ਗਿਣਤੀ-ਸੂਚਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਗਿਣਤੀ-ਸੂਚਕ: ਪੰਜਾਬੀ ਵਿਚ ਗਿਣਤੀ-ਸੂਚਕ ਸ਼ਬਦਾਂ ਦੀ ਇਕ ਲੰਮੀ ਚੌੜੀ ਸੂਚੀ ਹੈ। ਵਾਕਾਤਮਕ ਬਣਤਰ ਵਿਚ ਇਹ ਸ਼ਬਦ ਵਿਸ਼ੇਸ਼ਣ ਵਜੋਂ ਕਾਰਜ ਕਰਦੇ ਹਨ। ਗਿਣਤੀ ਪੱਖੋਂ ਅਤੇ ਰੂਪ ਪੱਖੋਂ ਇਨ੍ਹਾਂ ਸ਼ਬਦਾਂ ਨੂੰ ਇਕ ਅਲੱਗ ਸ਼ਬਦ-ਸ਼ਰੇਣੀ ਵਜੋਂ ਸਥਾਪਤ ਕੀਤਾ ਜਾ ਸਕਦਾ ਹੈ ਪਰ ਕਿਸੇ ਵੀ ਵਿਆਕਰਨ ਨੇ ਇਨ੍ਹਾਂ ਨੂੰ ਅਲੱਗ ਸ਼ਰੇਣੀ ਦੇ ਤੌਰ ’ਤੇ ਨਹੀਂ ਸਵੀਕਾਰਿਆ ਅਤੇ ਇਸ ਦੇ ਸ਼ਬਦਾਂ ਨੂੰ ਵਿਸ਼ੇਸ਼ਣ ਸ਼ਰੇਣੀ ਦੇ ਮੈਂਬਰਾਂ ਦੀ ਸੂਚੀ ਵਿਚ ਰੱਖਿਆ ਹੈ। ਰੂਪ ਦੇ ਪੱਖ ਤੋਂ ਇਹ ਸ਼ਬਦ ਵਿਕਾਰੀ ਸ਼ਬਦ ਹੁੰਦੇ ਹਨ, ਜਿਵੇਂ : ਇਕ, ਇਕੱਲਾ, ਇਕੱਲੇ, ਪੌਣਾ, ਪੌਣੇ, ਪੌਣੀ, ਪੌਣੀਆਂ ਆਦਿ। ਅਰਥ ਦੇ ਪੱਖ ਤੋਂ ਇਨ੍ਹਾਂ ਸ਼ਬਦਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ ਜਿਵੇਂ : (i) ਨਿਸ਼ਚਤ ਸੰਖਿਆ-ਸੂਚਕ ਅਤੇ (ii) ਅਨਿਸ਼ਚਤ ਸੰਖਿਆ-ਸੂਚਕ। ਨਿਸ਼ਚਤ ਸੰਖਿਆ-ਸੂਚਕਾਂ ਨੂੰ ਅੱਗੋਂ, ਗਿਣਤੀ-ਸੂਚਕ, ਕ੍ਰਮ-ਬੋਧਕ, ਗੁਣਾਂ-ਅੰਤਕ ਆਦਿ ਵਿਚ ਵੰਡਿਆ ਜਾਂਦਾ ਹੈ। ਗਿਣਤੀ-ਸੂਚਕਾਂ ਨੂੰ ਅੱਗੋਂ ਪੂਰਨ ਅੰਕ-ਸੂਚਕ ਅਤੇ ਅਪੂਰਨ ਅੰਕ-ਸੂਚਕਾਂ ਵਿਚ ਵੰਡਿਆ ਜਾਂਦਾ ਹੈ। ਜਿਵੇਂ : ਪੂਰਨ ਅੰਕ-ਸੂਚਕਾਂ ਵਿਚ ਇਕ ਤੋਂ ਲੈ ਕੇ ਅਨੰਤ ਗਿਣਤੀ ਦੇ ਸ਼ਬਦਾਂ ਨੂੰ ਰੱਖਿਆ ਜਾਂਦਾ ਹੈ। ਇਕ ਤੋਂ ਲੈ ਕੇ ਨੌ ਸੂਚਕ ਸ਼ਬਦਾਂ ਤੱਕ ਦੇ ਰੂਪ ਅਲੱਗ ਹਨ ਜੋ ਹਰ ਦਹਾਕੇ ’ਤੇ ਪਰਭਾਵ ਪਾਉਂਦੇ ਹਨ, ਜਿਵੇਂ : ਤਿੰਨ-ਤੀਹ, ਚਾਰ-ਚਾਲੀ, ਛੇ-ਸੱਠ, ਸੱਤ-ਸੱਤਰ ਆਦਿ। ਦਹਾਕਾ-ਸੂਚਕ ਸ਼ਬਦ ਬਾਕੀਆਂ ਨਾਲੋਂ ਭਿੰਨ ਹੁੰਦਾ ਹੈ, ਜਿਵੇਂ : ਦਸ, ਵੀਹ, ਤੀਹ, ਚਾਲੀ, ਪੰਜਾਹ ਆਦਿ। ਵੀਹ ਤੋਂ ਪਿਛੋਂ ਹਰ ਦਹਾਕੇ ਤੋਂ ਪਹਿਲੇ ਸ਼ਬਦ ਭਾਵ ਉਨੀ, ਉਣੱਤੀ, ਉਨਤਾਲੀ, ਉਣੰਜਾ, ਉਨਾਹਠ, ਉਣੱਤਰ, ਉਨਾਸੀ ਤੋਂ ਅਗਲੇ ਅੰਕਾਂ ਦੇ ਰੂਪ ਦਾ ਪਤਾ ਚਲ ਜਾਂਦਾ ਹੈ, ਜਿਵੇਂ : ਉਨੀ ਤੋਂ, -ਈ ਅੰਤਕ ਇਕੀ, ਬਾਈ, ਤੇਈ, ਚੋਵੀ ਆਦਿ ਉਣੰਜਾ ਤੋਂ-ਜਾ ਅੰਤਕ, ਇਕਵੰਜਾ, ਬਵੰਜਾ, ਤਰਵੰਜਾ ਆਦਿ ਉਨਾਹਠ ਤੋਂ-ਆਹਠ ਅੰਤਕ, ਜਿਵੇਂ : ਇਕਾਹਠ, ਬਾਹਠ, ਤਰੇਹਠ, ਚੌਂਹਠ ਆਦਿ। ਇਸ ਤੋਂ ਵੱਡੀ ਗਿਣਤੀ ਲਈ, ਹਜ਼ਾਰ, ਲੱਖ, ਕਰੋੜ, ਅਰਬ, ਖਰਬ ਆਦਿ ਸ਼ਬਦ ਵਰਤੇ ਜਾਂਦੇ ਹਨ ਅਤੇ ਇਨ੍ਹਾਂ ਅੰਕਾਂ ਲਈ ਇਕਾਈ, ਦਹਾਈ, ਸੈਂਕੜਾ, ਹਜ਼ਾਰ, ਦਹਿ ਹਜ਼ਾਰ, ਲੱਖ, ਦਹਿ ਲੱਖ ਆਦਿ ਵਰਤੇ ਜਾਂਦੇ ਹਨ। ਪੂਰਨ-ਸੂਚਕ ਅੰਕਾਂ ਦੇ ਅੰਸ਼ਾਂ ਨੂੰ ਦਰਸਾਉਣ ਲਈ ਸ਼ਬਦਾਂ ਨੂੰ ਅਪੂਰਨ ਕਿਹਾ ਜਾਂਦਾ ਹੈ। ਜਿਵੇਂ : ਪਾ, ਅੱਧਾ, ਪੌਣਾ, ਡੇਢ, ਸਵਾ, ਢਾਈ ਆਦਿ ਸ਼ਬਦਾਂ ਨੂੰ ਗਿਣਤੀ ਅਤੇ ਮਿਣਤੀ ਸੂਚਕਾਂ ਵਜੋਂ ਵਰਤਿਆ ਜਾਂਦਾ ਹੈ, ਜਿਵੇਂ : ਪੌਣਾ ਕਿਲੋ ਦੁੱਧ, ਪੌਣਾ ਮੀਟਰ ਕਪੜਾ, ਪੌਣੀ ਸਦੀ ਆਦਿ। ਕ੍ਰਮ-ਬੋਧਕ ਸੰਖਿਆ-ਸੂਚਕ ਸ਼ਬਦਾਂ ਵਿਚ ਇਕੋ ਸ਼ਬਦ ਰੂਪ ਦੇ ਕਈ ਹੋਰ ਰੂਪ ਬਣ ਸਕਦੇ ਹਨ, ਜਿਵੇਂ : ਇਕਪਹਿਲਾ, ਕਾਹਰਾ, ਦੋਦੂਜਾ, ਦੂਹਰਾ, ਦੂਣਾ, ਦੋਵੇਂ, ਤਿੰਨਤੀਹਰਾ, ਤੀਣਾ, ਤੀਣੇ, ਚਾਰਚੌਥਾ, ਚੌਣਾ, ਚੌਹਰਾ, ਚਾਰੇ, ਚਾਰੀਂ (ਚਾਰੀਂ ਥਾਈਂ) ਆਦਿ।

         ਗਿਣਤੀ-ਸੂਚਕ ਸ਼ਬਦਾਂ ਨਾਲ (-ਗੁਣਾ) ਅੰਤਕ ਲਗਾ ਕੇ ਵਸਤੂ ਦੀ ਮਾਤਰਾ ਬਾਰੇ ਪਤਾ ਚਲਦਾ ਹੈ। ਤਿੰਨ+ਗੁਣਾ=ਤਿੰਨ ਗੁਣਾ (ਤਿੱਗਣਾ), ਢਾਈ ਗੁਣਾ, ਦਸ ਗੁਣਾ, ਪੰਜਾਹ ਗੁਣਾ ਆਦਿ। ਵਸਤਾ ਦੇ ਸਮੁੱਚ ਨੂੰ ਪਰਗਟਾਉਣ ਲਈ ਸਮੁੱਚਤਾ-ਬੋਧਕ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ : ਦੋ ਚੀਜ਼ਾਂ ਲਈਜੋੜਾ, 20 ਵਸਤਾਂ ਲਈਕੋੜੀ, ਸੌ ਲਈਸੈਂਕੜਾ, ਬਾਰਾਂ ਲਈਦਰਜਣ ਆਦਿ।

        ਅਨਿਸ਼ਚਤ ਸੰਖਿਆ-ਸੂਚਕ ਸ਼ਬਦਾਂ ਵਿਚ ਉਨ੍ਹਾਂ ਸ਼ਬਦਾਂ ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਦੁਆਰਾ ਮਾਤਰਾ, ਗਿਣਤੀ ਦੀ ਪੂਰੀ ਸੂਚਨਾ ਨਾ ਪਰਦਾਨ ਕਰਨੀ ਹੋਵੇ, ਜਿਵੇਂ : ਬਹੁਤ, ਅਨੇਕ, ਸਭ, ਚੋਖੇ, ਕਈ ਹੋਰ ਕੁਝ ਆਦਿ ਮਾਤਰਾ ਜਾਂ ਗਿਣਤੀ ਨੂੰ ਹੋਰ ਅਨਿਸ਼ਚਤ ਕਰਨ ਲਈ ‘ਕੁ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ : ਕੁਝ ਕੁ, ਵੀਹ ਕੁ, ਤੋਲਾ ਕੁ, ਰਤਾ ਕੁ, ਰੀਠਾ ਕੁ (ਸਵੇਰੇ ਹੀ ਰੀਠਾ ਕੁ ਅਫੀਮ ਖਾ ਲੈਂਦਾ ਹੈ) ਬਹੁਤ ਹੀ ਛੋਟੇ ਤੋਲ ਲਈ ਛਟਾਂਕ, ਤੋਲਾ, ਰੱਤੀ, ਮਾਸ਼ਾ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ।

        ਰੂਪ ਦੇ ਪੱਖ ਤੋਂ ਭਾਵੇਂ ਇਹ ਸ਼ਬਦ ਵਿਕਾਰੀ ਸ਼ਰੇਣੀ ਨਾਲ ਸਬੰਧਤ ਹੁੰਦੇ ਹਨ ਪਰੰਤੂ ਬਹੁਤ ਹੀ ਸੀਮਤ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਦਾ ਰੂਪ ਨਹੀਂ ਬਦਲਦਾ ਭਾਵ ਉਹ ਅਵਿਕਾਰੀ ਹਨ ਜਿਵੇਂ : ਕੁਝ। ਗਿਣਤੀ-ਸੂਚਕ ਸ਼ਬਦਾਂ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਹ ਇਕ ਸ਼ਬਦੀ ਰੂਪ ਰਾਹੀਂ ਸਾਕਾਰ ਹੁੰਦੇ ਹਨ ਇਸ ਦੇ ਮੁਕਾਬਲੇ ਅੰਗਰੇਜ਼ੀ ਸ਼ਬਦ ਦੋ ਸ਼ਬਦੀ ਰੂਪਾਂ ਰਾਹੀਂ ਸਾਕਾਰ ਹੁੰਦੇ ਹਨ ਜਿਵੇਂ : ਵੀਹ, ਅਠੱਤੀ, ਇਕਾਨਵੇਂ, ਅੰਗਰੇਜ਼ੀ ਵਿਚ Twenty Only, Thirty Eight, Ninety one.


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 5321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.