ਗੁਰੁਮਤ ਮਾਰਤੰਡ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰੁਮਤ ਮਾਰਤੰਡ (ਗ੍ਰੰਥ) :ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਤਿਆਰ ਕੀਤਾ ਇਕ ਸੰਕਲਨ, ਜਿਸ ਦੇ ਦੋ ਭਾਗਾਂ ਵਿਚ ਸਿੱਖ ਧਰਮ ਸੰਬੰਧੀ ਪਰਿਭਾਸ਼ਿਕ ਸ਼ਬਦਾਵਲੀ ਦੀ ਵਿਆਖਿਆ ਕੀਤੀ ਗਈ ਹੈ ਅਤੇ ਉਸ ਨੂੰ ਸੰਪੁਸ਼ਟ ਕਰਨ ਲਈ ਧਰਮ-ਗ੍ਰੰਥਾਂ ਅਤੇ ਸਿੱਖ ਇਤਿਹਾਸਾਂ ਤੋਂ ਟੂਕਾਂ ਦਿੱਤੀਆਂ ਗਈਆਂ ਹਨ। ਇਸ ਦਾ ਪ੍ਰਥਮ ਪ੍ਰਕਾਸ਼ਨ ਭਾਈ ਕਾਨ੍ਹ ਸਿੰਘ ਦੇ ਦੇਹਾਂਤ ਤੋਂ ਬਾਦ ਸੰਨ 1938 ਈ. ਦੇ ਅੰਤ ਵਿਚ ਹੋਇਆ ਅਤੇ ਇਸ ਦਾ ਪੁਨਰ ਪ੍ਰਕਾਸ਼ਨ ਅਕਤੂਬਰ 1962 ਈ. ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ। ਇਸ ਸੰਕਲਨ ਤੋਂ ਪਹਿਲਾਂ ਭਾਈ ਕਾਨ੍ਹ ਸਿੰਘ ਨੇ ‘ਗੁਰੁਮਤ ਪ੍ਰਭਾਕਰ’ (1898 ਈ.) ਅਤੇ ‘ਗੁਰੁਮਤ ਸੁਧਾਕਰ’ (1899 ਈ.) ਨਾਂ ਦੇ ਸੰਕਲਨਾਂ ਵਿਚ ਕ੍ਰਮਵਾਰ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਇਤਿਹਾਸ ਤੇ ਰਹਿਤਨਾਮਿਆਂ ਵਿਚੋਂ ਤੁਕਾਂ ਜਾਂ ਸੰਦਰਭ ਲਭ ਕੇ ਉਨ੍ਹਾਂ ਨੂੰ ਵਖ ਵਖ ਵਿਸ਼ਿਆਂ ਅਧੀਨ ਪ੍ਰਸਤੁਤ ਕੀਤਾ ਸੀ ਅਤੇ ਲੋੜ ਅਨੁਸਾਰ ਸਪੱਸ਼ਟੀਕਰਣ ਲਈ ਅਰਥ ਜਾਂ ਟਿੱਪਣੀਆਂ ਵੀ ਲਿਖੀਆਂ ਸਨ। ਉਹ ਦੋਵੇਂ ਮੁੱਢਲੀਆਂ ਰਚਨਾਵਾਂ ਸਨ, ਪਰ ਪ੍ਰਸਤੁਤ ਗ੍ਰੰਥ ਵਿਚ ਵਿਵਸਥਿਤ ਢੰਗ ਨਾਲ ਲਗਭਗ ਡੇਢ ਹਜ਼ਾਰ ਪਰਿਭਾਸ਼ਿਕ ਸ਼ਬਦਾਂ ਦੀ ਵਿਆਖਿਆ ਨੂੰ ਸਮੋਇਆ ਗਿਆ ਹੈ।

            ਇਸ ਸੰਕਲਨ ਦੀ ਤਿਆਰੀ ਸੰਬੰਧੀ ਆਪਣਾ ਮਤ ਪ੍ਰਗਟ ਕਰਦਿਆਂ ਭਾਈ ਸਾਹਿਬ ਨੇ ਲਿਖਿਆ ਹੈ :

            ਸਾਡੇ ਮਤ ਦੇ ਪੁਰਾਣੇ ਅਤੇ ਨਵੇਂ ਲੇਖਕਾਂ ਨੇ ਅਪਣੀ ਅਪਣੀ ਬੁਧੀ ਅਰੁ ਨਿਸ਼ਚਯ ਅਨੁਸਾਰ, ਇਤਿਹਾਸ, ਰਹਿਤਨਾਮੇ ਅਤੇ ਸੰਸਕਾਰ ਵਿਧੀ ਆਦਿਕ ਅਨੇਕ ਪੁਸਤਕ ਰਚੇ ਹਨ, ਜਿਨ੍ਹਾਂ ਤੋਂ ਸਾਨੂੰ ਬੇਅੰਤ ਲਾਭ ਅਤੇ ਹਾਨੀ ਹੋ ਰਹੀ ਹੈ, ਅਰਥਾਤ ਗੁਰੁਮਤ ਅਨੁਸਾਰ ਵਾਕ ਲਾਭ ਅਤੇ ਗੁਰੁਮਤ ਵਿਰੁੱਧ ਵਚਨ ਹਾਨੀ ਦਾ ਕਾਰਣ ਬਣ ਰਹੇ ਹਨ ਇਨ੍ਹਾਂ ਗ੍ਰੰਥਾਂ ਦੀ ਡੂੰਘੇ ਖੋਜ ਤੋਂ ਪ੍ਰਤੀਤ ਹੋਂਦਾ ਹੈ ਕਿ ਸਾਡੇ ਮਤ ਦੇ ਕਵੀਆਂ ਨੇ ਅਨੑਯਮਤੀ ਗ੍ਰੰਥਕਾਰਾਂ ਦੀ ਨਕਲ ਕਰਦੇ ਹੋਏ ਇਹ ਭਾਰੀ ਭੁਲ ਕੀਤੀ ਹੈ ਕਿ ਸਮਾਜ, ਨੀਤੀ ਅਤੇ ਧਰਮ ਆਦਿਕ ਦੇ ਵਿਸ਼ਯ ਇਕੱਠੇ ਕਰਕੇ ਸਭ ਨੂੰ ਮਜ਼ਹਬੀ ਰੰਗਤ ਦੇ ਦਿੱਤੀ ਹੈ ਬਿਨਾ ਛਾਣਬੀਨ ਕੀਤੇ ਅਨੇਕ ਪ੍ਰਸੰਗ ਐਸੇ ਲਿਖੇ ਹਨ, ਜੋ ਮੂਲੋਂ ਨਿਰਮੂਲ ਅਥਵਾ ਗੁਰੁਮਤ ਤੋਂ ਦੂਰ ਲੈ ਜਾਣ ਵਾਲੇ ਹਨ

ਉਪਰੋਕਤ ਘਾਟ ਨੂੰ ਮੁਖ ਰਖਦਿਆਂ ਭਾਈ ਸਾਹਿਬ ਨੇ ਇਸ ਗ੍ਰੰਥ ਦਾ ਸੰਪਾਦਨ ਕੀਤਾ ਹੈ ਅਤੇ ਲੋੜ ਅਨੁਸਾਰ ਤਰਕ-ਵਿਤਰਕ ਨਾਲ ਸਹੀ ਸਥਿਤੀ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ਹਵਾਲਾ ਗ੍ਰੰਥ ਵਜੋਂ ਇਹ ਉਤਮ ਰਚਨਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੁਰੁਮਤ ਮਾਰਤੰਡ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰੁਮਤ ਮਾਰਤੰਡ: ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ਦੋ ਜਿਲਦਾਂ ਵਿਚ ਸਿੱਖ ਧਰਮ , ਧਰਮ ਸ਼ਾਸਤਰ ਅਤੇ ਵਿਸ਼ਵਾਸ ਨਾਲ ਸੰਬੰਧਿਤ ਵੱਖ-ਵੱਖ ਪਹਿਲੂਆਂ ਤੇ ਪਰਿਭਾਸ਼ਿਕ ਸ਼ਬਦਾਵਲੀ ਦਾ ਗ੍ਰੰਥ ਹੈ। ਲੇਖਕ ਨੇ ਇਸ ਰਚਨਾ ਦਾ ਕੰਮ ਹੱਥ ਵਿਚ ਲੈ ਕੇ ਇਸਨੂੰ ਵਿਸ਼ਾ ਕ੍ਰਮ ਦੇ ਨਾਲ-ਨਾਲ ਅੱਖਰਕ੍ਰਮ ਅਨੁਸਾਰ ਤਰਤੀਬ ਬੱਧ ਕੀਤਾ ਤਾਂ ਕਿ ਇਤਿਹਾਸਕਾਰਾਂ ਅਤੇ ਅਧਿਆਤਮਿਕ ਸਿਧਾਂਤਕਾਰਾਂ ਦੀ ਅਗਿਆਨਤਾ ਕਾਰਨ ਵਿਆਖਿਆਵਾਂ ਵਿਚ ਪਾ ਦਿੱਤੇ ਗਏ ਰੋਲ- ਘਚੋਲਿਆਂ ਨੂੰ ਸੋਧ ਕੇ ਪ੍ਰਮਾਣਿਕ ਵਿਚਾਰਧਾਰਾ ਨੂੰ ਸਪਸ਼ਟ ਕੀਤਾ ਜਾ ਸਕੇ। ਲੇਖਕ ਦੇ ਅਕਾਲ ਚਲਾਣੇ ਤੋਂ ਬਾਅਦ ਪਹਿਲੀ ਵਾਰ 1938 ਵਿਚ ਇਹ ਗ੍ਰੰਥ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1962 ਵਿਚ ਇਸਦਾ ਦੂਸਰਾ ਸੰਸਕਰਨ ਛਾਪਿਆ ਸੀ। ਇਸ ਰਚਨਾ ਵਿਚ ਦਰਜ ਇੰਦਰਾਜਾਂ ਦੀ ਵਿਸਤਾਰ ਪੂਰਵਕ ਕੀਤੀ ਚੋਣ ਦੇ ਨਾਲ-ਨਾਲ ਉਹਨਾਂ ਦਾ ਨਿਭਾਅ ਵੀ ਵਿਸਤਾਰਪੂਰਨ ਹੈ। ਹਰੇਕ ਵਿਸ਼ਾ ਸਿਰਲੇਖ ਸੰਬੰਧੀ ਪਹਿਲਾਂ ਸੰਖੇਪ ਵਿਚ ਉਸਦੇ ਅਰਥ ਅਤੇ ਵਰਤੋਂ ਨੂੰ ਸਪਸ਼ਟ ਕਰਨ ਲਈ ਜਾਣਕਾਰੀ ਦਿੱਤੀ ਗਈ ਹੈ। ਇਸਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਅਤੇ ਹੋਰ ਸਿੱਖ ਪ੍ਰਮਾਣਿਕ ਗ੍ਰੰਥਾਂ ਵਿਚੋਂ ਅਤੇ ਹੋਰ ਸਾਹਿਤ ਵਿਚੋਂ ਉਸ ਵਿਸ਼ੇ ਨਾਲ ਸੰਬੰਧਿਤ ਉਕਤੀਆਂ ਜਾਂ ਹਵਾਲੇ ਦਿੱਤੇ ਗਏ ਹਨ ਤਾਂ ਜੋ ਉਹ ਪਹਿਲੇ ਸਪਸ਼ਟੀਕਰਨ ਦੇ ਲਈ ਸਹਾਇਕ ਹੋ ਸਕਣ। ਲੇਖਕ ਨੇ ਕਿਸੇ ਵੀ ਇਤਿਹਾਸਿਕ ਜਾਂ ਮਿਥਿਹਾਸਿਕ ਸੰਕੇਤ ਨੂੰ ਸਪਸ਼ਟ ਕਰਨ ਲਈ ਕਈ ਥਾਵਾਂ ਤੇ ਵਿਸਤਾਰਪੂਰਬਕ ਫ਼ੁੱਟ-ਨੋਟ/ਪਾਦ- ਟਿੱਪਣੀਆਂ ਨੂੰ ਵੀ ਸ਼ਾਮਲ ਕੀਤਾ ਹੈ। ਇਸ ਵਿਚ ਕੁਝ ਹੋਰ ਇੰਦਰਾਜ ਵੀ ਹਨ ਜਿਵੇਂ ਕਿ “ਖ਼ਾਲਸੇ ਦੇ ਬੋਲ" ਜਿਨ੍ਹਾਂ ਨੂੰ ਧਾਰਮਿਕ ਵਿਆਖਿਆ ਦੀ ਲੋੜ ਨਹੀਂ। ਗੁਰੁਮਤ ਮਾਰਤੰਡ ਵਿਚ ਲੇਖਕ ਨੇ ਮੁੱਖ ਰੂਪ ਵਿਚ ਕ੍ਰਮਵਾਰ 1898 ਅਤੇ 1899 ਵਿਚ ਪ੍ਰਕਾਸ਼ਿਤ ਹੋਏ ਆਪਣੇ ਤੋਂ ਪਹਿਲੇ ਗ੍ਰੰਥਾਂ, ਗੁਰਮਤ ਪ੍ਰਭਾਕਰ ਅਤੇ ਗੁਰਮਤ ਸੁਧਾਕਰ ਦੀ ਸ਼ੈਲੀ ਅਤੇ ਸਰੂਪ ਨੂੰ ਆਧਾਰ ਬਣਾਇਆ ਹੈ। ਲੇਖਕ ਨੇ ਇਹਨਾਂ ਦੋਵਾਂ ਰਚਨਾਵਾਂ ਵਿਚ ਸ਼ਾਮਲ ਜਾਣਕਾਰੀ ਦੀ ਵੀ ਵਰਤੋਂ ਕੀਤੀ ਹੈ ਜਿੱਥੇ ਵੀ ਜ਼ਰੂਰਤ ਪਈ ਉੱਥੇ ਮੂਲਪਾਠ ਦੇ ਹਵਾਲਿਆਂ ਨਾਲ ਇਸ ਜਾਣਕਾਰੀ ਨੂੰ ਜੋੜ ਦਿੱਤਾ ਹੈ। ਲੇਖਕ ਨੇ ਵਿਆਖਿਆਤਮਿਕ ਨੋਟਸ ਅਤੇ ਵਿਸਤਾਰਪੂਰਬਕ ਅੱਖਰਕ੍ਰਮ ਅਨੁਕ੍ਰਮਣਿਕਾ ਵੀ ਦਿੱਤੀ ਹੈ।


ਲੇਖਕ : ਧ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.