ਗੁਰਬਿਲਾਸ ਛੇਵੀਂ ਪਾਤਸ਼ਾਹੀ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਰਬਿਲਾਸ ਛੇਵੀਂ ਪਾਤਸ਼ਾਹੀ: ਛੇਵੇਂ ਗੁਰੂ ਹਰਿਗੋਬਿੰਦ ਜੀ ਦਾ ਕਾਵਿ ਰੂਪ ਵਿਚ ਜੀਵਨ ਬਿਰਤਾਂਤ ਹੈ ਜੋ ਜ਼ਿਆਦਾ ਬ੍ਰਜ ਦੇ ਨੇੜੇ ਲੱਗਣ ਵਾਲੀ ਭਾਸ਼ਾ ਵਿਚ ਗੁਰਮੁਖੀ ਲਿਪੀ ਵਿਚ ਲਿਖਿਆ ਗਿਆ ਹੈ। ਇਸ ਦੇ ਲੇਖਕ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ, ਪਰ ਇਸ ਰਚਨਾ ਦੀ ਅੰਤਿਮ ਟਿੱਪਣੀ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਰਚਨਾ 1775 ਬਿਕਰਮੀ/1718 ਈ. ਨੂੰ ਪੂਰੀ ਹੋਈ ਸੀ। ਕਵੀ ਕਹਿੰਦਾ ਹੈ ਕਿ ਇਸ ਕੰਮ ਨੂੰ ਪੂਰਾ ਕਰਨ ਲਈ ਉਸਨੂੰ 15 ਮਹੀਨੇ ਲੱਗੇ। ਕੁਝ ਕੁ ਜ਼ਰੂਰੀ ਹਵਾਲੇ ਜੋ 1718 ਦੇ ਬਾਅਦ ਦੀਆਂ ਘਟਨਾਵਾਂ ਦੇ ਸੰਬੰਧ ਵਿਚ ਹਨ, ਇਸ ਤਾਰੀਖ਼ ਨੂੰ ਸ਼ੱਕੀ ਬਣਾਉਂਦੇ ਹਨ। ਇਕ ਆਧੁਨਿਕ ਵਿਦਵਾਨ ਵੱਲੋਂ ਹੋਰ ਤਿਥੀ 1843 ਸੁਝਾਈ ਗਈ ਹੈ। ਇਸ ਕਾਰਜ ਦੇ ਦੋ ਸੰਕਲਨ ਪ੍ਰਕਾਸ਼ਿਤ ਰੂਪ ਵਿਚ ਪ੍ਰਾਪਤ ਹਨ, ਪਹਿਲਾ ਗਿਆਨੀ ਇੰਦਰ ਸਿੰਘ ਗਿੱਲ ਦੁਆਰਾ ਸੰਪਾਦਿਤ ਕੀਤਾ ਗਿਆ ਹੈ ਅਤੇ ਜੀਵਨ ਮੰਦਰ ਪੁਸਤਕਾਲਿਆ, ਅੰਮ੍ਰਿਤਸਰ ਦੁਆਰਾ 1968 ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਦੂਜਾ ਭਾਸ਼ਾ ਵਿਭਾਗ , ਪੰਜਾਬ ਦੁਆਰਾ 1970 ਵਿਚ ਪ੍ਰਕਾਸ਼ਿਤ ਕੀਤਾ ਗਿਆ। ਦੋਵੋਂ ਸੰਸਕਰਨਾਂ ਵਿਚ ਅਸਮਾਨ ਲੰਮਾਈ ਵਾਲੇ 21 ਅਧਿਆਇ ਸ਼ਾਮਲ ਹਨ: ਪਹਿਲੇ ਸੰਸਕਰਨ ਵਿਚ 8,131 ਬੰਦ ਅਤੇ ਦੂਜੇ ਵਿਚ 7,793 ਬੰਦ ਸ਼ਾਮਲ ਹਨ।
ਇਸ ਨੂੰ ਮੁੱਖ ਰੂਪ ਵਿਚ ਚੌਪਈ ਅਤੇ ਦੋਹਰਾ ਛੰਦ ਵਿਚ ਲਿਖਿਆ ਗਿਆ ਹੈ। ਕਥਾ ਦਾ ਅਰੰਭ ਕਵੀ ਦੁਆਰਾ ਭਗਉਤੀ ਦਾ ਸਿਮਰਨ ਕਰਕੇ ਅਤੇ ਸਿੱਖ ਪੰਥ ਦੇ ਦਸਾਂ ਗੁਰੂਆਂ ਦੀ ਉਪਾਸਨਾ ਕਰਕੇ ਆਪਣੇ ਅਰੰਭ ਕੀਤੇ ਕਾਰਜ ਲਈ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਯਤਨ ਕਰਦੇ ਹੋਏ ਕੀਤਾ ਗਿਆ ਹੈ। ਇਸ ਮਹਾਂਕਾਵਿ ਦੀ ਸਿਰਜਨਾ ਤਕ ਪਹੁੰਚਾਉਣ ਵਾਲੇ ਹਾਲਾਤਾਂ ਦਾ ਵਰਨਨ ਕੀਤਾ ਗਿਆ ਹੈ। ਕਵੀ ਦਾਅਵਾ ਕਰਦਾ ਹੈ ਕਿ ਇਸਨੇ ਗੁਰੂ ਹਰਿਗੋਬਿੰਦ ਜੀ ਦੇ ਜੀਵਨ ਸੰਬੰਧੀ ਬਿਰਤਾਂਤ ਦੀ ਕਾਵਿ ਪੇਸ਼ਕਾਰੀ ਉਸੇ ਤਰ੍ਹਾਂ ਕੀਤੀ ਹੈ ਜਿਵੇਂ ਇਸਦੇ ਸਾਹਿਤਿਕ ਉਸਤਾਦ ਧਰਮ ਸਿੰਘ ਨੇ ਇਸਨੂੰ ਬਿਆਨ ਕੀਤੀ ਸੀ, ਜੋ ਉਸ ਸਮੇਂ ਨਾਨਕਸਰ, ਅੱਜ-ਕੱਲ੍ਹ ਨਨਕਾਣਾ ਸਾਹਿਬ ਵਿਚ ਹਾਜ਼ਰ ਸੀ, ਜਿੱਥੇ ਸ਼ਹੀਦ ਅਤੇ ਵਿਦਵਾਨ ਭਾਈ ਮਨੀ ਸਿੰਘ ਜੀ ਨੇ ਸ਼ਰਧਾਲੂ ਸਿੱਖ, ਭਗਤ ਸਿੰਘ ਦੀ ਬੇਨਤੀ ਕਰਨ ‘ਤੇ ਗੁਰੂ ਹਰਿਗੋਬਿੰਦ ਜੀ ਦੇ ਜੀਵਨ ਨਾਲ ਸੰਬੰਧਿਤ ਯਾਦਗਾਰੀ ਘਟਨਾਵਾਂ ਨੂੰ ਸਿਲਸਿਲੇ ਵਾਰ ਬੈਠ ਕੇ ਵਰਨਨ ਕੀਤਾ ਸੀ। ਉਸਦੇ ਬਿਰਤਾਂਤ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਨ ਲਈ ਕਵੀ ਕਹਿੰਦਾ ਹੈ ਕਿ ਮਨੀ ਸਿੰਘ ਦੀ ਜਾਣਕਾਰੀ ਉਸ ਗੱਲ ‘ਤੇ ਆਧਾਰਿਤ ਸੀ ਜੋ ਉਸਨੇ ਭਾਈ ਦਯਾ ਸਿੰਘ ਤੋਂ ਸੁਣੀ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਵਿਚੋਂ ਇਕ ਸੀ ਅਤੇ ਇਹ ਵੇਰਵਾ ਉਸਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਆਪ ਪ੍ਰਾਪਤ ਕੀਤਾ ਸੀ।
ਗੁਰਬਿਲਾਸ ਵਿਚ ਕਈ ਵੇਰਵੇ ਸ਼ਾਮਲ ਹਨ, ਉਦਾਹਰਨ ਵਜੋਂ ਜਨਮ, ਬਚਪਨ ਅਤੇ ਗੁਰੂ ਹਰਿਗੋਬਿੰਦ ਜੀ ਦੀ ਮੁਢਲੀ ਸਿੱਖਿਆ (ਅਧਿਆਇ 1-3): ਉਹਨਾਂ ਦਾ ਵਿਆਹ (ਅਧਿਆਇ 5): ਗੁਰੂ ਅਰਜਨ ਦੇਵ ਜੀ ਦੁਆਰਾ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ (ਅਧਿਆਇ 4) ਅਤੇ ਉਹਨਾਂ ਦੀ ਸ਼ਹੀਦੀ (ਅਧਿਆਇ 7): ਅਕਾਲ ਤਖ਼ਤ ਦੀ ਉਸਾਰੀ (ਅਧਿਆਇ 8) ਅਤੇ ਬਬੇਕਸਰ ਦੀ ਖੁਦਾਈ (ਅਧਿਆਇ 9): ਅੰਮ੍ਰਿਤਸਰ ਦੀ ਲੜਾਈ (ਅਧਿਆਇ 10): ਬੀਬੀ ਵੀਰੋ ਦਾ ਵਿਆਹ (ਅਧਿਆਇ 11) ਅਤੇ ਸੂਰਜ ਮਲ ਦਾ ਵਿਆਹ (ਅਧਿਆਇ 17): ਕੌਲਾਂ ਦੀ ਮੁਕਤੀ (ਅਧਿਆਇ 12): ਭਾਈ ਬੁੱਢਾ ਜੀ ਦਾ ਅਕਾਲ ਚਲਾਣਾ ਕਰ ਜਾਣਾ (ਅਧਿਆਇ 16): ਭਾਈ ਗੁਰਦਾਸ ਜੀ ਦਾ ਅਕਾਲ ਚਲਾਣਾ ਕਰ ਜਾਣਾ (ਅਧਿਆਇ 18) ਅਤੇ ਮਾਤਾ ਦਮੋਦਰੀ ਦਾ ਅੰਤਿਮ ਸਾਹ ਲੈਣਾ (ਅਧਿਆਇ 19): ਪੈਂਦਾ ਖ਼ਾਨ ਦੀ ਹਾਰ ਅਤੇ ਮੌਤ (ਅਧਿਆਇ 20)।
ਲੇਖਕ ਨੇ ਕੁਝ ਵੇਰਵਿਆਂ ਵਿਚ ਪ੍ਰਿਥੀਚੰਦ ਦੁਆਰਾ ਆਪਣੇ ਭਰਾ, ਗੁਰੂ ਅਰਜਨ ਦੇਵ ਜੀ ਸੰਬੰਧੀ ਦੁਰਵਿਵਹਾਰ ਦੀਆਂ ਕਾਰਵਾਈਆਂ ਨੂੰ ਬਿਆਨ ਕੀਤਾ ਹੈ। ਗੁਰੂ ਰਾਮਦਾਸ ਜੀ ਤੋਂ ਬਾਅਦ ਪ੍ਰਿਥੀ ਚੰਦ ਗੁਰੂ ਜੀ ਦਾ ਵੱਡਾ ਸੁਪੁੱਤਰ ਹੋਣ ਕਾਰਨ ਗੁਰੂ ਨਾਨਕ ਦੇਵ ਜੀ ਦੀ ਗੁਰ ਗੱਦੀ ਉੱਤੇ ਆਪਣਾ ਦਾਅਵਾ ਕਰਦਾ ਸੀ। ਉਸਨੇ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਰਾਮਦਾਸ ਜੀ ਦਾ ਉੱਤਰਾਧਿਕਾਰੀ ਬਣਾਉਣ ‘ਤੇ ਰੋਸ ਜ਼ਾਹਰ ਕੀਤਾ ਅਤੇ ਗੁਰੂ ਅਰਜਨ ਦੇਵ ਜੀ ਦੇ ਘਰ ਸੁਪੁੱਤਰ ਹੋਣ ‘ਤੇ ਉਹ ਉਹਨਾਂ ਦਾ ਖੁੱਲ੍ਹੇ ਰੂਪ ਵਿਚ ਵਿਰੋਧੀ ਬਣ ਗਿਆ। (ਗੁਰੂ) ਹਰਿਗੋਬਿੰਦ ਜੀ ਦਾ ਜਨਮ ਭਾਈ ਬੁੱਢਾ ਜੀ ਦੇ ਅਸ਼ੀਰਵਾਦ ਦਾ ਫਲ ਮੰਨਿਆ ਜਾਂਦਾ ਹੈ, ਭਾਈ ਬੁੱਢਾ ਜੀ ਗੁਰੂ ਨਾਨਕ ਜੀ ਦੇ ਸਮੇਂ ਦੇ ਸਿੱਖ ਸਨ ਅਤੇ ਭਗਤੀਭਾਵ ਵਾਲੇ ਸੁਭਾਅ ਲਈ ਦੂਰ-ਦੂਰ ਤਕ ਪ੍ਰਸਿੱਧ ਸਨ। ਗੁਰੂ ਅਰਜਨ ਦੇਵ ਜੀ ਦੀ ਪਤਨੀ ਮਾਤਾ ਗੰਗਾ ਜੀ, ਇਕ ਦਿਨ ਭਾਈ ਬੁੱਢਾ ਜੀ ਲਈ ਖਾਣਾ ਲੈ ਕੇ ਗਏ, ਭਾਈ ਬੁੱਢਾ ਜੀ ਨੇ ਭੋਜਨ ਖਾਣਾ ਸ਼ੁਰੂ ਕੀਤਾ ਅਤੇ ਨਾਲ ਹੀ ਮਾਤਾ ਜੀ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਉਹਨਾਂ ਦੇ ਇਕ ਯੋਧਾ ਪੁੱਤਰ ਜਨਮ ਲਵੇਗਾ ਜੋ ਜ਼ਾਲਮਾਂ ਦਾ ਨਾਸ਼ ਕਰੇਗਾ।
ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਅਤੇ ਉਸਾਰੀ ਬਾਰੇ ਇਸ ਰਚਨਾ ਵਿਚ ਵਿਸਤਾਰ ਸਹਿਤ ਵਰਨਨ ਕੀਤਾ ਗਿਆ ਹੈ। ਇਸ ਦੇ ਅਨੁਸਾਰ ਗੁਰੂ ਹਰਿਗੋਬਿੰਦ ਜੀ ਨੇ ਹਾੜ੍ਹ 5,1663 ਬਿਕਰਮੀ/3 ਜੂਨ 1606 ਈ. ਨੂੰ ਸ੍ਰੀ ਅਕਾਲ ਤਖ਼ਤ ਦੀ ਨੀਂਹ ਰੱਖੀ ਸੀ। ਗੁਰੂ ਹਰਿਗੋਬਿੰਦ ਜੀ ਨੇ ਸ੍ਰੀ ਅਕਾਲ ਤਖ਼ਤ ਦੀ ਇਮਾਰਤ ਉਸਾਰਨ ਅਤੇ ਨਿਗਰਾਨੀ ਦੇ ਕਾਰਜ ਵਿਚ ਕੇਵਲ ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਆਗਿਆ ਦਿੱਤੀ ਸੀ। ਭਾਈ ਗੁਰਦਾਸ ਜੀ ਨੂੰ ਸ੍ਰੀ ਅਕਾਲ ਤਖ਼ਤ ਦਾ ਅਤੇ ਭਾਈ ਬੁੱਢਾ ਜੀ ਨੂੰ ਹਰਿਮੰਦਰ ਸਾਹਿਬ ਦੇ ਪ੍ਰਮੁਖ ਨਿਗਰਾਨ ਸੇਵਾਦਾਰਾਂ ਵਜੋਂ ਜ਼ੁੰਮੇਵਾਰੀ ਸੌਂਪੀ ਗਈ ਸੀ।
ਕਵੀ ਨੇ ਗੁਰੂ ਹਰਿਗੋਬਿੰਦ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਵਿਚੋਂ ਨੌਂ ਵਾਰਾਂ ਨੂੰ ਧੁਨੀਆਂ ਪ੍ਰਦਾਨ ਕਰਨ ਦੇ ਮਹਾਨ ਕੰਮ ਨੂੰ ਕਰਦੇ ਹੋਏ ਦਰਸਾਇਆ ਹੈ। ਅਬਦੁਲ ਅਤੇ ਨੱਥਾ ਦੋ ਸਮਕਾਲੀ ਕਵੀ ਗੁਰੂ ਹਰਿਗੋਬਿੰਦ ਦੁਆਰਾ ਨਿਰਧਾਰਿਤ ਧੁਨੀਆਂ ਦੀਆਂ ਵਾਰਾਂ ਨੂੰ ਸ੍ਰੀ ਅਕਾਲ ਤਖ਼ਤ ‘ਤੇ ਇਕੱਠੀ ਹੋਈ ਸੰਗਤ ਨੂੰ ਸੁਣਾਇਆ ਕਰਦੇ ਸਨ। ਬਾਅਦ ਵਿਚ, ਭਾਈ ਬੁੱਢਾ ਜੀ ਦੀ ਆਗਿਆ ਨਾਲ ਗੁਰੂ ਹਰਿਗੋਬਿੰਦ ਜੀ ਨੇ ਕਿਹਾ ਕਿ ਭਾਈ ਗੁਰਦਾਸ ਜੀ ਇਹਨਾਂ ਧੁਨੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਮੂਲ ਪਾਠ ਵਿਚ ਸ਼ਾਮਲ ਕਰ ਦੇਣ। ਇਹ ਉਸ ਵਿਸ਼ਵਾਸ ਦਾ ਖੰਡਨ ਕਰਦਾ ਹੈ ਜਿਸ ਵਿਚ ਇਹ ਮੰਨਿਆ ਜਾਂਦਾ ਹੈ ਕਿ ਇਹ ਕਾਰਜ ਗੁਰੂ ਅਰਜਨ ਦੇਵ ਜੀ ਦੁਆਰਾ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰਨ ਸਮੇਂ ਆਪ ਕੀਤਾ ਗਿਆ ਸੀ।
ਗੁਰਬਿਲਾਸ ਰਚਨਾ ਦੀ ਸਮਾਪਤੀ ਗੁਰੂ ਹਰਿਗੋਬਿੰਦ ਜੀ ਦੇ ਜੋਤੀ-ਜੋਤਿ ਸਮਾਉਣ ਨਾਲ ਹੁੰਦੀ ਹੈ ਜੋ ਇਸ ਅਨੁਸਾਰ 1695 ਬਿਕਰਮੀ/1638 ਈ. ਵਿਚ ਜੋਤੀ-ਜੋਤਿ ਸਮਾਏ ਸੀ। ਇਹ ਤਿਥੀ ਵੀ ਗ਼ਲਤ ਸਿੱਧ ਹੋਈ ਅਤੇ ਮੂਲ ਪਾਠ ਵਿਚ ਹੋਰ ਵੀ ਕਈ ਅਜਿਹੀਆਂ ਤਿਥੀਆਂ ਦਿੱਤੀਆਂ ਗਈਆਂ ਸਨ।
ਲੇਖਕ : ਜ.ਸ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First