ਕੱਚੀ ਬਾਣੀ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਚੀ ਬਾਣੀ: ਸਿੱਖ ਸ਼ਬਦਾਵਲੀ ਵਿਚ ਉਹਨਾਂ ਰਚਨਾਵਾਂ ਲਈ ਵਰਤਿਆ ਗਿਆ ਪਦ ਹੈ ਜਿਹੜੀਆਂ ਗੁਰੂ ਸਾਹਿਬਾਨ ਦੇ ਨਾਂ ਨਾਲ ਜੋੜੀਆਂ ਜਾਂਦੀਆਂ ਹਨ ਪਰੰਤੂ 1603-04 ਵਿਚ ਗੁਰੂ ਅਰਜਨ ਦੇਵ ਜੀ ਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਸਮੇਂ ਇਹਨਾਂ ਨੂੰ ਉਸ ਵਿਚ ਸ਼ਾਮਲ ਨਹੀਂ ਕੀਤਾ ਗਿਆ। ਇਹ ਰਚਨਾਵਾਂ ਜ਼ਿਆਦਾਤਰ ਕਾਵਿ-ਰੂਪ ਵਿਚ ਹਨ ਭਾਵੇਂ ਕੁਝ ਟਾਂਵੀਆਂ ਵਾਰਤਕ ਵਿਚ ਵੀ ਹਨ। ਸਿੱਖ ਧਾਰਮਿਕ ਗ੍ਰੰਥ , ਸ੍ਰੀ ਗੁਰੂ ਗ੍ਰੰਥ ਸਾਹਿਬ , ਦਾ ਸੰਕਲਨ ਗੁਰੂ ਅਰਜਨ ਦੇਵ ਜੀ ਦੇ ਹੱਥੀਂ ਉਹਨਾਂ ਦੀ ਨਿੱਜੀ ਨਿਗਰਾਨੀ ਹੇਠ ਹੋਇਆ ਅਤੇ ਗ੍ਰੰਥ ਸਾਹਿਬ ਵਿਚ ਉਸ ਸਮੇਂ ਦਰਜ ਬਾਣੀ ਹੂ-ਬ-ਹੂ ਰੂਪ ਵਿਚ ਸੁਰੱਖਿਅਤ ਸਾਡੇ ਪਾਸ ਪਹੁੰਚੀ ਹੈ। ਇਸ ਲਈ ਜੋ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਨਹੀਂ ਕੀਤੀਆਂ ਗਈਆਂ ਉਹਨਾਂ ਨੂੰ ਕੱਚੀ ਬਾਣੀ ਸਮਝਿਆ ਜਾਂਦਾ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਸ਼ੇ-ਵਸਤੂ ਨੂੰ ਇਸ ਤਰ੍ਹਾਂ ਕ੍ਰਮਬੱਧ ਕੀਤਾ ਗਿਆ ਹੈ ਅਤੇ ਇਸ ਤੇ ਅੰਕ ਲਗਾਏ ਗਏ ਹਨ ਕਿ ਇਸ ਵਿਚੋਂ ਕੋਈ ਭਾਗ ਕੱਢਣ ਜਾਂ ਇਸ ਵਿਚ ਕੋਈ ਹੋਰ ਰਚਨਾ ਸ਼ਾਮਲ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਫਿਰ ਵੀ ਅਜਿਹੀਆਂ ਕਈ ਰਚਨਾਵਾਂ ਹਨ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਦੀ ਰਚਨਾ ਕਿਹਾ ਜਾਂਦਾ ਹੈ। ਇਹਨਾਂ ਵਿਚੋਂ ਜ਼ਿਆਦਾਤਰ ਰਚਨਾਵਾਂ ਗੁਰੂ ਨਾਨਕ ਦੇਵ ਜੀ ਦੀਆਂ ਮੰਨੀਆਂ ਜਾਂਦੀਆਂ ਹਨ; ਘੱਟੋ-ਘੱਟ ਇਕ ਸ਼ਬਦ ਗੁਰੂ ਤੇਗ਼ ਬਹਾਦਰ ਜੀ ਦੇ ਨਾਂ ਨਾਲ ਅਤੇ ਕੁਝ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜੋੜੇ ਜਾਂਦੇ ਹਨ। ‘ਨਾਨਕ` ਛਾਪ ਸਾਰੇ ਗੁਰੂ ਸਾਹਿਬਾਨ ਆਪਣੀਆਂ ਬਾਣੀਆਂ ਵਿਚ ਵਰਤਦੇ ਸਨ ਅਤੇ ਇਸ ਛਾਪ ਨੂੰ ਕੁਝ ਸਮਕਾਲੀ ਸੰਤਾਂ ਜਾਂ ਧਾਰਮਿਕ ਕਵੀਆਂ ਨੇ ਆਪਣੇ ਹਿਤਾਂ ਲਈ ਵੀ ਵਰਤਿਆ ਸੀ। ਕੁਝ ਵਿਛੇਦਕਾਰੀ ਵਿਰੋਧੀ ਫਿਰਕਿਆਂ ਜਾਂ ਫਿਰ ਵਧ ਰਹੇ ਸਿੱਖ ਧਰਮ ਦੀ ਵਿਰੋਧੀ ਧਿਰ ਵਜੋਂ ਖੜ੍ਹੇ ਉਹਨਾਂ ਵਿਅਕਤੀਆਂ ਨੇ ਵੀ ਇਸ ਛਾਪ ਨੂੰ ਇਸ ਦੀ ਸਵੀਕਾਰ ਹੋ ਚੁੱਕੀ ਪ੍ਰਮਾਣਿਕਤਾ ਅਤੇ ਲੋਕ ਪ੍ਰਿਅਤਾ ਤੋਂ ਨਿੱਜੀ ਲਾਭ ਉਠਾਉਣ ਲਈ ਇਸ ਨੂੰ ਅਪਣਾ ਲਿਆ ਸੀ।
ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਜੁੜੀ ਕੱਚੀ ਬਾਣੀ ਵਿਚ ਤਿੰਨ ਪ੍ਰਕਾਰ ਦੀਆਂ ਰਚਨਾਵਾਂ ਸ਼ਾਮਲ ਹਨ (i) ਜੋਗੀਆਂ ਨੂੰ ਸੱਚੇ ਯੋਗ ਦੇ ਵਿਸ਼ੇ ਤੇ ਸੰਬੋਧਿਤ ਸ਼ਬਦ (ii) ਵੱਖ- ਵੱਖ ਹਿੰਦੂ ਸੰਪਰਦਾਵਾਂ ਨੂੰ ਧਰਮ ਦੇ ਆਦਰਸ਼ ਰੂਪ ਬਾਰੇ ਸੰਬੋਧਿਤ ਸ਼ਬਦ ਅਤੇ (iii) ਉਹ ਰਚਨਾਵਾਂ ਜਿਨ੍ਹਾਂ ਨੂੰ ਆਮ ਕਰਕੇ ‘ਨਾਮਹ` ਕਿਹਾ ਜਾਂਦਾ ਹੈ ਅਤੇ ਜਿਹੜੀਆਂ ਮੁਸਲਮਾਨਾਂ ਨੂੰ ਸੰਬੋਧਿਤ ਹਨ ਜਿਨ੍ਹਾਂ, ਵਿਚ ‘ਸ਼ਰ੍ਹਾ` ਦੇ ਅਸਲ ਅਰਥ ਅਤੇ ਇਸਲਾਮ ਦੀ ਪ੍ਰਵਿਰਤੀ ਦੀ ਵਿਆਖਿਆ ਹੈ। (i) ਅਤੇ (ii) ਸ਼਼੍ਰੇਣੀ ਵਿਚ ਆਉਂਦੀਆਂ ਰਚਨਾਵਾਂ ਨੂੰ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਇਕੱਠਾ ਕੀਤਾ ਗਿਆ ਹੈ ਅਤੇ ਇਹਨਾਂ ਦੇ ਸੰਕਲਨ ਨੂੰ ਪ੍ਰਾਣ ਸੰਗਲੀ ਸਿਰਲੇਖ ਦਿੱਤਾ ਗਿਆ ਹੈ। ਪ੍ਰਾਣ ਸੰਗਲੀ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਜੋੜੀ ਜਾਣ ਵਾਲੀ ਕੱਚੀ ਬਾਣੀ ਵਿਚੋਂ ਸਭ ਤੋਂ ਵਧ ਜਾਣੀ ਜਾਣ ਵਾਲੀ ਰਚਨਾ ਹੈ ਕਿਉਂਕਿ ਇਸ ਰਚਨਾ ਅੰਦਰ ਅਧਿਆਤਮਿਕ ਅੰਤਰ- ਦ੍ਰਿਸ਼ਟੀ ਹੈ ਅਤੇ ਇਸ ਦੀ ਸ਼ਬਦਾਵਲੀ ਅਤੇ ਸ਼ੈਲੀ ਗੁਰੂ ਸਾਹਿਬ ਦੀਆਂ ਹੋਰ ਰਚਨਾਵਾਂ ਨਾਲ ਵੀ ਮਿਲਦੀ ਹੈ। ਪ੍ਰਾਣ ਸੰਗਲੀ ਤੋਂ ਇਲਾਵਾ ‘ਕਕੜ ਵਿਚਾਰ` ਅਤੇ ਬਿਹੰਗਮ ਬਾਣੀ (ਸ਼ੁਭ ਅਤੇ ਅਸ਼ੁਭ ਸ਼ਗਨਾਂ ਸੰਬੰਧੀ ਪੰਛੀਆਂ ਤੋਂ ਅਗਵਾਈ ਲੈਣੀ) ਕੁਝ ਹੋਰ ਕੱਚੀ ਬਾਣੀ ਵਾਲੀਆਂ ਰਚਨਾਵਾਂ ਹਨ ਜਿਹੜੀਆਂ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਜੋੜੀਆਂ ਜਾਂਦੀਆਂ ਹਨ। ਪਰੰਤੂ ਇਹ ਸਾਰੀਆਂ ਰਚਨਾਵਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਵਿਪਰੀਤ ਹਨ ਅਤੇ ਇਸ ਕਰਕੇ ਸਿੱਖ ਕੌਮ ਨੇ ਇਹਨਾਂ ਨੂੰ ਕਦੇ ਵੀ ਨਹੀਂ ਅਪਣਾਇਆ। ਬਾਬਾ ਮਿਹਰਬਾਨ ਅਤੇ ਉਸਦੇ ਉੱਤਰਾਧਿਕਾਰੀਆਂ ਦੀਆਂ ਰਚਨਾਵਾਂ, ਜਿਹੜੀਆਂ ਉਹ ‘ਨਾਨਕ` ਛਾਪ ਵਰਤਦੇ ਹੋਏ ਮਹਲਾ 6,7, ਅਤੇ 8 ਦੇ ਸਿਰਲੇਖ ਹੇਠ ਲਿਖਦੇ ਸਨ, ਵੀ ਕੱਚੀ ਬਾਣੀ ਵਿਚ ਸ਼ਾਮਲ ਹਨ। ਕੱਚੀ ਬਾਣੀ ਸਾਹਿਤ ਦੀ ਦੂਸਰੀ ਸ਼੍ਰੇਣੀ ਵਿਚ ਉਹ ਰਚਨਾਵਾਂ ਸ਼ਾਮਲ ਹਨ ਜਿਨ੍ਹਾਂ ਦੀ ਬੋਲੀ ਭਾਵੇਂ ਪੰਜਾਬੀ ਹੈ ਪਰੰਤੂ ਉਸ ਉੱਪਰ ਫ਼ਾਰਸੀ ਦਾ ਡੂੰਘਾ ਅਸਰ ਸਪਸ਼ਟ ਹੈ। ਇਹ ਰਚਨਾਵਾਂ ਮੁਸਲਮਾਨ ਫ਼ਕੀਰਾਂ ਅਤੇ ਬਾਦਸ਼ਾਹਾਂ ਨੂੰ ਮੁਖ਼ਾਤਬ ਹਨ। ਇਹ ਰਚਨਾਵਾਂ ਪ੍ਰਾਣ ਸੰਗਲੀ ਦੇ ਅਧਿਆਇ 77-78 ਵਿਚ ਵੀ ਉਪਲਬਧ ਹਨ। ਇਸ ਸ਼਼੍ਰੇਣੀ ਵਿਚ ਹੋਰ ਰਚਨਾਵਾਂ ਹਨ-ਨਸੀਹਤ ਨਾਮਹ (ਨਸੀਹਤ ਦੇਣ ਵਾਲੇ ਪ੍ਰਵਚਨ), ਹਾਜ਼ਰ ਨਾਮਹ (ਚੇਤੰਨ ਰਹਿਣ ਉੱਤੇ ਪ੍ਰਵਚਨ), ਪਾਕ ਨਾਮਹ (ਪਵਿੱਤਰ ਜੀਵਨ-ਜਾਚ ਸੰਬੰਧੀ ਪ੍ਰਵਚਨ) ਅਤੇ ਕਰਨੀ ਨਾਮਹ (ਸਦਾਚਾਰ ਬਾਰੇ ਪ੍ਰਵਚਨ)। ਗੁਰੂ ਤੇਗ਼ ਬਹਾਦਰ ਜੀ ਦੇ ਨਾਂ ਤੇ ਲਿਖਿਆ ਇਕ ਸ਼ਬਦ ਇਸ ਤਰ੍ਹਾਂ ਹੈ: ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਐ॥ ਮਨ ਲੋਚੈ ਬੁਰਿਆਈਆਂ ਗੁਰ ਸਬਦੀ ਇਹ ਮਨ ਹੋੜੀਐ॥ ਬਾਂਹ ਜਿਨਾਂ ਦੀ ਪਕੜੀਐ ਸਿਰ ਦੀਜੈ ਬਾਹ ਨਾ ਛੋੜੀਐ॥ ਗੁਰੂ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ॥ ਗੁਰੂ ਗੋਬਿੰਦ ਜੀ ਦੇ ਨਾਂ ਨਾਲ ਜੋੜੀਆਂ ਜਾਂਦੀਆਂ ਰਚਨਾਵਾਂ ਸਰਬਲੋਹ ਗ੍ਰੰਥ ਅਤੇ ਪ੍ਰੇਮ ਸੁਮਾਰਗ ਵਿਚ ਸ਼ਾਮਲ ਹਨ।
ਸਿੱਖ ਧਰਮ-ਗ੍ਰੰਥ ਦਾ ਗੁਰੂ ਅਰਜਨ ਦੇਵ ਜੀ ਨੇ ਆਪ ਸੰਕਲਨ ਕੀਤਾ ਸੀ ਅਤੇ ਇਸ ਦੀ ਪਹਿਲੀ ਜਿਲਦ ਉਹਨਾਂ ਦੀ ਨਿੱਜੀ ਦੇਖ-ਰੇਖ ਹੇਠ ਤਿਆਰ ਕੀਤੀ ਗਈ ਸੀ। ਇਸ ਵਿਚ ਦਰਜ ਬਾਣੀਆਂ ਦੀ ਪ੍ਰਮਾਣਿਕਤਾ ਬਹੁਤ ਧਿਆਨ ਨਾਲ ਨਿਰਧਾਰਿਤ ਕੀਤੀ ਗਈ ਸੀ ਅਤੇ ਇਹਨਾਂ ਨੂੰ ਇਕ ਵਿਸ਼ੇਸ਼ ਤਰਤੀਬ ਵਿਚ ਰੱਖ ਕੇ ਲੋੜ ਅਨੁਸਾਰ ਅੰਕ ਲਗਾਏ ਗਏ ਸਨ। ਇਸ ਲਈ ਇਸ ਗ੍ਰੰਥ ਦੀ ਸ਼ੁੱਧਤਾ ਅਤੇ ਪ੍ਰਮਾਣਿਕਤਾ ਬਾਰੇ ਕੋਈ ਸੰਦੇਹ ਨਹੀਂ ਹੈ। ਇਸ ਤਰ੍ਹਾਂ ਕੱਚੀ ਬਾਣੀ ਦੀਆਂ ਰਚਨਾਵਾਂ ਆਪਣੇ ਆਪ ਵਿਚ ਕੋਈ ਗੰਭੀਰ ਸਮੱਸਿਆ ਨਹੀਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿਚ ਜਿਹੜੀਆਂ ਰਚਨਾਵਾਂ ਨਹੀਂ ਹਨ ਉਹ ਪ੍ਰਮਾਣਿਕ ਨਹੀਂ ਹਨ। ਦਸਮ ਗ੍ਰੰਥ ਦੀਆਂ ਕੁਝ ਰਚਨਾਵਾਂ ਦੇ ਲੇਖਕ ਦੀ ਪ੍ਰਮਾਣਿਕਤਾ ਬਾਰੇ ਵੀ ਕਈ ਵਿਦਵਾਨ ਕਿੰਤੂ ਕਰਦੇ ਹਨ ਪਰੰਤੂ ਦਸਮ ਗ੍ਰੰਥ ਦਾ ਦਰਜਾ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਇਕ ਧਰਮ-ਗ੍ਰੰਥ ਵਾਲਾ ਨਹੀਂ। ਜਿੱਥੋਂ ਤਕ ਧਰਮ-ਗ੍ਰੰਥ ਦਾ ਸੰਬੰਧ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਸਲੀ ਸੈਂਚੀ , ਜੋ ਗੁਰੂ ਅਰਜਨ ਦੇਵ ਜੀ ਦੁਆਰਾ ਤਿਆਰ ਕੀਤੀ ਗਈ ਸੀ, ਅਜੇ ਵੀ ਉਪਲਬਧ ਹੈ ਜੋ ਪੰਜਾਬ ਦੇ ਜਲੰਧਰ ਜ਼ਿਲੇ ਵਿਚ ਕਰਤਾਰਪੁਰ ਨਗਰ ਵਿਖੇ ਉਹਨਾਂ ਦੇ ਉੱਤਰਾਧਿਕਾਰੀ ਪਰਵਾਰ ਕੋਲ ਸੰਭਾਲ ਕੇ ਰੱਖੀ ਹੋਈ ਹੈ।
ਲੇਖਕ : ਤ.ਸ. ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6223, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਕੱਚੀ ਬਾਣੀ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕੱਚੀ ਬਾਣੀ:‘ਕੱਚੀ ਬਾਣੀ’ ਦੇ ਕੋਸ਼ਗਤ ਅਰਥ ਹਨ ਨਿਰੀ ਦੰਦ–ਕਥਾ, ਗੱਲ ਬਾਤ, ਅਮਲਾ ਤੋਂ ਹੀਣੇ ਕਥਨ, ਨਿਰੀ ਵਾਕ–ਰਚਨਾ ਆਦਿ। ‘ਆਦਿ–ਗ੍ਰੰਥ ਤੋਂ ਬਾਹਰ ਦੀ ਤੇ ਗੁਰੂ ਆਸ਼ੇ ਤੋਂ ਵਿਰੁੱਧ ਬਾਣੀ ਨੂੰ ਵੀ ਕੱਚੀ ਬਾਣੀ ਆਖਦੇ ਹਨ। ‘ਆਦਿ–ਗ੍ਰੰਥ’ ਵਿਚ ਸ੍ਰੀ ਗੁਰੂ ਅਮਰਦਾਸ ਨੇ ਕੱਚੀ ਬਾਣੀ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਹੈ:
ਸਤਿਗੁਰੂ ਬਿਨਾ ਹੋਰ ਕਚੀ ਹੈ ਬਣੀ।
ਬਾਣੀ ਤੇ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਣੀ।
ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ।
ਚਿਤੁ ਜਿਨ ਕਾ ਹਿਰਿ ਲਾਇਆ ਮਾਇਆ ਬੋਲਨਿ ਪਏ ਰਵਾਣੀ।
ਕਹੇ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ/੨੪/ –(ਰਾਮਕਲੀ, ਆਨੰਦੁ , ਮ.੩)
ਸਤਿਗੁਰੂ ਤੋਂ ਬੇਸੁਖ ਹੋ ਕੇ, ਕੱਚੀ ਬਾਣੀ ਬੋਲਣ ਵਾਲੇ, ਭਾਵੇਂ ਮੂੰਹੋਂ ਕਿੰਨੇ ਹਰਿ–ਭਗਤੀ ਦੇ ਵਚਨ ਬੋਲਦੇ ਰਹਿਣ ਪਰ ਸਾਰ–ਵਸਤੂ ਜਾਂ ਪਰਮ–ਸਤਿ ਦੇ ਭੇਤ ਤੋਂ ਸਦਾ ਵਿਰਵੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਮਨ ਨੂੰ ਮਾਇਆ ਨੇ ਬੁਰੀ ਤਰ੍ਹਾਂ ਮੋਹ ਲਿਆ ਹੁੰਦਾ ਹੈ। ਭਾਵੇਂ ਜ਼ਬਾਨ ਤੋਂ ਉਹ ਹਰਿ ਨਾਮ ਨੂੰ ਤੋਤੇ ਵਾਂਗ ਰਟ ਸਕਦੇ ਹਨ ਪਰ ਨਾਮ–ਰਸ ਤੋਂ ਪੱਥਰ ਵਾਂਗ ਅਣ–ਭਿੱਜ ਰਹਿੰਦੇ ਹਨ। ਇਸ ਦੇ ਟਾਕਰੇ ਉੱਤੇ ਸੱਚੀ ਬਾਣੀ ਗੁਰਾਂ ਦੀ ਬਾਣੀ ਹੈ ਜਿਸ ਬਾਰੇ ਫੁਰਮਾਇਆ ਹੈ :
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣ।
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ।
ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ।
ਪੀਵਹੁ ਅੰਮ੍ਰਿਤ ਸਦਾ ਰਹੁਹੁ ਹਰਿ ਰੰਗਿ ਜਪਿਹੁ ਸਾਰਿਗ ਪਾਣੀ।
ਕਹੈ ਨਾਨਕ ਸਦਾ ਗਾਵਹੁ ਏਹ ਸਚੀ ਬਾਣੀ।੨੩। –(ਰਾਮਕਲੀ, ਆਨੁੰਦ, ਮ.੩)
ਕੇਵਲ ਕੱਚੀ ਬਾਣੀ ਬੋਲਣ ਤੋਂ ਨਹੀਂ, ਗੁਰੂ ਦਰਬਾਰ ਵਿਚ ਕਚੀ ਬਾਣੀ ਦੀ ਥਾਂ ਸੱਚੀ ਬਾਣੀ ਸੁਣਨ ਦੀ ਹਦਾਇਤ ਹੈ। ਕੰਨਾਂ ਨੂੰ ਸੰਬੋਧਨ ਕਰ ਕੇ ਆਖਿਆ ਗਿਆ ਹੈ ਕਿ ਤੁਹਾਨੂੰ ਕੱਚੀ ਬਾਣੀ ਸੁਣਨ ਲਈ ਨਹੀਂ ਸਗੋਂ ਸੱਚੀ ਬਾਣੀ ਸੁਣਨ ਲਈ ਅਕਾਲ ਪੁਰਖ ਨੇ ਸਾਜਿਆ ਹੈ ਕਿਉਂਕਿ ਇਸ ਸੱਚੀ ਬਾਣੀ ਦੇ ਸੁਣਨ ਨਾਲ ਮਨ ਤੇ ਤਨ ਦੇ ਰੋਗ ਦੂਰ ਹੁੰਦੇ ਹਨ ਤੇ ਮਨ ਤੇ ਤਨ ਮੌਲ ਪੈਂਦਾ ਹੈ, ਹਰਿਆ–ਭਰਿਆ ਹੋ ਜਾਂਦਾ ਹੈ। ਸੱਚੀ ਬਾਣੀ ਤੋਂ ਮਰਾਦ ਇੱਥੇ ਅੰਮ੍ਰਿਤ–ਨਾਮ ਹੈ ਜਿਸ ਨੂੰ ਸੁਣ ਕੇ ਕੰਨਾਂ ਦੀ ਇੰਦਰੀ ਪਵਿੱਤਰ ਤੇ ਪਾਵਨ ਹੋ ਜਾਂਦੀ ਹੈ :
ਏ ਸ੍ਰਵਣਹੁ ਮੇਰਿਹੁ ਸਾਚੇ ਸੁਨਣੈ ਨੋ ਪਠਾਏ।
ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ।
ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ।
ਸਚੁ ਅਲਖ ਵਿਡਾਣੀ ਤਾਕੀ ਗਤਿ ਕਹੀ ਨਾ ਜਾਏ।
ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ। ੩7/–(ਰਾਮਕਲੀ, ਆਨੰਦੁ, ਮ.੩)
ਆਦਿ–ਗ੍ਰੰਥ ਤੋਂ ਬਾਹਰ ਗੁਰੂ–ਵਿਅਕਤੀਆਂ ਦੇ ਨਾਂ ਨਾਲ ਸੰਬੰਧਿਤ ਬਾਣੀ ਨੂੰ ਵੀ ਕੱਚੀ ਬਾਣੀ ਆਖਿਆ ਜਾਂਦਾ ਹੈ। ਮਿਸਾਨ ਦੇ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ‘ਪ੍ਰਾਣ ਸੰਗਾਲੀ’ ਨੂੰ ਪ੍ਰਮਾਣਿਕ ਨਹੀਂ ਮੰਨਿਆ ਜਾਂਦਾ। ਇਸੇ ਤਰ੍ਹਾਂ ‘ਪੁਰਾਤਨ ਜਨਮਸਾਖੀ’ ਵਿਚ ਕੁਝ ਸ਼ਬਦ ਅਜਿਹੇ ਹਨ ਜੋ ਸਾਨੂੰ ‘ਆਦਿ ਗ੍ਰੰਥ’ ਵਿਚ ਨਹੀਂ ਮਿਲਦੇ। ਇਹ ਅਤੇ ਅਜਿਹੀ ਪ੍ਰਕਾਰ ਦੀ ਹੋਰ ਜਿੰਨੀ ਬਾਣੀ ਹੈ ਉਸ ਨੂੰ ਸਿੱਖ ਸਿਧਾਂਤ ਅਨੁਸਾਰ ਕੱਚੀ ਬਾਣੀ ਆਖਿਆ ਜਾਂਦਾ ਹੈ। ਪਰ ਗੁਰੂ–ਆਸ਼ੇ ਦੇ ਅਨੁਕੂਲ ਜਾਂ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਪ੍ਰਗਟ ਤੇ ਪ੍ਰਤੱਖ ਕਰਨ ਵਾਲੀ ਲਿਖਤ ਕੱਚੀ ਬਾਣੀ ਨਹੀਂ। ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਮਨੀ ਸਿੰਘ ਆਦਿ ਦੀਆਂ ਲਿਖਤਾਂ ਨੂੰ ਕੱਚੀ ਬਾਣੀ ਨਹੀਂ ਕਿਹਾ ਜਾਂਦਾ।
–[ਸਹਾ. ਗ੍ਰੰਥ–ਮ. ਕੋ.]
ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4667, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First