ਕੱਖ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਖ (ਨਾਂ,ਪੁ) ਸੁੱਕੇ ਘਾਹ ਦਾ ਤੀਲ੍ਹਾ; ਡੱਕਾ; ਤ੍ਰਿਣ; ਪਸ਼ੂਆਂ ਲਈ ਕੁਤਰੇ ਹਰੇ ਪੱਠੇ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13615, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੱਖ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਖ [ਨਾਂਪੁ] ਸੁੱਕਾ ਘਾਹ; ਘਾਹ ਆਦਿ ਹਰੇ ਪੱਠੇ; ਤੀਲਾ, ਡੱਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੱਖ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੱਖ, (ਸੰਸਕ੍ਰਿਤ : ਕਕਸ਼=ਸੁੱਕਾ ਘਾਹ) / ਪੁਲਿੰਗ : ੧. ਸੁੱਕਾ ਘਾਹ, ਘਾਹ; ੨. ਤੀਲਾ, ਡੱਕਾ, ਤ੍ਰਿਣ; ੩. ਤੂੜੀ; ੪.(ਮਲਵਈ) :  ਹਰਾ, ਹਰੇ ਪੱਠੇ; ੫. ਨਿਕਾਰੀ ਸ਼ੈ, ੬. ਸੱਤ, (ਲਾਗੂ ਕਿਰਿਆ : ਲਗਣਾ) / ਵਿਸ਼ੇਸ਼ਣ, ੧. ਕੁਝ ਜਿਵੇਂ– ‘ਕੱਖ ਕੰਮ ਦਾ ਨਹੀਂ’, ੨. (ਲਹਿੰਦੀ)  ਸੁਰਖੀ ਦੀ ਭਾਹ ਮਾਰਦਾ ਭੂਰੇ ਰੰਗ ਦਾ, ਕੱਖ ਵਰਗੇ ਰੰਗ ਦਾ, ਕੱਕਾ

–ਕੱਖ ਓਹਲੇ ਲੱਖ, ਅਖੌਤ : ਭੇਤ ਜਾਂ ਰਮਜ਼ ਵਾਲੀ ਗੱਲ, ਪੜਦੇ ਪਿੱਛੇ ਬੜਾ ਕੁਝ ਹੋ ਸਕਦਾ ਹੈ

–ਕੱਖ ਹੋਣਾ, ਮੁਹਾਵਰਾ : ਸੁੱਕ ਕੇ ਤੀਲਾ ਹੋਣਾ, ਲਿਸੇ ਹੋ ਜਾਣਾ ‘ਕੱਖ ਹੋ ਰਹੀ ਆਂ ਗ਼ਮਾਂ ਨਾਲ ਰਾਂਝਾ’ (ਹੀਰ  ਵਾਰਿਸ)

–ਕੱਖ ਕੰਡਾ, ਪੁਲਿੰਗ : ੧. ਕੀੜਾ ਜਾਂ ਕੰਡਾ; ੧. ਪੱਠੇ ਦੱਬੇ

–ਕੱਖ ਕੰਮ ਦਾ ਨਾਂ, ਵਿਸ਼ੇਸ਼ਣ : ਨਿਕੰਮਾਂ, ਰੱਦੀ

–ਕੱਖ ਕਾਨ, ਪੁਲਿੰਗ : ੧. ਫੂਸ ਪਰਾਲ, ਸੁਕਿਆ ਘਾਹ, ੨. ਨਿਕੰਮੀ ਸ਼ੈ

–ਕੱਖ ਨਾ ਹੋਣਾ, ਮੁਹਾਵਰਾ  : ਅਸਲੋਂ ਕੁਝ ਨਾ ਹੋਣਾ (ਫ਼ਸਲ ਦਾ) ਕੋਈ ਚੀਜ਼ ਮੌਜੂਦਾ ਨਾ ਹੋਣਾ  

–ਕੱਖ ਨਾ ਜਾਣਾ, ਮੁਹਾਵਰਾ : ਕੁਝ ਨਾ ਵਿਗੜਨਾ

–ਕੱਖ ਨਾ ਤੋੜਨਾ, ਕੱਖ ਨਾ ਭੰਨਣਾ, ਮੁਹਾਵਰਾ : ਕੁਝ ਕੰਮ ਨਾ ਕਰਨਾ, ਵਿਹਲੇ ਬੈਠੇ ਰਹਿਣਾ

–ਕੱਖ ਨਾ ਰਹਿਣਾ, ਮੁਹਾਵਰਾ : ਬਰਬਾਦ ਹੋ ਜਾਣਾ, ਸਭ ਕੁਝ ਲੁਟਿਆ ਪੁਟਿਆ ਜਾਣਾ, ਜੋ ਕੁਝ ਪੱਲੇ ਹੋਵੇ ਖੋਹਿਆ ਜਾਣਾ

–(ਤੇਰਾ) ਕੱਖ ਨਾ ਰਹੇ, ਪੁਲਿੰਗ : ਇੱਕ ਗਾਲ੍ਹ, ਇੱਕ ਬਦਅਸੀਸ

–ਕੱਖ ਪਤਾ ਨਾ ਹੋਣਾ, ਮੁਹਾਵਰਾ : ਕੋਈ ਸੂਝ ਨਾ ਹੋਣਾ, ਕੁਝ ਵੀ ਖ਼ਬਰ ਨਾ ਹੋਣਾ

–ਕੱਖ ਪਰਵਾਹ ਨਾ ਕਰਨਾ, ਮੁਹਾਵਰਾ : ਬਿਲਕੁਲ ਪਰਵਾਹ ਨਾ ਕਰਨਾ, ਉੱਕਾ ਲਾਪਰਵਾਹ ਹੋ ਜਾਣਾ, ਬਿਲਕੁਲ ਪਰਵਾਹ ਨਾ ਕਰਨਾ, ਉੱਕਾ ਲਾਪਰਵਾਹ ਹੋ ਜਾਣਾ, ਬਿਲਕੁਲ ਧਿਆਨ ਨਾ ਦੇਣਾ

–ਕੱਖ ਪਰਾਲ, ਪੁਲਿੰਗ  : ਪਰਾਲੀ, ਫੂਸ ਪਰਾਲ

–ਕੱਖ ਪੱਲੇ ਨਾ ਹੋਣਾ, ਮੁਹਾਵਰਾ : ਕੋਲ ਕੁਝ ਨਾ ਹੋਣਾ, ਧਨ-ਹੀਣ ਹੋਣਾ

–ਕੱਖ ਪੱਲੇ ਨਾ ਪੈਣਾ, ਮੁਹਾਵਰਾ : ੧. ਕੁਝ ਵੀ ਸਮਝ ਨਾ ਆਉਣ, ਬਿਲਕੁਲ ਹੀ ਸਮਝ ਨਾ ਆਉਣਾ, ਕਿਸੇ ਵੀ ਗੱਲ ਦਾ ਪਤਾ ਲੱਗਣਾ; ੨. ਕੁਝ ਵੀ ਪਰਾਪਤ ਨਾ ਹੋਣਾ; ਕੁਝ ਵੀ ਹਾਸਲ ਨਾ ਹੋਣਾ

–ਕੱਖ ਫਰੋਲਣਾ, ਮੁਹਾਵਰਾ : ਐਵੇਂ ਹੱਥ ਮਾਰੀ ਜਾਣਾ 

–ਕੱਖ ਫੋਲਣਾ, ਮੁਹਾਵਰਾ : ਉਰੇ ਪਰੇ ਹੱਥ ਮਾਰੀ ਜਾਣਾ 

–ਕੱਖ ਭੰਨ ਕੇ ਦੂਹਰਾ ਨਾ ਕਰਨਾ, ਮੁਹਾਵਰਾ : ਕੁਝ ਕੰਮ ਨਾ ਕਰਨਾ, ਵਿਹਲੇ ਰਹਿਣਾ, ਡੱਕਾ ਨਾ ਤੋੜਨਾ, ਕੁਝ ਨਾ ਸਵਾਰਨਾ    

–ਕੱਖ ਰਹਿ ਜਾਣੇ, ਮੁਹਾਵਰਾ : ਇੱਜ਼ਤ ਬਚ ਜਾਣਾ, ਬਦਨਾਮੀ ਹੋਣੋ ਬਚ ਜਾਣਾ

–ਕੱਖ ਰੱਖਣਾ , ਮੁਹਾਵਰਾ  : ਇੱਜ਼ਤ ਬਚਾ ਲੈਣਾ, ਪਤ ਰੱਖ ਲੈਣਾ, ਅਬਰੋ ਬਚਾ ਲੈਣਾ    

–ਕੱਖ ਲੱਗ ਜਾਣਾ, ਕੱਖ ਲੱਗਣਾ, ਮੁਹਾਵਰਾ : ਕੀੜਾ ਜਾਂ ਸੱਪ ਲੜ ਜਾਣਾ

–ਕੱਖਾਂ ਸਮਾਨ, ਵਿਸ਼ੇਸ਼ਣ : ਹੌਲਾ, ਤੁੱਛ, ਨਾਚੀਜ਼

 ਕੱਖਾਂ ਤੋਂ ਹੌਲੇ ਹੋਣਾ, ਮੁਹਾਵਰਾ  : ਬਹੁਤ ਆਦਰਹੀਣ ਹੋਣਾ, ਸਨਮਾਨ ਵਿੱਚ ਫ਼ਰਕ ਆਉਣਾ

–ਕੱਖਾਂ ਦੀ ਕੁੱਲੀ, ਇਸਤਰੀ ਲਿੰਗ : ਮਾਮੂਲੀ ਮਕਾਨ 

–ਕੱਖਾਂ ਦੀ ਝੁੱਗੀ ਦੰਦ ਖੰਡ ਦਾ ਪਰਨਾਲਾ, ਅਖੌਤ : ਧੇਲੇ ਦੀ ਬੁੱਢੀ ਟਕਾ ਸਿਰ ਮੁਨਾਈ, ਜਦੋਂ ਕਿਸੇ ਚੀਜ਼ ਦੀ ਅਸਲ ਕੀਮਤ ਘਟ ਹੋਵੇ ਪਰ ਖ਼ਰਚ ਜ਼ਿਆਦਾ ਹੋਵੇ ਤਾਂ ਬੋਲਦੇ ਹਨ

–ਗਲੀਆਂ ਦਾ ਕੱਖ ਹੋਣਾ, ਮੁਹਾਵਰਾ : ਆਦਰਹੀਣ ਹੋਣਾ, ਬੇਕਦਰੇ ਹੋਣਾ

–ਗਲੀਆਂ ਦੇ ਕੱਖ ਚੁਗਣਾ, ਮੁਹਾਵਰਾ : ਕੀਰ ਹੋਣਾ, ਕੇਹ ਛਾਨਣਾ, ਰੁਲਏ ਫਿਰਨਾ 

–ਕੱਖਾਂ, (ਅੱਕੀਂ) ਪਲਾਹੀਂ ਹੱਥ ਪਾਉਣਾ, ਕੱਖੀਂ (ਅੱਕੀਂ) ਪਲਾਹੀਂ ਹੱਥ ਮਾਰਨਾ, ਮੁਹਾਵਰਾ : ੧. ਜੋ ਵੀ ਯਤਨ ਹੋ ਸਕੇ ਜਾਂ ਬਣ ਪਵੇ, ਕਰ ਲੈਣਾ; ੨. ਕੁਝ ਨਾ ਅਹੁੜਨਾ ਜਾਂ ਸੁਝਣਾ, ਕੋਈ ਜਵਾਬ ਨਾ ਅਹੁੜਨਾ, ਲਾਜਵਾਬ ਹੋ ਜਾਣਾ  

–ਕੱਖੋਂ ਹੌਲਾ ਕਰਨਾ, ਮੁਹਾਵਰਾ : ਬਹੁਤ ਬੇਇਜ਼ਤੀ ਕਰਨਾ, ਝਾੜ ਕੇ ਬਿਠਾਉਣਾ, ਝਾੜ ਪਾਉਣਾ, ਕਿਸੇ ਦੇ ਆਦਰ ਮਾਣ ਨੂੰ ਘਟਾਉਣਾ, ਸ਼ਰਮਿੰਦਾ ਕਰਨਾ

–ਕੱਖੋਂ ਹੌਲੇ ਹੋਣਾ, ਮੁਹਾਵਰਾ : ਮਾਨ ਵਿੱਚ ਬਹੁਤ ਫ਼ਰਕ ਆਉਣਾ, ਥੋੜ੍ਹੀ ਹੈਸੀਅਤ ਦਾ ਰਹਿ ਜਾਣਾ, ਇੱਜ਼ਤ ਘਟਣਾ 

–ਕੱਖੋਂ ਲੱਖ ਕਰਨਾ, ਮੁਹਾਵਰਾ : ਗ਼ਰੀਬ ਤੋਂ ਅਮੀਰ ਕਰਨਾ, ਨੀਚੇਂ ਊਚ ਕਰਨਾ, ‘ਕੱਖੋਂ ਲੱਖ ਕਰਦਾ ਏ ਖੁਦਾ ਸੱਚਾ’ (ਹੀਰ ਵਾਰਸ)

–ਬਰਸੇ ਚੇਤ ਕੱਖ ਥੋੜੇ ਦਾਣੇ ਬਸੇਖ, ਅਖੌਤ : ਜੇ ਚੇਤ ਵਿੱਚ ਮੀਂਹ ਵਰ੍ਹੇ ਤਾਂ ਅਨਾਜ ਬਹੁਤ ਹੁੰਦਾ ਹੈ ਪਰ ਘਾਹ ਘੱਟ ਹੁੰਦਾ ਹੈ

–ਅੱਕੀਂ ਪਲਾਹੀਂ ਹੱਥ ਪਾਉਣਾ, ਮੁਹਾਵਰਾ : ਉਰੇ ਪਰੇ ਹੱਥ ਮਾਰੀ ਜਾਣਾ, ਕੁਝ ਨਾ ਸੁਝਣਾ, ਕੋਈ ਜਵਾਬ ਨਾ ਅਹੁੜਨਾ  


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3628, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-02-59-16, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.