ਕੰਠੀ ਧੁਨੀਆਂ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਕੰਠੀ ਧੁਨੀਆਂ: ਇਸ ਸੰਕਲਪ ਦੀ ਵਰਤੋਂ ਉਚਾਰਨੀ ਧੁਨੀ ਵਿਗਿਆਨ ਵਿਚ ਵਿਅੰਜਨ ਧੁਨੀਆਂ ਦੇ ਸਥਾਨ ਦੇ ਅਧਾਰ ’ਤੇ ਵਰਗ-ਵੰਡ ਕਰਨ ਲਈ ਕੀਤੀ ਜਾਂਦੀ ਹੈ। ਕੰਠੀ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਪਿਛਲਾ ਪਾਸਾ ਕੋਮਲ ਤਾਲੂ ਨਾਲ ਲਗਦਾ ਹੈ। ਇਸ ਸਥਿਤੀ ਵਿਚ ਕੋਮਲ ਤਾਲੂ ਉਚਾਰਨ ਸਥਾਨ ਹੁੰਦਾ ਹੈ ਅਤੇ ਜੀਭ ਦਾ ਪਿਛਲਾ ਪਾਸਾ ਉਚਾਰਕ। ਉਚਾਰਨ ਦੀ ਵਿਧੀ ਦੇ ਅਧਾਰ ’ਤੇ ਕੰਠੀ ਧੁਨੀਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ, ਜਿਵੇਂ : (i) ਡੱਕਵੀਆਂ ਕੰਠੀ ਧੁਨੀਆਂ ਅਤੇ (ii) ਅਡੱਕਵੀਆਂ ਕੰਠੀ ਧੁਨੀਆਂ। ਡੱਕਵੀਆਂ ਕੰਠੀ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਪਿਛਲਾ ਪਾਸਾ ਕੋਮਲ ਤਾਲੂ ਨਾਲ ਜੁੜਿਆ ਹੋਇਆ ਹੁੰਦਾ ਹੈ ਅਤੇ ਫੇਫੜਿਆਂ ਵਿਚੋਂ ਬਾਹਰ ਆ ਰਹੀ ਹਵਾ ਦਾ ਦਬਾ ਇਨ੍ਹਾਂ ਦੇ ਪਿਛਲੇ ਪਾਸੇ ਰੁਕਿਆ ਹੋਇਆ ਹੁੰਦਾ ਹੈ। ਜਦੋਂ ਇਹ ਆਪਣੇ ਸਥਾਨ ਤੋਂ ਅਲੱਗ ਹੁੰਦੇ ਹਨ ਤਾਂ ਹਵਾ ਦਾ ਦਬਾ ਮੂੰਹ ਰਾਹੀਂ ਬਾਹਰ ਵੱਲ ਨਿਕਲ ਜਾਂਦਾ ਹੈ। ਦਬਾ ਦੇ ਬਾਹਰ ਨਿਕਲ ਜਾਣ ਨਾਲ ਇਹ ਧੁਨੀਆਂ ਪੈਦਾ ਹੁੰਦੀਆਂ ਹਨ। ਪੰਜਾਬੀ ਵਿਚ (ਕ, ਖ ਤੇ ਗ) ਇਸ ਵਰਗ ਦੀਆਂ ਧੁਨੀਆਂ ਹਨ। ਦੂਜੇ ਪਾਸੇ ਇਸ ਤੋਂ ਉਲਟ ਅਡੱਕਵੀਆਂ ਕੰਠੀ ਧੁਨੀਆਂ ਦੇ ਉਚਾਰਨ ਵੇਲੇ ਉਚਾਰਨ ਦੀ ਵਿਧੀ ਇਸ ਤੋਂ ਉਲਟ ਹੁੰਦੀ ਹੈ। ਇਹ ਨਾਸਕੀ ਧੁਨੀ ਹੈ। ਜਦੋਂ ਹਵਾ ਦਾ ਦਬਾ ਮੂੰਹ ਦੀ ਥਾਂ ਨੱਕ ਰਾਹੀਂ ਬਾਹਰ ਨਿਕਲੇ ਤਾਂ ਕੰਠੀ ਨਾਸਕੀ ਧੁਨੀਆਂ ਪੈਦਾ ਹੁੰਦੀਆਂ ਹਨ। ਪੰਜਾਬੀ ਵਿਚ ਇਸ ਵਰਗ ਦੀ ਇਕੋ ਇਕ (ਙ) ਧੁਨੀ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 5150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First