ਗਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਣ. ਸੰ. ਸੰਗ੍ਯਾ—ਸਮੁਦਾਯ. ਗਰੋਹ. ਝੁੰਡ । ੨ ਫ਼ੌਜ ਦੀ ਇੱਕ ਖ਼ਾਸ ਗਿਣਤੀ—ਰਥ ੨੭, ਹਾਥੀ ੨੭, ਘੋੜੇ ੮੧, ਅਤੇ ਪੈਦਲ ੧੩੫। ੩ ਜਾਤੀ। ੪ ਦੇਵਤਿਆਂ ਦੇ ਦਾਸ਼, ਜਿਵੇਂ—ਯਮਗਣ, ਸ਼ਿਵਗਣ, ਆਦਿ “ਗਣ ਗੰਧਰਬ ਸਿਧ ਅਰੁ ਸਾਧਿਕ.” (ਦੇਵ ਮ: ੫) ੫ ਵ੍ਯਾਕਰਣ ਦੇ ਭ੍ਵਾਦਿ ਅਦਾਦਿ ਆਦਿ ਦਸ ਗਣ। ੬ ਨੌ ਦੇਵਤਿਆਂ ਦੀ “ਗਣ” ਸੰਗ੍ਯਾ ਇਸ ਲਈ ਹੈ ਕਿ ਉਹ ਕਈ ਕਈ ਗਿਣਤੀ ਦੇ ਹਨ. ਉਹ ਨੌ ਗਣ ਇਹ ਹਨ:—

ੳ.    ਅਨਿਲ (ਪਵਨ) ਉਣੰਜਾ.

ਅ. ਆਦਿਤਯ (ਸੂਰਯ) ਬਾਰਾਂ.

ੲ. ਆਭਾਸ੍ਵਰ,       ਚੌਸਠ.

ਸ. ਸਾਧ੍ਯ, ਬਾਰਾਂ.

ਹ. ਤੁ੡੄ਤ, ਛੱਤੀ.

ਕ. ਮਹਾਰਾਜਿਕ, ਦੋ ਸੌ ਵੀਹ.

ਖ. ਰੁਦ੍ਰ, ਗਿਆਰਾਂ.

ਗ ਵਸੁ, ਅੱਠ.

ਘ. ਵਿਸ਼੍ਵੇਦੇਵਾ, ਦਸ਼.

੭ ਛੰਦਸ਼ਾਸਤ੍ਰ (ਪਿੰਗਲ) ਅਨੁਸਾਰ ਤਿੰਨ ਅੱਖਰਾਂ ਦਾ ਸਮੁਦਾਯ ਗਣ ਹੈ. ਅਤੇ ਉਨ੍ਹਾਂ ਦੀ ਗਿਣਤੀ ਅੱਠ ਹੈ—

   ਮਗਣ    SSS ਸਰਵਗੁਰੁ

   ਭਗਣ    SII   ਆਦਿਗੁਰੁ

   ਜਗਣ    ISI   ਮਧ੍ਯਗੁਰੁ

   ਸਗਣ    IIS   ਅੰਤਗੁਰੁ

   ਨਗਣ     III    ਸਰਵਲਘੁ

   ਯਗਣ     ISS ਆਦਿਲਘੁ

   ਰਗਣ    SIS ਮਧ੍ਯਲਘੁ

   ਤਗਣ    SSI ਅੰਤਲਘੁ

੮ ਛੰਦਸ਼ਾਸਤ੍ਰ ਅਨੁਸਾਰ ਪੰਜ ਮਾਤ੍ਰਿਕ ਗਣ:—ਟਗਣ ਛੀ ਮਾਤ੍ਰਾ ਦਾ, ਠਗਣ ਪੰਜ ਮਾਤ੍ਰਾ ਦਾ, ਡਗਣ ਚਾਰ ਮਾਤ੍ਰਾ ਦਾ, ਢਗਣ ਤਿੰਨ ਦਾ ਅਤੇ ਣਗਣ ਦੋ ਮਾਤ੍ਰਾ ਦਾ। ੯ ਸਕੰਦ ਪੁਰਾਣ ਅਨੁਸਾਰ ਇੱਕ ਦੈਤ, ਜੋ ਅਭਿਜਿਤ ਬ੍ਰਾਹਮਣ ਦੀ ਇਸਤ੍ਰੀ ਦੇ ਗਰਭ ਤੋਂ ਬ੍ਰਹਮਾ ਦੇ ਵੀਰਯ ਦ੍ਵਾਰਾ ਪੈਦਾ ਹੋਇਆ. ਇਸ ਨੂੰ ਗਣੇਸ਼ ਨੇ ਮਾਰਿਆ, ਜਿਸ ਤੋਂ ਨਾਮ ਗਣੇਸ਼ (ਗਣ—ਈਸ਼, ਗਣ ਨੂੰ ਜਿੱਤਣ ਵਾਲਾ) ਹੋਇਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22548, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਣ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗਣ (ਸੰ.। ਸੰਸਕ੍ਰਿਤ) ੧. ਜਥਾ , ੨. ਲੜੀ , ਸ਼੍ਰੇਣੀ , ੩. ਸਿਵ ਆਦਿਕ ਦੇ ਸੇਵਕ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 22449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗਣ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗਣ : ਵੇਖੋ ‘ਛੰਦ ਸ਼ਾਸਤ੍ਰ’

ਛੰਦ–ਸ਼ਾਸਤ੍ਰ : ਛੰਦਾ ਦੀ ਉਤਪੱਤੀ, ਪਰੰਪਰਾ, ਵਰਗੀਕਰਣ, ਰਚਨਾ ਵਿਧੀ ਆਦਿ ਸੰਬੰਧੀ ਬੋਧ ਦੇਣ ਵਾਲੇ ਸ਼ਾਸਤ੍ਰ ਦਾ ਨਾਂ ਛੰਦ–ਸ਼ਾਸਤ੍ਰ ਹੈ। ਇਸੇ ਨੂੰ ‘ਪਿੰਗਲ ਸ਼ਾਸਤ੍ਰ’ ਜਾਂ ‘ਕਾਵਿ ਸ਼ਾਸਤ੍ਰ’ ਵੀ ਕਹਿੰਦੇ ਹਨ। ਅਰਬੀ, ਫ਼ਾਰਸੀ ਤੇ ਉਰਦੂ ਵਾਲੇ ਇਸ ਨੂੰ ‘ਫ਼ਨੇ–ਅਰੂਜ਼’ ਦਾ ਨਾਂ ਦਿੰਦੇ ਹਨ। ਭਾਵੇਂ ‘ਛੰਦ–ਸ਼ਾਸਤ੍ਰ’ ਸੰਬੰਧੀ ਪ੍ਰਾਰੰਭਿਕ ਜਾਣਕਾਰੀ ‘ਰਿਗਵੇਦ’ ਵਿਚੋਂ ਮਿਲਦੀ ਹੈ ਅਤੇ ਉਸ ਦੇ ਬਾਅਦ ਯਜੁਰਵੇਦ ਅਤੇ ਹੋਰ ਵੈਦਿਕ ਗ੍ਰੰਥਾਂ ਵਿਚ ਵੀ ਇਸ ਦਾ ਵਿਵਰਣ ਮਿਲਦਾ ਹੈ, ਫਿਰ ਵੀ ਇਸ ਦੀ ਵਿਸਤ੍ਰਿਤ ਤੇ ਵਿਗਿਆਨਕ ਜਾਣਕਾਰੀ ਆਚਾਰਯ ਪਿੰਗਲ ਦੇ ਛੰਦ–ਸ਼ਾਸਤ੍ਰ ਤੋਂ ਹੀ ਪ੍ਰਾਪਤ ਹੁੰਦੀ ਹੈ। ਰਿਸ਼ੀ ਪਿੰਗਲ ਦਾ ਸਮਾਂ ਕੋਈ 200 ਈ. ਮੰਨਿਆ ਜਾਂਦਾ ਹੈ। ਇਸ ਦੇ ਰਚੇ ਛੰਦ–ਵਿਧਾਨ ਨੂੰ ਛੰਦ–ਸੂਤ੍ਰ ਦਾ ਨਾਂ ਵੀ ਦਿੱਤਾ ਜਾਂਦਾ ਹੈ।

          ਛੰਦ ਦੀ ਬਣਤਰ ਤੇ ਵਿਕਾਸ : ਜਿਸ ਪਦ ਰਚਨਾ ਵਿਚ ਵਰਣ, ਮਾਤ੍ਰਾ, ਗਣ, ਵਿਸ਼੍ਰਾਮ, ਤੁਕਾਂਤ ਆਦਿ ਦੀ ਪਾਬੰਦੀ ਹੋਵੇ, ਉਹ ਛੰਦ ਹੈ। ਇਸ ਤਰ੍ਹਾਂ ਛੰਦ ਦੀ ਬਣਤਰ ਵਿਚ ਵਰਣ, ਮਾਤ੍ਰਾ ਗਣ, ਵਿਸ਼੍ਰਾਮ, ਤੁਕਾਂਗ, ਤੁਕਾਂਤ ਸ਼ਾਮਲ ਹਨ।

          ਵਰਣ : ਭਾਵੇਂ ਵਰਣ ਸ਼ਬਦ ਕਈ ਅਰਥਾਂ ਵਿਚ ਵਰਤਿਆ ਗਿਆ ਹੈ, ਜਿਵੇਂ ਰੰਗ, ਜਾਤੀ, ਭੇਦ, ਅੱਖਰ ਆਦਿ ਪਰ ਛੰਦਾਬੰਦੀ ਵਿਚ ਪੈਂਤੀ ਦੇ ਹਰ ਅੱਖਰ ਨੂੰ ਵਰਣ ਕਹਿੰਦੇ ਹਨ। ਇਹ ਵਾਸਤਵ ਵਿਚ ਉਹ ਮੂਲ ਧੁਨੀ ਹੈ ਜੋ ਖੰਡਾਂ ਵਿਚ ਵੰਡੀ ਨਹੀਂ ਜਾ ਸਕਦੀ।

          ਪੰਜਾਬੀ ਅੱਖਰਾਂ ਦੇ ਨਾਲ ‘ਲਗਾਂ’ ਵੀ ਲੱਗਦੀਆਂ ਹਨ ਜੋ ਹਰ ਅੱਖਰ ਦੀ ਮੂਲ ਆਵਾਜ਼ ਨੂੰ ਵਧਾ ਦਿੰਦੀਆਂ ਹਨ। ‘ਲਗਾਂ’ ਕੇਵਲ ਅੱਖਰਾਂ ਨਾਲ ਲੱਗ ਕੇ ਹੀ ਆਵਾਜ਼ ਪ੍ਰਗਟ ਕਰਦੀਆਂ ਹਨ। ਇਨ੍ਹਾਂ ਦੀ ਆਪਣੀ ਕੋਈ ਵੱਖਰੀ ਆਵਾਜ਼ ਨਹੀਂ। ਜਿਸ ਅੱਖਰ ਨਾਲ ਕੋਈ ‘ਲਗ’ ਨਾ ਲੱਗੀ ਹੋਵੇ, ਉਸ ਨੂੰ ਮੁਕਤਾ ਕਹਿੰਦੇ ਹਨ। ਪੈਂਤੀ ਦਾ ਹਰ ਅੱਖਰ ਮੂਲ ਰੂਪ ਵਿਚ ਮੁਕਤਾ ਹੈ।

          ਮਾਤ੍ਰਾ : ਇਕ ਮੁਕਤਾ ਅੱਖਰ ਦੇ ਬੋਲਣ ਵਿਚ ਜੋ ਸਮਾਂ ਲੱਗਦਾ ਹੈ ਉਸ ਨੂੰ ਮਾਤ੍ਰ ਜਾਂ ਮਾਤ੍ਰਾ ਕਹਿੰਦੇ ਹਨ। ਛੰਦਾਬੰਦੀ ਵਿਚ ਅੱਖਰਾਂ ਦੀ ਆਵਾਜ਼ਾਂ ਦੀ ਗਿਣਤੀ ਕੀਤੀ ਜਾਂਦੀ ਹੈ।

          ਲਘੂ ਗੁਰੂ : ਅੱਖਰਾਂ ਨੂੰ ਬੋਲਣ ਸਮੇਂ ਮੁਕਤਾ ਉੱਤੇ ਥੋੜਾ ਸਮਾਂ ਲੱਗਦਾ ਹੈ ਜਿਵੇਂ ‘ਕ’ ਤੇ ਜੇ ਇਸ ਦੇ ਨਾਲ ‘ੇ’ ਦੀ ਲਗ ਲਾ ਦਿੱਤੀ ਜਾਏ ਤਾਂ ‘ਕੇ’ ਆਵਾਜ਼ ਪਰ ਬਹੁਤਾ ਸਮਾਂ ਲਗੇਗਾ। ਬਸ, ਛੋਟੀ ਆਵਾਜ਼ ਵਾਲੇ ਵਰਣ ਨੂੰ ਲਘੂ ਤੇ ਲੰਮੇਰੀ ਆਵਾਜ਼ ਵਾਲੇ ਨੂੰ ਗੁਰੂ ਕਹਿੰਦੇ ਹਨ। ਮੁਕਤਾ ਤੋਂ ਇਲਾਵਾ ‘ਿ’ (ਸਿਹਾਰੀ) ਤੇ ‘ੁ’ ਔਂਕੜ ਦੀਆਂ ਲਗਾਂ ਵੀ ਆਵਾਜ਼ ਵਿਚ ਕੋਈ ਖ਼ਾਸ ਵਾਧਾ ਨਹੀਂ ਕਰਦੀਆਂ, ਇਸ ਲਈ ਮੁਕਤੇ ਤੋਂ ਇਲਾਵਾ ਸਿਹਾਰੀ ਤੇ ਔਂਕੜ ਵਾਲੇ ਵਰਣ ਵੀ ਲਘੂ ਹੀ ਗਿਣੇ ਜਾਂਦੇ ਹਨ। ਬਾਕੀ ਸਭ ਲਗਾਂ ਵਾਲੇ ਵਰਣ ਗੁਰੂ ਅਖਵਾਉਂਦੇ ਹਨ। ‘ਪਕੇਰੀ’ ਵਿਚ ‘ਪ’ ਲਘੂ ਹੈ ਪਰ ਬਾਕੀ ਦੋਵੇਂ ਅੱਖਰ ਗੁਰੂ ਹਨ। ਕਣਕ, ਇਲਮ, ਸ਼ੁਕਲ, ਬਰਫ਼, ਚਿਣਗ ਵਿਚ ਸਾਰੇ ਅੱਖਰ ਲਘੂ ਹਨ ਤੇ ਹਰ ਸ਼ਬਦ ਦੀਆਂ ਤਿੰਨ ਮਾਤ੍ਰਾਂ ਹਨ।

          ਇਸੇ ਤਰ੍ਹਾਂ ਤਾਣਾ, ਪੇਟਾ, ਕੰਘਾ, ਸੇਲ੍ਹੀ, ਟੋਪੀ ਵਿਚ ਸਾਰੇ ਅੱਖਰ ਦੋ ਦੋ ਮਾਤ੍ਰਾਂ ਦੇ ਹਨ ਤੇ ਇਸ ਲਈ ਗੁਰੂ ਹਨ। ਹਰ ਸ਼ਬਦ ਇੱਥੇ ਚਾਰ ਚਾਰ ਮਾਤ੍ਰਾਂ ਦਾ ਹੈ। ਸਾਕ, ਸੈਣ ਵਿਚ ਪਹਿਲਾ ਅੱਖਰ ਗੁਰੂ ਹੈ ਤੇ ਦੂਜਾ ਲਘੂ, ਇਸ ਲਈ ਹਰ ਸ਼ਬਦ ਤਿੰਨ ਮਾਤ੍ਰਾਂ ਦਾ ਹੈ। ਪਰ ਬਾਕੀ ਤੇ ਪੀਰੀ ਵਿਚ ਹਰ ਅੱਖਰ ਗੁਰੂ ਹੈ, ਇਸ ਲਈ ਹਰ ਸ਼ਬਦ ਚਾਰ ਮਾਤ੍ਰਾਂ ਦਾ ਹੈ। ਗਿਣਤੀ ਕਰਨ ਸਮੇਂ ‘ਲਘੂ’ ਅੱਖਰ ਦੀ ਇਕ ਮਾਤ੍ਰਾ ਤੇ ‘ਗੁਰੂ’ ਦੀਆਂ ਦੋ ਮਾਤ੍ਰਾਂ ਹੁੰਦੀਆਂ ਹਨ।

          ਆਵਾਜ਼ਾਂ ਅਥਵਾ ਮਾਤ੍ਰਾਂ ਦੀ ਗਿਣਤੀ ਕਰਨ ਲੱਗਿਆਂ ਪੈਰ ਵਿਚ ਲਿਖੇ ਅੱਖਰਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ, ਜਿਵੇਂ ‘ਪ੍ਰੇਮੀ’, ‘ਸ੍ਵਾਂਤ’, ਜਾਂ ‘ਪੜ੍ਹ’ ਵਿਚ। ਇਸੇ ਤਰ੍ਹਾਂ ‘਼’ ਵੀ ਗਿਣਤੀ ਵਿਚ ਨਹੀਂ ਆਉਂਦੀ। ‘ਗਾ’ ਜਾਂ ‘ਗਾਂ’ ਦੋਹਾਂ ਸੂਰਤਾਂ ਵਿਚ ਦੋ ਮਾਤ੍ਰਾਂ ਹੀ ਗਿਣੀਆਂ ਜਾਣਗੀਆਂ। ਪਰ ‘ੳ’ ਨਾਲ ਬਿੰਦੀ ਦੀ ਵੱਖ ਮਾਤ੍ਰਾ ਗਿਣੀ ਜਾਵੇਗੀ। ‘ਉਂਗਲੀ’ ਦੀਆਂ ਚਾਰ ਮਾਤ੍ਰਾਂ ਹੋਣਗੀਆਂ।

          ਟਿੱਪੀ ‘ੰ ’ ਦੀ ਮਾਤ੍ਰਾ ਵੱਖਰੀ ਗਿਣੀ ਜਾਂਦੀ ਹੈ ਪਰ ਇਸ ਨਿਯਮ ਅਧੀਨ ਕਿਸੇ ਨਿਯਮ ਅਧੀਨ ਕਿਸੇ ਵਰਣ ਦੀਆਂ ਦੋ ਤੋਂ ਵੱਧ ਮਾਤ੍ਰਾਂ ਨਹੀਂ ਮੰਨੀਆਂ ਜਾਂਦੀਆਂ। ਇਸ ਤਰ੍ਹਾਂ ਗੁਰੂ ਅੱਖਰ ਪੁਰ ਆਈ ਟਿੱਪੀ ਵੀ ਨਹੀਂ ਗਿਣੀ ਜਾਏਗੀ, ਜਿਵੇਂ ‘ਮੂੰਹ’ ਵਿਚ ਪਹਿਲਾ ਵਰਣ ਗੁਰੂ ਹੈ ਤੇ ਦੂਜਾ ਲਘੂ; ਇਸ ਸ਼ਬਦ ਦੀਆਂ ਕੁਲ ਤਿੰਨ ਮਾਤ੍ਰਾਂ ਹੀ ਗਿਣੀਆਂ ਜਾਣਗੀਆਂ ਪਰ ਟੰਗ ਵਿਚ ਟਿੱਪੀ ਵੱਖ ਮਾਤ੍ਰਾ ਗਿਣੀ ਜਾਏਗੀ। ਦੂਜੇ ਸ਼ਬਦਾਂ ਵਿਚ ਟਿੱਪੀ ‘ਲਘੂ’ ਵਰਣ ਨਾਲ ਆਵੇ ਤਾਂ ਵੱਖ ਮਾਤ੍ਰਾ ਗਿਣੀ ਜਾਏਗੀ, ਗੁਰੂ ਨਾਲ ਆਏ ਤਾਂ ਨਹੀਂ।

          ਅੱਧਕ ਦੀ ਵੱਖ ਮਾਤ੍ਰਾ ਗਿਣੀ ਜਾਂਦੀ ਹੈ, ਜਿਵੇਂ ਜੱਟ, ਬੱਲ ਆਦਿ ਸ਼ਬਦ ਤਿੰਨ ਤਿੰਨ ਮਾਤ੍ਰਾਂ ਦੇ ਗਿਣੇ ਜਾਣਗੇ।

          ਛੰਦਾਬੰਦੀ ਵਿਚ ਲਘੂ, ਗੁਰੂ ਆਵਾਜ਼ਾਂ ਪ੍ਰਗਟ ਕਰਨ ਲਈ ਖ਼ਾਸ ਚਿੰਨ੍ਹ ਨਿਯਤ ਹਨ ਜੋ ਇਸ ਤਰ੍ਹਾਂ ਹਨ :

                   ਲਘੂ ਮਾਤ੍ਰਾ ਲਈ ਖੜਾ ਖ਼ਤ [ਗੁਰਮੁਖੀ ਦੇ ਪੂਰਣ ਵਿਸ਼੍ਰਾਮ ਵਾਂਗ] = 1

                    ਗੁਰੂ ਮਾਤ੍ਰਾ ਲਈ ਵਿੰਗਾ ਖ਼ਤ [ਅੰਗੇਜ਼ੀ ਅੱਖਰ S ਵਾਂਗ] = S

                   ਮਠ = I I

                   ਕੌਮ = S I

                   ਕੇਵਲ = S I I

                   ਕੁਮਾਰ = I S I

                   ਕੂਲਾ = S S

                   ਕੁਆਰਾ = I S S

                   ਕੁਆਤੜਾ = I S I S

          ਗਣ : ਛੰਦਾਬੰਦੀ ਵਿਚ ਅੱਖਰਾਂ ਜਾਂ ਮਾਤ੍ਰਾਂ ਦੇ ਜੋੜ ਨੂੰ ‘ਗਣ’ ਆਖਦੇ ਹਨ। ਇਹੋ ਵਾਸਤਵ ਵਿਚ ਛੰਦ ਦੀ ਚਾਲ ਬੰਨ੍ਹਣ ਲਈ ਬਣਾਏ ਜਾਂਦੇ ਹਨ, ਜਿਵੇਂ :

                   ਚਲੋ ਬੀਰ ਮੇਰੇ

                   ਕਰੋ ਸ਼ੇਰ ਜੇਰੇ

ਵਿਚੋਂ ਹਰ ਤੁਕ ਦੇ ਦੋ ਦੋ ਹਿੱਸੇ ਕਰੀਏ ਤਾਂ ਹਰ ਸਮੂਹ ਵਿਚ ਇਕ ਲਘੂ ਤੇ ਦੋ ਗੁਰੂ ਅੱਖਰ ਆ ਜਾਣਗੇ ਤੇ ਛੰਦ ਦੀ ਚਾਲ ਇਸ ਤਰ੍ਹਾਂ ਪ੍ਰਗਟ ਕੀਤੀ ਜਾਏਗੀ :

                   ਚਲੋਬੀ            ਰ        ਮੇਰੇ

                   I S S            I         S S

                   ਕਰੋ  ਸ਼ੇ           ਰ        ਜੇਰੇ

                   I S  S           I         S S

          ਲਘੂ ਗੁਰੂ ਦੇ ਇਹ ਬਝਵੇਂ ਜੋੜ ਹੀ ‘ਗਣ’ ਹਨ। ਗਣ ਦੋ ਪ੍ਰਕਾਰ ਦੇ ਹੁੰਦੇ ਹਨ, ਵਰਣਿਕ ਤੇ ਮਾਤ੍ਰਿਕ।

          ਵਰਣਿਕ ਗਣ : ਇਸ ਵਿਚ ਹਰ ਗਣ ਤਿੰਨ ਅੱਖਰਾਂ ਦਾ ਹੁੰਦਾ ਹੈ। ਇਸ ਵਿਚ ਲਘੂ ਗੁਰੂ ਅੱਖਰਾਂ ਨੂੰ ਖ਼ਾਸ ਤਰਤੀਬ ਵਿਚ ਬੰਨ੍ਹਿਆ ਜਾਂਦਾ ਹੈ। ਇੱਥੇ ਮਾਤ੍ਰਾ ਦੀ ਗਿਣਤੀ ਦਾ ਕੋਈ ਖ਼ਿਆਲ ਨਹੀਂ ਕੀਤਾ ਜਾਂਦਾ। ਵਰਣਿਕ ਗਣ ਕੁਲ ਅੱਠ ਹੁੰਦੇ ਹਨ, ਜੋ ਇਸ ਤਰ੍ਹਾਂ ਹਨ :

          (1) ਮਗਣ : ਤਿੰਨੇ ਗੁਰੂ S S S                       – ਕਾਲੀਆ, ਈਰਾਨੀ

          (2) ਨਗਣ : ਤਿੰਨੇ ਲਘੂ  I I I                          – ਕਰਮ, ਕਿਰਤ, ਸੁਰਤ

          (3) ਭਗਣ : ਪਹਿਲਾ ਗੁਰੂ ਬਾਕੀ ਦੋ ਲਘੂ S I I       – ਸੂਰਤ, ਬਹਾਰ

          (4) ਤਗਣ : ਪਹਿਲੇ ਦੋ ਗੁਰੂ ਇਕ ਲਘੂ  S I I        – ਹਾਬੀਲ, ਜੀਰਾਨ

          (5) ਰਗਣ : ਗੁਰੂ, ਲਘੂ ਗੁਰੂ S I S                   – ਕਾਮਨਾ, ਚਾਟੜਾ

          (6) ਯਗਣ : ਲਘੂ ਗੁਰੂ, ਗੁਰੂ I S S                  – ਕਮਾਈ, ਉਠਾਏ

          (7) ਸਗਣ : ਲਘੂ ਲਘੂ ਗੁਰੂ I I S                     – ਚਮਚਾ ਕਰੜੀ

          (8) ਜਗਣ : ਲਘੂ ਗੁਰੂ ਲਘੂ I S I                     – ਕਮਾਲ, ਹਰੀਫ਼

          ਇਨ੍ਹਾਂ ਅੱਠਾਂ ਗਣਾਂ ਦੇ ਨਾਂ ਯਾਦ ਕਰਨ ਲਈ ਇਕ ਤੁਕ ‘ਯਮਾਤਾ ਰਾਜ ਭਾਨ ਸਲਗੋ’ ਯਾਦ ਕਰ ਲੈਣੀ ਚਾਹੀਦੀ ਹੈ।

          ਇਸ ਤੁਕ ਦੇ ਅੱਖਰ ਨਾਲ ਜੋ ਗਣ ਸ਼ੁਰੂ ਹੁੰਦਾ ਹੈ ਉਸ ਦੀ ਉਹੀ ਤਰਤੀਬ ਹੋਵੇਗੀ ਜੋ ਇਸ ਤੁਕ ਵਿਚ ਆਈ ਹੈ। ਭਾਗ ਯਗਣ ਦੀ ਚਾਲ I S S, ਮਗਣ S S S ਤੇ ਤਗਣ ਦੀ S S ਇਤਿਆਦਿ। ਹਰ ਗਣ ਵਿਚ ਤਿੰਨ ਅੱਖਰ ਹੁੰਦੇ ਹਨ ਤੇ ਬੱਝਵੀਂ ਚਾਲ ਵਿਚ ਚਲਦੇ ਹਨ।

          ਮਾਤ੍ਰਿਕ ਗਣ : ਮਾਤ੍ਰਿਕ ਗਣ ਅੱਖਰਾਂ ਦਾ ਸਮੂਹ ਜਾਂ ਝੁੰਡ ਹੈ ਜਿਸ ਵਿਚ ਕੇਵਲ ਮਾਤ੍ਰਾਂ ਦੀ ਗਿਣਤੀ ਕੀਤੀ ਜਾਂਦੀ ਹੈ ਅੱਖਰਾਂ ਦੀ ਨਹੀਂ, ਜਿਵੇਂ ‘ਮਿਹਨਤ’ ਵਿਚ ਚਾਰ ਅੱਖਰ ਹਨ ਤੇ ਚਾਰ (I I I I) ਹੀ ਮਾਤ੍ਰਾਂ, ਪਰ ‘ਮੀਰੀ’ ਵਿਚ ਅੱਖਰ ਭਾਵੇਂ ਦੋ ਹਨ, ਫਿਰ ਵੀ ਮਾਤ੍ਰਾ ਚਾਰ (SS) ਹਨ। ਇਸੇ ਤਰ੍ਹਾਂ ‘ਚੂੜੀਆਂ’ ਵਿਚ ਭਾਵੇਂ ਅੱਖਰ ਤਿੰਨ ਹੀ ਹਨ ਪਰ ਮਾਤ੍ਰਾ ਛੇ ਗਿਣੀਆਂ ਜਾਣਗੀਆਂ ਜੋ ਤਿੰਨੇ ਦੂਹਰੀਆਂ ਅਥਵਾ ਗੁਰੂ (S S S) ਹਨ। ਮਾਤ੍ਰਿਕ ਗਣ ਪੰਜ ਪ੍ਰਕਾਰ ਦੇ ਹੁੰਦੇ ਹਨ ਅਤੇ ਇਨ੍ਹਾਂ ਦੇ ਨਾਂ ‘ਟਵਰਗ’ ਵਰਣਾਂ ਨਾਲ ਚਲਦੇ ਹਨ ਜਿਵੇਂ ਟਗਣ, ਠਗਣ, ਡਗਣ, ਢਗਣ ਤੇ ਣਗਣ। ਇਨ੍ਹਾਂ ਦੀਆ ਮਾਤ੍ਰਾਂ ਦੀ ਤਰਤੀਬ ਛੇ ਤੋਂ ਆਰੰਭ ਹੋ ਕੇ ਘਟਦੀ ਜਾਂਦੀ ਹੈ, ਜਿਵੇਂ :

          ਟਗਣ : ਛੇ ਮਾਤ੍ਰਾਂ ਹੁੰਦੀਆਂ ਹਨ, ਜਿਵੇਂ ਪੂਰੀਆਂ (S S S), ਕਾਰੀਗਰ (S S I I), ਦਰਦੀਲਾ (I I S S) ਇਤਿਆਦਿ।

          ਠਗਣ : ਪੰਜ ਮਾਤ੍ਰਾਂ, ਜਿਵੇਂ ਬਰਾਬਰ (I S I I), ਕਰਤਾਰ (I I S I) ਆਦਿ।

          ਡਗਣ : ਚਾਰ ਮਾਤ੍ਰਾਂ, ਜਿਵੇਂ ਪੀਰੀ (S S), ਵਿਰਸਾ (I I S), ਆਲਿਮ, (S I I) ਆਦਿ।

          ਢਗਣ : ਤਿੰਨ ਮਾਤ੍ਰਾਂ, ਜਿਵੇਂ ਅਕਲ (I I I), ਲੜੀ (I S) ਆਦਿ।

          ਣਗਣ : ਦੋ ਮਾਤ੍ਰਾਂ, ਜਿਵੇਂ ਬਹਿ (I I), ਭਰ (I I I), ਮਾਂ (S) ਆਦਿ।

          ਮਾਤ੍ਰਾਂ ਦੀ ਤਰਤੀਬ ਅਨੁਸਾਰ ਜੋ ਮਾਤ੍ਰਿਕ ਗਣ ਚਕ੍ਰ ਬਣਦਾ ਹੈ, ਉਸ ਅੰਦਰ ਟਗਣ ਦੇ ਤੇਰ੍ਹਾਂ, ਠਗਣ ਦੇ ਅੱਠ, ਡਗਣ ਦੇ ਪੰਜ, ਢਗਣ ਦੇ ਤਿੰਨ ਦੇ ਣਗਣ ਦੇ ਦੋ ਰੂਪ ਹੁੰਦੇ ਹਨ, ਜੋ ਇਸ ਤਰ੍ਹਾਂ ਹਨ :
          ਟਗਣ                      ਠਗਣ                      ਡਗਣ             ਢਗਣ             ਣਗਣ

          ਤੇਰ੍ਹਾਂ ਰੂਪ                   ਅੱਠ ਰੂਪ                   ਪੰਜ ਰੂਪ          ਤਿੰਨ ਰੂਪ         ਦੋ ਰੂਪ

(1)     I S S (ਭੰਮੀਰੀ            I S S (ਖਰਾਬੀ)          S S (ਚਾਚਾ)    I S (ਭਰਾ)       S (ਮਾਂ, ਤਾ)

(2)     I I S S (ਭੜਕੀਲੀ)      S I S (ਮਾਲਤੀ,           I I S (ਕਰਤਾ)   S I (ਕੋਟ)       I I ਕਰ

                                                ਸਾਬਤੀ)

(3)     I S I S (ਬਰਾਬਰੀ)      I I I S (ਕਿਰਮਚੀ)       I S I (ਜਵਾਨ)   I I I (ਕਰਮ)     S ਖਾ

(4)     S I I S (ਬੇਸ਼ਰਮੀ)       S S I (ਪੰਜਾਬ,            S I I (ਕੀਮਤ,   ਸ਼ਰਮ             S ਪੀ

                                                ਬੰਗਾਲ)                    ਜ਼ੇਵਰ)  ਧਰਮ            

(5)     I I I I S (ਸਪੁਰਦਗੀ,     I I S I (ਭਰਮਾਰ)!        I I I I (ਨਿਰਮਲ,                   

                   ਕਮਬਖਤੀ)                                             ਬਿਹਬਲ)

(6)     I S S I (ਕਰਾਮਾਤ)      I S I I (ਬਹਾਦਰ)

(7)     S I S I (ਸਾਮਰਾਜ)      S I I I (ਬੇਸ਼ਰਮ)

(8)     I I I S I (ਕਰਮਕਾਂਡੂ)    I I I I I (ਬਦਬਖ਼ਤ)

(9)     S S I I (ਬਾਜ਼ੀਗਰ,

                   ਦਾਵਾਨਲ)

(10)   I I S I I (ਕਲਗੀਧਰ)

(11)    I S I I I (ਮਵਾਫ਼ਕਤ)

(12)    S I I I I (ਚਾਲਚਲਨ)

(13)    I I I I I I (ਬਦਕਿਸਮਤ)

          ਛੰਦ ਤਿੰਨ ਪ੍ਰਕਾਰ ਦੇ ਹੁੰਦੇ ਹਨ––(1) ਵਰਣਿਕ ਛੰਦ, (2) ਮਾਤ੍ਰਿਕ ਛੰਦ ਅਤੇ (3) ਗਣਿਕ ਛੰਦ।

          ਵਰਣਿਕ ਛੰਦ : ਇਨ੍ਹਾਂ ਵਿਚ ਕੇਵਲ ਵਰਣਾਂ ਅਥਵਾ ਅੱਖਰਾਂ ਦੀ ਗਿਣਤੀ ਕੀਤੀ ਜਾਂਦੀ ਹੈ, ਮਾਤ੍ਰਾਂ ਦਾ ਹਿਸਾਬ ਨਹੀਂ ਕੀਤਾ ਜਾਂਦਾ। ਕਬਿੱਤ, ਕੋਰੜਾ ਤੇ ਸਵੱਯਾ ਵਰਣਿਕ ਛੰਦ ਹਨ।

          ਮਾਤ੍ਰਿਕ ਛੰਦ : ਇਨ੍ਹਾਂ ਵਿਚ ਮਾਤ੍ਰਾਂ ਦੀ ਗਿਣਤੀ ਕੀਤੀ ਜਾਂਦੀ ਹੈ। ਵਰਣ ਘੱਟ ਵਧ ਹੋ ਸਕਦੇ ਹਨ। ਚੌਪਈ, ਦੋਹਰਾ, ਸੋਰਠਾ ਆਦਿ ਮਾਤ੍ਰਿਕ ਛੰਦ ਹਨ। ਸਵੱਯਾ ਮਾਤ੍ਰਿਕ ਛੰਦ ਵੀ ਹੈ ਤੇ ਵਰਣਿਕ ਵੀ।

          ਗਣਿਕ ਛੰਦ : ਇਨ੍ਹਾਂ ਵਿਚ ਛੰਦ ਦੀ ਚਾਲ ਗਣਾਂ ਦੇ ਹਿਸਾਬ ਵਿਚ ਚਲਦੀ ਹੈ। ‘ਗਣ’ ਵਰਣਿਕ ਵੀ ਹਨ ਤੇ ਮਾਤ੍ਰਿਕ ਵੀ।

          ਛੰਦ ਸੰਬੰਧੀ ਹੋਰ ਜ਼ਰੂਰੀ ਗੱਲਾਂ ਇਹ ਹਨ :

          ਚਰਣ : ਪਹਿਲੇ ਸਮਿਆਂ ਵਿਚ ਤੁਕ ਦੇ ਇਕ ਹਿੱਸੇ ਨੂੰ (ਠਹਿਰਾਉ ਤੋਂ ਪਹਿਲੇ) ਪਰ ਅੱਜਕੱਲ੍ਹ ਛੰਦ ਦੀ ਪੂਰੀ ਤੁਕ, ਅਥਵਾ ਪਾਲ ਨੂੰ ਚਰਣ ਕਹਿੰਦੇ ਹਨ।

          ਬਿਸਰਾਮ ਜਾਂ ਵਿਸ਼੍ਰਾਮ : ਕਾਵਿ ਤੁਕ ਦੇ ਪੜ੍ਹਨ ਨਾਲ ਇਕ ਥਾਉਂ ਪੁਰ ਥੋੜਾ ਜਿਹਾ ਠਹਿਰਾਉ ਆਉਂਦਾ ਹੈ, ਇਸ ਨੂੰ ਬਿਸਰਾਮ ਕਹਿੰਦੇ ਹਨ, ਜਿਵੇਂ :

          “ਦਰ ਢੱਠਿਆਂ ਦੇ ਗੁਣਾਂ ਦੀ, ਕਦਰ ਨਾ ਪੈਂਦੀ ਯਾਰ” ਵਿਚ ‘ਦੀ’ ਤੇ ਬਿਸਰਾਮ ਹੈ।

          ਤੁਕਾਂਗ : ਤੁਕ ਦੇ ਅੰਗ ਜਾਂ ਹਿੱਸੇ ਨੂੰ ਤੁਕਾਂਤ ਕਹਿੰਦੇ ਹਨ। ਉਪਰਲੀ ਤੁਤਕ ਦੇ ਦੋ ਅੰਗ ਹਨ। ਹਰ ਅੰਗ ਨੂੰ ਤੁਕਾਂਗ ਕਹਿੰਦੇ ਹਨ। ਇਕ ਬਿਸਰਾਮ ਤੋਂ ਪਹਿਲੇ ਇਕ ਬਿਸਰਾਮ ਤੋਂ ਬਾਅਦ।

          ਤੁਕਾਂਤ : ਛੰਦ ਦੀ ਤੁਕ ਦੇ ਅੰਤ ਵਿਚ ਆਏ ਸ਼ਬਦ ਨੂੰ ਤੁਕਾਂਤ  (ਤੁਕ ਦਾ ਅੰਤ) ਕਹਿੰਦੇ ਹਨ। ਉਪਰਲੀ ਤੁਕ ਵਿਚ ਯਾਰ ਤੁਕਾਂਤ ਹੈ। ਜੇ ਛੰਦ ਦੀਆਂ ਤੁਕਾਂ ਦਾ ਅੰਤ ਹਮਵਜ਼ਨ ਹੋਵੇ ਤਾਂ ਉਸ ਨੂੰ ਅੰਤ ਅਨੁਪ੍ਰਾਸ ਕਹਿੰਦੇ ਹਨ। ਜਿਵੇਂ ਯਾਰ, ਕਾਰ, ਬਾਰ ਆਦਿ।

          [ਸਹਾ. ਗ੍ਰੰਥ––ਸ਼ਿਵਨੰਦਨ ਪ੍ਰਸਾਦ : ‘ਮਾਤ੍ਰਿਕ ਜੋਦੋਂ ਕਾ ਵਿਕਾਸ’ (ਹਿੰਦੀ); ਮ. ਕੋ.; ‘ਬ੍ਰਿਹਤ ਹਿੰਦੀ ਸ਼ਬਦ     ਸਾਗਰ’; ਜੋਗਿੰਦਰ ਸਿੰਘ : ‘ਪਿੰਗਲ ਤੇ ਅਰੂਜ਼’]        


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 16184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਗਣ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਣ, (ਸੰਸਕ੍ਰਿਤ : गण) \ ਪੁਲਿੰਗ : ੧. ਸਮੂਹ, ਗਰੋਹ, ਝੁੰਡ, ਇਕੱਠ, ਟੋਲਾ; ੨. ਫ਼ੌਜ ਦਾ ਇੱਕ ਦਸਤਾ ਜਿਸ ਵਿੱਚ ੨੭ ਹਾਥੀ ੨੭ ਰਥ  ੮੧ ਘੋੜੇ ਅਤੇ ੧੩੫ ਪੈਦਲ ਸਵਾਰ ਹੁੰਦੇ ਹਨ; ੩. ਇੱਕ ਕਬੀਲਾ; ੪. ਸ਼ਿਵਜੀ ਦੇ ਸੇਵਕ; ੫. ਨੌਂ ਦੇਵਤਿਆਂ ਦੀ ਸੰਗਿਆ; ੬. ਪਿੰਗਲ (ਛੰਦ ਸ਼ਾਸ਼ਤਰ) ਅਨੁਸਾਰ ਤਿੰਨ ਅੱਖਰਾਂ ਦਾ ਸਮੂਹ; ੭. ਪਿਛੇਤਰ ਜੋ ਸਮੂਹਵਾਚੀ ਸੰਗਿਆ ਬਣਾਉਂਦਾ ਹੈ ਜਿਵੇਂ ਸ੍ਰੋਤਾ ਗਣ, ਪਾਠਕ ਗਣ

–ਗਣਤੰਤਰ, ਪੁਲਿੰਗ : ਲੋਕਰਾਜ, ਰੀਪਬਲਿਕ

–ਗਣਪਤ, ਗਣਪਤਿ, ਗਣਪਤੀ, ਪੁਲਿੰਗ : ਗਣੇਸ਼, ਇੱਕ ਦੇਵਤਾ

–ਗਣਰਾਜ, ਪੁਲਿੰਗ : ਲੋਕਰਾਜ, ਰੀਪਬਲਿਕ ਗਣਤੰਤਰ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 24, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-24-03-09-09, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.