ਗੁਰਬਾਣੀ ਬਨਾਮ ਕਾਵਿ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੁਰਬਾਣੀ ਬਨਾਮ ਕਾਵਿ :ਇਸ ਵਿਚ ਸੰਦੇਹ ਨਹੀਂ ਕਿ ਗੁਰਬਾਣੀ ਕਾਵਿ-ਸ਼ੈਲੀ ਅਥਵਾ ਵਿਧੀ ਵਿਚ ਲਿਖੀ ਗਈ ਹੈ, ਪਰ ਇਹ ਕਾਵਿ ਨਹੀਂ ਹੈ। ਦੋਹਾਂ ਵਿਚ ਕਈਆਂ ਪੱਖਾਂ ਤੋਂ ਬੁਨਿਆਦੀ ਅੰਤਰ ਹਨ। ਪਹਿਲਾ ਅੰਤਰ ਹੈ ਰਚੈਤਿਆਂ ਸੰਬੰਧੀ। ਭਾਵੇਂ ਦੋਹਾਂ ਦੇ ਰਚੈਤਾ ਮਨੁੱਖ ਹਨ, ਪਰ ਬਾਣੀਕਾਰ ਕੋਈ ਮਹਾਪੁਰਸ਼, ਸੰਤ , ਭਗਤ ਅਥਵਾ ਸਾਧਕ ਹੁੰਦਾ ਹੈ, ਜਦਕਿ ਕਵੀ ਇਕ ਸਾਧਾਰਣ ਸੰਵੇਦਨਸ਼ੀਲ ਮਨੁੱਖ ਹੁੰਦਾ ਹੈ। ਬਾਣੀਕਾਰ ਇਸ ਭੌਤਿਕ ਜਗਤ ਵਿਚ ਰਹਿੰਦਾ ਹੋਇਆ ਵੀ ਜਾਗਤਿਕ ਪ੍ਰਪੰਚ ਤੋਂ ਮੁਕਤ ਹੁੰਦਾ ਹੈ ਜਦਕਿ ਕਵੀ ਜਗਤ ਦਾ ਭੌਤਿਕ ਸੁਖ-ਦੁਖ ਹੰਢਾਉਂਦਾ ਹੋਇਆ ਜੀਵਨ ਬਤੀਤ ਕਰਦਾ ਹੈ। ਕਵੀ ਦਾ ਸੰਬੰਧ ਦਿਸਦੇ ਸੰਸਾਰ ਨਾਲ ਹੈ ਜਦਕਿ ਬਾਣੀਕਾਰ ਦਿਸਦੇ ਜਗਤ ਤੋਂ ਨਿਰਲਿਪਤ ਗੂੜ੍ਹ ਰਹੱਸਾਂ ਨੂੰ ਆਪਣੀ ਬਾਣੀ ਰਾਹੀਂ ਪ੍ਰਗਟ ਕਰਦਾ ਹੈ। ਇਸ ਤਰ੍ਹਾਂ ਕਵੀ ਦੀ ਦ੍ਰਿਸ਼ਟੀ ਸੀਮਿਤ ਹੈ ਅਤੇ ਬਾਣੀਕਾਰ ਦੀ ਬਿਰਤੀ ਪਾਰਗਾਮੀ ਹੈ। ਕਵੀ ਤਿੰਨ ਗੁਣਾਂ—ਰਜੋ, ਸਤੋ ਅਤੇ ਤਮੋ—ਤੋਂ ਪ੍ਰਭਾਵਿਤ ਹੈ। ਪਰ ਬਾਣੀਕਾਰ ਸਾਤਵਿਕ ਰੁਚੀਆਂ ਨੂੰ ਪ੍ਰਸਾਰਨ ਵਾਲਾ ਸਹਿਜ ਮਨੁੱਖ ਹੈ। ਬਾਣੀਕਾਰ ਆਪਣੇ ਭੀਤਰੀ ਅਨੁਭਵ (ਰਹੱਸ-ਅਨੁਭਵ) ਨੂੰ ਬਾਣੀ ਰਾਹੀਂ ਜਿਗਿਆਸੂਆਂ ਨਾਲ ਸਾਂਝਾ ਕਰਦਾ ਹੈ, ਜਦਕਿ ਕਵੀ ਆਪਣੇ ਭਾਵਾਂ ਨੂੰ ਕਵਿਤਾ ਰਾਹੀਂ ਰੂਪਾਇਤ ਕਰਦਾ ਹੈ। ਸਪੱਸ਼ਟ ਹੈ ਕਿ ਬਾਣੀ ਅਤੇ ਕਾਵਿ ਦੇ ਰਚੈਤੇ ਭਿੰਨ ਭਿੰਨ ਸ਼ਖ਼ਸੀਅਤਾਂ ਵਾਲੇ ਮਨੁੱਖ ਹਨ।
ਦੋਹਾਂ ਦੇ ਅੰਤਰ ਦਾ ਦੂਜਾ ਕਾਰਣ ਹੈ ਉਨ੍ਹਾਂ ਦੇ ਪ੍ਰੇਰਣਾ-ਸਰੋਤ। ਬਾਣੀਕਾਰ ਵਿਸਮਾਦੀ ਅਵਸਥਾ ਨੂੰ ਮਾਣਦਾ ਹੋਇਆ ਆਪਣਾ ਅਨੁਭਵ ਪ੍ਰਗਟਾਉਂਦਾ ਹੈ ਅਤੇ ਕਵੀ ਕਲਪਨਾ ਦੇ ਬਲ ’ਤੇ ਕਵੀ-ਕਰਮ ਨੂੰ ਨਿਭਾਉਂਦਾ ਹੈ। ਕਵੀ ਵਸਤੂ ਤੋਂ ਪ੍ਰੇਰਿਤ ਹੁੰਦਾ ਹੈ, ਬਾਣੀਕਾਰ ਧਰਮ ਤੋਂ। ਕਵੀ ਪ੍ਰਭੂ ਸਿਰਜਿਤ ਪ੍ਰਕ੍ਰਿਤੀ ਉਤੇ ਕੇਂਦਰਿਤ ਰਹਿੰਦਾ ਹੈ, ਜਦ ਕਿ ਬਾਣੀਕਾਰ ਬ੍ਰਹਮ-ਨਿਸ਼ਠ ਅਵਸਥਾ ਵਿਚ ਵਿਚਰਦਾ ਹੈ। ਕਵੀ ਮਾਇਆ ਦੇ ਜਾਲ ਵਿਚ ਉਲਝਿਆ ਹੋਇਆ ਹੈ, ਜਦਕਿ ਬਾਣੀਕਾਰ ਆਪਣੇ ਅਧਿਆਤਮੀ ਗਿਆਨ ਰਾਹੀਂ ਮਾਇਆਵੀ ਪ੍ਰਪੰਚ ਤੋਂ ਬਾਹਰ ਨਿਕਲ ਕੇ ਅਦ੍ਰਿਸ਼ਟ ਪਰਮ- ਸੱਤਾ ਨਾਲ ਸੰਬੰਧ ਸਥਾਪਿਤ ਕਰਦਾ ਹੈ। ਕਵੀ ਲੌਕਿਕਤਾ ਤੋਂ ਪ੍ਰੇਰਿਤ ਹੈ ਅਤੇ ਬਾਣੀਕਾਰ ਪਰਾ-ਲੌਕਿਕਤਾ ਤੋਂ ਅਨੁਪ੍ਰਾਣਿਤ ਹੈ।
ਕਵੀ ਦਾ ਮਾਨਸਿਕ ਤਣਾਉ ਭਾਵੁਕਤਾ ਨੂੰ ਰੂਪਾਇਤ ਕਰਨ ਨਾਲ ਖ਼ਤਮ ਹੋ ਜਾਂਦਾ ਹੈ, ਜਦਕਿ ਬਾਣੀਕਾਰ ਸਤਿ ਦੀ ਭਾਲ ਕਰਦਾ ਹੋਇਆ ਉਸ ਵਿਚ ਸਮਾਉਣ ਦਾ ਯਤਨ ਕਰਦਾ ਹੈ। ਕਵੀ ਕਾਵਿ ਰਾਹੀਂ ਮਨੁੱਖੀ ਭਾਵਾਂ ਨੂੰ ਝੰਝੋੜਦਾ ਹੈ, ਪਰ ਬਾਣੀ ਮਨੁੱਖ ਦੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਦਿੰਦੀ ਹੈ। ਕਾਵਿ ਦੀ ਪ੍ਰਕ੍ਰਿਤੀ ਸਾਹਿਤਿਕ ਹੈ, ਬਾਣੀ ਦੀ ਪ੍ਰਕ੍ਰਿਤੀ ਅਧਿਆਤਮਿਕ। ਬਾਣੀ ਦੀ ਪ੍ਰਕ੍ਰਿਤੀ ਦੇਸ਼-ਕਾਲ ਦੀਆਂ ਸੀਮਾਵਾਂ ਤੋਂ ਉੱਚੀ ਉਠ ਕੇ ਪੂਰੀ ਮਨੁੱਖਤਾ ਦੀ ਸਮਸਿਆ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ, ਜਦਕਿ ਕਵਿਤਾ ਦੇਸ਼-ਕਾਲ ਦੀਆਂ ਸੀਮਾਵਾਂ ਨੂੰ ਉਲੰਘਣ ਦੇ ਸਮਰਥ ਨਹੀਂ ਹੁੰਦੀ।
ਕਵੀ ਦੀ ਉਡਾਰੀ ਦਿਸਦੇ ਜਗਤ ਤੋਂ ਕਲਪਨਾ ਲੋਕ ਵਲ ਹੈ, ਪਰ ਬਾਣੀਕਾਰ ਦ੍ਰਿਸ਼ਟਮਾਨ ਜਗਤ ਤੋਂ ਬ੍ਰਹਮ-ਲੋਕ ਵਲ ਯਾਤ੍ਰਾ ਕਰਦਾ ਹੈ। ਕਵੀ ਦਾ ਸਚ ਸਥਾਈ ਨਹੀਂ ਹੁੰਦਾ, ਪਰ ਬਾਣੀਕਾਰ ਦਾ ਸਤਿ ਪਰਮ-ਸਤਿ ਹੈ ਜੋ ਅਪਰਿਵਰਤਨਸ਼ੀਲ ਅਤੇ ਕਾਲਾਤੀਤ ਹੈ।
ਕਵੀ ਦਾ ਉਦੇਸ਼ ਕਾਵਿ-ਰਸ ਜਾਂ ਸਾਹਿਤਿਕ ਆਨੰਦ ਦੇਣਾ ਹੈ, ਪਰ ਬਾਣੀਕਾਰ ਜਿਗਿਆਸੂ ਨੂੰ ਬ੍ਰਹਮਾਨੰਦ ਦਾ ਅਨੁਭਵ ਕਰਾਉਂਦਾ ਹੈ। ਕਵੀ ਦਾ ਕਥਨ ਅਨੁਭਵ-ਸਿੱਧ ਨਹੀਂ ਹੁੰਦਾ, ਪਰ ਬਾਣੀਕਾਰ ਦਾ ਸਭ ਕੁਝ ਆਵੇਸ਼ਿਤ ਹੁੰਦਾ ਹੈ। ਉਸ ਦੇ ਬੋਲ ਆਪਣੇ ਨਹੀਂ ਹੁੰਦੇ। ਉਸ ਦੀ ਬਾਣੀ ‘ਧੁਰ ਕੀ ਬਾਣੀ ’, ‘ਖਸਮ ਕੀ ਬਾਣੀ ’, ‘ਸਚ ਕੀ ਬਾਣੀ’ ਹੁੰਦੀ ਹੈ ਜੋ ਜਿਗਿਆਸੂਆਂ ਅੰਦਰ ਕਥਨੀ ਅਤੇ ਕਰਨੀ ਦਾ ਭੇਦ ਮਿਟਾ ਦਿੰਦੀ ਹੈ।
ਕਵੀ ਅਤੇ ਬਾਣੀਕਾਰ ਦੇ ਕਾਵਿ-ਸਾਧਨ ਭਾਵੇਂ ਇਕੋ ਜਿਹੇ ਹੁੰਦੇ ਹਨ ਜਿਵੇਂ ਬਿੰਬ , ਅਲੰਕਾਰ, ਛੰਦ, ਕਾਵਿ- ਰੂਪ , ਪ੍ਰਤੀਕ, ਭਾਸ਼ਾ ਆਦਿ ਪਰ ਦੋਹਾਂ ਦੀ ਚੋਣ ਵਖ ਵਖ ਹੁੰਦੀ ਹੈ। ਇਹ ਚੋਣ ਵਿਸ਼ੇ ਦੇ ਸਰੂਪ ਕਰਕੇ ਬਦਲਦੀ ਹੈ। ਦੋਹਾਂ ਦੀ ਪਹੁੰਚ ਵਖਰੀ ਵਖਰੀ ਹੈ ਅਤੇ ਨਿਭਾ ਵੀ ਭਿੰਨ ਭਿੰਨ ਹੈ, ਭਾਵੇਂ ਅਭਿਵਿਅਕਤੀ ਦੀ ਪ੍ਰਕ੍ਰਿਆ ਕਾਫ਼ੀ ਸਮਾਨ -ਧਰਮੀ ਹੈ, ਪਰ ਵਖਰਤਾ ਪਹੁੰਚ ਮਾਰਗਾਂ ਕਰਕੇ ਹੈ। ਸਚ ਤਾਂ ਇਹ ਹੈ ਕਿ ਜਿਥੇ ਕਵੀ ਦਾ ਕਰਮ-ਖੇਤਰ ਖ਼ਤਮ ਹੁੰਦਾ ਹੈ, ਉਥੇ ਬਾਣੀਕਾਰ ਦੇ ਧਿਆਨ ਮਾਰਗ ਦਾ ਆਰੰਭ ਹੁੰਦਾ ਹੈ। ਕਵੀ ਦੀ ਭਾਸ਼ਾ ਕਲਪਨਾ ਦੇ ਪਰਾਂ ਨਾਲ ਉਡ ਕੇ ਪਾਠਕ /ਸਰੋਤਾਂ ਦੀ ਸੂਝ ਤੋਂ ਪਰੇ ਹੋ ਜਾਂਦੀ ਹੈ, ਜਦਕਿ ਬਾਣੀਕਾਰ ਲੋਕਾਂ ਨੂੰ ਲੋਕਾਂ ਦੀ ਭਾਸ਼ਾ ਵਿਚ ਸੰਦੇਸ਼ ਦੇ ਕੇ ਉਸ ਨੂੰ ਅਧਿਕ ਗ੍ਰਹਿਣ ਕਰਨ ਯੋਗ ਬਣਾਉਂਦਾ ਹੈ। ਕੁਲ ਮਿਲਾ ਕੇ ਦੋਹਾਂ ਦੀ ਆਧਾਰ-ਭੂਮੀ ਇਕ ਹੈ, ਪਰ ਦਿਸ਼ਾਵਾਂ ਵਖਰੀਆਂ ਵਖਰੀਆਂ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First