ਖਡੂਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਡੂਰ ਜਿਲਾ ਅਮ੍ਰਿਤਸਰ, ਥਾਣਾ ਵੈਰੋਵਾਲ ਵਿੱਚ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਨਿਵਾਸ ਅਸਥਾਨ , ਜੋ ਤਰਨਤਾਰਨ ਰੇਲਵੇ ਸਟੇਸ਼ਨ ਤੋਂ ਉੱਤਰ ਪੱਛਮ ੧੦ ਮੀਲ ਹੈ. “ਸਨੇ ਸਨੇ ਆਵਤਭਏ ਗ੍ਰਾਮ ਖਡੂਰ ਅਵਾਸ.” (ਨਾਪ੍ਰ)
ਇਸ ਨਗਰ ਵਿੱਚ ਗੁਰੂ ਅੰਗਦ ਦੇਵ ਜੀ ਦਾ ਦੇਹਰਾ ਹੈ ਅਤੇ ਗੁਰੂ ਅਮਰ ਦਾਸ ਜੀ ਇੱਥੇ ਹੀ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਦੇ ਰਹੇ ਹਨ, ਅਰ ਗੁਰੂ ਨਾਨਕ ਸਾਹਿਬ ਜੀ ਨੇ ਭੀ ਇਸ ਨਗਰ ਨੂੰ ਚਰਣਾਂ ਨਾਲ ਪਵਿਤ੍ਰ ਕੀਤਾ ਹੈ. ਆਬਾਦੀ ਦੇ ਅੰਦਰ ਹੀ ਗੁਰੂ ਅੰਗਦ ਦੇਵ ਦਾ ਗੁਰਦ੍ਵਾਰਾ ਹੈ, ਜੋ ਸੁੰਦਰ ਬਣਿਆ ਹੋਇਆ ਹੈ. ਇਸ ਦਰਬਾਰ ਦੀ ਪਰਿਕ੍ਰਮਾ ਵਿੱਚ ਹੀ ਉਸ ਕਿੱਲੇ ਦਾ ਕਰੀਰ ਹੈ, ਜਿਸ ਨਾਲ ਗੁਰੂ ਅਮਰ ਦਾਸ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਨਾਨ ਲਈ ਜਲ ਦੀ ਗਾਗਰ ਲੈ ਆਉਂਦੇ ਠੋਕਰ ਖਾਕੇ ਡਿਗ ਪਏ ਸਨ. ਗੁਰਦ੍ਵਾਰੇ ਨੂੰ ਛੱਬੀ ਸੌ ਰੁਪਯਾ ਸਾਲਾਨਾ ਜਾਗੀਰ ਹੈ. ਇਸ ਥਾਂ ਇਹ ਗੁਰਦ੍ਵਾਰੇ ਹਨ:—
(੧) ਤਪਿਆਣਾ ਸਾਹਿਬ. ਆਬਾਦੀ ਤੋਂ ਇੱਕ ਫਰਲਾਂਗ ਉੱਤਰ ਪੂਰਵ ਗੁਰੂ ਅੰਗਦ ਦੇਵ ਜੀ ਦੇ ਤਪ ਦਾ ਅਸਥਾਨ. ਇਸ ਪਾਸ ਇੱਕ ਤਾਲ ਹੈ, ਜਿਸ ਦੇ ਕਿਨਾਰੇ ਭਾਈ ਬਾਲੇ ਦੀ ਸਮਾਧਿ ਹੈ.
(੨) ਥੜਾ ਸਾਹਿਬ. ਉਹ ਚਬੂਤਰਾ ਹੈ ਜਿਸ ਪੁਰ ਸੇਵਾ ਤੋਂ ਵੇਲ੍ਹ ਮਿਲਣ ਤੇ ਗੁਰੂ ਅਮਰ ਦਾਸ ਜੀ ਪਾਠ ਕੀਤਾ ਕਰਦੇ ਸਨ.
(੩) ਦੇਹਰਾ ਸ਼੍ਰੀ ਗੁਰੂ ਅੰਗਦ ਸਾਹਿਬ.
(੪) ਮੱਲ ਅਖਾੜਾ. ਆਬਾਦੀ ਦੇ ਪਾਸ ਹੀ ਪੱਛਮ ਵੱਲ ਗੁਰੂ ਅੰਗਦਦੇਵ ਜੀ ਦਾ ਉਹ ਥਾਂ, ਜਿੱਥੇ ਬੈਠਕੇ ਪਿੰਡ ਦੇ ਬਾਲਕਾਂ ਨੂੰ ਮੱਲਯੁੱਧ ਦੀ ਸਿਖ੍ਯਾ ਦਿਆ ਕਰਦੇ ਸਨ. ਦੇਖੋ, ਨਕਸ਼ਾ ਗੋਇੰਦਵਾਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8233, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First