ਗੁਲਾਬਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਲਾਬਾ. ਮਾਛੀਵਾੜੇ (ਜਿਲਾ ਲੁਦਿਆਨੇ) ਦਾ ਵਸਨੀਕ ਇੱਕ ਖਤ੍ਰੀ ਸਿੱਖ , ਜੋ ਮਸੰਦੀ ਤ੍ਯਾਗਕੇ ਕਿਰਤ ਕਰਦਾ ਸੀ. ਚਮਕੌਰ ਦੇ ਕਿਲੇ ਤੋਂ ਚਲਕੇ ਦਸ਼ਮੇਸ਼ ਇਸ ਦੇ ਘਰ ਸੰਮਤ ੧੭੬੧ ਵਿੱਚ ਠਹਿਰੇ. ਇਸ ਦਾ ਭਾਈ ਪੰਜਾਬਾ ਭੀ ਉਸ ਸਮੇਂ ਸੇਵਾ ਵਿੱਚ ਹਾਜ਼ਿਰ ਰਿਹਾ. ਉੱਚਪੀਰ ਦਾ ਲਿਬਾਸ ਇਸੇ ਦੇ ਘਰ ਪਹਿਰਿਆ ਸੀ. ਦੇਖੋ, ਮਾਛੀਵਾੜਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2238, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਲਾਬਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਲਾਬਾ: ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਨਗਰ ਦਾ ਇਕ ਮਸੰਦ ਜੋ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮਸੰਦ-ਪ੍ਰਥਾ ਖ਼ਤਮ ਕਰਨ ਤੋਂ ਬਾਦ, ਆਪਣੇ ਪਿੰਡ ਵਿਚ ਰਹਿਣ ਲਗ ਗਿਆ। ਚਮਕੌਰ ਦੀ ਗੜ੍ਹੀ ਛਡਣ ਤੋਂ ਬਾਦ ਗੁਰੂ ਜੀ ਆਪਣੇ ਤਿੰਨ ਸਿੱਖਾਂ ਸਹਿਤ ਮਾਛੀਵਾੜੇ ਵਲ ਆ ਗਏ। ਗੁਲਾਬੇ ਨੇ ਉਨ੍ਹਾਂ ਨੂੰ ਨਗਰ ਤੋਂ ਬਾਹਰ ਜੰਗਲ ਵਿਚ ਬੈਠਿਆਂ ਵੇਖਿਆ ਅਤੇ ਬੜੀ ਸ਼ਰਧਾ ਨਾਲ ਘਰ ਲਿਆ ਕੇ ਚੌਬਾਰੇ ਵਿਚ ਠਹਿਰਾਇਆ। ਇਸ ਨੇ ਦੋ ਪਠਾਣਾਂ—ਗ਼ਨੀ ਖ਼ਾਨ ਅਤੇ ਨਬੀ ਖ਼ਾਨ—ਦੀ ਸਹਾਇਤਾ ਨਾਲ ਗੁਰੂ ਜੀ ਨੂੰ ‘ਉਚ ਕਾ ਪੀਰ ’ ਬਣਾ ਕੇ ਮੁਗ਼ਲ ਫ਼ੌਜ ਦੇ ਘੇਰੇ ਵਿਚੋਂ ਕਢਿਆ। ਇਸ ਦਾ ਘਰ ਹੁਣਗੁਰਦੁਆਰਾ ਚੌਬਾਰਾ ਸਾਹਿਬ’ ਦੇ ਨਾਂ ਨਾਲ ਪ੍ਰਸਿੱਧ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2208, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੁਲਾਬਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਲਾਬਾ: ਭੂਤਪੂਰਵ ਮਸੰਦ ਜਾਂ ਸਥਾਨਿਕ ਸੰਗਤ ਦਾ ਆਗੂ , ਜੋ ਗੁਰੂ ਗੋਬਿੰਦ ਸਿੰਘ ਦੁਆਰਾ 1698- 99 ਵਿਚ ਮਸੰਦ ਪ੍ਰਥਾ ਖ਼ਤਮ ਕਰਨ ਤੋਂ ਬਾਅਦ, ਅਜੋਕੇ ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਮਾਛੀਵਾੜਾ ਵਿਚ ਆ ਕੇ ਵੱਸ ਗਿਆ ਸੀ। ਇਸਨੇ ਗੁਰੂ ਜੀ ਦੀ ਅਤੇ ਉਹਨਾਂ ਦੇ ਤਿੰਨ ਸਾਥੀਆਂ ਦੀ ਚਮਕੌਰ ਦੇ ਯੁੱਧ (ਦਸੰਬਰ 1705) ਤੋਂ ਬਾਅਦ ਬਾਹਰ ਆਉਣ ‘ਤੇ ਈਮਾਨਦਾਰੀ ਨਾਲ ਸੇਵਾ ਕੀਤੀ ਸੀ। ਗੁਲਾਬਾ ਉਹਨਾਂ ਨੂੰ ਮਾਛੀਵਾੜੇ ਤੋਂ ਬਾਹਰ ਜੰਗਲਾਂ ਵਿਚ ਮਿਲਿਆ ਸੀ ਅਤੇ ਇਹ ਉਹਨਾਂ ਨੂੰ ਆਪਣੇ ਪਿੰਡ ਵਿਚਲੇ ਘਰ ਵਿਚ ਲੈ ਆਇਆ ਅਤੇ ਉੱਪਰ ਚੌਬਾਰੇ ਵਿਚ ਠਹਿਰਾ ਦਿੱਤਾ ਸੀ। ਉਹਨਾਂ ਨੂੰ ਭੋਜਨ ਛਕਾਇਆ ਅਤੇ ਦੋ ਪਠਾਨਾਂ (ਦੇਖੋ ਗ਼ਨੀ ਖ਼ਾਨ) ਦੀ ਸਹਾਇਤਾ ਨਾਲ ਉਹਨਾਂ ਦਾ ਅੱਗੇ ਸੁਰੱਖਿਅਤ ਜਾਣ ਦਾ ਪ੍ਰਬੰਧ ਕੀਤਾ। ਮਾਛੀਵਾੜਾ ਵਿਖੇ, ਗੁਲਾਬਾ ਦੇ ਘਰ ਵਾਲੇ ਅਸਥਾਨ ਨੂੰ ਅੱਜ-ਕਲ੍ਹ ‘ਗੁਰਦੁਆਰਾ ਚੌਬਾਰਾ ਸਾਹਿਬ’ ਵਜੋਂ ਜਾਣਿਆ ਜਾਂਦਾ ਹੈ।


ਲੇਖਕ : ਪ.ਸ.ਪ ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2208, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਲਾਬਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁਲਾਬਾ : ਇਹ ਮਾਛੀਵਾੜੇ (ਜ਼ਿਲ੍ਹਾ ਲੁਧਿਆਣੇ) ਦਾ ਵਸਨੀਕ ਇਕ ਖੱਤਰੀ ਸਿੱਖ ਸੀ। ਸੰਮਤ 1761 (ਸੰਨ 1704) ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਤੋਂ ਚਲ ਕੇ ਇਸ ਦੇ ਘਰ ਠਹਿਰੇ। ਗੁਰੂ ਜੀ ਨੇ ਉਚ ਦੇ ਪੀਰ ਵਾਲਾ ਨੀਲਾ ਲਿਬਾਸ ਇਸ ਦੇ ਘਰ ਹੀ ਪਹਿਨਿਆ ਸੀ ਅਤੇ ਉਚ ਦੇ ਪੀਰ ਬਣੇ ਸਨ।

ਗੁਲਾਬੇ ਦੇ ਬਾਗ ਵਿਚ ਜਿਥੇ ਗੁਰੂ ਜੀ ਘਰ ਜਾਣ ਤੋਂ ਪਹਿਲਾਂ ਠਹਿਰੇ ਸਨ ਅਤੇ ਜਿਸ ਥਾਂ ਭਾਈ ਧਰਮ ਸਿੰਘ, ਮਾਨ ਸਿੰਘ ਅਤੇ ਦਇਆ ਸਿੰਘ ਜੀ ਚਮਕੌਰ ਤੋਂ ਆ ਕੇ ਗੁਰੂ ਜੀ ਨੂੰ ਮਿਲੇ ਸਨ, ਉਥੇ ਗੁਰਦੁਆਰਾ ਬਣਿਆ ਹੋਇਆ ਹੈ ਜੋ ਕਸਬੇ ਤੋਂ 2 ਕਿ. ਮੀ. ਪੂਰਬ ਵੱਲ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1238, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-12-06-32, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 423. 961

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.