ਗੁਰਬਖ਼ਸ਼ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਬਖ਼ਸ਼ ਸਿੰਘ: ਅਜੋਕੇ ਪਾਕਿਸਤਾਨ ਦੇ ਜੇਹਲਮ ਜ਼ਿਲੇ ਵਿਚ ਕੜਿਆਲਾ ਦੇ ਛਿੱਬਰ ਬ੍ਰਾਹਮਣ ਪਰਵਾਰ ਵਿਚੋਂ ਇਕ ਜੋ ਗੁਰੂ ਹਰਿਗੋਬਿੰਦ ਜੀ (1595-1644) ਦੇ ਸਮੇਂ ਤੋਂ ਗੁਰੂਆਂ ਦੇ ਘਰ ਦੇ ਕੰਮਾਂ ਦਾ ਪ੍ਰਬੰਧ ਕਰਿਆ ਕਰਦਾ ਸੀ। ਇਹ ਗੁਰੂ ਗੋਬਿੰਦ ਸਿੰਘ ਦੇ ਖ਼ਜ਼ਾਨਚੀ ਧਰਮ ਚੰਦ ਦਾ ਪੁੱਤਰ ਸੀ। 1705 ਵਿਚ ਅਨੰਦਪੁਰ ਨੂੰ ਖ਼ਾਲੀ ਕਰਨ ਤੋਂ ਬਾਅਦ ਗੁਰਬਖ਼ਸ਼ ਸਿੰਘ ਦਿੱਲੀ ਵਿਚ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵਾਂ ਦੀ ਸੇਵਾ ਵਿਚ ਰਿਹਾ। 1711 ਵਿਚ ਬਾਦਸ਼ਾਹ ਬਹਾਦੁਰ ਸ਼ਾਹ ਦੁਆਰਾ ਮਾਤਾ ਸੁੰਦਰੀ ਨੂੰ ਗੁਰੂ ਚੱਕ ਹੁਣ ਅੰਮ੍ਰਿਤਸਰ , ਦੀ ਜਗੀਰ ਬਹਾਲ ਕਰਨ ਤੋਂ ਬਾਅਦ, ਉਹਨਾਂ ਨੇ ਗੁਰਬਖ਼ਸ਼ ਸਿੰਘ ਨੂੰ ਕ੍ਰਿਪਾਲ ਸਿੰਘ ਸੁਭਿਖੀ ਨਾਲ ਦਰੋਗਾ ਵਜੋਂ ਅੰਮ੍ਰਿਤਸਰ ਭੇਜ ਦਿੱਤਾ। ਇਸ ਦੇ ਪੁੱਤਰ ਬੰਸਾਵਲੀਨਾਮਾ ਦੇ ਲੇਖਕ ਕੇਸਰ ਸਿੰਘ ਛਿੱਬਰ ਅਨੁਸਾਰ, ਗੁਰਬਖ਼ਸ਼ ਸਿੰਘ ਦੀਆਂ ਜ਼ੁੰਮੇਵਾਰੀਆਂ ਵਿਚ ਗਊਖ਼ਾਨਾ, ਕਾਰਖ਼ਾਨਾ, ਖ਼ਜ਼ਾਨੇ ਦਾ ਨਿਰੀਖਣ ਕਰਨਾ ਅਤੇ ਗੁਰੂ ਕਾ ਲੰਗਰ ਚਲਾਉਣਾ ਵੀ ਸ਼ਾਮਲ ਸੀ।


ਲੇਖਕ : ਪ.ਸ.ਪ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5396, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਰਬਖ਼ਸ਼ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਬਖ਼ਸ਼ ਸਿੰਘ : (ਬਖ਼ਸ਼ਸ਼ ਸਿੰਘ ਵਜੋਂ ਵੀ ਸੰਬੋਧਿਤ ਕੀਤਾ ਗਿਆ ਹੈ) ਅਤੇ ਬਖ਼ਸ਼ੀਸ਼ ਸਿੰਘ, ਅੰਮ੍ਰਿਤਸਰ ਜ਼ਿਲੇ ਦੇ ਪਿੰਡ ਭੈਰੋਵਾਲ ਦੇ ਕਲਾਲ ਸਿੱਖ ਸਨ। ਇਹ ਦੁਨੀ ਚੰਦ ਦੀ ਰਹਿਨੁਮਾਈ ਦੁਆਰਾ ਮਾਝੇ ਤੋਂ ਆਈ ਉਸ ਸੰਗਤ ਵਿਚੋਂ ਸਨ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸੱਦੇ ਦੀ ਪਾਲਣਾ ਵਿਚ 30 ਮਾਰਚ 1699 ਨੂੰ ਅਨੰਦਪੁਰ ਵਿਖੇ ਹੋ ਰਹੇ ਇਤਿਹਾਸਿਕ ਸਭਾ ਦੇ ਇਕੱਠ ਵਿਚ ਸ਼ਾਮਲ ਹੋਣ ਲਈ ਆਈ ਸੀ। ਇਹਨਾਂ ਨੇ ਖ਼ਾਲਸਾ ਦੀ ਸਥਾਪਨਾ ਦੇ ਸ਼ੁਭ ਅਵਸਰ ‘ਤੇ ਅੰਮ੍ਰਿਤ ਛਕਿਆ। ਗੁਰਬਖ਼ਸ਼ ਸਿੰਘ ਅਤੇ ਬਖ਼ਸ਼ੀਸ਼ ਸਿੰਘ ਦੋਵੇਂ ਗੁਰੂ ਜੀ ਦੀ ਸੇਵਾ ਕਰਨ ਲਈ ਅਨੰਦਪੁਰ ਰਹਿ ਗਏ ਅਤੇ ਇਹਨਾਂ ਨੇ ਲੋਹਗੜ੍ਹ ਅਤੇ ਨਿਰਮੋਹਗੜ੍ਹ ਦੀਆਂ ਲੜਾਈਆਂ ਵਿਚ ਹਿੱਸਾ ਲਿਆ।


ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5396, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਰਬਖ਼ਸ਼ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਬਖ਼ਸ਼ ਸਿੰਘ (ਅ.ਚ. 1776): ਵਜ਼ੀਰਾਬਾਦ ਦਾ ਰਹਿਣ ਵਾਲਾ, ਰਾਮ ਸਿੰਘ ਦਾ ਪੁੱਤਰ ਅਤੇ ਚੜ੍ਹਤ ਸਿੰਘ ਸੁੱਕਰਚੱਕੀਆ ਦਾ ਪੈਰੋਕਾਰ ਸੀ। ਇਸਨੇ ਅੰਮ੍ਰਿਤਸਰ ਉੱਤੇ ਕੀਤੇ ਗਏ ਹਮਲੇ ਵਿਚ ਹਿੱਸਾ ਲਿਆ ਜਿਸਦੇ ਨਤੀਜੇ ਵਜੋਂ ਰਾਮਬਾਗ਼ ਅਤੇ ਚਾਟੀਵਿੰਡ ਦਰਵਾਜਿਆਂ ਦੇ ਵਿਚਕਾਰ ਸਥਿਤ ਭੰਗੀ ਬੁਰਜ ਉੱਤੇ ਕਬਜ਼ਾ ਕਰ ਲਿਆ। ਗੁਜ਼ਰਾਂਵਾਲਾ ਜ਼ਿਲੇ ਦੇ ਉੱਤਰੀ ਭਾਗਾਂ ਉੱਤੇ ਚੜ੍ਹਤ ਸਿੰਘ ਦੁਆਰਾ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵਜ਼ੀਰਾਬਾਦ ਉੱਤੇ ਗੁਰਬਖ਼ਸ਼ ਸਿੰਘ ਨੇ ਆਪਣਾ ਹੱਕ ਜਤਾਇਆ। ਗੁਰਬਖ਼ਸ਼ ਸਿੰਘ ਨੇ ਆਪਣੀ ਪੁੱਤਰੀ ਦੇਸਾਂ ਦਾ ਵਿਆਹ , ਆਪਣੇ ਮੁਖੀ ਚੜ੍ਹਤ ਸਿੰਘ ਨਾਲ ਕਰ ਦਿੱਤਾ, ਅਤੇ ਇਸ ਵਿਆਹ-ਸੰਬੰਧ ਨਾਲ ਇਸਨੇ ਹੋਰ ਰਸੂਖ ਹਾਸਲ ਕਰ ਲਿਆ ਸੀ। 1776 ਵਿਚ, ਗੁਰਬਖ਼ਸ਼ ਸਿੰਘ ਦੀ ਮੌਤ ਹੋ ਗਈ ਅਤੇ ਇਸਦਾ ਪੁੱਤਰ, ਜੋਧ ਸਿੰਘ ਇਸ ਦੀਆਂ ਇਕ ਲੱਖ ਰੁਪਏ ਦੀ ਕੀਮਤ ਤੋਂ ਵਧ ਦੀਆਂ ਜਗੀਰਾਂ ਦਾ ਵਾਰਸ ਬਣਿਆ।


ਲੇਖਕ : ਸ.ਸ.ਭ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5396, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਰਬਖ਼ਸ਼ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁਰਬਖ਼ਸ਼ ਸਿੰਘ : ਇਹ ਭੈਰੋਵਾਲ ਦਾ ਵਸਨੀਕ ਇਕ ਕਲਾਲ ਸੀ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ। ਇਸ ਨੇ ਅਨੰਦਪੁਰ ਸਾਹਿਬ ਦੀ ਜੰਗ ਸਮੇਂ ਬੜੀ ਬਹਾਦਰੀ ਦਿਖਾਈ ਸੀ।

ਇਕ ਹੋਰ (ਸ਼ਹੀਦ) ਗੁਰਬਖਸ਼ ਸਿੰਘ ਲੀਲ ਪਿੰਡ (ਜ਼ਿਲ੍ਹਾ ਅੰਮ੍ਰਿਤਸਰ) ਦਾ ਵਸਨੀਕ ਸੀ। ਇਸ ਨੇ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਛਕਿਆ। ਇਸ ਦੀ ਗਿਣਤੀ ਪੰਥ ਦੇ ਜਾਣੇ ਪਛਾਣੇ ਜਥੇਦਾਰਾਂ ਵਿਚ ਕੀਤੀ ਜਾਂਦੀ ਸੀ। ਸੰਨ 1765 ਵਿਚ ਇਸ ਨੇ ਹਰਿਮੰਦਰ ਸਾਹਿਬ ਦੀ ਰੱਖਿਆ ਲਈ ਕੇਵਲ ਤੀਹ ਕੁ ਸਾਥੀ ਸਿੰਘਾਂ ਨੂੰ ਨਾਲ ਲੈ ਕੇ ਅਹਿਮਦ ਸ਼ਾਹ ਅਬਦਾਲੀ ਦੀ ਤੀਹ ਹਜ਼ਾਰ ਫ਼ੌਜ ਦਾ ਟਾਕਰਾ ਕੀਤਾ ਤੇ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ। ਇਸ ਦਾ ਸ਼ਹੀਦਗੰਜ ਅੰਮ੍ਰਿਤਸਰ ਵਿਚ ਅਕਾਲ ਬੁੰਗੇ ਦੇ ਪਿੱਛੇ ਹੈ।

ਇਸੇ ਹੀ ਨਾਂ ਦਾ, ਦੀਵਾਨ ਮਤੀ ਦਾਸ ਦਾ ਭਤੀਜਾ (ਗੁਰਬਖ਼ਸ਼ ਸਿੰਘ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹਜ਼ੂਰੀ ਸਿੱਖ ਸੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-04-30-27, ਹਵਾਲੇ/ਟਿੱਪਣੀਆਂ: ਹ. ਪੁ.–ਮ. ਕੋ.

ਗੁਰਬਖ਼ਸ਼ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁਰਬਖ਼ਸ਼ ਸਿੰਘ (ਮ. ਵੀ. ਚ.) : ਪਦਮ ਸ਼੍ਰੀ ਮੇਜਰ ਜਨਰਲ ਗੁਰਬਖ਼ਸ਼ ਸਿੰਘ ਦਾ ਜਨਮ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਣੀ ਕਲਾਂ ਵਿਖੇ ਸ. ਟੇਕ ਸਿੰਘ ਦੇ ਘਰ 20 ਮਈ, 1913 ਨੂੰ ਹੋਇਆ। ਉਚੇਰੀ ਪੜ੍ਹਾਈ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਕਰਦਿਆਂ ਇਸ ਦੇ ਮਨ ਵਿਚ ਸੈਨਾ ਵਿਚ ਸੇਵਾ ਕਰਨ ਦੀ ਇੱਛਾ ਪ੍ਰਬਲ ਹੋ ਗਈ। ਪੜ੍ਹਾਈ ਪੂਰੀ ਕਰਦਿਆਂ ਹੀ ਇਸ ਨੇ ਸੈਨਾ ਵਿਚ ਕਮਿਸ਼ਨ ਲੈ ਲਿਆ। ਫ਼ੌਜੀ ਸੇਵਾ ਵਿਚ ਨਿਪੁੰਨ ਹੋਣ ਕਰ ਕੇ ਇਹ ਮੇਜਰ ਜਨਰਲ ਦੇ ਅਹੁਦੇ ਤਕ ਪਹੁੰਚ ਗਿਆ। ਭਾਰਤ-ਪਾਕਿ ਯੁੱਧ ਸਮੇਂ ਇਸ ਨੇ 4 ਪਰਬਤੀ ਡਵੀਜ਼ਨ ਦੀ ਕਮਾਨ ਸੰਭਾਲੀ ਹੋਈ ਸੀ। ਡਵੀਜ਼ਨ ਦੇ ਮੁਕਾਬਲੇ ਤਿੰਨ ਗੁਣਾ ਫ਼ੌਜ ਜਿਹੜੀ ਟੈਂਕਾਂ ਨਾਲ ਲੈਸ ਸੀ (ਆਰਮਡ ਕੋਰ) ਨਾਲ ਆਢਾ ਲੈਣਾ ਕੋਈ ਸੌਖੀ ਗੱਲ ਨਹੀਂ ਸੀ ਪਰ ਫ਼ਿਰ ਵੀ ਜਨਰਲ ਗੁਰਬਖ਼ਸ਼ ਸਿੰਘ ਦੀ ਅਗਵਾਈ ਵਿਚ ਇਸ ਡਵੀਜ਼ਨ ਦੇ ਮੁੱਢਲੇ ਨਿਸ਼ਾਨੇ ਪੂਰੇ ਕਰ ਲਏ। ਇਸ ਡਿਵੀਜ਼ਨ ਨੇ ਉਦੋਂ ਤਕ ਆਪਣੀਆਂ ਪੋਜ਼ੀਸ਼ਨਾਂ ਤੇ ਕਦਮ ਜਮਾਈ ਰੱਖੇ ਜਦੋਂ ਤਕ ਕਿ ਬਹੁਤ ਵਡੀ ਗਿਣਤੀ ਵਿਚ ਅਤੇ ਨਵੀਨ ਤੇ ਉੱਤਮ ਹਥਿਆਰਾਂ ਨਾਲ ਲੈਸ ਹੋ ਕੇ ਦੁਸ਼ਮਣ ਨੇ ਹਮਲਾ ਨਾ ਕਰ ਦਿੱਤਾ। ਹਾਲਾਤ ਅਨੁਸਾਰ ਇਸ ਅਧੀਨ ਫ਼ੌਜਾਂ ਨੂੰ ਪਿੱਛੇ ਹੱਟਣਾ ਪਿਆ। ਦੁਸ਼ਮਣ ਦੀਆਂ ਤਿੰਨ ਆਰਮਡ ਟੁਕੜੀਆਂ ਨੇ ਮਿਲ ਕੇ ਹਮਲਾ ਕੀਤਾ ਅਤੇ ਉਨ੍ਹਾਂ ਦੇ ਪਿੱਛੇ ਪੈਦਲ ਫ਼ੌਜ ਸੀ। ਦੁਸ਼ਮਣ ਦੀ ਗਿਣਤੀ ਭਾਵੇਂ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਜਨਰਲ ਗੁਰਬਖ਼ਸ਼ ਸਿੰਘ ਦੀ ਕਮਾਨ ਹੇਠ ਜੁਆਨਾਂ ਨੇ ਨਾ ਸਗੋਂ ਆਪਣੀਆਂ ਪੋਜੀਸ਼ਨਾਂ ਨੂੰ ਹੀ ਕਾਬੂ ਵਿਚ ਰਖਿਆ ਸਗੋਂ ਪਹਿਲੇ ਦਿਨ ਦੀ ਕਾਰਵਾਈ ਦੇ ਅੰਤ ਤਕ ਦੁਸ਼ਮਣ ਦੇ ਅਧੀ ਟੈਂਕ ਰੈਜਮੈਂਟ ਦਾ ਸਫ਼ਾਇਆ ਕਰ ਦਿੱਤਾ।ਅਗਲੇ ਦਿਨ ਸਵੇਰੇ ਹੀ ਬਾਕੀ ਬਚੀ ਟੈਂਕ ਟੁਕੜੀ ਨੂੰ ਹਥਿਆਰ ਸੁੱਟਣੇ ਪਏ।

ਇਸ ਖਤਰੇ ਭਰੀ ਕਾਰਵਾਈ ਦੌਰਾਨ, ਮੇਜਰ ਜਨਰਲ ਗੁਰਬਖ਼ਸ਼ ਸਿੰਘ ਆਪਣੇ ਜੁਆਨਾਂ ਵਿਚ ਹਰ ਵਕਤ ਵਿਚਰਦਾ ਰਿਹਾ ਅਤੇ ਯੁੱਧ ਦੀ ਅਗਵਾਈ ਕਰਦਾ ਰਿਹਾ। ਆਪਣੀ ਮਿਸਾਲ ਕਾਇਮ ਕਰ ਕੇ, ਇਸ ਨੇ ਜੁਆਨਾਂ ਨੂੰ ਪ੍ਰੇਰਿਆ, ਜੋਸ਼ ਭਰਿਆ ਤਾਂ ਜੋ ਉਹ ਸਖ਼ਤ ਤੋਂ ਸਖ਼ਤ ਮੁਸ਼ਕਲਾਂ ਦਾ ਵੀ ਡਟ ਕੇ ਸਫ਼ਲਤਾ ਪੂਰਬਕ ਮੁਕਾਬਲਾ ਕਰ ਸਕਣ ਅਤੇ ਦੁਸ਼ਮਣ ਦੀ ਸ਼ਸਤਰ ਸੈਨਾ ਦਾ ਚੰਗੀ ਤਰ੍ਹਾਂ ਸਫ਼ਾਇਆ ਕਰ ਸਕਣ। ਮੇਜਰ ਜਨਰਲ ਗੁਰਬਖਸ਼ ਸਿੰਘ ਨੇ ਆਪਣੀ ਬਹਾਦਰੀ ਦੀ ਮਿਸਾਲ ਕਾਇਮ ਕੀਤੀ ਅਤੇ ਕਮਾਨ ਦੀ ਦ੍ਰਿੜ੍ਹਤਾ ਅਤੇ ਹੌਸਲੇ ਦਾ ਸਬੂਤ ਦਿੱਤਾ।

ਇਸ ਬਹਾਦਰੀ, ਉੱਤਮ ਅਗਵਾਈ ਤੇ ਸੂਝ ਬੂਝ ਸਦਕਾ ਇਸ ਨੂੰ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਵਿਚ ਭਾਰੀ ਬਾਰਸ਼ਾਂ ਕਾਰਨ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਨੂੰ ਬਚਾਉਣ ਅਤੇ ਹਰ ਤਰ੍ਹਾਂ ਦੀ ਮਦਦ ਕਰਨ ਵਿਚ ਇਕ ਮਿਸਾਲ ਕਾਇਮ ਕਰਨ ਸਬੰਧੀ ਇਸ ਨੂੰ ਪਦਮ ਸ੍ਰੀ ਨਾਲ ਵੀ ਸੁਸ਼ੋਭਿਤ ਕੀਤਾ ਗਿਆ।


ਲੇਖਕ : –ਕਰਨਲ (ਡਾ.) ਦਲਵਿੰਦਰ ਸਿੰਘ ਗਰੇਵਾਲ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-04-35-15, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.