ਖੰਭ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੰਭ (ਨਾਂ,ਪੁ) ਉੱਡਣ ਵਾਲੇ ਪੰਛੀ ਦਾ ਪੰਖ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15045, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੰਭ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Pinnate (ਪਿਨੇਇਟ) ਖੰਭ: ਕੋਈ ਵੀ ਸ਼ੈ ਜੋ ਖੰਭ ਨਾਲ ਮੇਲ ਖਾਂਦੀ ਹੋਵੇ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਖੰਭ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੰਭ [ਨਾਂਪੁ] (ਪੰਛੀ ਦਾ) ਪਰ , ਫੰਘ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੰਭ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੰਭ. ਸੰਗ੍ਯਾ—ਜੋ ਖ (ਆਕਾਸ਼) ਵਿੱਚ ਅਭਿ (ਸ਼ਬਦ) ਕਰੇ. ਪੰਖ. ਪਰ. “ਖੰਭ ਵਿਕਾਂਦੜੇ ਜੇ ਲਹਾਂ.” (ਸਵਾ ਮ: ੫) “ਜਿਨਿ ਤਨੁ ਸਾਜਿ ਦੀਏ ਨਾਲਿ ਖੰਭ.” (ਮਲਾ ਮ: ੧) ੨ ਸੰਭ. ਥਮਲਾ. ਸਤੂਨ. ਥੰਮ੍ਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14910, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੰਭ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਖੰਭ* (ਸੰ.। ਸੰਸਕ੍ਰਿਤ ਸਕੰੑਭ=ਆਸਰਾ। ਪੰਜਾਬੀ ਖੰਭ=ਪਰ) ਪਰ , ਪੰਛੀਆਂ , ਦੇ ਸਰੀਰ ਦਾ ਉਹ ਭਾਗ ਜੋ ਉਡਣ ਦਾ ਕੰਮ ਦੇਂਦਾ ਹੈ। ਯਥਾ-‘ਖੰਭ ਵਿਕਾਂਦੜੇ ਜੇ ਲਹਾਂ ’ ਇਥੇ ਭਾਵ ਵਿਚ ਪ੍ਰੇਮ ਦੇ ਖੰਭਲੀ ਤੇ ਜਾਂਦੇ ਹਨ। ਅਗੇ ਲਿਖ੍ਯਾ ਹੈ-‘ਘਿੰਨਾ ਸਾਵੀ ਤੋਲਿ’ ਅਰਥਾਤ ਜੇਕਰ ਮੁੱਲ ਤੋਂ ਪੂਰਬੋਕਤ ਖੰਭ ਮਿਲ ਸਕਣ ਤਦ ਮੈਂ ਸਿਰ ਦੇਕੇ ਬੀ ਲੈ ਸਕਦੀ ਹਾਂ। ਸਿਰ ਦੇਣ ਤੋਂ ਭਾਵ ਅਹੰਤਾ ਦਾ ਤ੍ਯਾਗ ਹੈ। ਅਹੰਤਾ ਦੇ ਤ੍ਯਾਗ ਬਿਨਾ ਪ੍ਰੇਮ ਨਹੀਂ ਹੋ ਸਕਦਾ ਤੇ ਗੁਰਵਾਕ ਹੈ ਪ੍ਰੇਮ ਲਈ ਸਿਰ ਦੀ ਲੋੜ ਹੈ। ਯਥਾ-‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ’॥
----------
* ਸੰਭਵ ਜਾਪਦਾ ਹੈ ਕਿ-‘ਪਕਸ਼’ ਇਸਦਾ ਮੂਲ ਹੈ ਤੇ ਇਸ ਦਾ ਅਰਥ ਹੈ ਪਰ। ਇਸਦਾ ਪ੍ਰਾਕ੍ਰਿਤ ਰੂਪ ਪਕੑਖ ਇਹ ਪਖ ਉਲਟ ਕੇ ਖਪ , ਖੰਭ ਬਣਿਆ ਹੋਵੇ। ਪੰਜਾਬੀ ਵਿਚ ਪੰਖ ਤੇ ਪੰਖੀ ਇਸ ਪਕਸ਼ ਪਦ ਤੋਂ ਸਿਧੇ ਬਣੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 14867, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਖੰਭ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖੰਭ : ਇਕ ਖ਼ਾਸ ਕਿਸਮ ਦੀਆਂ ਐਪੀਡਰਮਲ ਬਣਤਰਾਂ ਜਿਨ੍ਹਾਂ ਨਾਲ ਪੰਛੀਆਂ ਦਾ ਸਰੀਰ ਢੱਕਿਆ ਹੁੰਦਾ ਹੈ, ਨੂੰ ਖੰਭ ਕਿਹਾ ਜਾਂਦਾ ਹੈ। ਇਹ ਖੰਭ ਪੰਛੀਆਂ ਦੇ ਪੂਰਵਜ ਰੀਂਗਣ ਵਾਲੇ ਪ੍ਰਾਣੀਆਂ ਦੇ ਚਾਣਿਆਂ ਤੋਂ ਵਿਕਸਤ ਹੋਏ ਮੰਨੇ ਜਾਂਦੇ ਹਨ। ਇਹ ਕੈਰਾਟਿਨ (ਹਾਰਨੀ ਪਦਾਰਥ) ਦੇ ਬਣੇ ਹੁੰਦੇ ਹਨ ਅਤੇ ਕਿਸੇ ਹੋਰ ਪ੍ਰਾਣੀ ਗਰੁੱਪ ਵਿਚ ਨਹੀਂ ਮਿਲਦੇ।
ਖੰਭ ਮੁੱਖ ਤੌਰ ਤੇ ਤਿੰਨ ਕਿਸਮ ਦੇ ਹੁੰਦੇ ਹਨ; ਦੇਹ-ਖੰਭ ਜਾਂ ਕੰਟੂਰ ਖੰਭ, ਰੋਮ-ਖੰਭ ਜਾਂ ਲੂੰ-ਖੰਭ ਅਤੇ ਨਰਮ ਰੋਮਦਾਰ ਖੰਭ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਜਾਣੇ ਪਛਾਣੇ ਅਤੇ ਸਭ ਤੋਂ ਵੱਧ ਗੁੰਝਲਦਾਰ ਦੇਹ-ਖੰਭ ਹਨ।
ਇਕ ਬਾਲਗ਼ ਪੰਛੀ ਦਾ ਦੇਹ-ਖੰਭ ਲਗਭਗ ਦੋਪਾਸੀ ਸਮਮਿਤ ਹੁੰਦਾ ਹੈ। ਇਸ ਵਿਚ ਇਕ ਖੰਭ-ਡੰਡੀ ਹੁੰਦੀ ਹੈ ਜੋ ਉਪਰ ਵਲ ਪਤਲੀ ਹੁੰਦੀ ਜਾਂਦੀ ਹੈ ਅਤੇ ਉਪਰ ਸਮਾਂਤਰ ਡੰਡੀਆਂ (ਬਾਰਬ) ਲੱਗੀਆਂ ਹੁੰਦੀਆਂ ਹਨ। ਕਈ ਸੂਖ਼ਮ ਬਾਰਬਿਊਲ ਹੁੰਦੇ ਹਨ। ਦੂਰ ਸਥਿਤ ਬਾਰਬਿਊਲਾਂ ਉੱਤੇ ਬਹੁਤ ਛੋਟੀਆਂ ਛੋਟੀਆਂ ਹੁੱਕਾਂ ਲੱਗੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਇਹ ਆਪਣੇ ਤੋਂ ਉਪਰਲੇ ਬਾਰਬਿਊਲਾਂ ਵਿਚ ਫਸ ਕੇ ਇਕ ਜਾਲਾ ਜਿਹਾ ਜਾਂ ਖੰਭ-ਫ਼ਲ ਬਣਾਉਂਦੇ ਹਨ। ਬਾਰਬਿਊਲ ਲੰਮੇ, ਨਾਜ਼ਕ ਧਾਗਿਆਂ ਵਰਗੇ ਹੁੰਦੇ ਹਨ ਇਸ ਲਈ ਖੰਭ ਨਰਮ ਹੁੰਦਾ ਹੈ।
(ਉ) ਛਾਤੀ-ਖੰਭ, (ਅ) ਪਿਛਲੇ ਹਿੱਸੇ ਦੇ ਖੰਭ ਜਿਵੇਂ ਹੇਠਲੇ ਪਾਸੇ ਤੋਂ ਦਿਸਦੇ ਹਨ। (ੲ) ਦੇਹ-ਖੰਭ ਦੀ ਮੱਧ ਖੰਭ-ਡੰਡੀ ਤੋਂ ਵੱਖ ਕੀਤੇ ਹੋਏ ਖੰਭ-ਫ਼ਲ ਦੇ ਇਕ ਹਿੱਸੇ ਦਾ ਪਿਛਲਾ ਦ੍ਰਿਸ਼ (ਵੱਡਾ ਕੀਤਾ ਹੋਇਆ); (ਸ) ਖੰਭ- ਫਲ ਤੋਂ ਪੂਰੀ ਤਰ੍ਹਾਂ ਵਖ ਕੀਤੇ ਹੋਏ ਬਾਰਬ ਦਾ ਹੇਠਲਾ ਦ੍ਰਿਸ਼ (ਬਹੁਤ ਜ਼ਿਆਦਾ ਵੱਡਾ ਕੀਤਾ ਹੋਇਆ)।
ਖੰਭ-ਡੰਡੀ ਦੀ ਭਿੱਤੀ ਰੇਸ਼ੇਦਾਰ ਅਤੇ ਮੱਧ ਵਿਚ ਸੂਖ਼ਮ ਆਕਾਰ ਦੀਆਂ ਹਵਾ ਨਾਲ ਭਰੀਆਂ ਆਧਾਰੀ ਪੋਟਲੀਆਂ ਹੁੰਦੀਆਂ ਹਨ, ਜਿਸ ਕਾਰਨ ਖੰਭ-ਡੰਡੀ ਹਲਕੀ ਵੀ ਹੁੰਦੀ ਹੈ ਅਤੇ ਸਹਾਰਾ ਵੀ ਦਿੰਦੀ ਹੈ। ਖੰਭ-ਡੰਡੀ ਨਾਲ ਨਿਰੰਤਰ ਚਲਦੀ ਹੇਠਾਂ ਖੋਖਲੀ ਕਵਿਲ ਹੁੰਦੀ ਹੈ ਜਿਹੜੀ ਚਮੜੀ ਵਿਚ ਇਕ ਟੋਏ (ਫਾਲੀਕਲ) ਵਿਚ ਖੁੱਭੀ ਹੁੰਦੀ ਹੈ। ਕਵਿਲ ਅਤੇ ਖੰਭ-ਡੰਡੀ ਦੇ ਜੋੜ ਉੱਤੇ ਇਕ ਖੰਭ-ਸੁਰਾਖ਼ ਹੁੰਦਾ ਹੈ ਜਿਸ ਵਿਚੋਂ ਨਰਮ ਜਿਹੀ ਰੰਗਦਾਰ ਕਲਗ਼ੀ ਬਾਹਰ ਨਿਕਲਦੀ ਹੈ।
ਦੇਹ-ਖੰਭਾਂ ਤੋਂ ਸਰੀਰ ਦੀ ਬਣਤਰ ਦਾ ਪਤਾ ਲਗਦਾ ਹੈ। ਉੱਡਣ-ਖੰਭ (ਰੀਮਾਈਜੀਜ਼) ਅਤੇ ਪੂਛ-ਖੰਭ ਆਪਣੇ ਆਕਾਰ ਅਤੇ ਉਡਾਰੀ ਵਿਚ ਖ਼ਾਸ ਵਰਤੋਂ ਕਾਰਨ ਦੇਹ-ਖੰਭਾਂ ਨਾਲੋਂ ਬਹੁਤ ਵੱਖਰੇ ਹਨ। ਲੂੰ-ਖੰਭ, ਦੇਹ-ਖੰਭਾਂ ਦੇ ਅਧਾਰ ਤੋਂ ਉੱਗਦੇ ਹਨ ਅਤੇ ਵਾਲਾਂ ਵਰਗੇ ਹੁੰਦੇ ਹਨ। ਨਰਮ ਰੋਮਦਾਰ ਖੰਭ ਦੇਹ-ਖੰਭਾਂ ਨਾਲ ਢੱਕੇ ਹੁੰਦੇ ਹਨ। ਕਈ ਪੰਛੀਆਂ (ਜਿਵੇਂ ਬਤਖ਼, ਮੁਰਗ਼ਾਬੀ) ਵਿਚ ਇਹ ਗਰਮੀ ਰੋਕਣ ਵਾਲੀ ਹੇਠਲੀ ਮੋਟੀ ਤਹਿ ਦੀ ਕੰਮ ਕਰਦੇ ਹਨ। ਇਨ੍ਹਾਂ ਦੀ ਬਣਤਰ ਬਹੁਤ ਹੀ ਸਾਧਾਰਨ ਅਤੇ ਬਾਰਬ ਲੰਮੇ, ਖੁਲ੍ਹੇ-ਖੁਲ੍ਹੇ ਨਰਮ ਅਤੇ ਫੁੱਲੇ ਹੋਏ ਹੁੰਦੇ ਹਨ। ਬਗਲਿਆਂ ਵਿਚ ਖੰਭਾਂ ਦੇ ਸਿਰੇ ਭੁਰ ਕੇ ਬਰੀਕ ਪਾਊਡਰ ਬਣ ਜਾਂਦੇ ਹਨ ਜੋ ਖੰਭਾਂ ਨੂੰ ਗਿੱਲੇ ਹੋਣ ਤੋਂ ਬਚਾਉਂਦਾ ਹੈ ਅਤੇ ਚਮਕ ਵੀ ਦਿੰਦਾ ਹੈ।
ਖੰਭ-ਖੰਤਰ
ਬਹੁਤੇ ਪੰਛੀਆਂ ਵਿਚ ਦੇਹ-ਖੰਭ ਸਾਰੇ ਸਰੀਰ ਉਪਰ ਇਕੋ ਜਿਹੇ ਨਹੀਂ ਖਿਲਰੇ ਹੋਏ ਹੁੰਦੇ ਸਗੋਂ ਕਈ ਖੰਭ-ਖੰਤਰਾਂ ਤੱਕ ਹੀ ਸੀਮਿਤ ਹੁੰਦੇ ਹਨ। ਇਹ ਖੰਭ-ਖੰਤਰ ਜਾਂ ਤਰਤੀਬ ਪੰਛੀਆਂ ਦਾ ਵਰਗੀਕਰਨ ਕਰਨ ਵਿਚ ਸਹਾਇਤਾ ਦਿੰਦੀ ਹੈ।
ਖੰਭ-ਖੰਤਰਾਂ ਵਿਚ ਅਸਲੀ ਉੱਡਣ-ਖੰਭ (ਰੀਮਾਈਜੀਜ਼) ਅਤੇ ਉਨ੍ਹਾਂ ਦੇ ਕੱਵਰਟਸ ਜਾਂ ਲੁਕਵੇ ਖੰਭ ਆਉਂਦੇ ਹਨ।
ਖੰਭ ਦੇ ਉਪਰਲੇ ਪਾਸੇ ਮਹਾਂ, ਮੱਧ ਅਤੇ ਲਘੂ ਮਾਰਜੀਨਲ ਕੱਵਰਟਸ ਹੁੰਦੇ ਹਨ। ਮਹਾਂ ਕੱਵਰਟਸ ਰੀਮਾਈਜੀਜ਼ ਦੇ ਅਧਾਰ ਨੂੰ ਢੱਕਦੇ ਹਨ ਅਤੇ ਬਾਕੀ (ਖੰਭ ਦੇ ਕਿਨਾਰੇ ਵੱਲ ਵਧਦੇ ਹੋਏ) ਇਕ ਦੂਜੇ ਨੂੰ ਢੱਕਦੇ ਹਨ ਤੇ ਆਕਾਰ ਵਿਚ ਘਟਦੇ ਜਾਂਦੇ ਹਨ। ਕੰਗਰੋੜ (ਪਿਠਲਾ), ਖੰਭ-ਖੰਤਰ, ਸਿਰਫ਼ ਸਿਰ ਅਤੇ ਕੰਗਰੋੜ ਉੱਤੇ ਅਤੇ ਨਾਲ ਨਾਲ ਲਗਦੇ ਹਿੱਸੇ ਨੂੰ ਛੱਡ ਕੇ ਬਾਕੀ ਸਾਰੇ ਸਰੀਰ ਉੱਤੇ ਫੈਲਿਆ ਹੁੰਦਾ ਹੈ। ਮੁਰਗ਼ੇ ਵਿਚ ਇਹ ਖੰਤਰ, ਕਲਗ਼ੀ, ਮੋਢੇ, ਪਿੱਠ ਅਤੇ ਪਿਠਲਾ ਆਦਿ ਹਿੱਸਿਆਂ ਵਿਚ ਵੰਡਿਆ ਹੁੰਦਾ ਹੈ। ਹੇਠਲੇ ਪਾਸੇ ਛਾਤੀ ਖੰਤਰ ਹੁੰਦੇ ਹਨ।
ਦੋਨਾਂ ਛਾਤੀ ਖੰਤਰਾਂ ਦੇ ਵਿਚਕਾਰ ਇਕ ਹੇਠਲਾ ਖੰਤਰ ਹੁੰਦਾ ਹੈ ਜਿਹੜਾ ਮੱਧ ਰੇਖਾ ਦੇ ਦੋਨੋ ਪਾਸੇ ਖੰਭ ਛੇਕ ਦੇ ਹਿੱਸੇ ਦੇ ਪਾਸਿਆਂ ਵਲ ਜਾਂਦਾ ਹੋਇਆ ਗੁੱਦੇ ਦੇ ਅਗੇ ਮਿਲ ਜਾਂਦਾ ਹੈ। ਪੂਛ-ਖੰਭ-ਖੰਤਰ ਵਿਚ ਪੂਛ ਖੰਭ ਅਤੇ ਉਨ੍ਹਾਂ ਦੇ ਕੱਵਰਟਸ ਆਉਂਦੇ ਹਨ। ਇਸ ਤੋਂ ਇਲਾਵਾ ਸਿਰ ਖੰਤਰ, ਡੌਲਾ-ਖੰਤਰ, ਪੱਟ-ਖੰਤਰ ਅਤੇ ਕਰੂਰਲ-ਖੰਤਰ ਹੁੰਦੇ ਹਨ।
ਖੰਭ-ਖੰਤਰ ਅਤੇ ਖੰਭਾਂ ਦਾ ਵਿਕਾਸ
ਖੰਭ-ਜਰਮ-ਮੂਲ –– ਇਹ ਇਨਕਿਊਬੇਸ਼ਨ ਸਮੇਂ ਹੀ ਪੰਛੀ ਦੇ ਭਰੂਣ ਦੀ ਚਮੜੀ ਵਿਚ ਬਣਨੇ ਸ਼ੁਰੂ ਹੋ ਜਾਂਦੇ ਹਨ। ਹਰ ਜਰਮ-ਮੂਲ ਇਕ ਸਥਾਨਕ ਉਭਾਰ ਦੀ ਤਰ੍ਹਾਂ ਸ਼ੁਰੂ ਹੁੰਦਾ ਹੈ ਜਿਹੜਾ ਚਮੜੀ ਦੀ ਸਤ੍ਹਾ ਤੋਂ ਉਪਰ ਉਠ ਜਾਂਦਾ ਹੈ। ਹਰ ਉਭਾਰ ਵਿਚ ਡਰਮਲ ਜਾਂ ਮੀਜ਼ੋਡਰਮਲ ਕੋਰ ਦਾ ਬਣਿਆ ਹੁੰਦਾ ਹੈ ਜਿਹੜਾ ਉਪਰੋਂ ਸਖ਼ਤ ਐਪੀਡਰਮਿਸ ਨਾਲ ਢਕਿਆ ਹੁੰਦਾ ਹੈ। ਸ਼ੁਰੂ ਦੇ ਜਰਮ-ਮੂਲ ਹਰ ਖੰਭ-ਖੰਤਰ ਵਿਚ ਕੁਝ ਖ਼ਾਸ ਥਾਵਾਂ ਉੱਤੇ ਸ਼ੁਰੂ ਹੁੰਦੇ ਹਨ, ਫਿਰ ਦੂਜੇ ਜਰਮ-ਮੂਲ ਬਣਦੇ ਹਨ।
ਭਰੂਣ ਦਾ ਹਰੇਕ ਜਰਮ-ਮੂਲ ਬਾਲਗ਼ ਵਿਚ ਇਕ ਖੰਭ-ਫ਼ਾੱਲੀਕਲ ਬਣਦਾ ਹੈ।
ਬੋਟ ਦੇ ਨਰਮ ਰੋਮ –– ਹਰੇਮ ਜਰਮ-ਮੂਲ ਆਧਾਰ ਉੱਤੇ ਪਰਿਵਰਧਨ ਕਾਰਨ ਵਧਦਾ ਹੈ। ਐਪੀਡਰਮਲ ਭਿੱਤੀ ਦੇ ਅੰਦਰਲੇ ਹਿੱਸੇ ਤੋਂ ਉਭਾਰ ਬਣਦੇ ਹਨ। ਹਰੇਕ ਐਪੀਡਰਮਲ ਉਭਾਰ ਤੋਂ ਬਾਰਬਿਊਲਾਂ ਦੀਆਂ ਦੋਵੇਂ ਕਤਾਰਾਂ ਸਮੇਤ ਬਾਰਬ ਬਣਦਾ ਹੈ। ਜਰਮ-ਮੂਲ ਦੇ ਆਧਾਰ ਉੱਤੇ ਇਕ ਮੋਟਾ ਨੜਾ ਜਿਹਾ (Calamus) ਬਣਦਾ ਹੈ ਜੋ ਨਰਮ ਰੋਮਦਾਰ ਖੰਭਾਂ ਦਾ ਆਧਾਰ ਬਣਦਾ ਹੈ। ਇਨ੍ਹਾਂ ਸਾਰੀਆਂ ਹਾਲਤਾਂ ਦੇ ਦੌਰਾਨ ਖੰਭ ਜਰਮ-ਮੂਲ ਦਾ ਆਧਾਰ ਚਮੜੀ ਵਿਚ ਖੁੱਭਦਾ ਜਾਂਦਾ ਹੈ ਤੇ ਇਸ ਦੇ ਦੁਆਲੇ ਐਪੀਡਰਮਲ ਤਹਿ ਵਾਲੀ ਇਕ ਨਲੀ ਬਣ ਜਾਂਦੀ ਹੈ ਜਿਸਨੂੰ ਖੰਭ-ਫਾੱਲੀਕਲ ਕਹਿੰਦੇ ਹਨ।
ਅਲੂੰਏਂ ਖੰਭ –– ਨੜੇ ਦੀ ਸਤ੍ਹਾ ਦੇ ਹੇਠਾਂ ਖੰਭ ਜਰਮ-ਮੂਲ ਤੋਂ ਨੋਕ ਅਤੇ ਅਲੂੰਏਂ ਖੰਭ ਦੀਆਂ ਜ਼ਿਆਦਾ ਆਧਾਰ ਸਤ੍ਹਾਵਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਉਂ ਜਿਉਂ ਅਲੂੰਆਂ ਖੰਭ ਲੰਮਾ ਹੁੰਦਾ ਹੈ, ਇਹ ਨਰਮ ਰੋਮਦਾਰ ਖੰਭਾਂ ਨੂੰ ਫ਼ਾੱਲੀਕਲ ਦੇ ਮੂੰਹ ਵਿਚੋਂ ਹੀ ਬਾਹਰ ਧੱਕ ਦਿੰਦਾ ਹੈ। ਐਪੀਡਰਮਲ ਸਿਲੰਡਰ ਦੇ ਸਭ ਤੋਂ ਬਾਹਰਲੇ ਸੈੱਲਾਂ ਤੋਂ ਖੰਭ-ਗਿਲਾਫ਼ ਬਣਦਾ ਹੈ ਜਿਹੜਾ ਨਰਮ ਰੋਮਾਂ ਅਤੇ ਅਲੂੰਏਂ ਖੰਭ ਦੋਹਾਂ ਨੂੰ ਦੁਆਲਿਉਂ ਢਕਦਾ ਹੈ। ਜਦੋਂ ਅੰਡੇ ਵਿਚੋਂ ਬੱਚਾ ਨਿਕਲਦਾ ਹੈ ਤਾਂ ਗਿਲਾਫ਼ ਸੁੱਕ ਜਾਣ ਕਰਕੇ ਟੁੱਟ ਜਾਂਦਾ ਹੈ ਪਰ ਹਾਲੀਂ ਵੀ ਇਹ ਅਲੂੰਏਂ ਖੰਭਾਂ ਦੇ (ਜਿਨ੍ਹਾਂ ਨੂੰ ਇਸ ਵਕਤ ਪਿੰਨ-ਖੰਭ ਕਹਿੰਦੇ ਹਨ) ਦੁਆਲੇ ਹੁੰਦਾ ਹੈ। ਅੰਡੇ ਵਿਚੋਂ ਬੱਚਾ ਨਿਕਲਣ ਤੋਂ ਬਾਅਦ ਅਲੂੰਏਂ ਖੰਭਾਂ ਦਾ ਪਰਿਵਰਧਨ ਚਲਦਾ ਰਹਿੰਦਾ ਹੈ। ਨਰਮ ਰੋਮਾਂ ਦੇ ਬਣਨ ਵਾਂਗ ਇਥੇ ਵੀ ਐਪੀਡਰਮਲ ਸਿਲੰਡਰ ਦੀ ਭਿੱਤੀ ਇਕ ਬਾਹਰਲੇ ਗਿਲਾਫ਼ (ਸਟ੍ਰੇਟਮ ਕਾੱਰਨੀਅਮ) ਅਤੇ ਅੰਦਰਲੇ ਹਿੱਸੇ (ਸਟ੍ਰੈਟਮ ਇੰਟਰਮੀਡੀਅਮ ਅਤੇ ਸਟ੍ਰੈਟਮ ਸਿਲੰਡਰੀਕਮ) ਵਿਚ ਵੰਡੀ ਜਾਂਦੀ ਹੈ। ਅੰਦਰਲੇ ਹਿੱਸੇ ਤੋਂ ਲੰਬਕਾਰੀ ਬਾਰਬ ਖੰਭ-ਫ਼ਲ ਉਭਾਰ ਬਣਦੇ ਹਨ ਜਿਹੜੇ ਮੀਜ਼ੋਡਰਮਲ ਪਲਪ ਵਿਚ ਖੁੱਭੇ ਹੁੰਦੇ ਹਨ।
ਹਰੇਕ ਉਭਾਰ ਦੇ ਸਟ੍ਰੈਟਮ ਇੰਟਰਮੀਡੀਅਮ ਤੋਂ ਅਲੂੰਏਂ ਖੰਭ ਦੀ ਬਾਰਬ ਖੰਭਫ਼ਲ ਦਾ ਦੂਰ ਸਥਿਤ ਹਿੱਸਾ ਬਣਦਾ ਹੈ ਜਦੋਂ ਕਿ ਸਟ੍ਰੈਟਮ ਸਿਲੰਡਰੀਕਮ ਪਲਪ ਤੋਂ ਬਾਰਬ ਖੰਭ-ਫਲ ਦੇ ਵੱਧਦੇ ਹਿੱਸੇ ਨੂੰ ਵੱਖ ਕਰਦਾ ਹੈ ਅਤੇ ਇਸ ਤੋਂ ਪਲਪ ਟੋਪੀਆਂ ਬਣਦੀਆਂ ਹਨ। ਇਹ ਟੋਪੀਆਂ ਪਲਪ ਨੂੰ ਸੁੱਕਣ ਤੋਂ ਬਚਾਉਂਦੀਆਂ ਹਨ। ਐਪੀਡਰਮਲ ਸਿਲੰਡਰ ਦੇ ਆਧਾਰ ਦਾ ਇਕ ਹਿੱਸਾ ਬਿਲਕੁਲ ਵੱਖ ਕਟਿਆ ਜਾਂਦਾ ਹੈ ਤੇ ਹੇਠਵਰਤੀ ਖੰਭ-ਸੁਰਾਖ਼ ਬਣਦਾ ਹੈ। ਪਲਪ ਦਾ ਇਹ ਕਟਿਆ ਹੋਇਆ ਹਿੱਸਾ ਅਤੇ ਇਸ ਤੋਂ ਉਪਰਲਾ ਅਤੇ ਹੇਠਲਾ ਹਿੱਸਾ ਰੇਸ਼ੇਦਾਰ ਬਣ ਜਾਂਦਾ ਹੈ ਤੇ ਇਹ ਡਰਮਲ ਪੈਪਿਲਾ ਬਣਦਾ ਹੈ। ਇਸ ਤੋਂ ਹੋਰ ਨਵੇਂ ਸੈੱਲ ਬਣਕੇ ਪਲਪ ਦੇ ਆਧਾਰ ਤੇ ਰਲਦੇ ਜਾਂਦੇ ਹਨ। ਇਸ ਕਟੇ ਹੋਏ ਹਿੱਸੇ ਅਤੇ ਉਸ ਤੋਂ ਉਪਰ ਦਾ ਐਪੀਡਰਮਲ ਸਿਲੰਡਰ ਮੋਟਾ ਹੋ ਜਾਂਦਾ ਹੈ ਤੇ ਇਸ ਤੋਂ ਕਾੱਲਰ ਬਣਦਾ ਹੈ। ਇਸ ਵਿਚ ਸੈੱਲ-ਵਿਭਾਜਨ ਹੁੰਦਾ ਰਹਿੰਦਾ ਹੈ ਤੇ ਨਵੇਂ ਸੈੱਲ ਲੰਮੇ ਹੋ ਰਹੇ ਐਪੀਡਰਮਲ ਸਿਲੰਡਰ ਦੇ ਆਧਾਰ ਤੇ ਆਉਂਦੇ ਰਹਿੰਦੇ ਹਨ ਜਿਸ ਨਾਲ ਗਿਲਾਫ਼ ਦੇ ਆਧਾਰ ਤੇ ਹਰੇਕ ਬਾਰਬ-ਖੰਭ-ਫਲ ਉਭਾਰ ਦਾ, ਖੰਭ-ਡੰਡੀ ਦਾ ਅਤੇ ਸਟ੍ਰੈਟਮ ਸਿਲੰਡਰੀਕਮ ਦਾ ਵਾਧਾ ਹੁੰਦਾ ਰਹਿੰਦਾ ਹੈ; ਜਿਵੇਂ ਕਿ ਖੰਭ ਦਾ ਬਣਨਾ ਸਿਰੇ ਤੋਂ ਹੇਠਾਂ ਵੱਲ ਨੂੰ ਪੂਰਾ ਹੁੰਦਾ ਹੈ, ਪਲਪ ਸਮੇਂ ਸਮੇਂ ਤੇ ਖਤਮ ਹੁੰਦੀ ਰਹਿੰਦੀ ਹੈ ਤੇ ਇਕ ਤੋਂ ਬਾਅਦ ਦੂਜੀ ਪਲਪ ਟੋਪੀ ਸਟ੍ਰੈਟਮ ਸਿਲੰਡਰੀਕਮ ਰਾਹੀਂ ਬਣਦੀ ਰਹਿੰਦੀ ਹੈ। ਗਿਲਾਫ਼ ਦਾ ਸਿਰਾ ਟੁੱਟਣ ਨਾਲ ਖੰਭ ਦਾ ਉਪਰਲਾ ਹਿੱਸਾ ਮੁਕਤ ਹੋ ਜਾਂਦਾ ਹੈ। ਇਸ ਸਮੇਂ ਤੱਕ ਐਪੀਡਰਮਲ ਸਿਲੰਡਰ ਦੀ ਪੂਰੀ ਲੰਬਾਈ ਤੱਕ ਕੈਰਾਟੀਨ ਪੂਰਾ ਹੋ ਜਾਂਦਾ ਹੈ ਤੇ ਪਲਪ ਡਰਮਲ ਪੈਪਿਲਾ ਦੇ ਹਿੱਸੇ ਤੋਂ ਹੇਠਾਂ ਤੱਕ ਖਤਮ ਹੋ ਜਾਂਦਾ ਹੈ। ਇਸ ਸਮੇਂ ਅਲੂੰਆਂ ਖੰਭ ਪੂਰਾ ਬਣ ਜਾਂਦਾ ਹੈ।
ਬਾਲਗ਼ ਅਤੇ ਉਤਰ ਜਾਣ ਵਾਲੇ ਖੰਭ –– ਅਲੂੰਏਂ ਖੰਭ ਉਤਰ ਜਾਣ ਨਾਲ ਪਿਛੇ ਡਰਮਲ ਪੈਪਿਲਾ ਨੰਗਾ ਰਹਿ ਜਾਂਦਾ ਹੈ। ਸੋ ਹਰੇਕ ਕਾੱਲਰ ਤੋਂ ਵਾਰ ਵਾਰ ਵਿਭਾਜਨ ਰਾਹੀਂ ਪੈਪਿਲਾ ਉੱਤੇ ਐਪੀਡਰਮਿਸ ਦੀ ਤਹਿ ਬਣਦੀ ਹੈ ਤੇ ਜਰਮ-ਮੂਲ ਫਿਰ ਬਣ ਜਾਂਦਾ ਹੈ। ਇਸ ਜਰਮ-ਮੂਲ ਤੋਂ ਫਿਰ ਨਵਾਂ ਖੰਭ, ਅਲੂੰਆਂ ਜਾਂ ਬਾਲਗ਼ ਖੰਭ ਬਣਦਾ ਹੈ। ਇਹ ਖੰਭ ਪੂਰਾ ਬਣਨ ਤੋਂ ਬਾਅਦ ਫਿਰ ਕਿਸੇ ਦੁਰਘਟਨਾ ਜਾਂ ਪੁੱਟਣ ਕਰਕੇ ਨਸ਼ਟ ਹੋ ਜਾਂਦਾ ਹੈ ਤੇ ਕਾੱਲਰ ਫਿਰ ਐਪੀਡਰਮਿਸ ਦੀ ਤਹਿ ਬਣਾ ਦਿੰਦਾ ਹੈ ਜਿਸ ਤੋਂ ਫਿਰ ਪਹਿਲਾਂ ਦੀ ਤਰ੍ਹਾਂ ਦਾ ਖੰਭ ਬਣਦਾ ਹੈ।
ਖੰਭਾਂ ਦਾ ਰੰਗ –– ਬਹੁਤੇ ਖੰਭਾਂ ਦਾ ਰੰਗ ਉਨ੍ਹਾਂ ਦੇ ਬਣਨ ਦੀ ਹਾਲਤ ਵਿਚ ਉਨ੍ਹਾਂ ਦੇ ਸੈੱਲਾਂ ਵਿਚ ਮੈਲਾਨਿਨ ਪਿਗਮੈਂਟ ਦੇ ਛੋਟੇ ਛੋਟੇ ਕਣਾਂ ਦੀ ਹੋਂਦ ਕਰਕੇ ਹੁੰਦਾ ਹੈ। ਇਹ ਪਿਗਮੈਂਟ ਇਕ ਖ਼ਾਸ ਕਿਸਮ ਦੇ ਸੈੱਲਾਂ, ਮੈੱਲਾਨੋਸਾਈਟਾਂ ਰਾਹੀਂ ਬਣਦੀ ਹੈ। ਇਹ ਪਿਗਮੈਂਟ, ਸੈੱਲ ਪਲਪ ਦੇ ਨਾਲ ਨਾਲ ਹਰੇਕ ਬਾਰਬ-ਖੰਭ ਫ਼ਲ (ਜਾਂ ਬਾਰਬ ਦੀ ਡੰਡੀ) ਦੇ ਹਿੱਸੇ ਵਿਚ ਹੁੰਦੇ ਹਨ ਅਤੇ ਇਨ੍ਹਾਂ ਦੀ ਪੈਰੀਫਰੀ ਤੋਂ ਬਣ ਰਹੇ ਬਾਰਬਿਊਲ ਸੈੱਲਾਂ ਵਲ ਲੰਬੀਆਂ, ਪਤਲੀਆਂ ਸ਼ਾਖ਼ਾਵਾਂ ਜਾਂਦੀਆਂ ਹਨ ਜਿਨ੍ਹਾਂ ਦੇ ਉੱਤੇ ਜਾਂ ਵਿਚ ਪਿਗਮੈਂਟ ਕਣ ਜਮ੍ਹਾਂ ਹੁੰਦੇ ਹਨ। ਬਾਅਦ ਵਿਚ ਇਹ ਮੈੱਲਾਨੋਸਾਈਟ, ਬਾਰਬਾਂ ਨੂੰ ਵੀ ਕਣ ਭੇਜਦੇ ਹਨ। ਜੇ ਇਨ੍ਹਾਂ ਨੂੰ ਆਪਣੇ ਕਣਾਂ ਤੋਂ ਵਾਂਝੇ ਕਰ ਦਿੱਤਾ ਜਾਵੇ ਤਾਂ ਇਹ ਮਰ ਜਾਂਦੇ ਹਨ। ਪੰਛੀਆਂ ਦੀ ਹਰ ਜਾਤੀ ਜਾਂ ਨਸਲ ਦੇ ਮੈੱਲਾਨੋਸਾਈਟ ਇਕ ਖ਼ਾਸ ਆਕਾਰ, ਸ਼ਕਲ ਜਾਂ ਰੰਗ ਦੇ ਪਿਗਮੈਂਟ ਕਣ ਪੈਦਾ ਕਰਦੇ ਹਨ। ਖੰਭਾਂ ਦਾ ਕਾਲਾ, ਸਲੇਟੀ, ਭੂਰਾ, ਲਾਲ-ਭੂਰਾ ਅਤੇ ਪੀਲਾ ਰੰਗ ਸਿੱਧਾ ਇਨ੍ਹਾਂ ਕਣਾਂ ਤੇ ਹੀ ਨਿਰਭਰ ਕਰਦਾ ਹੈ।
ਚਿੱਟੀਆਂ ਨਸਲਾਂ ਵਿਚ ਪਿਗਮੈਂਟ ਬਹੁਤ ਥੋੜ੍ਹੀ ਹੁੰਦੀ ਹੈ ਜਾਂ ਹੁੰਦੀ ਹੀ ਨਹੀਂ ਕਿਉਂਕਿ ਇਨ੍ਹਾਂ ਦੇ ਮੈੱਲਾਨੋਬਲਾਸਟ ਅਸਲੀ ਪਿਗਮੈਂਟ ਸੈੱਲ ਬਣਾਉਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਅਸਲ ਵਿਚ ਇਹ ਚਿੱਟਾ ਰੰਗ ਖੰਭਾਂ ਦੀ ਭੌਤਿਕ ਬਣਤਰ ਤੋਂ ਰੌਸ਼ਨੀ ਦੇ ਪਰਾਵਰਤਨ ਹੋਣ ਕਰਕੇ ਦਿਸਦਾ ਹੈ, ਰੰਗਦਾਰ ਕਿਸਮਾਂ ਵਿਚ ਇਸ ਬਣਤਰ ਦਾ ਪ੍ਰਭਾਵ ਪਿਗਮੈਂਟ ਰਾਹੀਂ ਢੱਕਿਆ ਜਾਂਦਾ ਹੈ।
ਖੰਭਾਂ ਵਿਚ ਲਿੰਗੀ ਫਰਕ –– ਕਈ ਪੰਛੀਆਂ ਦੇ ਨਰ ਪ੍ਰਾਣੀ ਦੇ ਖੰਭ ਮਾਦਾ ਤੇ ਖੰਭਾਂ ਨਾਲੋਂ ਬਹੁਤ ਵਖਰੇ ਹੁੰਦੇ ਹਨ। ਉਦਾਹਰਣ ਵਜੋਂ ਬਰਾਊਨ ਲੈੱਗਹਾਰਨ ਕੁੱਕੜ ਦੇ ਨਰ ਦੇ ਪਿਛਲੇ ਖੰਤਰ ਦੇ ਖੰਭ ਲੰਮੇ, ਝੁਕੇ ਹੋਏ, ਝਾਲਰਦਾਰ, ਸੁਨਿਹਰੇ ਰੰਗ ਦੇ ਹੁੰਦੇ ਹਨ ਜਦੋਂ ਕਿ ਮਾਦਾ ਦੇ ਇਸ ਹਿੱਸੇ ਦੇ ਖੰਭ ਛੋਟੇ, ਗੋਲ ਸਿਰਿਆਂ ਵਾਲੇ ਅਤੇ ਬਿੰਦੀਆਂ ਵਾਲੇ ਹੁੰਦਾ ਹਨ। ਇਸ ਪੰਛੀ ਵਿਚ ਮਾਦਾ ਵਰਗੇ ਖੰਭਾਂ ਦਾ ਬਣਨਾ ਅੰਡਕੋਸ਼ਾਂ ਦੇ ਇਕ ਹਾਰਮੋਨ ਰਾਹੀਂ ਕੰਟਰੋਲ ਹੁੰਦਾ ਹੈ। ਹੋਰ ਪੰਛੀਆਂ ਵਿਚ ਖੰਭਾਂ ਦੀ ਲਿੰਗੀ ਦੋ-ਰੂਪਤਾ ਹੋਰ ਹਾੱਰਮੋਨਾਂ ਕਾਰਨ ਹੁੰਦੀ ਹੈ।
ਖੰਭਾਂ ਦਾ ਕੰਮ –– ਦੇਹ ਖੰਭ (ਉੱਡਣ ਖੰਭ ਅਤੇ ਪੂਛ ਖੰਭਾਂ ਸਮੇਤ) ਸਰੀਰ ਦੀ ਬਾਹਰਲੀ ਸੀਮਾ ਨਿਸਚਿਤ ਕਰਦੇ ਹਨ ਅਤੇ ਪੰਛੀਆਂ ਨੂੰ ਉੱਡਣ ਯੋਗ ਬਣਾਉਣ ਦਾ ਕੰਮ ਦਿੰਦੇ ਹਨ; ਲੂੰ-ਖੰਭ ਅਤੇ ਨਰਮ ਰੋਮਦਾਰ ਖੰਭ ਸਰੀਰ ਦੀ ਗਰਮੀ ਨੂੰ ਸਰੀਰ ਵਿਚ ਜਮ੍ਹਾਂ ਰਖਣ ਦਾ ਕੰਮ ਕਰਦੇ ਹਨ। ਖੰਭਾਂ ਦੇ ਰੰਗ ਅਤੇ ਡਿਜ਼ਾਇਨ ਰੱਖਿਅਕ ਰੰਗਣ ਅਤੇ ਲਿੰਗੀ ਪਛਾਣ ਦਾ ਕੰਮ ਕਰਦੇ ਹਨ।
ਮਨੁੱਖ ਰਾਹੀਂ ਖੰਭਾਂ ਦੀ ਵਰਤੋਂ –– ਕਵਿਲ ਤਕਰੀਬਨ ਛੇਵੀਂ ਸਦੀ ਤੋਂ ਲਿਖਣ ਦੇ ਕੰਮਾਂ ਲਈ ਵਰਤੇ ਜਾਂਦੇ ਰਹੇ ਹਨ। ਲਚਕੀਲੇ, ਹਲਕੇ ਅਤੇ ਨਰਮ ਹੋਣ ਕਰਕੇ ਖੰਭਾਂ ਨੂੰ ਬਿਸਤਰਿਆਂ, ਗੱਦੀਆਂ ਆਦਿ ਵਿਚ ਭਰਨ ਲਈ ਵਰਤਿਆ ਜਾਂਦਾ ਹੈ।
ਯੂਰਪ ਵਿਚ ਤੇਰ੍ਹਵੀਂ ਸਦੀ ਦੇ ਅਖ਼ੀਰ ਤੱਕ ਸਜਾਵਟ ਦੇ ਕੰਮਾਂ ਵਿਚ ਖੰਭਾਂ ਦੀ ਕੋਈ ਖ਼ਾਸ ਵਰਤੋਂ ਨਹੀਂ ਹੁੰਦੀ ਸੀ। ਅਲਿਜ਼ਬੈੱਥ-𝐈 ਦੇ ਰਾਜ ਸਮੇਂ ਔਰਤਾਂ ਦੇ ਸਿਰ ਦੇ ਪਹਿਰਾਵੇ ਦੀ ਸਜਾਵਟ ਲਈ ਖੰਭ ਬਹੁਤ ਮਹੱਤਵਪੂਰਨ ਅੰਗ ਬਣ ਗਏ। ਇਸ ਮੰਤਵ ਲਈ ਸ਼ੁਤਰ ਮੁਰਗ ਦੇ ਖੰਭ ਵਿਸ਼ੇਸ਼ ਕਰਕੇ ਵਰਤੇ ਜਾਂਦੇ ਸਨ।
ਚਿੱਤਰਕਾਰਾਂ ਦੇ ਬੁਰਸ਼ਾਂ ਦੀਆਂ ਡੰਡੀਆਂ ਬਣਾਉਣ ਲਈ ਕਈ ਆਕਾਰਾਂ ਦੇ ਕਵਿਲ ਵਰਤੋਂ ਵਿਚ ਲਿਆਏ ਜਾਂਦੇ ਹਨ। ਘਰੇਲੂ ਕੁੱਕੜ ਅਤੇ ਕਈ ਹੋਰ ਪੰਛੀਆਂ ਦੇ ਖੰਭ ਬੁਰਸ਼ ਅਤੇ ਝਾੜਨ ਬਣਾਉਣ ਲਈ ਵਰਤੇ ਜਾਂਦੇ ਹਨ। ਮੱਛੀਆਂ ਫੜਨ ਲਈ ਖੰਭਾਂ ਦੀਆਂ ਬਣਾਉਟੀ ਮੱਖੀਆਂ ਵੀ ਬਣਾਈਆਂ ਜਾਂਦੀਆਂ ਹਨ।
ਬਹੁਤ ਸਮੇਂ ਤੋਂ ਖੰਭ ਪ੍ਰਾਪਤ ਕਰਨ ਲਈ ਪੰਛੀਆਂ ਦਾ ਸ਼ਿਕਾਰ ਕਰਨ ਕਰਕੇ ਇਨ੍ਹਾਂ ਦੀਆਂ ਕਈ ਜਾਤੀਆਂ ਬਿਲਕੁਲ ਲੁਪਤ ਹੋ ਚੁਕੀਆਂ ਹਨ। ਹੁਣ ਕਈ ਸਰਕਾਰਾਂ ਨੇ ਕਈ ਪੰਛੀਆਂ ਦੇ ਸ਼ਿਕਾਰ ਤੇ ਪਾਬੰਦੀ ਲਗਾ ਦਿੱਤੀ ਹੈ।
ਹ. ਪੁ.– ਐਨ. ਬ੍ਰਿ. 9 : 128
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਖੰਭ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੰਭ, (ਸੰਸਕ੍ਰਿਤ : स्तम्भ, स्कम्भ) \ ਪੁਲਿੰਗ : ਖੰਭਾ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-22-11-09-34, ਹਵਾਲੇ/ਟਿੱਪਣੀਆਂ:
ਖੰਭ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੰਭ, (ਸ਼ਾਇਦ ਪੰਖ<ਸੰਸਕ੍ਰਿਤ : पक्ष ਦੀ ਅੱਖਰ ਬਦਲ) \ ਪੁਲਿੰਗ : ਪੰਖੇਰੂਆਂ ਦੇ ਪਰ, ਫੰਘ, ਪੰਖ, ਬਾਂਹ
–ਖੰਭ ਸਵਾਰਨਾ (ਸੁਆਰਨਾ), ਮੁਹਾਵਰਾ : ੧. ਕੋਈ ਕੰਮ ਕਰਨ ਨੂੰ ਤਿਆਰ ਹੋਣਾ ; ੨. ਸ਼ਿੰਗਾਰ ਲਾਉਣਾ
–ਖੰਭਹਾਰ, (ਪੋਠੋਹਾਰੀ) / ਵਿਸ਼ੇਸ਼ਣ : ਖੰਭ-ਰੂਪ, ਖੰਭਾਂ ਦੀ ਸ਼ਕਲ ਵਾਲਾ
–ਖੰਭ ਛੁਹਾ ਜਾਣਾ, (ਪੋਠੋਹਾਰੀ) / ਮੁਹਾਵਰਾ : ਹੱਥ ਵਿੱਚ ਆ ਕੇ ਖਿਸਕ ਜਾਣਾ, ਫਸਿਆ ਹੋਇਆ ਵੀ ਹੱਥੋਂ ਨਿਕਲ ਜਾਣਾ
–ਖੰਭ ਛੁਡਾ ਜਾਣਾ, ਮੁਹਾਵਰਾ : ਪੰਜੇ ਵਿਚੋਂ ਨਿਕਲ ਜਾਣਾ, ਖਿਸਕ ਜਾਣਾ, ਕਾਬ ਵਿੱਚੋਂ ਨਿਕਲ ਜਾਣਾ,ਆਜ਼ਾਦ ਹੋ ਜਾਣਾ
–ਖੰਭ ਟੁੱਟਣੇ (ਟੁਟ ਜਾਣੇ), ਮੁਹਾਵਰਾ :ਬਾਹਾਂ ਭੱਜ ਜਾਣੀਆਂ, ਆਸਰਾ ਨਾ ਰਹਿਣਾ
–ਖੰਭ ਲੱਗਣੇ, ਮੁਹਾਵਰਾ : ੧. ਉਡਾਰੂ ਹੋਣਾ ; ੨. ਸ਼ਰਾਰਤੀ ਹੋਣਾ ; ੩. ਵਿੱਤੋਂ ਬਾਹਰਾ ਹੋਛਾਪਨ ਵਿਖਾਉਣਾ
–ਖੰਭਾਂ ਹੇਠ ਦੇਣਾ (ਦੇ ਲੈਣਾ) , ਮੁਹਾਵਰਾ : ਹਿਫ਼ਾਜ਼ਤ ਵਿੱਚ ਲੈ ਲੈਣਾ, ਪਨਾਹ ਦੇਣਾ
–ਖੰਭਾਂ ਹੇਠ ਲੁਕਾਉਣਾ, ਖੰਭਾਂ ਹੇਠ ਲੈਣਾ, ਮੁਹਾਵਰਾ : ਪਨਾਹ ਦੇਣਾ, ਸ਼ਰਨ ਵਿੱਚ ਲੈਣਾ, ਹਿਫ਼ਾਜ਼ਤ ਦੇਣਾ
–ਖੰਭਾਂ ਦੀਆਂ ਡਾਰਾਂ ਬਣਨਾ, ਮੁਹਾਵਰਾ : ਬਾਤ ਦਾ ਬਤੰਗੜ ਬਣਨਾ, ਵਧਾ ਕੇ ਗੱਲ ਕਹਿਣਾ
–ਖੰਭਾਂ ਦੀ ਡਾਰ ਬਣਾਉਣਾ, ਮੁਹਾਵਰਾ : ਵਧਾ ਕੇ ਗੱਲ ਕਹਿਣਾ, ਰਾਈ ਦਾ ਪਹਾੜ ਬਣਾਉਣਾ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-22-11-09-48, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First