕਾਰ ਦੀ ਦੁਕਾਨ ਤੇ ਜਮ੍ਹਾਂ ਕਰਵਾ ਕੇ ਬਾਬਾ ਬੁੱਢਾ ਜੀ ਨੂੰ ਕੌਲਾਂ ਦੇ ਨਾਂ ਤੇ ਇਕ ਤਲਾਅ ਬਣਵਾਉਣ ਦਾ ਕੰਮ ਸੌਂਪ ਦਿੱਤਾ। ਇਹ ਸਰੋਵਰ ਸੰਨ 1624 ਤੋਂ ਆਰੰਭ ਹੋ ਕੇ 1627 ਵਿਚ ਪੂਰਾ ਹੋਇਆ। ਇਸ ਦਾ ਨਾਂ ਕੌਲਸਰ ਰੱਖਿਆ ਗਿਆ। ਗੁਰੂ ਜੀ ਨੇ ਬਚਨ ਕੀਤਾ ਕਿ ਉਸਦੀ ਯਾਤਰਾ ਹੀ ਸਫ਼ਲ ਹੋਵੇਗੀ ਜੋ ਪਹਿਲਾਂ ਕੌਲਸਰ ਵਿਚ ਇਸ਼ਨਾਨ ਕਰਕੇ ਪਿਛੋਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਇਸ਼ਨਾਨ ਕਰੇਗਾ। ਗੁਰੂ ਜੀ ਦੇ ਹੁਕਮ ਮੁਤਾਬਕ ਸਾਰੀ ਸੰਗਤ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਚ ਇਸ਼ਨਾਨ ਕਰਨ ਤੋਂ ਪਹਿਲਾਂ ਕੌਲਸਰ ਵਿਚ ਇਸ਼ਨਾਨ ਕਰਨ ਲੱਗੀ। ਇਹ ਮਰਿਯਾਦਾ ਅੱਜ ਤਕ ਚਲੀ ਆ ਰਹੀ ਹੈ।
ਸੰਨ 1629 ਵਿਚ ਕਰਤਾਰਪੁਰ ਵਿਖੇ ਕੌਲਾਂ ਦਾ ਦੇਹਾਂਤ ਹੋਇਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 21310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-02-04-35-02, ਹਵਾਲੇ/ਟਿੱਪਣੀਆਂ: ਹ. ਪੁ. -ਤ. ਗੁ. ਖਾ. 432.: ਮ. ਕੋ.
ਵਿਚਾਰ / ਸੁਝਾਅ
Please Login First