ਗੁਰੂ ਗ੍ਰੰਥ ਵਿਸ਼ਵਕੋਸ਼ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰੂ ਗ੍ਰੰਥ ਵਿਸ਼ਵਕੋਸ਼: ਗੁਰੂ ਗ੍ਰੰਥ ਸਾਹਿਬ ਸੰਬੰਧੀ ਵਿਸ਼ਵ -ਕੋਸ਼ ਵਜੋਂ ਇਹ ਨਵੀਨਤਮ ਉਪਲਬਧੀ ਹੈ। ਇਸ ਦਾ ਪ੍ਰਕਾਸ਼ਨ ਸੰਨ 2002 ਈ. ਵਿਚ ਪੰਜਾਬੀ ਯੂਨੀਵਰਸਿਟੀ , ਪਟਿਆਲਾ ਵਲੋਂ ਹੋਇਆ ਹੈ। ਇਸ ਵਿਚਲੇ ਲਗਭਗ 1700 ਇੰਦਰਾਜਾਂ ਨੂੰ ਲਿਖਣ ਦਾ ਕੰਮ 25 ਵਰ੍ਹਿਆਂ ਬਾਦ ਮੁਕਿਆ। ਇਹ ਸਾਰਾ ਵਿਸ਼ਵਕੋਸ਼ ਪ੍ਰਸਤੁਤ ਲੇਖਕ ਦੀ ਅਣਥਕ ਮਿਹਨਤ ਦਾ ਸਿੱਟਾ ਹੈ।

            ਗੁਰੂ ਗ੍ਰੰਥ ਸਾਹਿਬ ਬਾਰੇ ਕੁਝ ਕੁ ਹਵਾਲਾ ਗ੍ਰੰਥ ਪਹਿਲੇ ਛਪ ਚੁਕੇ ਹਨ। ਉਨ੍ਹਾਂ ਸਭ ਵਿਚੋਂ ‘ਮਹਾਨਕੋਸ਼’ ਅਧਿਕ ਉਪਯੋਗੀ ਹੈ, ਕਿਉਂਕਿ ਭਾਈ ਕਾਨ੍ਹ ਸਿੰਘ ਨੇ 14 ਵਰ੍ਹੇ ਲਗਾ ਕੇ ਅਤੇ ਅਨੇਕ ਵਿਸ਼ਿਆਂ ਦੇ ਮਾਹਿਰਾਂ ਦੀ ਸਹਾਇਤਾ ਲੈ ਕੇ ਤਿਆਰ ਕੀਤਾ ਸੀ। ਦੇਸ-ਪਰਦੇਸ ਵਿਚ ਗੁਰੂ ਗ੍ਰੰਥ ਸਾਹਿਬ ਦੇ ਅਧਿਐੈਨ ਵਿਚ ਲੋਕਾਂ ਦੀ ਰੁਚੀ ਵਧ ਜਾਣ ਕਾਰਣ ਅਨੇਕ ਪ੍ਰਕਾਰ ਦੀਆਂ ਪੁਸਤਕਾਂ ਅਤੇ ਸ਼ੋਧ- ਪ੍ਰਬੰਧ ਲਿਖੇ ਗਏ ਅਤੇ ਕਈ ਲਿਖੇ ਜਾ ਰਹੇ ਹਨ। ਵਿਸ਼ਵ ਦਾ ਗਿਆਨ ਖੇਤਰੀ ਦੂਰੀਆਂ ਤੋਂ ਹਟ ਕੇ ਨੈਟਵਰਕ ਵਿਚ ਸਿਮਟ ਗਿਆ ਹੈ। ਕੁਝ ਕੁ ਵਿਦਵਾਨਾਂ ਨੇ ਸਿੱਖ ਧਰਮ ਅਤੇ ਗੁਰੂ ਗ੍ਰੰਥ ਸਾਹਿਬ ਬਾਰੇ ਉਪਲਬਧ ਪ੍ਰਕਾਸ਼ਿਤ ਸਾਮਗ੍ਰੀ ਨੂੰ ਨੈਟਵਰਕ ਵਿਚ ਬੰਦ ਕਰ ਲਿਆ ਹੈ ਅਤੇ ਉਸ ਨੂੰ ‘ਵਿਸ਼ਵਕੋਸ਼’ ਨਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਪਰ ਇਹ ਸਭ ਕੁਝ ਉਪਲਬਧ ਸਾਮਗ੍ਰੀ ਨੂੰ ਹੀ ਵਿਧੀ-ਵਤ ਸੰਕਲਿਤ ਕਰਨਾ ਹੈ, ਨ ਕਿ ਵਿਸ਼ਵਕੋਸ਼ ਦੀ ਸਹੀ ਅਰਥਾਂ ਵਿਚ ਲੋੜ ਪੂਰੀ ਕਰਨੀ ਹੈ।

            ਗੁਰੂ ਗ੍ਰੰਥ ਸਾਹਿਬ ਬਾਰੇ ਪੈਦਾ ਹੋਣ ਵਾਲੀ ਹਰ ਪੁੱਛ ਦਾ ਸੰਖੇਪ ਪਰ ਅਧਿਕ੍ਰਿਤ ਉੱਤਰ ਦੇਣ ਲਈ ਸਹੀ ਅਰਥਾਂ ਵਿਚ ਕੋਈ ਵਿਸ਼ਵਕੋਸ਼ ਹੋਂਦ ਵਿਚ ਨਹੀਂ ਆਇਆ। ਇਸ ਘਾਟ ਨੂੰ ਪੂਰਾ ਕਰਨ ਲਈ ਪ੍ਰਸਤੁਤ ਵਿਸ਼ਵਕੋਸ਼ ਦੀ ਯੋਜਨਾ ਬਣਾਈ ਗਈ ਸੀ। ਇਸ ਵਿਸ਼ਵਕੋਸ਼ ਵਿਚ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਸਾਰਿਆਂ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਵੇਂ ਰਾਗ-ਰਾਗਨੀਆਂ, ਉਨ੍ਹਾਂ ਵਿਚ ਸੰਕਲਿਤ ਹਰ ਪ੍ਰਕਾਰ ਦੀਆਂ ਬਾਣੀਆਂ , ਬਾਣੀਆਂ ਦਾ ਬਿਉਰਾ, ਬਾਣੀਕਾਰ, ਬੀੜਾਂ , ਪੋਥੀਆਂ, ਸੰਪਾਦਨ ਦਾ ਇਤਿਹਾਸ ਅਤੇ ਵਿਧੀ, ਕਾਵਿ-ਰੂਪ, ਛੰਦ-ਰੂਪ, ਅਭਿ- ਵਿਅਕਤੀ-ਸਾਧਨ, ਕਾਵਿ-ਜੁਗਤਾਂ, ਪਰਿਭਾਸ਼ਿਕ ਸ਼ਬਦਾਵਲੀ, ਅਨੁਸ਼ਠਾਨ, ਧਾਰਮਿਕ ਰੀਤਾਂ, ਉਪਾਸਨਾ- ਵਿਧੀਆਂ, ਲੋਕ-ਪਰੰਪਰਾਵਾਂ, ਹਰ ਪ੍ਰਕਾਰ ਦੇ ਹਵਾਲੇ ਅਤੇ ਸੰਦਰਭ, ਵਿਚਾਰਧਾਰੀ ਸੰਕਲਪ ਅਤੇ ਸੰਬੋਧ , ਭਗਤੀ ਅੰਦੋਲਨ, ਭਾਰਤੀ ਅਤੇ ਸਾਮੀ ਧਾਰਮਿਕ ਮਾਨਤਾਵਾਂ ਅਤੇ ਪਰੰਪਰਾਵਾਂ , ਧਾਰਮਿਕ ਸ਼ਖ਼ਸੀਅਤਾਂ, ਯੁਗ-ਚਿਤ੍ਰਣ, ਪਰਿਸਥਿਤੀਆਂ, ਗੁਰੂ-ਪਰੰਪਰਾ, ਗੁਰੂ-ਸ਼ਬਦ , ਪਾਠ- ਵਿਧੀ, ਟੀਕੇ, ਪ੍ਰਯਾਯ , ਬੁਨਿਆਦੀ ਸਰੋਤ ਸਾਮਗ੍ਰੀ, ਆਦਿ। ਪੂਰਾ ਯਤਨ ਕੀਤਾ ਗਿਆ ਹੈ ਕਿ ਇਸ ਵਿਚ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਪ੍ਰਮੁਖ ਮੁੱਦਿਆਂ, ਪੱਖਾਂ ਅਤੇ ਤੱਥਾਂ ਬਾਰੇ ਇੰਦਰਾਜ ਸ਼ਾਮਲ ਹੋ ਜਾਣ।

            ਇਸ ਵਿਸ਼ਵਕੋਸ਼ ਦੇ ਹਰ ਇਕ ਇੰਦਰਾਜ ਦਾ ਆਕਾਰ ਉਸ ਦੇ ਮਹੱਤਵ ਅਤੇ ਸਰੂਪ ਅਨੁਸਾਰ ਰਖਿਆ ਗਿਆ ਹੈ ਤਾਂ ਜੋ ਕਿਸੇ ਇੰਦਰਾਜ ਬਾਰੇ ਪੈਦਾ ਹੋਣ ਵਾਲੀਆਂ ਪੁੱਛਾਂ ਦਾ ਜਵਾਬ ਸਰਲਤਾ ਪੂਰਵਕ ਮਿਲ ਸਕੇ। ਹਰ ਇਕ ਤੱਥ ਨੂੰ ਵਿਧੀ-ਵਤ ਬਾਣੀ ਦੀਆਂ ਟੂਕਾਂ ਨਾਲ ਸੰਪੁਸ਼ਟ ਕਰਕੇ ਨਿਰਭ੍ਰਾਂਤ ਕੀਤਾ ਗਿਆ ਹੈ।

ਇੰਦਰਾਜਾਂ ਨੂੰ ਸੰਕਲਿਤ ਕਰਨ ਵੇਲੇ ਕੋਸ਼- ਪਰੰਪਰਾ ਦਾ ਧਿਆਨ ਰਖਿਆ ਗਿਆ ਹੈ। ਅੱਖਰ-ਮਾਤ੍ਰਾ- ਕ੍ਰਮ ਅਨੁਸਾਰ ਸੰਯੋਜਿਤ ਕਰਕੇ ਦੁੱਤ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਇੰਦਰਾਜਾਂ ਨੂੰ ਹਰ ਅੱਖਰ ਦੇ ਅੰਤ ਵਿਚ ਸਥਾਨ ਦਿੱਤਾ ਗਿਆ ਹੈ। ਪ੍ਰਤਿ-ਇੰਦਰਾਜਾਂ ਨੂੰ ਵੀ ਇਸੇ ਵਰਣ- ਕ੍ਰਮ ਅਨੁਸਾਰ ਦਰਜ ਕੀਤਾ ਗਿਆ ਹੈ। ਇੰਦਰਾਜਾਂ ਦੇ ਸ਼ਬਦ -ਜੋੜਾਂ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਵਾਲੇ ਹੀ ਰਖੇ ਗਏ ਹਨ, ਤਾਂ ਜੋ ਲਭਣ ਵਿਚ ਸੌਖ ਰਹੇ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.