ਗੁਰੂ ਕੀਆਂ ਸਾਖੀਆਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੁਰੂ ਕੀਆਂ ਸਾਖੀਆਂ (ਰਚਨਾ): ਭਾਦਸੋਂ ਨਿਵਾਸੀ ਸਰੂਪ ਸਿੰਘ ਕੌਸ਼ਿਸ਼ ਨਾਮਕ ਭੱਟ ਦੁਆਰਾ ਭੱਟਾਛਰੀ ਵਿਚ ਲਿਖੀ ਇਸ ਰਚਨਾ ਦਾ ਗੁਰਮੁਖੀ ਲਿਪੀ ਵਿਚ ਲਿਪੀਅੰਤਰਣ ਛੱਜੂ ਸਿੰਘ ਕੌਸ਼ਿਸ਼ ਭੱਟ ਨੇ ਸੰਨ 1869 ਈ. ਵਿਚ ਕੀਤਾ ਅਤੇ ਸੰਨ 1986 ਈ. ਵਿਚ ਇਸ ਦਾ ਪ੍ਰਕਾਸ਼ਨ ਹੋਇਆ। ਇਸ ਵਿਚ ਕੁਲ 112 ਸਾਖੀਆਂ ਸੰਕਲਿਤ ਹਨ ਜਿਨ੍ਹਾਂ ਵਿਚੋਂ ਚਾਰ ਸਾਖੀਆਂ ਗੁਰੂ ਹਰਿਗੋਬਿੰਦ ਸਾਹਿਬ, ਨੌਂ ਗੁਰੂ ਹਰਿਰਾਇ ਸਾਹਿਬ, ਚਾਰ ਗੁਰੂ ਹਰਿਕ੍ਰਿਸ਼ਨ ਜੀ, ਸੋਲ੍ਹਾਂ ਗੁਰੂ ਤੇਗ ਬਹਾਦਰ ਜੀ ਅਤੇ 79 ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹਨ। ਇਨ੍ਹਾਂ ਸਾਖੀਆਂ ਦੇ ਤੱਥਾਂ ਦਾ ਆਧਾਰ ਅਧਿਕਤਰ ਭੱਟ- ਵਹੀਆਂ ਹਨ, ਪਰ ਇਨ੍ਹਾਂ ਦੀ ਸ਼ੈਲੀ ਬ੍ਰਿੱਤਾਂਤਿਕ ਹੈ ਅਤੇ ਭਾਸ਼ਾ ਦਾ ਰੂਪ ਪੰਜਾਬੀ ਸਧੁੱਕੜੀ ਵਾਲਾ ਹੈ। ਗਿਆਨੀ ਗਰਜਾ ਸਿੰਘ ਦੁਆਰਾ ਲਭੀ ਇਸ ਰਚਨਾ ਵਿਚ ਨੌਵੇਂ ਅਤੇ ਦਸਵੇਂ ਗੁਰੂ ਸਾਹਿਬਾਨ ਬਾਰੇ ਕਈ ਨਵੇਂ ਤੱਥ ਉਪਲਬਧ ਹਨ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਾਬਾ ਬੰਦਾ ਬਹਾਦਰ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਸਜਾਉਣਾ ਅਤੇ ਆਪਣੇ ਅੰਤ- ਕਾਲ ਵੇਲੇ ਗ੍ਰੰਥ ਸਾਹਿਬ ਨੂੰ ਗੁਰੂ-ਪਦ ਪ੍ਰਦਾਨ ਕਰਨਾ ਆਦਿ ਤੱਥ ਵਿਸ਼ੇਸ਼ ਉੱਲੇਖਯੋਗ ਹਨ। ਪਰ ਇਸ ਵਿਚਲੇ ਤੱਥਾਂ ਨੂੰ ਸਾਵਧਾਨੀ ਨਾਲ ਵਰਤਣ ਦੀ ਲੋੜ ਹੈ ਕਿਉਂਕਿ ਕਈਆਂ ਦਾ ਮੇਲ ਹੋਰਨਾਂ ਸਾਧਨਾਂ ਤੋਂ ਉਪਲਬਧ ਇਤਿਹਾਸਿਕ ਤੱਥਾਂ ਨਾਲ ਨਹੀਂ ਬੈਠਦਾ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਗੁਰੂ ਕੀਆਂ ਸਾਖੀਆਂ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਰੂ ਕੀਆਂ ਸਾਖੀਆਂ: ਗੁਰੂਆਂ ਦੇ ਜੀਵਨ ਤੋਂ ਲਈਆਂ ਗਈਆਂ ਸਾਖੀਆਂ ਹਨ। ਇਹ ਪਰਗਨਾ ਥਾਨੇਸਰ ਵਿਚ ਭਾਦਸੋਂ ਦੇ ਭੱਟ ਸਰੂਪ ਸਿੰਘ ਕੋਸ਼ਿਸ਼ ਦੁਆਰਾ ਲਿਖੀਆਂ ਗਈਆਂ ਹਨ। ਜਿਵੇਂ ਕਿ ਲੇਖਕ ਦੁਆਰਾ ਅੰਕਿਤ ਕੀਤਾ ਗਿਆ ਹੈ, ਇਹ ਖਰੜਾ ਉਸ ਦੁਆਰਾ 1847 ਬਿਕਰਮੀ/ 1790 ਈ. ਵਿਚ ਭਾਦਸੋਂ ਵਿਖੇ ਸੰਪੂਰਨ ਕਰ ਲਿਆ ਗਿਆ ਸੀ। ਅਸਲੀ ਖਰੜਾ ਭੱਟਾਛਰੀ ਵਿਚ ਲਿਖਿਆ ਗਿਆ ਸੀ, ਇਹ ਉਹ ਲਿਪੀ ਹੈ ਜੋ ਭੱਟਾਂ ਦੁਆਰਾ ਉਹਨਾਂ ਦੇ ਮਿਲਣ ਵਾਲਿਆਂ ਦੇ ਬੰਸਾਵਲੀ ਵੇਰਵੇ ਦੇ ਬਾਰੇ ਰਿਕਾਰਡ ਲਈ ਵਰਤੀ ਜਾਂਦੀ ਸੀ। ਇਸ ਨੂੰ ਬਾਅਦ ਵਿਚ ਭੱਟ ਛੱਜੂ ਸਿੰਘ ਕੋਸ਼ਿਸ਼ ਦੁਆਰਾ 1925 ਬਿਕਰਮੀ/ 1869 ਈ. ਵਿਚ ਗੁਰਮੁਖੀ ਲਿਪੀ ਵਿਚ ਲਿਪੀਅੰਤਰ ਕੀਤਾ ਗਿਆ ਸੀ। ਇਹ ਕਿਰਤ 1986 ਵਿਚ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਖਰੜੇ ਵਿਚ ਕੁਲ 112 ਸਲੋਕ ਦਰਜ ਹਨ ਜੋ ਪੰਜ ਗੁਰੂਆਂ-ਗੁਰੂ ਹਰਿਗੋਬਿੰਦ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਿਰਤਾਂਤ ਨਾਲ ਸੰਬੰਧਿਤ ਹਨ। ਇਹਨਾਂ ਸਾਖੀਆਂ ਵਿਚੋਂ ਚਾਰ (4) ਸਾਖੀਆਂ ਗੁਰੂ ਹਰਿਗੋਬਿੰਦ ਜੀ ਨਾਲ, ਨੌਂ (9) ਗੁਰੂ ਹਰਿਰਾਇ ਜੀ ਨਾਲ, ਚਾਰ (4) ਗੁਰੂ ਹਰਿਕ੍ਰਿਸ਼ਨ ਜੀ ਨਾਲ, ਸੋਲ੍ਹਾਂ (16) ਗੁਰੂ ਤੇਗ਼ ਬਹਾਦਰ ਜੀ ਨਾਲ ਅਤੇ ਉਣਾਸੀ (79) ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹਨ।
ਗੁਰੂ ਅਰਜਨ ਦੇਵ ਜੀ, ਉਹ ਪਹਿਲੇ ਗੁਰੂ ਸਨ ਜਿਨ੍ਹਾਂ ਦੇ ਭੱਟ ਸੇਵਾਦਾਰ ਸਨ। ਉਹਨਾਂ ਵਿਚੋਂ ਕੁਝ ਸ਼ਰਧਾਲੂ ਸਿੱਖ ਬਣ ਗਏ ਸੀ। ਉਹਨਾਂ ਨੇ ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਤੋਂ ਪਹਿਲੇ ਗੁਰੂਆਂ ਦੀ ਮਹਿਮਾ ਵਿਚ ਬਾਣੀ ਰਚੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਉਹਨਾਂ ਨੇ ਅਤੇ ਉਹਨਾਂ ਦੇ ਪੈਰੋਕਾਰਾਂ ਨੇ ਗੁਰੂ ਹਰਿਗੋਬਿੰਦ ਜੀ ਦੇ ਮੁਗ਼ਲ ਫ਼ੌਜਾਂ ਵਿਰੁੱਧ ਲੜਾਈ ਵਿਚ ਹਿੱਸਾ ਲਿਆ ਸੀ। ਉਹਨਾਂ ਨੇ ਆਪਣੀ ਵਹੀਆਂ ਵਿਚ ਬੰਸਾਵਲੀ ਦਾ ਲੇਖਾ-ਜੋਖਾ ਅਤੇ ਗੁਰੂਆਂ ਦੇ ਜੀਵਨ ਨਾਲ ਸੰਬੰਧਿਤ ਕੁਝ ਘਟਨਾਵਾਂ ਨੂੰ ਦਰਜ਼ ਕੀਤਾ ਸੀ। ਭੱਟ ਵਹੀਆਂ ਵਿਚ ਦਰਜ ਵੇਰਵੇ ਇਤਿਹਾਸਿਕ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹਨ।
ਗੁਰੂ ਕੀਆਂ ਸਾਖੀਆਂ ਇਹਨਾਂ ਭੱਟ ਇੰਦਰਾਜਾਂ ‘ਤੇ ਆਧਾਰਿਤ ਹਨ, ਪਰੰਤੂ ਗੁਰੂ ਕੀਆਂ ਸਾਖੀਆਂ ਵਿਚ ਇਤਿਹਾਸਿਕ ਘਟਨਾਵਾਂ ਦੇ ਵੇਰਵੇ ਵਹੀਆਂ ਵਿਚ ਦਰਜ ਵੇਰਵਿਆਂ ਦੀ ਸ਼ੈਲੀ ਤੋਂ ਵੱਖਰੀ ਕਿਸਮ ਦੇ ਹਨ। ਬਾਅਦ ਵਾਲੇ ਇੰਦਰਾਜ ਮੁੱਖ ਤੌਰ ‘ਤੇ ਆਪਣੇ ਆਪ ਵਿਚ ਕਿਸੇ ਵਿਅਕਤੀ ਨਾਲ ਸੰਬੰਧਿਤ ਉਸਦੇ ਪੂਰਵਜ, ਗੋਤ , ਖ਼ਾਨਦਾਨ/ਵਰਗ ਆਦਿ ਸੰਬੰਧੀ ਵੇਰਵੇ ਦੇਣ ਦੀ ਹੱਦ ਤਕ ਅਤੇ ਉਹਨਾਂ ਦਾ ਸਾਲ , ਮਹੀਨਾ , ਤਿਥੀ (ਚੰਦ ਮਹੀਨੇ ਦਾ ਹਨ੍ਹੇਰ ਜਾਂ ਚਾਨਣ ਪੱਖ), ਦਿਨ ਦੱਸਣ ਤਕ ਸੀਮਿਤ ਸਨ ਅਤੇ ਕਈ ਵਾਰ ਕਿਸੇ ਵਿਸ਼ੇਸ਼ ਘਟਨਾ ਦਾ ਸਹੀ ਸਮਾਂ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਪ੍ਰਸੰਗ ਦਾ ਬਿਰਤਾਂਤ ਆਪਣੇ ਆਪ ਵਿਚ ਸਰਸਰੀ ਅਤੇ ਸੰਖੇਪ ਹੈ। ਇਸ ਦੇ ਵਿਪਰੀਤ, ਗੁਰੂ ਕੀਆਂ ਸਾਖੀਆਂ ਖ਼ਾਸੀਅਤ ਵਿਚ ਬਿਰਤਾਂਤਿਕ ਹਨ।
ਗੁਰੂ ਕੀਆਂ ਸਾਖੀਆਂ ਨੂੰ ਹਾਲ ਵਿਚ ਹੀ ਗਿਆਨੀ ਗਰਜਾ ਸਿੰਘ ਦੁਆਰਾ ਖੋਜਿਆ ਗਿਆ ਹੈ। ਇਹਨਾਂ ਨੇ ਕੁਝ ਨਵੇਂ ਤੱਥਾਂ ਉੱਤੇ ਰੋਸ਼ਨੀ ਪਾਈ ਹੈ, ਵਿਸ਼ੇਸ਼ ਕਰਕੇ ਗੁਰੂ ਤੇਗ਼ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਤੱਥਾਂ ਉੱਤੇ। ਇਸੇ ਤਰ੍ਹਾਂ, ਇਹ ਕੁਝ ਇਤਿਹਾਸਿਕ ਨੁਕਤਿਆਂ ‘ਤੇ ਵੀ ਨਿਰਨਾਕਾਰੀ ਸਬੂਤ ਮੁਹੱਈਆ ਕਰਦੀਆਂ ਹਨ। ਸਾਖੀਆਂ ਸੰਸਕਰਨ ਦੀ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਣ ਵੀ ਗੁਰੂ ਵਜੋਂ ਦੇਵਪਦ ਬਖ਼ਸ਼ਿਆ ਗਿਆ ਹੈ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਸੀ। ਖਰੜੇ ਵਿਚ ਬੰਦਾ ਸਿੰਘ ਦਾ ਗੁਰੂ ਗੋਬਿੰਦ ਸਿੰਘ ਜੀ ਹੱਥੋਂ ਅਮਿ੍ਰੰਤ ਛਕਣ ਦਾ ਵਾਕਿਆ ਵੀ ਦਰਜ਼ ਹੈ। ਹਰ ਹਾਲਤ ਵਿਚ, ਇਹ ਖਰੜਾ ਆਧੁਨਿਕ ਇਤਿਹਾਸਕਾਰਾਂ ਦੀ ਤਵੱਜੋ ਨੂੰ ਵਧਾ ਰਿਹਾ ਹੈ।
ਗੁਰੂ ਕੀਆਂ ਸਾਖੀਆਂ ਦੀ ਭਾਸ਼ਾ ਪੰਜਾਬੀ ਅਤੇ ਹਿੰਦੀ ਦਾ ਮਿਸ਼ਰਿਤ ਰੂਪ ਹੈ। ਇਸ ਵਿਚ ਭੱਟ ਲੋਕ ਬੋਲੀ ਦਾ ਬਹੁਤ ਉਪਯੋਗ ਕੀਤਾ ਗਿਆ ਹੈ। ਕੁਝ ਕੁ ਥਾਵਾਂ ‘ਤੇ ਸਾਨੂੰ ਅੰਗਰੇਜ਼ੀ ਦੇ ਸ਼ਬਦ ਵੀ ਮਿਲਦੇ ਹਨ। ਇਹ ਗ੍ਰੰਥ ਨਕਲ-ਨਵੀਸਾਂ ਦੇ ਵੱਲੋਂ ਕੀਤੀਆਂ ਗ਼ਲਤੀਆਂ ਵਜੋਂ ਕੁਝ ਲੋਕਾਂ ਦੁਆਰਾ ਸਪਸ਼ਟ ਰੂਪ ਵਿਚ ਤਾਰੀਖ਼ੀ ਭੁੱਲਾਂ ਵਾਲਾ/ਕਾਲ- ਦੋਸ਼ਪੂਰਨ ਵਿਆਖਿਆ/ਸਮਝਿਆ ਗਿਆ ਹੈ।
ਲੇਖਕ : ਗ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First