ਗੁਰੂ ਗ੍ਰੰਥ ਸਾਹਿਬ: ਵਿਚਾਰਧਾਰਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰੂ ਗ੍ਰੰਥ ਸਾਹਿਬ: ਵਿਚਾਰਧਾਰਾ: ਇਸ ਗ੍ਰੰਥ ਦੀ ਅਧਿਆਤਮਿਕ ਵਿਚਾਰਧਾਰਾ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਇਹ ਭਲੀ-ਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਇਸ ਗ੍ਰੰਥ ਦੇ ਬਾਣੀਕਾਰ ਸੰਤ ਸਨ , ਸ਼ਾਸਤ੍ਰਕਾਰ ਨਹੀਂ। ਉਨ੍ਹਾਂ ਨੇ ਜੋ ਕੁਝ ਲਿਖਿਆ, ਉਹ ਰਹੱਸ-ਅਨੁਭਵ’ਤੇ ਆਧਾਰਿਤ ਕਾਵਿ-ਸਤਿ ਹੈ, ਸ਼ਾਸਤ੍ਰ-ਸਤਿ ਨਹੀਂ। ਉਨ੍ਹਾਂ ਦੀ ਬਾਣੀਆਂ ਵਿਚ ਦਾਰਸ਼ਨਿਕ ਤੱਥਾਂ ਦਾ ਵਿਵਸਥਿਤ ਵਿਸ਼ਲੇਸ਼ਣ ਨਹੀਂ ਹੋਇਆ, ਕੇਵਲ ਕਿਤੇ ਕਿਤੇ ਇਨ੍ਹਾਂ ਤੱਥਾਂ ਸੰਬੰਧੀ ਬਾਣੀ- ਕਾਰਾਂ ਦੇ ਦ੍ਰਿਸ਼ਟੀਕੋਣ ਦਾ ਅੰਕਣ ਹੋਇਆ ਹੈ।

            ਇਸ ਗ੍ਰੰਥ ਵਿਚ ਬ੍ਰਹਮ ਦੇ ਅਵਿਅਕਤ ਜਾਂ ਨਿਰਗੁਣ ਸਰੂਪ ਦਾ ਪ੍ਰਤਿਪਾਦਨ ਹੋਇਆ ਹੈ, ਕਿਉਂਕਿ ਇਸ ਦੇ ਬਾਣੀਕਾਰਾਂ ਦਾ ਸੁਭਾ ਅਤੇ ਸੰਸਕਾਰ ਯੁਗ ਦੀਆਂ ਪਰਿ- ਸਥਿਤੀਆਂ ਅਨੁਸਾਰ ਅਵਤਾਰਵਾਦ ਜਾਂ ਸਗੁਣ-ਬ੍ਰਹਮ ਦੇ ਸਿੱਧਾਂਤ ਨਾਲ ਸਮਝੌਤਾਕਰ ਸਕੇ। ਉਨ੍ਹਾਂ ਦਾ ਬ੍ਰਹਮ- ਨਿਰੂਪਣ ਯੁਗ-ਚੇਤਨਾ ਦੇ ਅਨੁਰੂਪ ਨਵੀਨ ਅਤੇ ਕਲਿਆਣ -ਕਾਰੀ ਜਾਮਾ ਪਾ ਕੇ ਆਇਆ। ਇਸ ਗ੍ਰੰਥ ਦੀ ਬਾਣੀ ਵਿਚ ਯੋਗੀਆਂ, ਮੁਸਲਮਾਨਾਂ, ਸੂਫ਼ੀ-ਫ਼ਕੀਰਾਂ ਆਦਿ ਦੀਆਂ ਕਈਆਂ ਧਾਰਣਾਵਾਂ ਨੂੰ ਕੁਝ ਸੀਮਾ ਤਕ ਅਪਣਾ ਲਿਆ ਗਿਆ ਹੈ ਜਾਂ ਉਨ੍ਹਾਂ ਨੂੰ ਭਾਵੀਕ੍ਰਿਤ ਰੂਪ ਦੇ ਦਿੱਤਾ ਗਿਆ ਹੈ। ਅਸਲ ਵਿਚ, ਇਸ ਗ੍ਰੰਥ ਦੇ ਬਾਣੀਕਾਰ ਅਜਿਹੇ ਸਾਰ -ਗ੍ਰਾਹੀ ਲੋਕ-ਨਾਇਕ ਸਨ, ਜਿਨ੍ਹਾਂ ਨੇ ਹਰ ਗੱਲ ਨੂੰ ਨਿਜੀ ਅਨੁਭਵ ਦੀ ਕਸੌਟੀ ਉਤੇ ਪਰਖਿਆ, ਕਿਉਂਕਿ ਉਹ ਪ੍ਰਚਲਿਤ ਪਾਖੰਡ ਪੂਰਣ ਧਾਰਮਿਕ ਪਰੰਪਰਾਵਾਂ ਦੀ ਉਪਚਾਰਿਕ ਵਿਧੀ ਦੇ ਵਿਰੋਧੀ ਸਨ।

            ਗੁਰੂ ਗ੍ਰੰਥ ਸਾਹਿਬ ਦਾ ਬ੍ਰਹਮ ਅਰੂਪ ਅਤੇ ਨਿਰਗੁਣ ਹੁੰਦੇ ਹੋਇਆਂ ਵੀ ਕ੍ਰਿਆਹੀਨ ਨਹੀਂ, ਕਰਤਾ-ਪੁਰਖ ਅਤੇ ਆਪਣੇ ਆਪ ਹੋਂਦ ਵਿਚ ਆਉਣ ਵਾਲਾ ਹੈ। ਸਾਰੀ ਸ੍ਰਿਸ਼ਟੀ ਦੀ ਉਤਪੱਤੀ, ਸਥਿਤੀ ਅਤੇ ਨਾਸ਼ ਦਾ ਕਾਰਣ-ਰੂਪ ਹੈ। ਉਹ ਓਅੰਕਾਰ , ਸ਼ਬਦ ਰੂਪ, ਨਿਰਭੈ, ਨਿਰਵੈਰ , ਅਜੂਨੀ ਅਤੇ ਲਾ-ਸ਼ਰੀਕ ਹੈ। ਉਹ ਕਾਲ ਦੇ ਸ਼ਾਸਨ ਤੋਂ ਮੁਕਤ ਅਤੇ ਸਤਿਨਾਮ ਵਾਲਾ ਹੈ। ਉਹ ਜੋਤਿ-ਸਰੂਪ , ਨਿਰੰਜਨ , ਸੁੰਨ ਅਤੇ ਅਗੰਮ-ਅਗੋਚਰ ਹੈ। ਉਹ ‘ਇਕ’ ਪਰਮਾਤਮਾ ਵਰਣਨ ਤੋਂ ਪਰੇ ਅਤੇ ਸਰਬ-ਵਿਆਪਕ ਹੈ। ਉਹ ਜੋ ਕੁਝ ਹੈ, ਉਹੀ ਕੁਝ ਹੈ, ਵਿਅਰਥ ਦੇ ਤਰਕ-ਵਿਤਰਕ ਵਿਚ ਸਮਾਂ ਨਸ਼ਟ ਕਰਨਾ ਉਚਿਤ ਨਹੀਂ; ਉਸ ਵਿਚ ਵਿਸ਼ਵਾਸ ਰਖਣਾ ਹੀ ਲਾਭਦਾਇਕ ਹੈ।

ਪਰਮਾਤਮਾ ਦੀ ਪਰਮਾਰਥਿਕ ਸੱਤਾ ਦੇ ਨਾਲ ਨਾਲ ਉਸ ਦੀ ਵਿਵਹਾਰਿਕ ਸੱਤਾ ਦਾ ਵੀ ਪ੍ਰਤਿਪਾਦਨ ਹੋਇਆ ਹੈ। ਇਥੇ ਉਸ ਦੇ ਵਿਅਕਤ ਜਾਂ ਸਗੁਣ ਰੂਪ ਦੇ ਵੀ ਦਰਸ਼ਨ ਹੋ ਜਾਂਦੇ ਹਨ। ਪਰ ਇਹ ਸਗੁਣ ਰੂਪ ਸਗੁਣੀ ਭਗਤਾਂ ਦੇ ਅਵਤਾਰੀ ਰੂਪ ਵਰਗਾ ਨਹੀਂ, ਸਗੋਂ ਇਹ ਸਗੁਣ ਨਿਰਗੁਣ ਦਾ ਹੀ ਆਭਾਸ ਹੈ, ਇਹ ਨਿਰਗੁਣ ਤੋਂ ਭਿੰਨ ਨਹੀਂ, ਸਗੋਂ ਦੋਵੇਂ ਇਕ ਰੂਪ ਹਨ— (1) ਨਿਰਗੁਨੁ ਆਪਿ ਸਰਗੁਨੁ ਭੀ ਓਹੀ ਕਲਾ ਧਾਰਿ ਜਿਨਿ ਸਗਲੀ ਮੋਹੀ (ਗੁ.ਗ੍ਰੰ.287); (2) ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ (ਗੁ.ਗ੍ਰੰ.250)।

            ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦਾ ਸਰੂਪ ਨਿਰਗੁਣ ਹੈ ਅਤੇ ਬਾਦ ਦਾ ਸਗੁਣ। ਇਹ ਸਗੁਣ ਨਿਰਗੁਣ ਤੋਂ ਉਤਪੰਨ ਹੋ ਕੇ ਫਿਰ ਉਸੇ ਵਿਚ ਸਮਾ ਜਾਂਦਾ ਹੈ। ਗੁਣਾਂ ਦਾ ਆਰੋਪਣ ਮੁੱਖਰੂਪ ਵਿਚ ਪਰਮਾਤਮਾ ਦੇ ਭਾਵਨਾਮਈ ਵਿਰਾਟ ਰੂਪ ਵਿਚ ਹੋਇਆ ਹੈ, ਜੋ ਅਵਤਾਰਵਾਦ ਦੀਆਂ ਸੀਮਾਵਾਂ ਤੋਂ ਬਹੁਤ ਦੂਰ ਅਤੇ ਇੰਦ੍ਰੀਆਂ ਤੋਂ ਪਰੇ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਵਤਾਰਵਾਦ ਅਤੇ ਮੂਰਤੀ-ਪੂਜਾ ਦੇ ਸਿੱਧਾਂਤਿਕ ਤੌਰ ’ਤੇ ਕਠੋਰ ਵਿਰੋਧੀ ਸਨ। ਉਨ੍ਹਾਂ ਨੇ ਪ੍ਰੇਮ ਦੀ ਭਾਵਨਾ ਅਧੀਨ ਬ੍ਰਹਮ ਨਾਲ ਕਈ ਪ੍ਰਕਾਰ ਦੇ ਸੰਬੰਧਾਂ ਦੀ ਸਥਾਪਨਾ ਵੀ ਕੀਤੀ ਹੈ। ਸਗੁਣ ਭਾਵਨਾ ਦਾ ਸਥੂਲ ਅਤੇ ਇੰਦ੍ਰੀਆਂ ਦੁਆਰਾ ਗ੍ਰਹਿਣ ਕੀਤਾ ਜਾ ਸਕਣ ਵਾਲਾ ਅਤੇ ਚਿਤ੍ਰਣ ਉਨ੍ਹਾਂ ਨੇ ਕਿਤੇ ਵੀ ਨਹੀਂ ਕੀਤਾ।

ਇਥੇ ਇਕ ਗੱਲ ਵਿਸ਼ੇਸ਼ ਤੌਰ’ਤੇ ਧਿਆਨ ਰਖਣ ਵਾਲੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਕਿਤੇ ਵੀ ਬੌਧਿਕ ਦ੍ਰਿਸ਼ਟੀ ਤੋਂ ਪਰਮ-ਸੱਤਾ ਦਾ ਵਿਸ਼ਲੇਸ਼ਣ ਨਹੀਂ ਕੀਤਾ। ਭਗਤ ਹੋਣ ਨਾਤੇ ਉਨ੍ਹਾਂ ਵਿਚ ਵਿਸ਼ਵਾਸ ਅਤੇ ਸ਼ਰਧਾ ਦੀ ਭਾਵਨਾ ਪ੍ਰਬਲ ਸੀ। ਉਨ੍ਹਾਂ ਨੇ ਪਰਮ-ਸੱਤਾ ਪ੍ਰਤਿ ਆਪਣੇ ਵਿਸ਼ਵਾਸ ਅਤੇ ਨਿਸ਼ਠਾ ਨੂੰ ਪੂਰੀ ਸ਼ਿਦਤ ਨਾਲ ਦ੍ਰਿੜ੍ਹ ਕਰਕੇ, ਉਸ ਨਾਲ ਆਪਣੇ ਕਈ ਪ੍ਰਕਾਰ ਦੇ ਭਾਵਨਾਤਮਕ ਸੰਬੰਧ ਸਥਾਪਿਤ ਕਰ ਲਏ ਸਨ। ਇਸ ਲਈ ਉਨ੍ਹਾਂ ਨੇ ਪਰਮਾਤਮਾ ਨੂੰ ਨਿਰਾਕਾਰ ਤੋਂ ਸਾਕਾਰ ਬਣਾ ਲਿਆ। ਪਰ ਯਾਦ ਰਹੇ ਕਿ ਜਿਥੇ ਵੀ ਉਨ੍ਹਾਂ ਨੂੰ ਬ੍ਰਹਮ ਦੇ ਤਾਤਵਿਕ ਵਿਵੇਚਨ ਦਾ ਅਵਸਰ ਮਿਲਿਆ, ਉਥੇ ਉਸ ਨੂੰ ਨਿਰਗੁਣ, ਨਿਰਾਕਾਰ, ਨਿਰਲਿਪਤ, ਨਿਰੰਜਨ ਹੀ ਕਿਹਾ ਹੈ। ਅਸਲੋਂ ਉਨ੍ਹਾਂ ਨੇ ਬ੍ਰਹਮ ਸੰਬੰਧੀ ਸਾਰੀਆਂ ਪਰਮਾਰਥਿਕ ਵਿਚਾਰਧਾਰਾਵਾਂ ਅਤੇ ਅਧਿਆਤਮਿਕ ਤੱਥਾਂ ਨੂੰ ਆਪਣੀ ਅਨੁਭੂਤੀ ਦੀ ਕਸੌਟੀ ਉਤੇ ਪਰਖਿਆ ਅਤੇ ਉਨ੍ਹਾਂ ਵਿਚਲੇ ਦੋਸ਼ਾਂ ਨੂੰ ਦੂਰ ਕਰਕੇ ਖਰਾ ਬਣਾਇਆ। ਉਨ੍ਹਾਂ ਦਾ ਬ੍ਰਹਮ -ਨਿਰੂਪਣ ਕਿਸੇ ਪ੍ਰਕਾਰ ਦੀ ਦਾਰਸ਼ਨਿਕ ਜਾਂ ਸ਼ਾਸਤ੍ਰੀ ਸ਼ੈਲੀ ਨੂੰ ਨਹੀਂ ਅਪਣਾਉਂਦਾ। ਉਸ ਦੀ ਅਭਿਵਿਅਕਤੀ ਅਧਿਕਤਰ ਉਪਨਿਸ਼ਦਿਕ, ਰਹੱਸਾਤਮਕ ਅਤੇ ਭਾਵਨਾਤਮਕ ਸ਼ੈਲੀ ਵਿਚ ਹੋਈ ਹੈ।

            ਸਪੱਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਬ੍ਰਹਮ ਸੰਬੰਧੀ ਦਰਸ਼ਨ ਦੀ ਕੋਈ ਪ੍ਰਾਚੀਨ ਪ੍ਰਣਾਲੀ ਆਪਣੇ ਪੂਰੇ ਰੂਪ ਵਿਚ ਨਹੀਂ ਅਪਣਾਈ, ਕੁਲ ਮਿਲਾ ਕੇ ਉਹ ਅਦ੍ਵੈਤਵਾਦ ਦੇ ਨਿਕਟ ਮੰਨੇ ਜਾ ਸਕਦੇ ਹਨ। ਅਸਲ ਵਿਚ, ਸੰਤ ਸਾਧਕ ਤੱਤ੍ਵ-ਵਿਵੇਚਕ ਨਹੀਂ ਸਨ। ਦਾਰਸ਼ਨਿਕ ਵਾਦ-ਵਿਵਾਦ ਤੋਂ ਦੂਰ ਰਹਿਣ ਵਾਲੇ ਭਗਤ ਵਿਅਕਤੀਆਂ ਲਈ ਸ਼ਾਸਤ੍ਰ ਗਿਆਨ ਮਹੱਤਵਹੀਨ ਹੀ ਨਹੀਂ, ਸਗੋਂ ਜੀਵਨ ਦੀ ਸਮਸਿਆ ਨੂੰ ਸੁਲਝਾਉਣ ਵਿਚ ਅਨੁਪਯੋਗੀ ਸੀ। ਬਿਖਮ ਜੀਵਨ ਦੀਆਂ ਗੁੰਝਲਾਂ ਨੂੰ ਅਨੁਭਵ ਰਾਹੀਂ ਸਮਝਣਾ ਹੀ ਉਨ੍ਹਾਂ ਦੇ ਇਕੇਸ਼ਵਰਵਾਦੀ ਸੰਦੇਸ਼ ਦੀ ਆਧਾਰ-ਸ਼ਿਲਾ ਸੀ ਜਿਸ ਉਤੇ ਨਿਰਮਿਤ ਅਧਿਆਤਮਿਕ ਭਵਨ ਵਿਚ ਬ੍ਰਹਮ ਸੰਬੰਧੀ ਵਖ ਵਖ ਦਰਸ਼ਨਾਂ ਦੇ ਅਨੇਕ ਤੱਤ੍ਵ ਆਤਮ- ਅਨੁਭੂਤੀ ਦੇ ਮਾਧਿਅਮ ਦੁਆਰਾ ਆਪਣਾ ਸਥਾਨ ਗ੍ਰਹਿਣ ਕਰਦੇ ਹਨ। ਇਸ ਲਈ ਗੁਰੂ ਗ੍ਰੰਥ ਸਾਹਿਬ ਦੇ ਬ੍ਰਹਮ ਦਾ ਸਰੂਪ ਕਿਸੇ ਵਿਸ਼ੇਸ਼ ਸੰਪ੍ਰਦਾਇ ਤਕ ਸੀਮਿਤ ਨ ਹੋ ਕੇ ਸਰਬ- ਗ੍ਰਾਹੀ ਅਤੇ ਸਰਬ-ਪ੍ਰਿਯ ਬਣ ਸਕਿਆ ਹੈ।

            ਜੀਵਾਤਮਾ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਦੇ ਬਾਣੀ- ਕਾਰਾਂ ਦਾ ਮੂਲ ਆਧਾਰ ਸ਼ਾਸਤ੍ਰ ਨਹੀਂ, ਆਤਮ- ਅਨੁਭੂਤੀ ਹੈ। ਉਹ ਆਤਮਾ ਅਤੇ ਪਰਮਾਤਮਾ ਵਿਚ ਕੋਈ ਅੰਤਰ ਨਹੀਂ ਮੰਨਦੇ। ਦੋਹਾਂ ਦੀ ਅਦ੍ਵੈਤਤਾ ਅਤੇ ਏਕਤਾ ਵਿਚ ਉਨ੍ਹਾਂ ਨੂੰ ਪੂਰਣ ਵਿਸ਼ਵਾਸ ਹੈ। ਇਹ ਸੰਬੰਧ ਉਪ-ਨਿਸ਼ਦਿਕ ਵਿਚਾਰ- ਧਾਰਾ ਨਾਲ ਬਹੁਤ ਸਮਾਨਤਾ ਰਖਦਾ ਹੈ। ਅਵਿਦਿਆ ਕਾਰਣ ਜੀਵਾਤਮਾ ਭਰਮ-ਵਸ ਆਪਣੇ ਆਪ ਨੂੰ ਸੁਤੰਤਰ ਸਮਝ ਲੈਂਦੀ ਹੈ, ਇਹੀ ਬੰਧਨ ਹੈ। ਅਜਿਹੀ ਅਵਸਥਾ ਵਿਚ ਉਹ ਆਪਣੇ ਯਥਾਰਥ ਰੂਪ ਨੂੰ ਭੁਲ ਕੇ ਤੁਛ ਸੰਸਾਰਿਕ ਵਿਸ਼ਿਆਂ ਵਿਚ ਮਗਨ ਹੋ ਜਾਂਦੀ ਹੈ। ਸਾਰੇ ਜੀਵਾਂ ਵਿਚ ਆਤਮਾ ਭਾਵੇਂ ਇਕ ਹੈ, ਪਰ ਹਰ ਇਕ ਜੀਵ ਦਾ ਅੰਤਹ-ਕਰਣ, ਪ੍ਰਵ੍ਰਿੱਤੀਆਂ, ਅਨੁਭਵ, ਸੰਸਕਾਰ, ਕਰਮ ਅਤੇ ਕਰਮ- ਫਲ ਚੂੰਕਿ ਅਲਗ ਅਲਗ ਹੁੰਦੇ ਹਨ, ਇਸ ਲਈ ਜੀਵ ਵੀ ਅਨੰਤ ਹਨ ਅਤੇ ਭਿੰਨ ਭਿੰਨ ਪ੍ਰਤੀਤ ਹੁੰਦੇ ਹਨ। ਮਾਇਆ ਦੇ ਭਰਮ ਨੂੰ ਕਟੇ ਬਿਨਾ ਅਨੇਕਤਾ ਦੀ ਪ੍ਰਤੀਤੀ ਦਾ ਨਾਸ਼ ਨਹੀਂ ਹੁੰਦਾ ਅਤੇ ਜਦ ਤਕ ਅਨੇਕਤਾ ਨਸ਼ਟ ਨਹੀਂ ਹੁੰਦੀ ਤਦ ਤਕ ਏਕਤਾ ਅਤੇ ਸਤਿਅਤਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਅਤੇ ਨ ਹੀ ਜੀਵਨ ਦਾ ਮੂਲ ਉਦੇਸ਼ ਸਿੱਧ ਹੋ ਸਕਦਾ ਹੈ। ਪਰਮਾਤਮਾ ਸਾਰੇ ਜੀਵਾਂ ਦੀ ਦੇਖ-ਭਾਲ ਅਤੇ ਰਖਿਆ ਕਰਦਾ ਹੈ, ਕਿਉਂਕਿ ਜੀਵ ਅਲਪੱਗ ਅਤੇ ਪਰਵਸ ਹੈ ਪਰ ਜਦ ਮਾਇਆ ਦਾ ਪਰਦਾ ਹਟ ਜਾਂਦਾ ਹੈ, ਤਦ ਜੀਵ ਨਿੱਤ, ਸ਼ੁੱਧ-ਬੁੱਧ ਪਰਮਾਤਮਾ ਵਿਚ ਇਕਮਿਕ ਹੋ ਜਾਂਦਾ ਹੈ। ਇਸ ਸੰਬੰਧ ਕਰਕੇ ਜੀਵ ਵਖ ਵਖ ਹੋਣ ਦੇ ਬਾਵਜੂਦ ਇਕ ਹਨ, ਉਨ੍ਹਾਂ ਦੀ ਅਨੇਕਤਾ ਵਿਚ ਹੀ ਏਕਤਾ ਹੈ।

            ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਇਹ ਵੀ ਮੰਨਿਆ ਹੈ ਕਿ ਕਰਮਾਂ ਅਨੁਸਾਰ ਫਲ ਭੋਗਣ ਲਈ ਜੀਵ ਨੂੰ ਕੋਈ ਨ ਕੋਈ ਸ਼ਰੀਰ ਅਵੱਸ਼ ਧਾਰਣ ਕਰਨਾ ਪੈਂਦਾ ਹੈ। ਇਸ ਤਰ੍ਹਾਂ 84 ਲੱਖ ਯੋਨੀਆਂ ਦੀ ਕਲਪਨਾ ਕੀਤੀ ਗਈ ਹੈ। ਇਨ੍ਹਾਂ ਸਾਰੀਆਂ ਯੋਨੀਆਂ ਵਿਚ ਮਨੁੱਖ ਦੀ ਜੂਨ ਨੂੰ ਸਰਬ-ਪ੍ਰਮੁਖ ਅਤੇ ਸਰਬ-ਸ੍ਰੇਸ਼ਠ ਮੰਨਿਆ ਗਿਆ ਹੈ। ਭਾਵੇਂ ਮਨੁੱਖ ਜਨਮ ਦੁਰਲਭ ਹੈ, ਪਰ ਪਰਮਾਤਮਾ ਤੋਂ ਵਿਛੜੇ ਮਨੁੱਖ ਦੀ ਸਥਿਤੀ ਬਹੁਤ ਦੁਖਦਾਇਕ ਹੈ। ਅਜਿਹੇ ਮਨੁੱਖ ਨੂੰ ਗੁਰੂਆਂ ਨੇ ‘ਮਨਮੁਖ ’ ਕਿਹਾ ਹੈ। ਪਰ ਜੋ ਪੁਰਸ਼ ਗੁਰੂ ਦੀ ਸਿਖਿਆ ਅਨੁਸਾਰ ਚਲਦਾ ਹੈ, ਉਹ ‘ਗੁਰਮੁਖ ’ ਹੈ। ਇਸ ਵਿਅਕਤੀ ਦੇ ਚਰਿਤ੍ਰ ਰਾਹੀਂ ਉਦਾਤ ਮਾਨਵ ਵਿਅਕਤਿਤਵ ਦੀ ਸਥਾਪਨਾ ਕੀਤੀ ਗਈ ਹੈ। ਅਜਿਹਾ ਵਿਅਕਤੀ ਹਰ ਇਕ ਦੇਸ਼ ਅਤੇ ਕਾਲ ਵਿਚ ਆਪਣਾ ਵਿਸ਼ਿਸ਼ਟ ਸਮਾਜਿਕ ਅਤੇ ਧਾਰਮਿਕ ਮਹੱਤਵ ਰਖਦਾ ਹੈ। ਸਚ ਤਾਂ ਇਹ ਹੈ ਕਿ ਅਜਿਹੇ ਵਿਅਕਤਿਤਵ ਦਾ ਅਨੁਸਰਣ ਹੀ ਮਾਨਵਤਾ ਦੇ ਉੱਧਾਰ ਅਤੇ ਵਿਕਾਸ ਦਾ ਇਕ-ਮਾਤ੍ਰ ਉਪਾ ਹੈ।

ਇਸ ਗ੍ਰੰਥ ਵਿਚ ਸ੍ਰਿਸ਼ਟੀ ਦਾ ਰਚੈਤਾ ਅਤੇ ਸੰਚਾਲਕ ਪਰਮਾਤਮਾ ਨੂੰ ਮੰਨਿਆ ਗਿਆ ਹੈ। ਉਹ ਇਸ ਦਾ ਉਪਾਦਾਨ ਕਾਰਣ ਹੀ ਨਹੀਂ, ਨਿਮਿਤ ਕਾਰਣ ਵੀ ਹੈ। ਸਾਰੀ ਸ੍ਰਿਸ਼ਟੀ ਉਸ ਦੇ ਵਿਸ਼ੇਸ਼ ਨਿਯਮ ਅਧੀਨ ਕ੍ਰਿਆਸ਼ੀਲ ਹੈ। ਸ੍ਰਿਸ਼ਟੀ ਦਾ ਰਚਨਾ-ਕਾਲ ਅਗਿਆਤ ਹੈ। ਇਸ ਕਾਲ ਨੂੰ ਜਾਣਨ ਦੇ ਸਮਰਥ ਕੇਵਲ ਪਰਮਾਤਮਾ ਆਪ ਹੈ। ਸ੍ਰਿਸ਼ਟੀ ਤੋਂ ਪਹਿਲਾਂ ਸੁੰਨ ਜਾਂ ਅਫੁਰ ਅਵਸਥਾ ਵਿਚੋਂ ਪਰਮਾਤਮਾ ਨੇ ਆਪਣੀ ਲੀਲਾ ਵੇਖਣ ਲਈ ਇਸ ਨੂੰ ਰਚਿਆ ਹੈ ਅਤੇ ਇਸ ਦੀ ਉਤਪੱਤੀ ਹੁਕਮ , ਓਅੰਕਾਰ ਅਤੇ ਹਉਮੈ ਤੋਂ ਹੋਈ ਹੈ। ਸ੍ਰਿਸ਼ਟੀ ਦਾ ਸਰੂਪ ਅਨੰਤ ਹੈ। ਇਸ ਦੀ ਅਨੰਤਤਾ ਨੂੰ ਇਸ ਦੇ ਰਚੈਤਾ ਤੋਂ ਇਲਾਵਾ ਹੋਰ ਕੋਈ ਨਹੀਂ ਜਾਣ ਸਕਦਾ। ਉਹ ਆਪਣੀ ਇੱਛਾ ਅਨੁਸਾਰ ਇਸ ਨੂੰ ਰਚਦਾ ਅਤੇ ਫਿਰ ਆਪਣੇ ਆਪ ਵਿਚ ਸਮੋ ਲੈਂਦਾ ਹੈ। ਪਰ ਇਸ ਦੀ ਵਿਲੀਨਤਾ ਦੇ ਸਹੀ ਸਮੇਂ ਨੂੰ ਵੀ ਉਹ ਪਰਮਾਤਮਾ ਆਪ ਹੀ ਜਾਣਦਾ ਹੈ।

            ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਜਗਤ ਨੂੰ ਸਤਿ ਵੀ ਮੰਨਿਆ ਹੈ ਅਤੇ ਅਸਤਿ ਵੀ। ਇਸ ਜਗਤ ਦਾ ਮੂਲਾਧਾਰ ਤੱਤ੍ਵ ਪਰਮਾਤਮਾ ਚੂੰਕਿ ਸਚਾ ਹੈ। ਇਸ ਲਈ ਜਗਤ ਸਚਾ ਹੈ— (1) ਆਪਿ ਸਤਿ ਕੀਆ ਸਭੁ ਸਤਿ (ਗੁ.ਗ੍ਰੰ. 284); (2) ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ (ਗੁ.ਗ੍ਰੰ.463)। ਪਰ ਇਹ ਸਤਿਅਤਾ ਪਰਮਾਰਥਿਕ ਸਤਿਅਤਾ ਨਹੀਂ, ਵਿਵਹਾਰਿਕ ਸਤਿਅਤਾ ਹੈ। ਪਰਮਾਰਥਿਕ ਸਤਿ ਤਾਂ ਕੇਵਲ ਪਰਮਾਤਮਾ ਹੈ। ਇਸ ਦ੍ਰਿਸ਼ਟੀ ਤੋਂ ਜਗਤ ‘ਅਸਤਿ’ ਹੈ। ਅਸਲੋਂ ਇਹ ਜਗਤ ਨਸ਼ਵਰ, ਮਿਥਿਆ , ਛਿਣ -ਮਾਤ੍ਰ ਅਤੇ ਬਾਜ਼ੀਗਰ ਦੀ ਬਾਜ਼ੀ ਵਾਂਗ ਅਸਥਾਈ ਹੈ— (1) ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ਕਹੁ ਨਾਨਕ ਥਿਰੁ ਨਾ ਰਹੇ ਜਿਉ ਬਾਲੂ ਕੀ ਭੀਤਿ (ਗੁ.ਗ੍ਰੰ. 1428); (2) ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ (ਗੁ.ਗ੍ਰੰ.721)।

ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦਾ ਮਾਇਆ ਸਿੱਧਾਂਤ ਅਦ੍ਵੈਤਵਾਦ ਤੋਂ ਬਹੁਤ ਹਟਿਆ ਹੋਇਆ ਨਹੀਂ ਹੈ। ਉਨ੍ਹਾਂ ਨੇ ਅਤੱਤ੍ਵ ਵਿਚ ਤੱਤ੍ਵ ਬੁੱਧੀ ਨੂੰ ਮਾਇਆ ਦਾ ਨਾਂ ਦਿੱਤਾ ਹੈ। ਜਗਤ ਅਤੇ ਜਗਤ ਦੇ ਸੰਪੂਰਣ ਸੰਬੰਧ ਮਾਇਆ ਦਾ ਪ੍ਰਸਾਰ ਹਨ। ਮਾਇਆ ਅਸੀਮ, ਵਿਭਚਾਰੀ, ਦ੍ਵੈਸ਼ੀ ਅਤੇ ਵਿਘਨਕਾਰਿਣੀ ਸ਼ਕਤੀ ਹੈ। ਸੂਫ਼ੀਆਂ ਦੇ ਸ਼ੈਤਾਨ ਵਾਂਗ ਇਹ ਅਧਿਆਤਮ ਸਾਧਨਾ ਵਿਚ ਵਾਧਕ ਵੀ ਹੈ। ਇਸ ਦੀ ਕੋਈ ਸੁਤੰਤਰ ਸੱਤਾ ਨਹੀਂ ਹੈ, ਇਹ ਪ੍ਰਭੂ ਦੇ ਅਧੀਨ ਹੈ। ਸੰਸਾਰ ਮਾਇਆ ਦਾ ਸਾਕਾਰ ਰੂਪ ਹੈ। ਕੁਦਰਤ ਇਸ ਦਾ ਸਮਸ਼ਟੀ ਰੂਪ ਹੈ ਅਤੇ ਪ੍ਰਾਣੀ ਵਿਅਸ਼ਟੀ ਰੂਪ। ਇਸ ਦਾ ਮਨ ਨਾਲ ਬੜਾ ਨਿਘਾ ਸੰਬੰਧ ਹੈ। ਮਨੋਵਿਕਾਰ ਇਸ ਦੀ ਸੰਤਾਨ ਹਨ। ਇਸ ਨੂੰ ਕੇਵਲ ਇਸ ਦਾ ਰਚੈਤਾ ਬ੍ਰਹਮ ਹੀ ਜਾਣ ਸਕਦਾ ਹੈ। ਮਾਇਆ ਦੇ ਨਾਲ ਨਾਲ ਕੁਦਰਤ ਦਾ ਵਰਣਨ ਵੀ ਖ਼ਾਸ ਕਰਕੇ ਸਿੱਖ-ਗੁਰੂਆਂ ਦੀ ਬਾਣੀ ਵਿਚ ਹੋਇਆ ਹੈ। ਕੁਦਰਤ ਆਪਣੇ ਕਾਦਰ ਰਾਹੀਂ ਨਿਰਮਿਤ, ਵਿਵਹਾਰਿਕ ਰੂਪ ਵਿਚ ਸਚੀ , ਪਰ ਪ੍ਰਭੂ ਆਸ਼੍ਰਿਤ ਅਜਿਹੀ ਵਿਸਮਾਦਪੂਰਣ ਸੱਤਾ ਹੈ ਜੋ ਪਰਮਾਤਮਾ ਦੀ ਵਿਆਪਤੀ ਦਾ ਖੇਤਰ , ਬੈਠਣ ਲਈ ਤਖ਼ਤ , ਪੂਜਾ ਲਈ ਆਰਤੀ ਦੀ ਸਾਮਗ੍ਰੀ ਅਤੇ ਮਨੋਰੰਜਨ ਲਈ ਰਾਸ ਹੈ। ਇਸ ਦੇ ਰਹੱਸ ਨੂੰ ਕੇਵਲ ਪਰਮਾਤਮਾ ਹੀ ਜਾਣਦਾ ਹੈ। ਇਸ ਦੀ ਸਾਂਖੑਯ-ਮਤ ਦੀ ਪ੍ਰਕ੍ਰਿਤੀ ਨਾਲੋਂ ਸਰਬ-ਪ੍ਰਮੁਖ ਭਿੰਨਤਾ ਇਹ ਹੈ ਕਿ ਇਹ ਪ੍ਰਭੂ-ਆਸ਼੍ਰਿਤ ਹੈ ਅਤੇ ਸਾਂਖੑਯਵਾਦੀ ਪ੍ਰਕ੍ਰਿਤੀ ਦੇ ਵਿਪਰੀਤ ਇਸ ਦੀ ਕੋਈ ਸੁਤੰਤਰ ਸੱਤਾ ਨਹੀਂ ਹੈ।

            ਗੁਰੂ ਗ੍ਰੰਥ ਸਾਹਿਬ ਵਿਚ ਮੁਕਤੀ ਨੂੰ ਪਰਮਾਤਮਾ ਵਿਚ ਇਕਮਿਕਤਾ ਜਾਂ ਪੂਰਣ-ਲੀਨਤਾ ਦੀ ਭਾਵਨਾ ਮੰਨਿਆ ਗਿਆ ਹੈ। ਜਦ ਅਗਿਆਨ ਦਾ ਪਰਦਾ ਹਟ ਜਾਂਦਾ ਹੈ ਤਾਂ ਪਹਿਲਾਂ ਤੋਂ ਪ੍ਰਾਪਤ ਵਸਤੂ ਪ੍ਰਾਪਤ ਹੋ ਜਾਂਦੀ ਹੈ। ਇਸ ਗ੍ਰੰਥ ਦੇ ਬਾਣੀਕਾਰ ਬੈਕੁੰਠ-ਗਵਨ ਵਾਲੀ ਮੁਕਤੀ ਵਿਚ ਵਿਸ਼ਵਾਸ ਨਹੀਂ ਰਖਦੇ ਕਿਉਂਕਿ ਉਨ੍ਹਾਂ ਦੀ ਪ੍ਰਮੁਖ ਅਭਿਲਾਸ਼ਾ ਜਾਂ ਮੰਗ ਬੈਕੁੰਠ ਵਾਲੀ ਮੁਕਤੀ ਨਹੀਂ, ਸਗੋਂ ਪ੍ਰਭੂ ਦਾ ਦਰਸ਼ਨ ਜਾਂ ਸਾਖਿਆਤਕਾਰ ਅਤੇ ਉਸ ਉਪਰੰਤ ਆਤਮ-ਸਮਰਪਣ ਹੈ। ਇਸ ਦੇ ਸਾਹਮਣੇ ਬਾਕੀ ਸਭ ਕੁਝ ਤੁਛ ਜਾਂ ਵਿਅਰਥ ਹੈ। ਅਸਲੋਂ ਅਦ੍ਵੈਤ ਅਵਸਥਾ ਹੀ ਗੁਰੂ ਗ੍ਰੰਥ ਸਾਹਿਬ ਅਨੁਸਾਰ ‘ਮੁਕਤੀ’ ਹੈ। ਇਹ ਮੁਕਤੀ ਬਾਹਰਲੇ ਕਰਮ-ਕਾਂਡਾਂ ਰਾਹੀਂ ਪ੍ਰਾਪਤ ਨਹੀਂ ਹੁੰਦੀ। ਇਸ ਲਈ ਪਰਮਾਤਮਾ ਦਾ ਹੁਕਮ ਜਾਂ ਭਾਣਾ ਮੰਨਣਾ ਪਰਮ-ਆਵੱਸ਼ਕ ਹੈ ਅਤੇ ਪ੍ਰਭੂ ਦੀ ਕ੍ਰਿਪਾ- ਦ੍ਰਿਸ਼ਟੀ ਦੁਆਰਾ ਹੀ ਉਹ ਪ੍ਰਾਪਤ ਹੁੰਦੀ ਹੈ। ਗੁਰੂ, ਗੁਰੂ- ਸ਼ਬਦ, ਗੁਰੂ-ਸੇਵਾ ਅਤੇ ਭਾਉ-ਭਗਤੀ ਦਾ ਮੁਕਤੀ- ਪ੍ਰਾਪਤੀ ਵਿਚ ਮਹੱਤਵਪੂਰਣ ਸਥਾਨ ਹੈ। ਹਉਮੈ ਦਾ ਤਿਆਗ ਅਤੇ ਸਾਧ-ਸੰਗਤਿ ਦੀ ਸ਼ਰਣ ਮੁਕਤੀ ਲਈ ਆਧਾਰਭੂਤ ਆਵੱਸ਼ਕਤਾਵਾਂ ਹਨ।

            ਮੁਕਤੀ ਮਰਣ ਉਪਰੰਤ ਪ੍ਰਾਪਤ ਹੋਣ ਵਾਲੀ ਕੋਈ ਵਸਤੂ ਨਹੀਂ, ਜੀਵਿਤ ਅਵਸਥਾ ਵਿਚ ਹੀ ਇਸ ਦੀ ਪ੍ਰਾਪਤੀ ਸੰਭਵ ਹੋ ਸਕਦੀ ਹੈ ਅਤੇ ਅਜਿਹੇ ਸਾਧਕ ਨੂੰ ‘ਜੀਵਨ-ਮੁਕਤ ’ ਕਿਹਾ ਗਿਆ ਹੈ। ਜੀਵਨ-ਮੁਕਤ ਵਿਅਕਤੀ ਮਾਨਤਾ ਦੇ ਕਲਿਆਣ ਲਈ ਬਹੁਤ ਉਪਯੋਗੀ ਹੈ। ਅਜਿਹੀ ਧਾਰਣਾ ਮੁਕਤੀ-ਪਰੰਪਰਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦੀ ਮੌਲਿਕ ਦੇਣ ਹੈ। ਆਧੁਨਿਕ ਯੁਗ ਵਿਚ ਵੀ ਤ੍ਰਸਤ ਅਤੇ ਪੀੜਿਤ ਮਾਨਵਤਾ ਨੂੰ ਸੁਖੀ ਬਣਾਉਣ ਲਈ ਜੀਵਨ-ਮੁਕਤ ਵਿਅਕਤੀ ਬਹੁਤ ਮਹੱਤਵਪੂਰਣ ਯੋਗਦਾਨ ਦੇ ਸਕਦਾ ਹੈ। ਗੁਰੂਆਂ ਦਾ ਆਦਰਸ਼ ਪੁਰਸ਼ ‘ਗੁਰਮੁਖ’ ਅਸਲ ਵਿਚ ਜੀਵਨ- ਮੁਕਤ ਵਿਅਕਤੀ ਦਾ ਉਜਲਾ ਨਮੂਨਾ ਹੈ।

            ਗੁਰੂ ਗ੍ਰੰਥ ਸਾਹਿਬ ਵਿਚ ਪ੍ਰਤਿਪਾਦਿਤ ਬ੍ਰਹਮ, ਜੀਵਾਤਮਾ, ਸ੍ਰਿਸ਼ਟੀ ਅਤੇ ਮੁਕਤੀ ਦੇ ਸਰੂਪ ਨੂੰ ਵੇਖਦਿਆਂ ਇਹ ਪ੍ਰਸ਼ਨ ਸੁਭਾਵਿਕ ਉਠਦਾ ਹੈ ਕਿ ਕੀ ਇਸ ਗ੍ਰੰਥ ਦੇ ਬਾਣੀਕਾਰਾਂ ਨੇ ਕਿਸੇ ਨਵੀਨ ਦਰਸ਼ਨ-ਪੱਧਤੀ ਦੀ ਸਥਾਪਨਾ ਕੀਤੀ ਹੈ ? ਉੱਤਰ ਸਪੱਸ਼ਟ ਹੈ ਕਿ ਉਹ ਬਾਣੀਕਾਰ ਦਰਸ਼ਨ ਆਚਾਰਯ ਨਹੀਂ ਸਨ ਅਤੇ ਨ ਹੀ ਉਨ੍ਹਾਂ ਨੇ ਦਾਰਸ਼ਨਿਕ ਬਣਨ ਦਾ ਯਤਨ ਵੀ ਕੀਤਾ ਸੀ। ਕੁਲ ਮਿਲਾ ਕੇ ਉਹ ਅਧਿਆਤਮਿਕ ਸਾਧਕ ਸਨ। ਪਰ ਕਈ ਵਾਰ ਉਨ੍ਹਾਂ ਦੀ ਅਧਿਆਤਮ-ਪ੍ਰਿਯਤਾ ਅਤੇ ਇਸ ਸੰਬੰਧੀ ਭਾਵਨਾਵਾਂ ਦੀ ਵਿਸਤ੍ਰਿਤ ਅਤੇ ਵਿਵਸਥਿਤ ਅਭਿਵਿਅਕਤੀ ਨੇ ਉਨ੍ਹਾਂ ਨੂੰ ਦਾਰਸ਼ਨਿਕਾਂ ਦੀ ਪੰਕਤੀ ਵਿਚ ਲਿਆ ਖੜਾ ਕੀਤਾ ਸੀ। ਗੁਰੂ ਅਤੇ ਸੰਤ ਲੋਕ ਅਜਿਹੇ ਸਾਰਗ੍ਰਾਹੀ ਮਹਾਤਮਾ ਸਨ ਜਿਨ੍ਹਾਂ ਨੇ ਉਹ ਸਭ ਕੁਝ ਅਪਣਾ ਲਿਆ ਜਿਸ ਨਾਲ ਭਵਸਾਗਰ ਵਿਚ ਡੁਬਦੀ ਹੋਈ ਮਾਨਵਤਾ ਦਾ ਉੱਧਾਰ ਹੋ ਸਕੇ।

ਗੁਰੂ ਸਾਹਿਬਾਨ ਅਤੇ ਸੰਤਾਂ ਨੇ ਪੂਰਬਵਰਤੀ ਵਖ ਵਖ ਜਟਿਲ ਸਿੱਧਾਂਤਾਂ ਨੂੰ ਆਪਣੀ ਅਲੌਕਿਕ ਪ੍ਰਤਿਭਾ ਦੇ ਸਾਂਚੇ ਵਿਚ ਢਾਲ ਕੇ ਅਤੇ ਆਪਣੇ ਦ੍ਰਿਸ਼ਟੀਕੋਣ ਦੀ ਪਾਣ ਚੜ੍ਹਾ ਕੇ ਸਹਿਜ ਅਤੇ ਮੌਲਿਕ ਰੂਪ ਦੇ ਦਿੱਤਾ। ਇਹੀ ਕਾਰਣ ਹੈ ਕਿ ਉਹ ਪੂਰਬਵਰਤੀ ਅਨੇਕ ਦਰਸ਼ਨ ਪੱਧਤੀਆਂ ਤੋਂ ਪ੍ਰਭਾਵਿਤ ਹੋ ਕੇ ਸਹਿਜ, ਸਰਲ ਅਤੇ ਮੌਲਿਕ ਪ੍ਰਤੀਤ ਹੁੰਦੇ ਹਨ। ਇਸ ਤਰ੍ਹਾਂ ਉਹ ਭਾਰਤੀ ਅਤੇ ਅਭਾਰਤੀ ਸਾਰੀਆਂ ਚਿੰਤਨ-ਪ੍ਰਣਾਲੀਆਂ ਤੋਂ ਕੁਝ ਨ ਕੁਝ ਲੈ ਕੇ ਉਸ ਨੂੰ ਨਵੀਨ ਵਿਚਾਰਧਾਰਾ ਦੀ ਮਾਲਾ ਵਿਚ ਪਰੋਣ ਦਾ ਯਤਨ ਕਰਦੇ ਹਨ। ਪਰ ਉਨ੍ਹਾਂ ਦੀ ਦਾਰਸ਼ਨਿਕ ਪੱਧਤੀ ਕਿਸ ਮਤ ਦੇ ਅਧਿਕ ਨੇੜੇ ਹੈ ਅਤੇ ਉਸ ਨੂੰ ਕਿਹੜਾ ਨਾਂ ਦਿੱਤਾ ਜਾ ਸਕਦਾ ਹੈ ? ਇਨ੍ਹਾਂ ਦੋਹਾਂ ਪ੍ਰਸ਼ਨਾਂ ਦਾ ਉੱਤਰ ਦੇਣਾ ਸਰਲ ਨਹੀਂ ਹੈ। ਪਰ ਫਿਰ ਵੀ ਗੰਭੀਰ ਅਧਿਐਨ ਤੋਂ ਪ੍ਰਤੀਤ ਹੁੰਦਾ ਹੈ ਕਿ ਉਹ ਬਾਣੀਕਾਰ ਵੇਦਾਂਤ ਦੇ ਜ਼ਿਆਦਾ ਨੇੜੇ ਹਨ। ਮੱਧ -ਯੁਗ ਤਕ ਪਹੁੰਚ ਕੇ ਵੇਦਾਂਤ ਦੇ ਵੀ ਅਗੋਂ ਕਿਤਨੇ ਸੰਪ੍ਰਦਾਇ ਪ੍ਰਚਲਿਤ ਹੋ ਗਏ ਜਿਵੇਂ ਅਦ੍ਵੈਤਵਾਦ, ਵਿਸ਼ਿਸ਼ਟ- ਅਦ੍ਵੈਤ- ਵਾਦ, ਭੇਦਾਭੇਦਵਾਦ, ਦ੍ਵੈਤਵਾਦ, ਸ਼ੁੱਧ-ਅਦ੍ਵੈਤਵਾਦ ਆਦਿ। ਇਨ੍ਹਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਵੇਦਾਂਤ ਦੇ ਅਦ੍ਵੈਤਵਾਦੀ ਦ੍ਰਿਸ਼ਟੀਕੋਣ ਦੇ ਕੇਵਲ ਕੁਝ ਨੇੜੇ ਕਹੇ ਜਾ ਸਕਦੇ ਹਨ, ਕਿਉਂਕਿ ਇਹ ਅਦ੍ਵੈਤਵਾਦ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਪੂਰੀ ਤਰ੍ਹਾਂ ਨਹੀਂ ਅਪਣਾਉਂਦੇ; ਨ ਇਹ ਵੇਦ ਨੂੰ ਪ੍ਰਮਾਣ ਮੰਨਦੇ ਹਨ; ਨ ਇਨ੍ਹਾਂ ਪਾਸ ਸਗੁਣ ਬ੍ਰਹਮ ਦੇ ਅਵਤਾਰਵਾਦੀ ਰੂਪ ਦਾ ਕੁਝ ਮਹੱਤਵ ਹੈ; ਨ ਇਹ ਗਿਆਨ ਅਤੇ ਤਰਕ ਨੂੰ ਸਿੱਧਾਂਤ-ਵਿਸ਼ਲੇਸ਼ਣ ਲਈ ਆਧਾਰ ਬਣਾਉਂਦੇ ਹਨ ਅਤੇ ਨ ਹੀ ਇਸ ਗ੍ਰੰਥ ਵਿਚ ਕਿਤੇ ਵਰਣਾਸ਼੍ਰਮ ਵਿਧਾਨ ਨੂੰ ਸਵੀਕਾਰ ਕੀਤਾ ਗਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1983, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.