ਗਾਂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਂ (ਨਾਂ,ਇ) ਵੇਖੋ : ਗਊ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਾਂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਂ [ਨਾਂਇ] ਦੁੱਧ ਦੇਣ ਵਾਲ਼ਾ ਇੱਕ ਘਰੇਲੂ ਪਸ਼ੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਾਂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਂ. ਗ੍ਰਾਮ. ਪਿੰਡ । ੨ ਗਾਨ ਦਾ ਸੰਖੇਪ. ਦੇਖੋ, ਗਾਨ ੬. “ਬੱਚਗਾਂ ਕੁਸ਼ਤਹ ਚਾਰ.” (ਜਫਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12383, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਾਂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗਾਂ (ਗਊ): ਭਾਰਤ ਵਰਸ਼ ਵਿਚ ਪਾਲਤੂ ਜਾਨਵਰਾਂ ਵਿਚ ਸਭ ਤੋਂ ਜ਼ਿਆਦਾ ਮਾਨਤਾ ਗਾਂ ਨੂੰ ਪ੍ਰਾਪਤ ਹੈ। ਇਸ ਦੇਸ਼ ਵਿਚ ਤਿੰਨ ਚੌਥਾਈ ਲੋਕਾਂ ਦੇ ਨਿਰਬਾਹ ਦਾ ਸਾਧਨ ਖੇਤੀਬਾਣੀ ਹੀ ਹੈ। ਇਸ ਖੇਤੀ ਦੇ ਕੰਮ ਵਿਚ ਗਾਂ ਇਕ ਅਤਿਅੰਤ ਜ਼ਰੂਰੀ ਅੰਗ ਹੈ। ਇਥੇ ਹਲ, ਖੂਹ ਖਰਾਸ ਅਤੇ ਕੋਹਲੂ ਆਦਿ ਜ਼ਿਆਦਾ ਕਰਕੇ ਬਲਦਾਂ ਨਾਲ ਹੀ ਚਲਦੇ ਹਨ। ਇਸ ਤੋਂ ਇਲਾਵਾ ਖੇਤਾਂ ਨੂੰ ਉਪਜਾਊ ਬਣਾਉਣ ਵਾਸਤੇ ਇਨ੍ਹਾਂ ਦਾ ਮਲ (ਗੋਹਾ) ਇਕ ਉੱਤਮ ਪ੍ਰਕਾਰ ਦੀ ਖਾਦ ਹੈ ਜੋ ਫ਼ਸਲ ਦੀ ਪੈਦਾਵਾਰ ਵਧਾਉਣ ਵਿਚ ਅਹਿਮ ਹਿੱਸਾ ਪਾਉਂਦਾ ਹੈ। ਜਿਥੇ ਗਾਂ ਦੀ ਸੰਤਾਨ ਖੇਤੀ ਦੇ ਕੰਮਾਂ ਅਤੇ ਢੋਆ–ਢੁਆਈ ਲਈ ਯੋਗਦਾਨ ਪਾਉਂਦੀ ਹੈ ਉਥੇ ਗਾਵਾਂ ਦੇ ਦੁੱਧ ਤੋਂ ਦਹੀ, ਮੱਖਣ, ਮਲਾਈ, ਪਨੀਰ, ਲੱਸੀ ਅਤੇ ਕਈ ਪ੍ਰਕਾਰ ਦੀਆਂ ਸੁਆਦੀ ਮਠਿਆਈਆਂ ਵੀ ਬਣਦੀਆਂ ਹਨ।

 ਵੇਦਾਂ ਵਿਚ ਵੀ ਗਊ ਦੀ ਮਹੱਤਤਾ ਦਰਸਾਈ ਗਈ ਹੈ, ਜਿਵੇਂ ਯਗਯਾਪਤੀ ਰਾਖਸ਼ੀਰਾ ਸਵਧਾਪ੍ਰਾਣਾ ਮਹੀਲੁਕਾ।

 ਵਸ਼ਾ ਪਰਜਨਯਪਤਨੀ ਦੇਵਾਨ ਅਪਯੋਤੀ ਬ੍ਰਹਮਣਾ ॥ (ਅਥਰਵਵੇਦ 10/10/6)

 “ਗਊ ਯਗਯਾਪਤੀ” ਭਾਵ ਗਊ ਯਗਸ਼ਾਲਾ ਜਿਹੇ ਪਵਿਤ੍ਰ ਸਥਾਨ ਵਿਚ ਰੱਖਣ ਯੋਗ ਹੈ। ਗਊ ਈਰਾਸ਼ੀਰਾ ਹੈ ਭਾਵ ਦੁੱਧ ਰੂਪ ਸ਼ਕਤੀ ਭਰਪੂਰ ਭੋਜਨ ਦੇਣ ਵਾਲੀ ਹੈ, ਗਊ ਸਵਧਾਪ੍ਰਾਣਾ ਹੈ ਭਾਵ ਹਰ ਇਕ ਪ੍ਰਾਣੀ ਨੂੰ ਆਪਣੀ ਸਿਹਤ ਤੇ ਸ਼ਕਤੀ ਕਾਇਮ ਰੱਖਣ ਲਈ ਯੋਗ ਸਹਾਇਤਾ ਦੇਣ ਵਾਲੀ ਹੈ, ਗਊ ਮਹੀਲੁਕਾ ਹੈ, ਭਾਵ ਪ੍ਰਿਥਵੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਵਾਲੀ ਹੈ; ਗਊ ਪਰਜਨਯਪਤਨੀ ਹੈ, ਭਾਵ ਬਲਦਾਂ ਦੀ ਸਹਾਇਤਾ ਨਾਲ ਉਤਪੰਨ ਹੋਣ ਵਾਲੇ ਘਾਹ ਪੱਠੇ ਖਾ ਕੇ ਰਿਸ਼ਟ–ਪੁਸ਼ਟ ਰਹਿਣ ਵਾਲੀ ਹੈ। ਉਕਤ ਸਭ ਗੁਣਾਂ ਰਾਹੀਂ ਗਊ ਜਨਤਾ ਤੇ ਅਪਾਰ ਉਪਕਾਰ ਕਰਕੇ ਉਨ੍ਹਾਂ ਉਪਕਾਰਾਂ ਦੇ ਪੁੰਨਬਲ ਨਾਲ ਆਪਣੇ ਆਪ ਨੂੰ ਪਸ਼ੂ–ਜੂਨੀ ਦੁਆਰਾ ਹੀ ਦੇਵ ਲੋਕ ਦੀ ਅਧਿਕਾਰਨੀ ਬਣਾਉਂਦੀ ਹੈ।

ਕੁਝ ਪ੍ਰਸਿੱਧ ਕਿਸਮਾਂ – ਵਧੇਰੇ ਕਰਕੇ ਚੰਗੇ ਦੁਧਾਰੂ ਪਸ਼ੂਆਂ ਨੂੰ ਹੀ ਪਾਲਿਆ ਪੋਸਿਆ ਜਾਂਦਾ ਹੈ ਜਿਨ੍ਹਾਂ ਵਿਚੋਂ ਕੁਝ–ਕੁ ਨਸਲਾਂ ਦਾ ਵਿਵਰਨ ਹੇਠ ਲਿਖੇ ਅਨੁਸਾਰ ਹੈ :-

    ਦੇਸੀ ਨਸਲਾਂ

ਹਿਸਾਰੀ ਨਸਲ – ਹਿਸਾਰੀ ਨਸਲ ਦੇ ਪਸ਼ੂ ਹਿਸਾਰ ਦੀ ਸਰਕਾਰੀ ਗਊਸ਼ਾਲਾ ਵਿਚ ਅਤੇ ਹਿਸਾਰ ਦੇ ਆਸਪਾਸ ਬਹੁਤ ਗਿਣਤੀ ਵਿਚ ਮਿਲਦੇ ਹਨ। ਇਸ ਨਸਲ ਦੇ ਪਸ਼ੂ ਬਹੁਤ ਡੀਲ–ਡੌਲ ਵਾਲੇ ਅਤੇ ਨਰੋਏ ਹੁੰਦੇ ਹਨ। ਇਨ੍ਹਾਂ ਦਾ ਰੰਗ ਚਿੱਟਾ, ਬੱਗਾ, ਚਿਹਰਾ ਲੰਮਾ, ਗਰਦਨ ਲੰਮੀ ਅਤੇ ਨਰੋਈ, ਬਦਨ ਫ਼ੁਰਤੀਲਾ, ਸਿੰਗ ਲੰਮੇ ਮੋਟੇ ਅਤੇ ਮੁੜੇ ਹੋਏ, ਕੰਨ ਲੰਮੇ ਅਤੇ ਲਟਕਦੇ ਹੋਏ, ਅੱਖਾਂ ਮੋਟੀਆਂ, ਲੱਤਾਂ ਲੰਮੀਆਂ, ਪੂਛ ਛੋਟੀ ਅਤੇ ਖੁਰ ਮੋਟੇ ਹੁੰਦੇ ਹਨ।

 ਹਰਿਆਣਾ ਨਸਲ – ਇਸ ਨਸਲ ਦੇ ਪਸ਼ੂ ਹਿਸਾਰ ਦੇ ਪੂਰਬ ਵਾਲੇ ਪਾਸੇ ਝਜਰ, ਰੋਹਤਕ, ਬੇਰੀ, ਸਾਂਪਲਾ, ਗੜਗਾਵਾਂ ਆਦਿ ਥਾਵਾਂ ਤੇ ਬਹੁਤ ਮਿਲਦੇ ਹਨ। ਇਹ ਇਲਾਕਾ ਲੋੜ ਤੋਂ ਵਧੇਰੇ ਪਸ਼ੂ ਪੈਦਾ ਕਰਦਾ ਹੈ ਅਤੇ ਸਾਰੇ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼ (ਸਹਾਰਨਪੁਰ, ਆਗਰਾ, ਮੇਰਠ, ਮੁਜ਼ਫਰਨਗਰ, ਬੁਲੰਦ ਸ਼ਹਿਰ, ਅਲੀਗੜ੍ਹ ਆਦਿ ਜਿਲ੍ਹਿਆ) ਰਾਜਸਥਾਨ, ਬੰਗਾਲ ਆਦਿ।

 ਪ੍ਰਦੇਸ਼ਾਂ ਨੂੰ ਪਸ਼ੂ ਭੇਜਦਾ ਹੈ। ਇਸ ਨਸਲ ਦੀਆਂ ਗਊਆਂ ਕਲਕੱਤਾ ਅਤੇ ਬੰਬਈ ਵਿਚ ਵੀ ਮਿਲਦੀਆਂ ਹਨ। ਹਰਿਆਣਾ ਨਸਲ ਦੇ ਬਲਦ ਖੇਤੀ ਵਾਸਤੇ ਬਾਕੀ ਸਭ ਨਸਲਾਂ ਨਾਲੋਂ ਚੰਗੇ ਹੁੰਦੇ ਹਨ। ਇਨ੍ਹਾਂ ਦਾ ਸਰੀਰ ਨਰੋਆ ਜਰਾ ਹਲਕਾ ਅਤੇ ਫੁਰਤੀਲਾ ਹੁੰਦਾ ਹੈ, ਮੂਤਣਾ ਬਿਲਕੁਲ ਛੋਟਾ ਅਤੇ ਨਾਮ ਮਾਤਰ ਹੀ ਹੁੰਦਾ ਹੈ। ਲੱਤਾਂ ਛੋਟੀਆਂ, ਖੁਰ ਛੋਟੇ ਅਤੇ ਕਾਲੇ ਪਰ ਬਹੁਤ ਨਰੋਏ ਅਤੇ ਸੁੰਦਰ ਹੁੰਦੇ ਹਨ। ਇਨ੍ਹਾਂ ਦਾ ਸਿਰ ਹਲਕਾ, ਥੂਥਨੀ ਕਾਲੀ, ਖੱਲ ਰੇਸ਼ਮ ਦੀ ਤਰ੍ਹਾਂ ਪਤਲੀ ਅਤੇ ਨਰਮ, ਪੂਛ ਪਤਲੀ, ਛੋਟੀ ਅਤੇ ਇਸ ਦੇ ਸਿਰੇ ਤੇ ਕਾਲੇ ਰੰਗ ਦੇ ਵਾਲਾ ਦਾ ਗੁੱਛਾ ਹੁੰਦਾ ਹੈ, ਗਾਵਾਂ ਦੀ ਦੁੱਧ ਦੀ ਮਿਕਦਾਰ 6 ਤੋਂ 10 ਲੀਟਰ ਪ੍ਰਤੀ ਦਿਨ ਤੱਕ ਹੈ। ਇਹ ਇਕ ਸੂਏ ਵਿਚ ਕਰੀਬ 1200 ਲਿਟਰ ਦੁੱਧ ਦਿੰਦੀ ਹੈ ਅਤੇ ਇਸ ਦੇ ਦੁੱਧ ਵਿਚ ਫ਼ੈਟ ਦੀ ਮਿਕਦਾਰ 4.4 ਪ੍ਰਤੀਸ਼ਤ ਹੁੰਦੀ ਹੈ।

ਸਾਹੀਵਾਲ ਨਸਲ – ਇਹ ਨਸਲ ਰਾਵੀ ਦਰਿਆ ਦੇ ਕਿਨਾਰੇ ਦੇ ਇਲਾਕਿਆਂ ਵਿਚ ਮਿਲਦੀ ਹੈ। ਇਸ ਨਸਲ ਦੀ ਗਾਂ–ਦੁੱਧ ਦੀ ਮਿਕਦਾਰ ਅਤੇ ਗੁਣਾਂ ਦੇ ਆਧਾਰ ਤੇ ਪੰਜਾਬ ਦੀਆਂ ਸਭ ਨਸਲਾਂ ਤੋਂ ਚੰਗੇਰੀ ਹੈ। ਇਹ ਹਰ ਰੋਜ਼ 7 ਤੋਂ 14 ਲਿਟਰ ਤੱਕ ਦੁੱਧ ਦਿੰਦੀ ਹੈ। ਇਨ੍ਹਾਂ ਦਾ ਰੰਗ ਬਹੁਤਾ ਗੋਰਾ ਜਾਂ ਗੂੜ੍ਹਾ ਲਾਲ ਹੁੰਦਾ ਹੈ। ਇਨ੍ਹਾਂ ਦੀ ਚਮੜੀ ਪਤਲੀ, ਵਾਲ ਮੁਲਾਇਮ, ਲੱਤਾਂ ਛੋਟੀਆਂ, ਨਰੋਈਆਂ ਅਤੇ ਸੁੰਦਰ, ਸਿੰਗ ਬਹੁਤ ਛੋਟੇ, ਸਿਰ ਕੁਝ ਲੰਮੇ ਢੰਗ ਦਾ ਅਤੇ ਬੌਣਾ, ਮੱਥਾ ਤੰਗ, ਥੂਥਨੀ ਕਾਲੀ, ਗਰਦਨ ਛੋਟੀ ਅਤੇ ਹਲਕੀ, ਅੱਖਾਂ ਮਸਤਾਨੀਆਂ ਅਤੇ ਕੰਨ ਦਰਮਿਆਨੇ ਆਕਾਰ ਦੇ ਹੁੰਦੇ ਹਨ। ਪੂਛ ਕਾਫੀ ਲੰਮੀ ਹੁੰਦੀ ਹੈ ਜੋ ਜ਼ਮੀਨ ਤੱਕ ਪਹੁੰਚਦੀ ਹੈ। ਇਨ੍ਹਾਂ ਦਾ ਮੂਤਣਾ ਬਹੁਤ ਲੰਮਾ ਅਤੇ ਲਟਕਿਆ ਹੋਇਆ ਹੁੰਦਾ ਹੈ। ਇਸੇ ਕਾਰਨ ਇਸ ਨਸਲ ਨੂੰ ‘ਲੋਲਾ’ ਵੀ ਕਹਿੰਦੇ ਹਨ। ਗਊਆਂ ਦੇ ਹਵਾਨੇ ਕਾਫ਼ੀ ਵੱਡੇ ਅਤੇ ਥਣ ਲੰਮੇ ਅਤੇ ਇਕਸਾਰ ਹੁੰਦੇ ਹਨ। ਇਸ ਦੇ ਦੁੱਧ ਵਿਚ 5.6 ਫੈਟ ਹੁੰਦੀ ਹੈ ਅਤੇ ਇਕ ਸੂਏ ਵਿਚ 1800 ਲੀਟਰ ਦੇ ਕਰੀਬ ਦੁੱਧ ਦਿੰਦੀ ਹੈ।

ਸਿੰਧੀ ਜਾਂ ਕਰਾਚੀ ਨਸਲ – ਇਹ ਨਸਲ ਕਰਾਚੀ ਵਿਚ ਉੱਤਰ ਵੱਲ ਹੈਦਰਾਬਾਦ ਤੱਕ ਅਤੇ ਪੂਰਬ ਵੱਲ ਸਿੰਧ ਨਦੀ, ਤੱਕ ਵਧੇਰੇ ਮਿਲਦੀ ਹੈ। ਭਾਰਤ ਦੇ ਪਸ਼ੂਆਂ ਵਿਚ ਇਹ ਨਸਲ ਲਗਭਗ ਸਭ ਨਸਲਾਂ ਵਿਚੋਂ ਚੰਗੇਰੀ ਅਤੇ ਉੱਤਮ ਹੈ। ਇਸ ਨਸਲ ਦੀਆਂ ਗਾਵਾਂ ਦੁੱਧ ਵਾਸਤੇ ਅਤੇ ਬਲਦ ਖੇਤੀ ਦੇ ਕੰਮਾਂ ਅਤੇ ਗੱਡੇ ਖਿੱਚਣ ਵਾਸਤੇ ਪ੍ਰਸਿੱਧ ਹਨ। ਗਾਵਾਂ ਦਾ ਰੰਗ ਗੌਰਾ, ਜ਼ਰਾ ਕਾਲਾ ਅਤੇ ਲਾਲ ਜਿਹਾ ਹੁੰਦਾ ਹੈ। ਇਸ ਦੀ ਨਸਲ ਦੀਆਂ ਗਾਵਾਂ ਖ਼ਾਸ ਕਰਕੇ ਸੁੰਦਰ, ਮਸਤਾਨੀ ਚਾਲ ਚੱਲਣ ਵਾਲੀਆਂ, ਸਿੱਧੀਆਂ ਅਤੇ ਸੁਸ਼ੀਲ ਹੁੰਦੀਆਂ ਹਨ। ਗਾਵਾਂ ਦੀ ਦੁੱਧ ਦੀ ਉਪਜ 9 ਜਾਂ 10 ਲਿਟਰ ਰੋਜ਼ਾਨਾ ਤੱਕ ਹੁੰਦੀ ਹੈ। ਇਹ ਇਕ ਸੂਏ ਵਿਚ ਕਰੀਬ 1800 ਲੀਟਰ ਦੁੱਧ ਦੇ ਦਿੰਦੀ ਹੈ ਅਤੇ ਇਸ ਦੇ ਦੁੱਧ ਵਿਚ ਕਰੀਬ 5.4% ਫੈਟ ਹੁੰਦੀ ਹੈ।

 ਥਾਰਪਾਰਕਰ ਨਸਲ– ਇਸ ਨਸਲ ਦੇ ਪਸ਼ੂ ਬਹੁਤ ਗਿਣਤੀ ਵਿਚ ਕੱਛ, ਜੋਧਪੁਰ, ਜੈਸਲਮੇਰ ਅਤੇ ਥਾਰਪਾਰਕਰ ਦੇ ਜ਼ਿਲ੍ਹਿਆਂ ਵਿਚ ਪਾਲੇ ਜਾਂਦੇ ਹਨ। ਇਨ੍ਹਾਂ ਇਲਾਕਿਆਂ ਵਿਚ ਰੇਤ ਦੇ ਉੱਚੇ ਟਿੱਬੇ ਬਹੁਤ ਹਨ ਅਤੇ ਵਰਖਾ ਬਹੁਤ ਘੱਟ ਹੁੰਦੀ ਹੈ। ਇਸ ਨਸਲ ਦੇ ਪਸ਼ੂ ਬੜੇ ਮਿਹਨਤੀ ਅਤੇ ਮਟਿਆਲੇ ਤੇ ਚਿੱਟੇ ਰੰਗ ਦੇ ਹੁੰਦੇ ਹਨ। ਗਾਵਾਂ ਭਾਰਤ ਵਰਸ਼ ਦੀਆਂ ਸਭ ਤੋਂ ਚੰਗੀਆਂ ਦੁੱਧਲ ਗਾਵਾਂ ਵਿਚ ਗਿਣੀਆਂ ਜਾਂਦੀਆਂ ਹਨ। ਇਸ ਨਸਲ ਦੀਆਂ ਗਾਵਾਂ ਨੈਸ਼ਨਲ ਡੇਅਰੀ ਰਿਸਰਚ ਸੰਸਥਾ ਕਰਨਾਲ ਅਤੇ ਰਾਂਚੀ (ਬਿਹਾਰ) ਫਾਰਮਾਂ ਵਿਚ ਮਿਲਦੀਆਂ ਹਨ।

ਇਨ੍ਹਾਂ ਤੋਂ ਛੁੱਟ ਕੁਝ ਹੋਰ ਵਰਣਨਯੋਗ ਗਾਵਾਂ ਦੀਆਂ ਕਿਸਮਾਂ ਵਿਚ ਨਗੌਰੀ, ਗੀਡ, ਦੇਵਨੀ, ਓਂਗੋਲ, ਕਾਂਕਰੇਜ ਅਮ੍ਰਿਤਮਹਲ ਅਤੇ ਹੱਲਕੀਕਾਰ ਆਦਿ ਨਸਲਾਂ ਦੀਆਂ ਗਾਵਾਂ ਸ਼ਾਮਲ ਹਨ।

    ਵਿਦੇਸ਼ੀ ਨਸਲਾਂ

ਹੋਲਸਟੀਨ ਫ਼ਰੀਜ਼ੀਅਨ– ਇਹ ਕਿਸਮ ਜ਼ਿਆਦਾਤਰ ਹਾਲੈਂਡ ਦੇਸ਼ ਦੇ ਪੱਛਮੀ ਫਰੀਜ਼ਲੈਂਡ ਅਤੇ ਉੱਤਰੀ ਹਾਲੈਂਡ ਸੂਬਿਆਂ ਵਿਚ ਪਾਈ ਜਾਂਦੀ ਹੈ। ਇਸ ਦੀ ਇਕ ਸੂਏ ਵਿਚ ਦੁੱਧ ਦੀ ਪੈਦਾਵਾਰ 6800 ਲੀਟਰ (ਅਮਰੀਕਾ) ਅਤੇ 4500 ਲੀਟਰ (ਇੰਗਲੈਂਡ) ਰਿਕਾਰਡ ਕੀਤੀ ਗਈ ਹੈ। ਇਸ ਦੀ ਫੈਟ ਦੀ ਮਿਕਦਾਰ 3.63 ਤੱਕ ਮਿਲਦੀ ਹੈ। ਇਹ ਕਾਫ਼ੀ ਭਾਰੀ ਕਿਸਮ ਹੈ। ਦੁੱਧ ਦੇ ਪੱਖੋ ਇਹ ਸਭ ਤੋਂ ਵਧੇਰੇ ਦੁੱਧ ਵਾਲੀ ਕਿਸਮ ਹੈ ਪਰ ਇਸ ਦੇ ਦੁੱਧ ਵਿਚ ਹੋਰਨਾ ਕਿਸਮਾਂ ਦੇ ਬਨਿਸਪਤ ਫ਼ੈਟ ਘੱਟ ਹੀ ਹੁੰਦੀ ਹੈ। ਇਸ ਦਾ ਰੰਗ ਕਾਲਾ ਅਤੇ ਚਿੱਟਾ ਹੁੰਦਾ ਹੈ। ਚਿੱਟਾ ਰੰਗ ਗਰਦਨ, ਮੋਢੇ ਤੋਂ ਪਿਛੇ, ਪਿਛਲੇ ਪਾਸੇ ਪੁੜਿਆਂ ਲਾਗੇ ਅਤੇ ਸਰੀਰ ਦੇ ਥੱਲੇ ਅਤੇ ਇਕ ਤਾਰੇ ਦੀ ਸ਼ਕਲ ਵਾਂਗ ਸਿਰ ਉਪਰ ਵੀ ਹੁੰਦਾ ਹੈ। ਇਸ ਦੇ ਭਰ ਜੁਆਨ ਬਲਦ ਦਾ ਭਾਰ 1000 ਕਿ. ਗ੍ਰਾ. ਅਤੇ ਗਾਂ ਦਾ ਭਾਰ 680 ਕਿ.ਗ੍ਰਾ. ਦੇ ਕਰੀਬ ਹੁੰਦਾ ਹੈ। ਇਸ ਨਸਲ ਨੂੰ ਦੋਗਲੀ ਨਸਲਕਸ਼ੀ ਲਈ ਅਮ੍ਰਿੰਤਸਰ, ਜਲੰਧਰ, ਕਪੂਰਥਲਾ ਆਦਿ ਜ਼ਿਲ੍ਹਿਆਂ ਵਿਚ ਵਰਤਿਆਂ ਜਾ ਰਿਹਾ ਹੈ। ਇਹ ਕਿਸਮ ਪਹਿਲੇ ਸੂਏ ਲਈ 25–27 ਮਹੀਨਿਆਂ ਦਾ ਸਮਾਂ ਲੈ ਜਾਂਦੀ ਹੈ।

ਰੈੱਡ ਡੇਨ– ਇਹ ਡੈਨਮਾਰਕ ਦੀ ਇਕ ਪ੍ਰਸਿੱਧ ਦੁਧਾਰੂ ਕਿਸਮ ਹੈ। ਜੋ ਇਕ ਸੂਏ ਵਿਚ ਕਰੀਬ 4500 ਲਿਟਰ ਦੁੱਧ ਦੇ ਸਕਦੀ ਹੈ। ਇਸ ਕਿਸਮ ਦੀਆਂ ਗਾਵਾਂ ਦੇ ਦੁੱਧ ਦੀ ਫੈਟ ਕੋਈ 3.8 ਪ੍ਰਤੀਸ਼ਤ ਦੇ ਕਰੀਬ ਹੁੰਦੀ ਹੈ। ਇਹ ਪਹਿਲੇ ਸੂਏ ਲਈ ਕਰੀਬ 27 ਮਹੀਨੇ ਲੈ ਲੈਂਦੀ ਹੈ। ਇਹ ਇਕ ਦਰਮਿਆਨੇ ਅਕਾਰ ਵਾਲੀ ਕਿਸਮ ਹੈ। ਇਸ ਦਾ ਰੰਗ ਗੂੜ੍ਹਾ ਲਾਲ ਹੁੰਦਾ ਹੈ। ਭਰ ਜੁਆਨ ਗਾਂ ਦਾ ਭਾਰ 650 ਕਿ. ਗ੍ਰਾ. ਦੇ ਕਰੀਬ ਹੁੰਦਾ ਹੈ। ਇਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡੇਅਰੀ ਫ਼ਾਰਮਾਂ ਵਿਚ ਦੋਗਲੀ ਨਸਲਕਸ਼ੀ ਲਈ ਵਰਤਿਆ ਜਾ ਰਿਹਾ ਹੈ।

ਬਰਾਊਨ ਸਵਿਸ– ਇਹ ਸਵਿਟਜ਼ਰਲੈਂਡ ਦੀ ਇਕ ਪ੍ਰਸਿੱਧ ਦੁਧਾਰੂ ਕਿਸਮ ਹੈ ਜੋ ਇਕ ਸੂਏ ਵਿਚ 4,000 ਲਿਟਰ ਦੇ ਕਰੀਬ ਦੁੱਧ ਪੈਦਾ ਕਰਦੀ ਹੈ। ਇਸ ਕਿਸਮ ਦੀਆਂ ਗਾਵਾਂ ਦੇ ਦੁੱਧ ਵਿਚ 3.8 ਪ੍ਰਤੀਸ਼ਤ ਫੈਟ ਹੁੰਦੀ ਹੈ। ਇਹ ਦਰਮਿਆਨੇ ਅਕਾਰ ਦੇ ਪਸ਼ੂ ਹਨ। ਇਸ ਦੇ ਦੁੱਧ ਦੀ ਪੈਦਾਵਾਰ ਅਤੇ ਫ਼ੈਟ ਦਰਮਿਆਨੀ ਹੀ ਹੈ। ਅਜੋਕੀਆਂ ਕਿਸਮਾਂ ਵਿਚੋਂ ਇਹ ਸਭ ਤੋਂ ਪੁਰਾਣੀ ਕਿਸਮ ਹੈ। ਇਸ ਦਾ ਰੰਗ ਸਲੇਟੀ ਭੂਰੇ ਤੋਂ ਹਲਕਾ ਜਾਂ ਕਾਫ਼ੀ ਭੂਰਾ ਹੁੰਦਾ ਹੈ। ਇਸ ਦੇ ਸਿੰਗ ਚਿੱਟੇ ਅਤੇ ਉਨ੍ਹਾਂ ਦੀਆਂ ਚੋਟੀਆਂ ਕਾਲੀਆਂ ਹੁੰਦੀਆਂ ਹਨ। ਇਹ ਭੈੜੀਆਂ ਹਾਲਤਾਂ ਵਿਚ ਵੀ ਚੰਗੀ ਤਰ੍ਹਾਂ ਰਹਿ ਸਕਣ ਦੀ ਸਮਰੱਥਾ ਰੱਖਦੀ ਹੈ। ਇਹ ਪਟਿਆਲਾ, ਬਠਿੰਡ, ਫ਼ਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚ ਦੋਗਲੀ ਨਸਲਕਸ਼ੀ ਲਈ ਵਰਤੀ ਜਾ ਰਹੀ ਹੈ। ਇਹ ਪਹਿਲੇ ਸੂਏ ਲਈ 30 ਮਹੀਨੇ ਦਾ ਸਮਾਂ ਲੈ ਲੈਂਦੀ ਹੈ।

 ਜਰਸੀ– ਇਹ ਇੰਗਲੈਂਡ ਦੇ ਇਕ ਦੀਪ–ਸਮੂਹ ਵਿਚ ਮਿਲਣ ਵਾਲੀ ਇਕ ਕਿਸਮ ਹੈ। ਇਹ ਦੁਧਾਰੂ ਕਿਸਮਾਂ ਵਿਚੋਂ ਸਭ ਤੋਂ ਛੋਟੀ ਕਿਸਮ ਹੈ। ਇਸ ਦੀ ਦੁੱਧ ਦੀ ਉਪਜ ਵੀ ਹੋਰਨਾਂ ਕਿਸਮਾਂ ਦੇ ਮੁਕਾਬਲੇ ਘੱਟ ਹੀ ਹੈ। ਇਕ ਸੂਏ ਵਿਚ ਇਸ ਤੋਂ 3500 ਲਿਟਰ ਦੁੱਧ ਦੀ ਪੈਦਾਵਾਰ ਹੁੰਦੀ ਹੈ। ਇਸ ਦੇ ਦੁੱਧ ਵਿਚ ਫੈਟ 5–10 ਹੁੰਦੀ ਹੈ। ਇਹ ਚੂਹੇ ਰੰਗੀ ਹੁੰਦੀ ਹੈ ਭਾਵੇਂ ਕੁਝ ਪਸ਼ੂਆਂ ਵਿਚ ਭੂਰੇ ਤੋਂ ਲਾਲ ਗੂੜ੍ਹਾ ਰੰਗ ਹੀ ਮਿਲਦਾ ਹੈ। ਇਸ ਦੇ ਨੱਕ ਦੁਆਲੇ ਚਿੱਟੇ ਰੰਗ ਦਾ ਘੇਰਾ ਜਿਹਾ ਹੁੰਦਾ ਹੈ। ਇਸ ਦੇ ਪੀਲੇ ਸਿੰਗਾਂ ਦੀ ਉਪਰਲੀ ਚੋਟੀ ਕਾਲੇ ਰੰਗ ਦੀ ਹੁੰਦੀ ਹੈ। ਇਸ ਨੂੰ ਦੋਗਲੀ ਨਸਲਕਸ਼ੀ ਲਈ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਜ਼ਿਲ੍ਹਿਆਂ ਵਿਚ ਵਰਤਿਆ ਜਾ ਰਿਹਾ ਹੈ।

ਗਾਵਾਂ ਵਿਚ ਦੋਗਲੀ ਨਸਲਕਸ਼ੀ : ਕੁਝ ਸਮਾਂ ਪਹਿਲਾਂ ਗਾਵਾਂ ਸਿਰਫ਼ ਇਸ ਮੰਤਵ ਨੂੰ ਮੁੱਖ ਰੱਖ ਕੇ ਹੀ ਪਾਲੀਆਂ ਜਾਂਦੀਆਂ ਸਨ ਕਿ ਉਨ੍ਹਾਂ ਤੋਂ ਚੰਗੇ ਬਲਦ ਲਏ ਜਾ ਸਕਣ ਅਤੇ ਗੋਹੇ ਤੋਂ ਪਾਥੀਆਂ ਜਾਂ ਖੇਤਾਂ ਲਈ ਰੂੜੀ ਆਦਿ ਪ੍ਰਾਪਤ ਕੀਤੀ ਜਾ ਸਕੇ। ਕੇਵਲ ਕੁਝ ਕੁ ਹੀ ਡੇਅਰੀ ਫ਼ਾਰਮਾਂ ਵਿਚ ਨਸਲ ਸੁਧਾਰ ਦਾ ਕੰਮ ਕੀਤਾ ਜਾਂਦਾ ਸੀ। ਹੁਣ ਜਦ ਕਿ ਦੁੱਧ ਦੀ ਲੋੜ ਨੂੰ ਖ਼ੁਰਾਕੀ ਮਹੱਤਤਾ ਦੀ ਨਜ਼ਰ ਤੋਂ ਬਹੁਤ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ ਤਾਂ ਦੁੱਧ ਦੀ ਵੱਧ ਤੋਂ ਵੱਧ ਪੈਦਾਵਾਰ ਲੈਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹਾ ਹੀ ਇਕ ਉਪਰਾਲਾ ਦੋਗਲੀ ਨਸਲਕਸ਼ੀ ਹੈ। ਇਸ ਢੰਗ ਵਿਚ ਬਿਦੇਸ਼ੀ ਨਸਲਾਂ ਦਾ ਦੇਸੀ ਨਸਲਾਂ ਨਾਲ ਮੇਲ ਕਰਵਾਕੇ ਦੋਗਲੇ ਪਸ਼ੂ ਤਿਆਰ ਕੀਤੇ ਜਾ ਰਹੇ ਹਨ। ਬਿਦੇਸ਼ੀ ਨਸਲਾਂ ਵਿਚ ਦੇਸੀ ਨਸਲਾਂ ਦੇ ਬਨਿਸਪਤ ਦੁੱਧ ਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ ਜਦ ਕਿ ਦੇਸੀ ਨਸਲਾਂ ਵਿਚ ਸਰਦੀ, ਗਰਮੀ ਅਤੇ ਬੀਮਾਰੀਆਂ ਦਾ ਟਾਕਰਾ ਕਰ ਸਕਣ ਦੀ ਸਮਰੱਥਾ ਜ਼ਿਆਦਾ ਹੈ। ਸੋ ਇਸ ਤਰ੍ਹਾਂ ਦੇ ਸੁਮੇਲ ਨਾਲ ਅਜਿਹੀ ਨਸਲ ਤਿਆਰ ਹੋ ਜਾਂਦੀ ਹੈ ਜਿਸ ਵਿਚ ਦੋਵੇਂ ਨਸਲ ਦੇ ਪ੍ਰਮੁੱਖ ਗੁਣ ਆ ਜਾਂਦੇ ਹਨ। ਉਦਾਹਰਨ ਦੇ ਤੌਰ ਤੇ ਜੇਕਰ ਇਕ ਦੇਸੀ ਗਾਂ ਸਾਰੇ ਸਾਲ ਵਿਚ 400 ਕਿ. ਗ੍ਰਾ. ਦੁੱਧ ਦਿੰਦੀ ਹੋਵੇ ਅਤੇ ਇਕ ਵਲਾਇਤੀ ਗਾਂ 4000 ਕਿ. ਗ੍ਰਾ. ਦੁੱਧ ਦਿੰਦੀ ਹੋਵੇ ਤਾਂ ਦੋਗਲੀ ਨਸਲ ਦੀ ਗਾਂ ਵਿਚ 2000 ਤੋਂ 2200 ਕਿ. ਗ੍ਰਾ ਦੁੱਧ ਦੇਣ ਦੀ ਸਮਰੱਥਾ ਆ ਜਾਂਦੀ ਹੈ। ਦੋਗਲੇ ਪਸ਼ੂ ਗਰਮੀ ਵੀ ਸਹਾਰ ਸਕਦੇ ਹਨ। ਦੇਸ਼ੀ ਪਸ਼ੂਆਂ ਵਾਂਗ ਇਨ੍ਹਾਂ ਵਿਚ ਬੀਮਾਰੀਆਂ ਨੂੰ ਸਹਾਰ ਸਕਣ ਦੀ ਵੀ ਸ਼ਕਤੀ ਆ ਜਾਂਦੀ ਹੈ। ਦੋਗਲੇ ਵਹਿੜਕਿਆਂ ਵਿਚ ਭਾਰ ਢੋਣ ਦੀ ਵੀ ਕਾਫ਼ੀ ਸ਼ਕਤੀ ਹੁੰਦੀ ਹੈ ਕਿਉਂਕਿ ਉਹ ਇਹ ਗੁਣ ਆਪਣੀ ਦੇਸ਼ੀ ਗਾਂ ਮਾਤਾ ਤੋਂ ਪ੍ਰਾਪਤ ਕਰਦੇ ਹਨ। (ਵਿਸਥਾਰ ਲਈ ਵੇਖੋ ਪਸ਼ੂ–ਪਾਲਣ)।

ਹ. ਪੁ. – ਪਸ਼ੂ– ਪਾਲਣ–ਕ੍ਰਨਲ ਅਮੀ ਚੰਦ ਅਗਰਵਾਲ, ਰਾਧੇ ਮੋਹਨ ਸ਼ਰਮਾ; ਫਾਰਮਿੰਗ 2:96


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-21, ਹਵਾਲੇ/ਟਿੱਪਣੀਆਂ: no

ਗਾਂ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗਾਂ : ਪਾਲਤੂ ਜਾਨਵਰਾਂ ਵਿਚੋਂ ਸਭ ਤੋਂ ਜ਼ਿਆਦਾ ਮਾਨਤਾ ਗਾਂ ਨੂੰ ਪ੍ਰਾਪਤ ਹੈ। ਗਾਂ ਤੋਂ ਜਿਥੇ ਦੁੱਧ ਅਤੇ ਉਸ ਤੋਂ ਬਣਨ ਵਾਲੇ ਪਦਾਰਥ ਪ੍ਰਾਪਤ ਹੁੰਦੇ ਹਨ ਉਥੇ ਬਲਦਾਂ ਦੀ ਮਦਦ ਨਾਲ ਹਲ, ਖਰਾਸ ਅਤੇ ਕੋਹਲੂ ਚਲਾਏ ਜਾਂਦੇ ਹਨ। ਇਸ ਕਰ ਕੇ ਭਾਰਤ ਵਿਚ ਗਾਂ ਦੀ ਆਰਥਿਕ ਮਹੱਤਤਾ ਬਹੁਤ ਹੈ। ਇਸ ਤੋਂ ਇਲਾਵਾ ਇਨ੍ਹਾਂ ਪਸ਼ੂਆਾਂ ਦਾ ਮਲ-ਮੂਤਰ ਇਕ ਉੱਤਮ ਪ੍ਰਕਾਰ ਦੀ ਖਾਦ ਹੈ ਜੋ ਫ਼ਸਲ ਦੀ ਪੈਦਾਵਾਰ ਵਧਾਉਣ ਵਿਚ ਅਹਿਮ ਹਿੱਸਾ ਪਾਉਂਦੀ ਹੈ।

ਵੇਦਾਂ ਵਿਚ ਵੀ ਗਊ ਦੀ ਮਹੱਤਤਾ ਦਰਸਾਈ ਗਈ ਹੈ। ਜਿਵੇਂ :–

          ਸਗਯਾਪਤੀਰਾਚਸ਼ੀਰਾ ਸਵਧਾ ਪ੍ਰਾਣਾ ਮਹੀਲੁਕਾ ।

         ਵਾਸ਼ਾ ਪਰਜਨਯਪਤਨੀ ਦੇਵਾਨ ਅਪਹੋਤੀ ਬ੍ਰਹਮਣਾ ।

                                            (ਅਥਰ ਵੇਦ 10/10/6)

ਇਸ ਦਾ ਭਾਵ ਹੈ ਕਿ ਗਊ ਯਗ ਸ਼ਾਲਾ ਜਿਹੇ ਪਵਿੱਤਰ ਸਥਾਨ ਵਿਚ ਰੱਖਣਯੋਗ ਹੈ। ਗਊ ਈਰਾਚਸ਼ੀਰਾ ਹੈ ਭਾਵ ਦੁੱਧ ਰੂਪ ਸ਼ਕਤੀ ਭਰਪੂਰ ਭੋਜਨ ਦੇਣ ਵਾਲੀ ਹੈ ਆਦਿ।

ਪ੍ਰਸਿੱਧ ਕਿਸਮਾਂ – ਦੁੱਧ ਦੀ ਵਧੇਰੇ ਪ੍ਰਾਪਤੀ ਲਈ ਚੰਗੀਆਂ ਨਸਲ ਦੀਆਂ ਗਾਵਾਂ ਨੂੰ ਹੀ ਪਾਲਿਆ ਜਾਂਦਾ ਹੈ ਜਿਨ੍ਹਾਂ ਵਿਚੋਂ ਕੁਝ-ਕੁ ਨਸਲਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ: –

ਦੇਸੀ ਨਸਲਾਂ-  (ੳ) ਹਰਿਆਣਾ –   ਇਸ ਨਸਲ ਦੇ ਪਸ਼ੂ ਹਿਸਾਰ ਦੇ ਪੂਰਬ ਵਾਲੇ ਪਾਸੇ ਝੱਜਰ, ਰੋਹਤਕ, ਗੁੜਗਾਵਾਂ ਆਦਿ ਥਾਵਾਂ ਤੇ ਬਹੁਤ ਮਿਲਦੇ ਹਨ। ਇਹ ਇਲਾਕਾ ਲੋੜ ਤੋਂ ਵਧੇਰੇ ਪਸ਼ੂ ਪੈਦਾ ਕਰਦਾ ਹੈ ਅਤੇ ਸਾਰੇ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼ (ਸਹਾਰਨਪੁਰ, ਆਸਾਮ, ਮੇਰਠ ਆਦਿ) ਨੂੰ ਪਸ਼ੂ ਇਥੋਂ ਹੀ ਜਾਂਦੇ ਹਨ। ਇਸ ਨਸਲ ਦੇ ਬਲਦ ਖੇਤੀ ਵਾਸਤੇ ਸਭ ਨਸਲਾਂ ਨਾਲੋਂ ਚੰਗੇ ਹੁੰਦੇ ਹਨ। ਇਨ੍ਹਾਂ ਦਾ ਸਰੀਰ ਨਰੋਆ, ਜ਼ਰਾ ਹਲਕਾ ਅਤੇ ਫੁਰਤੀਲਾ ਹੁੰਦਾ ਹੈ। ਲੱਤਾਂ ਛੋਟੀਆਂ, ਸਿਰ ਹਲਕਾ, ਪੂੰਛ ਪਤਲੀ ਅਤੇ ਛੋਟੀ। ਇਸ ਦੇ ਸਿਰ ਤੇ ਕਾਲੇ ਰੰਗ ਦੇ ਵਾਲਾਂ ਦਾ ਗੁੱਛਾ ਜਿਹਾ ਹੁੰਦਾ ਹੈ। ਇਹ ਇਕ ਸੂਏ ਵਿਚ ਲਗਭਗ 1200 ਲਿਟਰ ਅਤੇ ਰੋਜ਼ਾਨਾ 6 ਤੋਂ 10 ਲਿਟਰ ਦੁੱਧ ਦਿੰਦੀ ਹੈ।

(ਅ) ਸਾਹੀਵਾਲ – ਇਸ ਨਸਲ ਦੀ ਗਾਂ ਦੁੱਧ ਦੀ ਮਿਕਦਾਰ ਅਤੇ ਗੁਣਾਂ ਦੇ ਵਿਚਾਰ ਨਾਲ ਪੰਜਾਬ ਦੀਆਂ ਸਭ ਨਸਲਾਂ ਤੋਂ ਚੰਗੇਰੀ ਹੈ। ਇਹ ਹਰ ਰੋਜ਼ 7 ਤੋਂ 14 ਲਿਟਰ ਤਕ ਦੁੱਧ ਦਿੰਦੀ ਹੈ। ਇਸ ਦਾ ਰੰਗ ਬਹੁਤ ਗੋਰਾ ਜਾਂ ਗੂੜ੍ਹਾ ਲਾਲ ਹੁੰਦਾ ਹੈ। ਇਸ ਦੀ ਚਮੜੀ ਪਤਲੀ, ਵਾਲ ਮੁਲਾਇਮ, ਲੱਤਾਂ ਛੋਟੀਆਂ, ਸਿੰਗ ਬਹੁਤ ਛੋਟੇ, ਸਿਰ ਕੁਝ ਲੰਬੇ ਢੰਗ ਦਾ, ਮੱਥਾ ਤੰਗ, ਥੂਥਨੀ ਕਾਲੀ, ਗਰਦਨ ਛੋਟੀ ਅਤੇ ਕੰਨ ਦਰਮਿਆਨੇ ਰੰਗ ਦੇ ਹੁੰਦੇ ਹਨ। ਪੂਛ ਕਾਫ਼ੀ ਲੰਬੀ ਹੁੰਦੀ ਹੈ। ਇਸ ਕਿਸਮ ਨੂੰ ‘ਲੋਨਾ’ ਵੀ ਕਹਿੰਦੇ ਹਨ। ਇਨ੍ਹਾਂ ਦੇ ਹਵਾਨੇ ਕਾਫ਼ੀ ਵੱਡੇ ਅਤੇ ਥਣ ਲੰਮੇ ਅਤੇ ਇਕਸਾਰ ਹੁੰਦੇ ਹਨ। ਦੁੱਧ ਵਿਚਲੀ ਫੈਟ ਦੀ ਮਾਤਰਾ 5.6% ਦੇ ਕਰੀਬ ਹੁੰਦੀ ਹੈ ਅਤੇ ਇਹ ਇਕ ਸੂਏ ਵਿਚ 1800 ਲਿਟਰ ਦੇ ਕਰੀਬ ਦੁੱਧ ਦਿੰਦੀ ਹੈ।

ਇਨ੍ਹਾਂ ਤੋਂ ਇਲਾਵਾ ਪੰਜਾਬ ਵਿਚ ਕੁਝ ਕਿਸਮਾਂ ਹੋਰ ਵੀ ਪਾਈਆਂ ਜਾਂਦੀਆਂ ਹਨ ਜਿਵੇਂ ਹਿਸਾਰੀ, ਸਿੰਧੀ ਅਤੇ ਬਾਰਪਾਰਕਰ ਕਿਸਮਾਂ ਆਦਿ।

ਬਦੇਸ਼ੀ ਨਸਲਾਂ -ਪੰਜਾਬ ਵਿਚ ਬਾਹਰਲੇ ਦੇਸ਼ਾਂ ਤੋਂ ਕਈ ਚੰਗੀਆਂ ਕਿਸਮਾਂ ਦੀਆਂ ਗਾਵਾਂ ਮੰਗਵਾਈਆਂ ਗਈਆਂ ਹਨ ਤਾਂ ਜੋ ਲੋੜ ਅਨੁਸਾਰ ਦੁੱਧ ਦੀ ਵਧ ਰਹੀ ਮੰਗ ਦੀ ਪੂਰਤੀ ਲਈ ਇਨ੍ਹਾਂ ਗਾਵਾਂ ਨਾਲ ਦੇਸੀ ਪਸ਼ੂਆਂ ਦੀ ਨਸਲਕੁਸ਼ੀ ਕਰ ਕੇ ਪ੍ਰਾਪਤ ਹੋਣ ਵਾਲੇ ਪਸ਼ੂਆਂ ਤੋਂ ਵਧੇਰੇ ਮਿਕਦਾਰ ਵਿਚ ਦੁੱਧ ਅਤੇ ਚੰਗੇ ਵੱਛੇ ਪ੍ਰਾਪਤ ਕੀਤੇ ਜਾ ਸਕਣ। ਕੁਝ-ਕੁ ਬਦੇਸ਼ੀ ਕਿਸਮਾਂ ਦੀਆਂ ਨਸਲਾਂ ਦੇ ਪਸ਼ੂਆਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ :-

 ਹੋਲਸਟੀਅਨ ਫਰੀਜ਼ੀਅਨ – ਇਹ ਕਿਸਮ ਜ਼ਿਆਦਾਤਰ ਹਾਲੈਂਡ ਦੇਸ਼ ਦੇ ਪੱਛਮੀ ਫਰੀਜ਼ਲੈਂਡ ਅਤੇ ਉੱਤਰੀ ਹਾਲੈਂਡ ਸੂਬਿਆਂ ਵਿਚ ਪਾਈ ਜਾਂਦੀ ਹੈ । ਇਸ ਦੀ ਇਕ ਸੂਏ ਵਿਚ ਦੁੱਧ ਦੀ ਪੈਦਾਵਾਰ ਲਗਭਗ 6800 ਲਿਟਰ (ਅਮਰੀਕਾ) ਅਤੇ 4500 ਲਿਟਰ (ਇੰਗਲੈਂਡ) ਰਿਕਾਰਡ ਕੀਤੀ ਗਈ ਹੈ। ਦੁੱਧ ਵਿਚਲੀ ਫੈਟ ਦੀ ਮਿਕਦਾਰ 3.63% ਤੋਂ 3.67% ਤਕ ਮਿਲਦੀ ਹੈ। ਇਸ ਨਸਲ ਨੂੰ ਦੋਗਲੀ ਨਸਲਕੁਸ਼ੀ ਲਈ ਅੰਮ੍ਰਿਤਸਰ, ਜਲੰਧਰ, ਕਪੂਰਥਲਾ ਆਦਿ ਜ਼ਿਲ੍ਹਿਆਂ ਵਿਚ ਵਰਤਿਆ ਜਾ ਰਿਹਾ ਹੈ। ਇਹ ਕਿਸਮ ਪਹਿਲੇ ਸੂਏ ਲਈ 25 ਤੋਂ 27 ਮਹੀਨਿਆਂ ਦਾ ਸਮਾਂ ਲੈ ਜਾਂਦੀ ਹੈ।

ਜਰਸੀ – ਇਹ ਇੰਗਲੈਂਡ ਦੇ ਇਕ ਦੀਪ ਵਿਚ ਮਿਲਣ ਵਾਲੀ ਇਕ ਚੰਗੀ ਦੁਧਾਰੂ ਕਿਸਮ ਹੈ। ਇਹ ਇਕ ਲਾਵੇ (ਸੂਏ) ਵਿਚ 3500 ਲਿਟਰ ਦੇ ਕਰੀਬ ਦੁੱਧ ਦੇ ਦਿੰਦੀ ਹੈ। ਇਸ ਦੇ ਦੁੱਧ ਦੀ ਫੈਟ 5.10% ਦੇ ਕਰੀਬ ਹੁੰਦੀ ਹੈ। ਇਸ ਦੀ ਚਮੜੀ ਦਾ ਰੰਗ ਚੂਹੇ ਰੰਗਾ ਹੁੰਦਾ ਹੈ ਪਰ ਕੁਝ ਪਸ਼ੂਆਂ ਵਿਚ ਭਰੇ ਤੋਂ ਲਾਲ ਗੂੜ੍ਹਾ ਰੰਗ ਵੀ ਮਿਲਦਾ ਹੈ। ਇਸ ਦੇ ਨੱਕ ਦੁਆਲੇ ਚਿੱਟੇ ਰੰਗ ਦਾ ਘੇਰਾ ਜਿਹਾ ਹੁੰਦਾ ਹੈ। ਇਸ ਨੂੰ ਦੋਗਲੀ ਨਸਲਕੁਸ਼ੀ ਲਈ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਜ਼ਿਲ੍ਹਿਆਂ ਵਿਚ ਵਰਤਿਆ ਜਾ ਰਿਹਾ ਹੈ।

ਰੈੱਡ ਡੇਨ– ਇਹ ਡੈਨਮਾਰਕ ਦੀ ਇਕ ਪ੍ਰਸਿੱਧ ਦੁਧਾਰੂ ਕਿਸਮ ਹੈ ਜੋ ਇਕ ਸੂਏ ਵਿਚ ਕਰੀਬ 4500 ਲਿਟਰ ਦੁੱਧ ਦੇ ਸਕਦੀ ਹੈ। ਇਸ ਦੇ ਦੁੱਧ ਵਿਚਲੀ ਫੈਟ 3.8% ਹੁੰਦੀ ਹੈ। ਇਸ ਦਾ ਰੰਗ ਗੂੜ੍ਹਾ ਹੁੰਦਾ ਹੈ। ਇਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਫਾਰਮਾਂ ਵਿਚ ਦੋਗਲੀ ਨਸਲਕੁਸ਼ੀ ਲਈ ਵਰਤਿਆ ਗਿਆ ਹੈ।

ਬਰਾਊਨ ਸਵਿਸ– ਇਹ ਸਵਿਟਜ਼ਰਲੈਂਡ ਦੀ ਇਕ ਪ੍ਰਸਿੱਧ ਦੁਧਾਰੂ ਕਿਸਮ ਹੈ ਜੋ ਇਕ ਸੂਏ ਵਿਚ 4,000 ਲਿਟਰ ਦੇ ਕਰੀਬ ਦੁੱਧ ਦਿੰਦੀ ਹੈ। ਇਹ ਦਰਮਿਆਨੇ ਆਕਾਰ ਦੀ ਹੈ ਅਤੇ ਇਸ ਦਾ ਰੰਗ ਸਲੇਟੀ ਭੂਰਾ ਹਲਕਾ ਜਾਂ ਕਾਫ਼ੀ ਭੂਰਾ ਹੁੰਦਾ ਹੈ। ਇਹ ਪਟਿਆਲਾ, ਬਠਿੰਡਾ, ਫ਼ਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚ ਦੋਗਲੀ ਨਸਲਕੁਸ਼ੀ ਲਈ ਵਰਤੀ ਜਾ ਰਹੀ ਹੈ।

ਪਹਿਲਾਂ ਪਹਿਲ ਗਾਵਾਂ ਸਿਰਫ ਇਸ ਮੰਤਵ ਨੂੰ ਮੁੱਖ ਰੱਖਦਿਆਂ ਹੀ ਪਾਲੀਆਂ ਜਾਂਦੀਆਂ ਸਨ ਕਿ ਉਨ੍ਹਾਂ ਤੋਂ ਚੰਗੇ ਬਲਦ ਲਏ ਜਾ ਸਕਣ ਅਤੇ ਗੋਹੇ ਤੋਂ ਬਾਲਣ ਪ੍ਰਾਪਤ ਕੀਤਾ ਜਾ ਸਕੇ। ਕੇਵਲ ਕੁਝ ਕੁ ਹੀ ਡੇਅਰੀ ਫਾਰਮਾਂ ਵਿਚ ਨਸਲ ਸੁਧਾਰ ਦਾ ਕੰਮ ਕੀਤਾ ਜਾਂਦਾ ਸੀ। ਹੁਣ ਜਦ ਕਿ ਦੁੱਧ ਦੀ ਲੋੜ ਨੂੰ ਖੁਰਾਕੀ ਮਹੱਤਤਾ ਦੀ ਨਜ਼ਰ ਤੋਂ ਦੇਖਿਆ ਜਾ ਰਿਹਾ ਹੈ ਤਾਂ ਦੁੱਧ ਦੀ ਵੱਧ ਤੋਂ ਵੱਧ ਪੈਦਾਵਾਰ ਲੈਣ ਲਈ ਬਦੇਸ਼ੀ ਕਿਸਮਾਂ ਦੀਆਂ ਗਾਵਾਂ ਦੀ ਨਸਲਕੁਸ਼ੀ ਦੇਸੀ ਕਿਸਮਾਂ ਨਾਲ ਕਰਵਾ ਕੇ ਦੋਗਲੇ ਪਸ਼ੂ ਪ੍ਰਾਪਤ ਕੀਤੇ ਜਾ ਰਹੇ ਹਨ। ਬਦੇਸ਼ੀ ਨਸਲਾਂ ਵਿਚ ਦੇਸੀ ਨਸਲਾਂ ਦੇ ਮੁਕਾਬਲੇ ਦੁੱਧ ਦੀ ਪੈਦਾਵਾਰ ਜਿਆਦਾ ਹੁੰਦੀ ਹੈ। ਦੋਗਲੇ ਪਸ਼ੂਆਂ ਵਿਚ ਦੁੱਧ ਦੀ ਜ਼ਿਆਦਾ ਪੈਦਾਵਾਰ ਅਤੇ ਅਸਾਧਾਰਨ ਹਾਲਤਾਂ ਨਾਲ ਨਿਪਟਣ ਲਈ ਸਮਰੱਥਾ ਆ ਜਾਂਦੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7460, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-03-31-33, ਹਵਾਲੇ/ਟਿੱਪਣੀਆਂ: ਹ. ਪੁ. -ਪਸ਼ੂ ਪਾਲਣ-ਅਮੀ ਚੰਦ : ਫ਼ਾਰਮਿੰਗ : 2196

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.