ਗਣਤੰਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਣਤੰਤਰ [ਨਾਂਪੁ] ਰਾਜ ਪਰਣਾਲੀ ਜਿਸ ਵਿੱਚ ਨੁਮਾਇੰਦੇ ਲੋਕਾਂ ਰਾਹੀਂ ਚੁਣੇ ਜਾਂਦੇ ਹਨ, ਗਣਰਾਜ, ਲੋਕਤੰਤਰ, ਲੋਕ-ਰਾਜ, ਰਿਪਬਲਿਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਣਤੰਤਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Republic_ਗਣਤੰਤਰ: ਗਣਤੰਤਰ ਦਾ ਮਤਲਬ ਅਜਿਹੀ ਸਰਕਾਰ ਹੈ ਜਿਸ ਵਿਚ ਰਾਜਾ ਨਹੀਂ ਹੁੰਦਾ ਅਤੇ ਸਭ ਇਖ਼ਤਿਆਰ ਲੋਕਾਂ ਦੁਆਰਾ ਚੁਣੇ ਪ੍ਰਤੀਨਿਧਾਂ ਵਿਚ ਨਿਹਿਤ ਹੁੰਦੇ ਹਨ। ਸਿੰਘਲ ਦੀ ਪੁਸਤਕ ਜਿਉਰੈਸਪਰੂਡੈਂਸ (ਪੰ.10) ਅਨੁਸਾਰ ਗਣਤੰਤਰ ਦਰਅਸਲ ਜੁੰਡੀ ਰਾਜ (oligarchy) ਹੁੰਦਾ ਹੈ, ਪਰ ਜ਼ਰੂਰੀ ਨਹੀਂ ਕਿ ਉਹ ਰਾਜ ਜ਼ਮੀਨ ਦੇ ਮਾਲਕ ਪਰਿਵਾਰਾਂ ਦਾ ਹੋਵੇ। ਉਹ ਰਾਜ ਅਮੀਰ ਲੋਕਾਂ ਦਾ ਹੋ ਸਕਦਾ ਹੈ, ਉਹ ਭਾਵੇਂ ਜ਼ਮੀਨ ਦੇ ਮਾਲਕ ਹੋਣ ਜਾਂ ਵਿੱਤੀ, ਉਦਯੋਗਕ ਜਾਂ ਵਣਜੀ ਉਦਮਾਂ ਦੇ ਮੁੱਖੀ ਹੋਣ ਅਤੇ ਸਿਆਸਤ ਤੇ ਅਸਰ ਅੰਦਾਜ਼ ਹੁੰਦੇ ਹੋਣ। ਗਣਰਾਜਾਂ ਵਿਚ ਦੇਸ਼ ਭਗਤੀ ਅਤੇ ਸਵੈ-ਲਾਭ ਲਈ ਸਕੀਮਾਂ ਸਿਖਰ ਤੇ ਹੁੰਦੀਆਂ ਹਨ। ਲੇਕਿਨ ਲੋਕਰਾਜ ਨਾਲੋਂ ਗਣਤੰਤਰ ਵਿਚ ਜਨ-ਭਲਾਈ ਵਲ ਮੁਕਾਬਲਤਨ ਘਟ ਧਿਆਨ ਦਿੱਤਾ ਜਾਂਦਾ ਹੈ। ਲੋਕ ਰਾਜ ਵਿਚ ਸਭ ਪ੍ਰਯੋਜਨਾਂ ਲਈ ਸਰਵ-ਉੱਚ ਇਖ਼ਤਿਆਰ ਸਮੁੱਚੇ ਰੂਪ ਵਿਚ ਨਾਗਰਿਕਾਂ ਅਰਥਾਤ ਜਨਸਮੂਹ ਵਿਚ ਨਿਹਿਤ ਹੁੰਦੇ ਹਨ। ਭਾਵੇਂ ਗਣਤੰਤਰ ਅਤੇ ਲੋਕ ਰਾਜ ਦੋਹਾਂ ਨੂੰ ਲੋਕਾਂ ਦੁਆਰਾ ਸਰਕਾਰ ਦੇ ਅਰਥ ਦਿੱਤੇ ਜਾਂਦੇ ਹਨ, ਪਰ ਲੋਕ ਰਾਜ ਵਿਚ ਲੋਕ ਸਿੱਧੇ ਰੂਪ ਵਿਚ ਉਨ੍ਹਾਂ ਇਖ਼ਤਿਆਰਾਂ ਦੀ ਵਰਤੋਂ ਕਰਦੇ ਹਨ ਜਦ  ਕਿ ਗਣਰਾਜ ਸਰਵ-ਉੱਚ ਇਖ਼ਤਿਆਰ ਲੋਕਾਂ ਦੁਆਰਾ ਚੁਣੇ ਪ੍ਰਤੀਨਿਧਾਂ ਵਿਚ ਨਿਹਿਤ ਹੁੰਦੇ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਗਣਤੰਤਰ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਗਣਤੰਤਰ : ਅੰਗਰੇਜ਼ੀ ਭਾਸ਼ਾ ਦੇ ਸ਼ਬਦ ‘ਰਿਪਬਲਿਕ’ ਦਾ ਪੰਜਾਬੀ ਸਮਾਨਾਰਥਕ ‘ਗਣਰਾਜ’ ਪ੍ਰਾਚੀਨ ਸੰਸਕ੍ਰਿਤ ਸ਼ਬਦ ਹੈ। ਪ੍ਰਾਚੀਨ ਭਾਰਤ ਵਿੱਚ ਰਾਜਤੰਤਰ ਦੇ ਨਾਲ-ਨਾਲ ਗਣਰਾਜਾਂ ਦੀ ਪਰੰਪਰਾ ਸੀ। ਮਹਾਂਭਾਰਤ ਵਿੱਚ ਗਣਰਾਜ ਸ਼ਬਦ ਉਸ ਰਾਜ ਦੇ ਅਰਥ ਵਿੱਚ ਵਰਤਿਆ ਜਾਂਦਾ ਸੀ ਜਿਸ ਵਿੱਚ ਸ਼ਾਸਨ, ਸਭਾ ਦੁਆਰਾ ਸੰਗਠਿਤ ਹੁੰਦਾ ਹੋਵੇ। ਮਹਾਂਭਾਰਤ, ਕੋਟਲਿਆ ਦੇ ਅਰਥ-ਸ਼ਾਸਤਰ ਅਤੇ ਬੁੱਧ-ਸਾਹਿਤ ਵਿੱਚ ਵੀ ਗਣ-ਸ਼ਾਸਨ ਦੀ ਤਰੱਕੀ ਤੇ ਪਤਨ, ਅਤੇ ਕਾਰਜ ਵਿਧੀ ਉੱਪਰ ਵਿਸਥਾਰ ਨਾਲ ਵਿਚਾਰ ਕੀਤਾ ਗਿਆ ਹੈ, ਜੋ ਕਿ ਆਧੁਨਿਕ ਲੋਕਤੰਤਰੀ ਸ਼ਾਸਨਾਂ ਦੀ ਕਾਰਜਵਿਧੀ ਦੇ ਬਹੁਤ ਅਨੁਰੂਪ ਹੈ ਇਹ ਬੜੀ ਹੈਰਾਨੀ ਵਾਲੀ ਗੱਲ ਹੈ।

ਮੂਲ ਰੂਪ ਵਿੱਚ ਗਣਤੰਤਰ ਦੀ ਵਰਤੋਂ ਰਾਜ ਦੇ ਸਮਾਨਾਰਥਕ ਵਜੋਂ ਕੀਤੀ ਜਾਂਦੀ ਸੀ ਪਰੰਤੂ ਸਤਾਰਵੀਂ ਸਦੀ ਤੋਂ ਇਸ ਦਾ ਭਾਵ ਇੱਕ ਅਜਿਹੇ ਰਾਜ ਤੋਂ ਲਿਆ ਜਾਂਦਾ ਹੈ ਜਿਸ ਉੱਤੇ ਰਾਜਾ ਸ਼ਾਸਨ ਨਹੀਂ ਕਰਦਾ। ਅਸਲ ਵਿੱਚ ਗਣਤੰਤਰ ਉਹ ਰਾਜ ਹੁੰਦੇ ਹਨ ਜਿਨ੍ਹਾਂ ਦਾ ਮੁੱਖ ਕਾਰਜਕਾਰੀ ਰਾਜਾ ਜਾਂ ਰਾਸ਼ਟਰਪਤੀ ਲੋਕਾਂ ਦੁਆਰਾ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਚੁਣਿਆ ਹੋਇਆ ਹੁੰਦਾ ਹੈ।

ਆਧੁਨਿਕ ਰਾਜਨੀਤਿਕ ਸਾਹਿਤ ਵਿੱਚ ਗਣਰਾਜ ਸ਼ਬਦ ਦੀ ਵੱਖ-ਵੱਖ ਅਰਥਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ। ਸੌੜੇ ਅਰਥਾਂ ਵਿੱਚ ਗਣਰਾਜ ਸ਼ਬਦ ਦੀ ਵਰਤੋਂ ਰਾਜਤੰਤਰ ਦੇ ਵਿਰੋਧ ਵਿੱਚ ਹੁੰਦੀ ਹੈ ਅਤੇ ਉਸ ਦਾ ਭਾਵ ਹੁੰਦਾ ਹੈ ਕਿ ਉਹ ਸ਼ਾਸਨ ਪ੍ਰਨਾਲੀ ਜਿਸ ਵਿੱਚ ਰਾਜ ਦਾ ਪ੍ਰਧਾਨ ਜਨਤਾ ਰਾਹੀਂ ਚੁਣਿਆ ਜਾਂਦਾ ਹੈ। ਗਣਰਾਜ ਸ਼ਾਸਨ ਪ੍ਰਨਾਲੀ ਦਾ ਭਾਵ ਹੈ, ਜਨਤਾ ਵੱਲੋਂ ਚੁਣੇ ਹੋਏ ਪ੍ਰਤਿਨਿਧੀਆਂ ਦਾ ਸ਼ਾਸਨ। ਆਕਸਫੋਰਡ ਡਿਕਸ਼ਨਰੀ ਅਨੁਸਾਰ ਗਣਰਾਜ ਦਾ ਭਾਵ ਉਹ ਰਾਜ ਹੈ ਜੋ ਰਾਜਾਂ ਜਾਂ ਇਸ ਤਰ੍ਹਾਂ ਦੇ ਸ਼ਾਸਕ ਦੁਆਰਾ ਸ਼ਾਸਿਤ ਨਹੀਂ ਹੁੰਦਾ ਸਗੋਂ ਜਿਸ ਵਿੱਚ ਉੱਚ-ਸ਼ਕਤੀ ਲੋਕਾਂ ਵਿੱਚ ਅਤੇ ਉਹਨਾਂ ਦੇ ਚੁਣੇ ਹੋਏ ਪ੍ਰਤਿਨਿਧਾਂ ਜਾਂ ਅਧਿਕਾਰੀਆਂ ਵਿੱਚ ਨਿਹਿਤ ਹੁੰਦੀ ਹੈ।

ਅਮਰੀਕਾ ਦੇ ਵਿਦਵਾਨ ਮੈਡੀਸਨ ਦੇ ਅਨੁਸਾਰ :

  ਗਣਰਾਜ ਉਹ ਸਰਕਾਰ ਹੈ ਜੋ ਕਿ ਜਨਤਾ ਦੇ ਮਹਾਨ ਸਮੂਹ ਨਾਲ ਪ੍ਰਤੱਖ  ਜਾਂ ਅਪ੍ਰਤੱਖ ਢੰਗ ਨਾਲ ਆਪਣੀਆਂ ਸ਼ਕਤੀਆਂ ਪ੍ਰਾਪਤ ਕਰਦੀ ਹੈ ਅਤੇ ਉਹਨਾਂ ਲੋਕਾਂ ਦੁਆਰਾ ਸ਼ਾਸਨ      ਚਲਾਉਂਦੀ ਹੈ ਜਿਹੜੇ ਆਪਣੇ ਪਦਾਂ ’ਤੇ ਨਿਸ਼ਚਿਤ ਸਮੇਂ ਦੇ ਲਈ ਜਨਤਾ ਦੀ ਖ਼ੁਸ਼ੀ ਜਾਂ ਆਪਣੇ ਸਦਾਚਾਰੀ ਵਿਹਾਰ ਤੱਕ ਬਿਰਾਜਮਾਨ ਰਹਿੰਦੇ ਹਨ। 

ਗਣਤੰਤਰ, ਲੋਕਤੰਤਰ ਨਾਲੋਂ ਵੱਖਰਾ ਹੈ, ਗਣਤੰਤਰ ਵਿੱਚ ਜਾਂ ਤਾਂ ਰਾਜ ਦਾ ਸ਼ਾਸਨ ਕਰਤਾ ਲੋਕਾਂ ਰਾਹੀਂ ਚੁਣਿਆ ਹੋਇਆ ਹੁੰਦਾ ਹੈ ਜਿਵੇਂ ਕਿ ਭਾਰਤ ਦਾ ਰਾਸ਼ਟਰਪਤੀ ਅਪ੍ਰਤੱਖ ਤੌਰ ’ਤੇ ਲੋਕਾਂ ਦਾ ਨੁਮਾਇੰਦਾ ਹੁੰਦਾ ਹੈ, ਜਾਂ ਉਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਮੰਤਰੀ ਪਰਿਸ਼ਦ ਦੀ ਸਲਾਹ ਨਾਲ ਕਰਦਾ ਹੈ ਭਾਵ ਨਾਂ ਦਾ ਮੁਖੀਆ ਹੁੰਦਾ ਹੈ। ਜਦਕਿ ਲੋਕਤੰਤਰ ਇੱਕ ਅਜਿਹਾ ਸਮਾਜ ਹੈ ਜਿਸ ਵਿੱਚ ਕੁਝ ਥੋੜ੍ਹੇ ਜਿਹੇ ਚੋਣਵੇਂ ਨਾਗਰਿਕ ਰਾਜ ਦਾ ਪ੍ਰਸ਼ਾਸਨ ਚਲਾਉਂਦੇ ਹਨ।

ਵਿਆਪਕ ਅਰਥਾਂ ਵਿੱਚ ਗਣਰਾਜ ਦਾ ਭਾਵ ਅਜਿਹੇ ਸ਼ਾਸਨ ਤੋਂ ਹੈ ਜਿਸ ਵਿੱਚ ਕੋਈ ਵੀ ਵਿਅਕਤੀ ਸਰਕਾਰੀ ਸ਼ਕਤੀ ਦੀ ਇਸ ਤਰ੍ਹਾਂ ਵਰਤੋਂ ਨਹੀਂ ਕਰ ਸਕਦਾ ਜਿਵੇਂ ਕਿ ਉਹ ਉਸ ਦੀ ਆਪਣੀ ਨਿੱਜੀ ਸੰਪਤੀ ਹੋਵੇ, ਬਲਕਿ ਸਰਕਾਰੀ ਸ਼ਕਤੀ ਦੀ ਵਰਤੋਂ ਕਿਸੇ ਟੀਚੇ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ। ਇਹ ਟੀਚਾ ਲੋਕ ਭਲਾਈ ਨਮਿਤ ਹੁੰਦਾ ਹੈ।

ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਗਣਰਾਜ ਸ਼ਬਦ ਦੀ ਦੋਨਾਂ ਸੋੜੇ ਤੇ ਵਿਆਪਕ ਅਰਥਾਂ ਵਿੱਚ ਵਰਤੋਂ ਕੀਤੀ ਗਈ ਹੈ। ਭਾਰਤ ਵਿੱਚ ਰਾਜ ਦਾ ਪ੍ਰਧਾਨ ਕੋਈ ਖ਼ਾਨਦਾਨੀ ਰਾਜਾ ਨਹੀਂ ਹੈ, ਸਗੋਂ ਚੁਣਿਆ ਹੋਇਆ ਰਾਸ਼ਟਰਪਤੀ ਹੈ। ਦੇਸ ਵਿੱਚ ਕੋਈ ਵਿਸ਼ੇਸ਼-ਅਧਿਕਾਰ ਪ੍ਰਾਪਤ ਵਰਗ ਨਹੀਂ ਹੈ। ਇਸ ਦਾ ਭਾਵ ਇਹ ਹੈ ਕਿ ਰਾਸ਼ਟਰ ਦੇ ਸਾਰੇ ਪਦ, ਛੋਟੇ ਤੋਂ ਛੋਟੇ ਪਦ ਤੋਂ ਲੈ ਕੇ ਰਾਸ਼ਟਰਪਤੀ ਦੇ ਉੱਚ-ਪਦ ਤੱਕ ਜਾਤੀ, ਧਰਮ, ਪ੍ਰਦੇਸ਼ ਜਾਂ ਲਿੰਗ ਦੇ ਬਿਨਾਂ ਕਿਸੇ ਭੇਦ-ਭਾਵ ਦੇ ਸਾਰੇ ਨਾਗਰਿਕਾਂ ਲਈ ਖੁੱਲ੍ਹੇ ਹਨ। ਇਸ ਤੋਂ ਇਲਾਵਾ ਭਾਰਤੀ ਗਣਰਾਜ ਵਿੱਚ ਸਰਬ-ਉੱਤਮ ਸ਼ਕਤੀ ਸਮੁੱਚੇ ਬਾਲਗ਼ ਵੋਟ-ਅਧਿਕਾਰ ਪ੍ਰਾਪਤ ਜਨ-ਸਮੁਦਾਇ ਵਿੱਚ ਨਿਹਿਤ ਹੈ। ਰਾਸ਼ਟਰਪਤੀ ਦੀ ਚੋਣ ਅਜਿਹੇ ਚੋਣ ਮੰਡਲ ਰਾਹੀਂ ਹੁੰਦੀ ਹੈ ਜਿਸ ਵਿੱਚ ਸੰਸਦ ਦੇ ਦੋਨਾਂ ਸਦਨਾਂ ਦੇ ਚੁਣੇ ਹੋਏ ਮੈਂਬਰ ਅਤੇ ਰਾਜ ਵਿਧਾਨ-ਸਭਾਵਾਂ ਦੇ ਚੁਣੇ ਹੋਏ ਮੈਂਬਰ ਸ਼ਾਮਲ ਹੁੰਦੇ ਹਨ। ਰਾਸ਼ਟਰਪਤੀ ਨੂੰ ਸੰਸਦ ਵਿੱਚ ਜਨਤਾ ਦੇ ਪ੍ਰਤਿਨਿਧੀਆਂ ਦੁਆਰਾ ਮਹਾਦੋਸ਼ ਦੀ ਕਾਰਵਾਈ ਕਰਕੇ ਹਟਾਇਆ ਵੀ ਜਾ ਸਕਦਾ ਹੈ। ਗਣਰਾਜ ਸਰਕਾਰ ਦੀ ਪ੍ਰਨਾਲੀ ਵਿੱਚ ਕਨੂੰਨ ਲੋਕਾਂ ਦੇ ਚੁਣੇ ਹੋਏ ਪ੍ਰਤਿਨਿਧਾਂ ਦੁਆਰਾ ਬਣਾਏ ਜਾਂਦੇ ਹਨ।

ਇਸ ਤਰ੍ਹਾਂ ਸਪਸ਼ਟ ਹੈ ਕਿ ਗਣਰਾਜ ਦਾ ਅਧਿਅਕਸ਼ ਜੱਦੀ ਆਧਾਰ ’ਤੇ ਨਹੀਂ ਬਲਕਿ ਲੋਕਾਂ ਦੁਆਰਾ ਪ੍ਰਤੱਖ ਜਾਂ ਅਪ੍ਰਤੱਖ ਢੰਗ ਨਾਲ ਚੁਣਿਆ ਜਾਂਦਾ ਹੈ। ਐਪਰ, ਦੁਨੀਆ ਦਾ ਹਰੇਕ ਉਹ ਰਾਜ ਜਿਸ ਵਿੱਚ ਰਾਜਾਸ਼ਾਹੀ ਦੀ ਹੋਂਦ ਨਹੀਂ ਹੈ। ਆਪਣੇ ਆਪ ਨੂੰ ਗਣਤੰਤਰ ਕਹਾਉਂਦਾ ਹੈ।


ਲੇਖਕ : ਰਜੀਆ ਖ਼ਾਤੂਨ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 2363, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-26-12-26-25, ਹਵਾਲੇ/ਟਿੱਪਣੀਆਂ:

ਗਣਤੰਤਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਣਤੰਤਰ, (ਸੰਸਕ੍ਰਿਤ : गणतंत्र) \ ਪੁਲਿੰਗ : ਲੋਕ ਰਾਜ, ਪਰਜਾ ਰਾਜ, ਰੀਪਬਲਿਕ, ਉਹ ਰਾਜ ਜੋ ਕਿਸੇ ਇੱਕ ਰਾਜੇ ਦੇ ਅਧੀਨ ਨਾ ਹੋਵੇ ਸਗੋਂ ਪਰਜਾ ਦੇ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਚਲਾਇਆ ਜਾਵੇ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 6, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-24-03-16-15, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.