ਗੋਰਖਨਾਥ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੋਰਖਨਾਥ: ਇਹ ਉੱਤਰੀ ਭਾਰਤ ਦਾ ਉਹ ਸਸ਼ਕਤ ਧਰਮ-ਸਾਧਕ ਸੀ ਜਿਸ ਨੇ ਆਪਣੇ ਪ੍ਰਤਾਪ ਨਾਲ ਕਾਬੁਲ ਤੋਂ ਬੰਗਾਲ ਤਕ ਯੋਗ-ਮਤ ਦਾ ਦ੍ਰਿੜ੍ਹਤਾ ਪੂਰਵਕ ਪ੍ਰਚਾਰ ਕੀਤਾ। ਇਸ ਵਿਚ ਸ਼ਕ ਨਹੀਂ ਕਿ ਮਛੰਦ੍ਰਨਾਥ ਨੂੰ ਯੋਗਮਤ ਦਾ ਮੋਢੀ ਮੰਨਿਆ ਜਾਂਦਾ ਹੈ, ਪਰ ਇਸ ਮਤ ਨੂੰ ਵਿਕਸਿਤ ਹੋਣ ਵਿਚ ਮੁੱਖ ਯੋਗਦਾਨ ਗੋਰਖਨਾਥ ਦਾ ਹੈ। ਇਸ ਲਈ ਕਈ ਵਾਰ ਨਾਥ-ਮਤ ਨੂੰ ਗੋਰਖ-ਮਤ ਵੀ ਕਹਿ ਦਿੱਤਾ ਜਾਂਦਾ ਹੈ। ਖੇਦ ਦੀ ਗੱਲ ਹੈ ਕਿ ਇਸ ਸਾਧਕ ਦੇ ਜੀਵਨ ਬਾਰੇ ਕੋਈ ਪ੍ਰਮਾਣਿਕ ਸਾਮਗ੍ਰੀ ਉਪਲਬਧ ਨਹੀਂ ਹੈ। ਜੋ ਕੁਝ ਮਿਲਦਾ ਹੈ ਉਸ ਨੂੰ ਰਵਾਇਤਾਂ ਤੋਂ ਬਿਨਾ ਕੁਝ ਨਹੀਂ ਕਿਹਾ ਜਾ ਸਕਦਾ। ਪਰ ਉਸ ਦੀ ਸਥਾਨ-ਪੂਰਤੀ ਕਿਸੇ ਹੋਰ ਸਾਧਨ ਰਾਹੀਂ ਨ ਹੋ ਸਕਣ ਕਾਰਣ ਉਸੇ ਨੂੰ ਆਧਾਰ ਬਣਾਉਣਾ ਪੈਂਦਾ ਹੈ।

            ਗੋਰਖਨਾਥ ਦੇ ਜਨਮ-ਸਥਾਨ ਬਾਰੇ ਇਕ ਇਹ ਧਾਰਣਾ ਪ੍ਰਚਲਿਤ ਹੈ ਕਿ ਇਨ੍ਹਾਂ ਦਾ ਜਨਮ ਰਾਵਲਪਿੰਡੀ ਦੀ ਤਹਿਸੀਲ ਗੁਜਰਖ਼ਾਨ ਦੇ ਕਿਸੇ ਪਿੰਡ ਵਿਚ ਹੋਇਆ ਸੀ ਅਤੇ ਇਹ ਅਧਿਕਤਰ ਪੰਜਾਬ ਦੀ ਧਰਤੀ ਉਤੇ ਵਿਚਰਿਆ ਸੀ। ਪਰ ਕੁਝ ਵਿਦਵਾਨ ਇਸ ਨੂੰ ਪੰਜਾਬ ਵਿਚ ਬਾਹਰੋਂ ਆਇਆ ਮੰਨਦੇ ਹਨ। ਇਸ ਦੀ ਜਾਤਿ ਨੂੰ ਕੋਈ ਨੀਵੀਂ ਦਸਦਾ ਹੈ, ਕੋਈ ਸੁਨਿਆਰਾ ਕਹਿੰਦਾ ਹੈ ਅਤੇ ਕੋਈ ਬ੍ਰਾਹਮਣ। ਅਸਲ ਵਿਚ, ਇਹ ਇਕ ਘੁਮੱਕੜ ਸਾਧ ਸੀ। ਕਿਸੇ ਇਕ ਥਾਂ ਟਿਕਣਾ ਉਸ ਲਈ ਸੰਭਵ ਨਹੀਂ ਸੀ। ਇਸ ਲਈ ਜਿਥੇ ਜਿਥੇ ਇਹ ਗਿਆ, ਇਸ ਦੇ ਨਾਂ ਨਾਲ ਸੰਬੰਧਿਤ ਸਥਾਨ ਅਥਵਾ ਧਾਮ ਕਾਇਮ ਹੋ ਗਏ ਅਤੇ ਸਮੇਂ ਦੇ ਬੀਤਣ ਨਾਲ ਕਈਆਂ ਸਥਾਨਾਂ ਨੂੰ ਇਨ੍ਹਾਂ ਦੇ ਜਨਮ-ਸਥਾਨ ਨਾਲ ਜੋੜ ਦਿੱਤਾ ਗਿਆ।

            ਗੋਰਖਨਾਥ ਦੇ ਸਮੇਂ ਬਾਰੇ ਵੀ ਵਿਦਵਾਨਾਂ ਵਿਚ ਮਤ-ਭੇਦ ਹੈ। ਅਨੇਕ ਪ੍ਰਕਾਰ ਦੇ ਅਨੁਮਾਨਾਂ, ਅਸਪੱਸ਼ਟ ਬਾਹਰਲੇ ਪ੍ਰਮਾਣਾਂ ਅਤੇ ਲੋਕ-ਰਵਾਇਤਾਂ ਦੇ ਆਧਾਰ’ਤੇ ਵਿਦਵਾਨਾਂ ਨੇ ਆਪਣੇ ਅੰਦਾਜ਼ੇ ਲਗਾਏ ਹਨ। ਇਨ੍ਹਾਂ ਸਾਰਿਆਂ ਮਤਾਂ ਦੇ ਆਧਾਰ’ਤੇ ਜੋ ਗੱਲ ਨਿਖੜ ਕੇ ਸਾਹਮਣੇ ਆਉਂਦੀ ਹੈ, ਉਹ ਇਹ ਕਿ ਗੋਰਖਨਾਥ ਦਸਵੀਂ-ਯਾਰ੍ਹਵੀਂ ਸਦੀ ਵਿਚ ਹੋਇਆ ਸੀ। ਇਹ ਮਛੰਦ੍ਰਨਾਥ ਦਾ ਚੇਲਾ ਸੀ ਜਾਂ ਛੋਟਾ ਗੁਰਭਾਈ, ਇਸ ਬਾਰੇ ਵੀ ਵਿਵਾਦ ਪ੍ਰਚਲਿਤ ਹੈ। ਜੋ ਵੀ ਹੋਏ, ਗੋਰਖਨਾਥ ਮਛੰਦ੍ਰਨਾਥ ਦੇ ਨਿਕਟ ਸੰਪਰਕ ਵਿਚ ਰਿਹਾ ਸੀ ਅਤੇ ਉਸ ਦਾ ਸਮਕਾਲੀ ਸੀ; ਉਮਰ ਵਿਚ ਉਸ ਤੋਂ ਛੋਟਾ ਸੀ। ਇਸ ਬਾਰੇ ਆਪਣੇ ਗੁਰੂ ਅਥਵਾ ਗੁਰਭਾਈ ਮਛੰਦ੍ਰਨਾਥ ਨੂੰ ਤ੍ਰਿਆ-ਜਾਲ ਤੋਂ ਮੁਕਤ ਕਰਾਉਣ ਦੀ ਸਾਖੀ ਵੀ ਪ੍ਰਚਲਿਤ ਹੈ।

            ਗੋਰਖਨਾਥ ਆਪਣੇ ਸਮੇਂ ਦਾ ਬੜਾ ਪ੍ਰਤਾਪੀ ਅਤੇ ਤੇਜਸਵੀ ਸਾਧਕ ਸੀ। ਇਸ ਨੇ ਸਾਰੇ ਭਾਰਤ, ਤਿੱਬਤ ਅਤੇ ਨੇਪਾਲ ਤਕ ਭ੍ਰਮਣ ਕੀਤਾ ਅਤੇ ਦ੍ਰਿੜ੍ਹ ਪ੍ਰਚਾਰ ਰਾਹੀਂ ਯੋਗ ਮਤ ਦਾ ਝੰਡਾ ਗਡਿਆ। ਕਈ ਰਾਜੇ ਵੀ ਇਸ ਤੋਂ ਪ੍ਰਭਾਵਿਤ ਹੋਏ ਅਤੇ ਆਪਣਾ ਰਾਜ-ਭਾਗ ਛਡ ਕੇ ਇਸ ਦੇ ਪਿਛੇ ਲਗ ਤੁਰੇ। ਉਂਜ ਤਾਂ ਸਾਰੇ ਭਾਰਤ ਦੇਸ਼ ਅਤੇ ਨਿਕਟ-ਵਰਤੀ ਦੇਸ਼ਾਂ ਵਿਚ ਇਸ ਦੇ ਨਾਂ ਨਾਲ ਸੰਬੰਧਿਤ ਸਥਾਨ ਅਥਵਾ ਧਾਮ ਮਿਲ ਜਾਂਦੇ ਹਨ, ਪਰ ਇਸ ਦਾ ਪ੍ਰਮੁਖ ਧਾਮ ਉਤਰ ਪ੍ਰਦੇਸ਼ ਦਾ ਗੋਰਖਪੁਰ ਨਗਰ ਹੈ। ਕਹਿੰਦੇ ਹਨ ਇਥੇ ਗੋਰਖਨਾਥ ਨੇ ਬਹੁਤ ਤਪਸਿਆ ਕੀਤੀ ਸੀ ਅਤੇ ਇਥੇ ਹੀ ਇਸ ਨੂੰ ਸਮਾਧੀ ਦਿੱਤੀ ਗਈ ਸੀ। ਇਥੇ ਹੁਣ ਕੰਨਪਾਟੇ ਸਾਧੂ ਰਹਿੰਦੇ ਹਨ।

            ਗੋਰਖਨਾਥ ਨੂੰ ਨੇਪਾਲ ਵਿਚ ਪਸ਼ੂਪਤਿ ਦਾ ਅਵਤਾਰ ਮੰਨਿਆ ਜਾਂਦਾ ਹੈ। ਅਨੇਕ ਥਾਂਵਾਂ ਉਤੇ ਇਸ ਦੇ ਨਾਂ ਨਾਲ ਸੰਬੰਧਿਤ ਆਸ਼੍ਰਮ ਬਣੇ ਹੋਏ ਹਨ। ਇਸ ਦੇ ਨਾਂ’ਤੇ ਸਿੱਕੇ ਵੀ ਪ੍ਰਚਲਿਤ ਰਹੇ ਹਨ। ਇਸ ਦੇ ਨਾਂ’ਤੇ ਹੀ ਨੇਪਾਲ ਵਾਸੀ ਗੋਰਖੇ ਅਖਵਾਉਣ ਲਗੇ ਹਨ।

ਗੋਰਖਨਾਥ ਦਾ ਵਿਅਕਤਿਤਵ ਯੁਗ-ਪੁਰਸ਼ ਵਾਲਾ ਸੀ। ਇਸ ਨੇ ਜਿਥੇ ਚਰਣ ਟੇਕ ਦਿੱਤੇ , ਜਨਤਾ ਨੇ ਉਸ ਮਿੱਟੀ ਨੂੰ ਵੀ ਮੱਥੇ ਉਤੇ ਲਾਇਆ। ਅਜਿਹਾ ਕਿਉਂ ਹੋਇਆ ? ਇਸ ਲਈ ਕਿ ਸਾਧਨਾ ਦੇ ਬਲ ’ਤੇ ਗੋਰਖਨਾਥ ਇਤਨਾ ਉੱਚਾ ਉਠ ਗਿਆ ਸੀ ਕਿ ਇਸ ਦੇ ਕਥਨ ਵਿਚ ਇਕ ਅਲੌਕਿਕ ਸ਼ਕਤੀ ਪੈਦਾ ਹੋ ਗਈ। ਇਸ ਨੇ ਜੋ ਕਹਿ ਦਿੱਤਾ, ਪੂਰਾ ਹੋ ਗਿਆ। ਇਸ ਲਈ ਇਸ ਦੇ ਨਾਂ ਨਾਲ ਅਨੇਕ ਚਮਤਕਾਰਪੂਰਣ ਘਟਨਾਵਾਂ ਜੁੜ ਗਈਆਂ। ਇਹ ਨਰ ਤੋਂ ਨਾਰਾਇਣ ਬਣਦਾ ਗਿਆ। ਆਪਣੀ ਮੰਤ੍ਰ-ਸ਼ਕਤੀ ਰਾਹੀਂ ਇਹ ਮਨੁੱਖਾਂ ਨੂੰ ਤਾਂ ਕੀ ਪਸ਼ੂਆਂ ਨੂੰ ਵੀ ਵਸ ਵਿਚ ਕਰ ਸਕਦਾ ਸੀ। ਗੋਰਖਨਾਥ ਲੋਕਾਂ ਦੇ ਸ਼ਰੀਰਿਕ ਕਸ਼ਟਾਂ ਦਾ ਵੀ ਨਿਵਾਰਣ ਕਰਦਾ ਰਹਿੰਦਾ ਸੀ। ਇਸ ਲਈ ਕਿਸੇ ਔਸ਼ੁਧੀ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ, ਸਗੋਂ ਸੁਆਹ ਦੀ ਚੁਟਕੀ ਹੀ ਸੰਜੀਵਨੀ ਦਾ ਰੂਪ ਧਾਰਣ ਕਰ ਲੈਂਦੀ ਸੀ।

            ਗੋਰਖਨਾਥ ਹਰ ਪ੍ਰਕਾਰ ਦੇ ਵਿਸ਼ਵਾਸਾਂ ਅਥਵਾ ਧਰਮਾਂ ਵਾਲਿਆਂ ਪ੍ਰਤਿ ਕਿਸੇ ਪ੍ਰਕਾਰ ਦਾ ਕੋਈ ਭੇਦ-ਭਾਵ ਨਹੀਂ ਸੀ ਰਖਦਾ। ਇਸ ਲਈ ਸਭ ਸਮਾਨ ਸਨ। ਇਹੀ ਕਾਰਣ ਹੈ ਕਿ ਇਸ ਦੇ ਅਨੁਯਾਈਆਂ ਵਿਚ ਹਰ ਵਿਸ਼ਵਾਸ ਵਾਲੇ ਲੋਕ ਸ਼ਾਮਲ ਸਨ। ਇਹ ਵਾਸਨਾਵਾਂ ਤੋਂ ਮੁਕਤ, ਚਿੱਤ- ਵ੍ਰਿੱਤੀਆਂ ਨੂੰ ਠਿਕਾਣੇ ਰਖਣ ਵਾਲਾ ਇਕ ਅਜਿਹਾ ਯੋਗੀ ਸੀ ਜਿਸ ਬਾਰੇ ਡਾ. ਹਜ਼ਾਰੀ ਪ੍ਰਸਾਦ ਦ੍ਵਿਵੇਦੀ (‘ਨਾਥ- ਸੰਪ੍ਰਦਾਇ ’, ਪੰਨਾ 106) ਦੀ ਸਥਾਪਨਾ ਹੈ ਕਿ ਬਿਕਰਮੀ ਸੰਮਤ ਦੀ ਦਸਵੀਂ ਸਦੀ ਵਿਚ ਭਾਰਤ-ਵਰਸ਼ ਦੇ ਮਹਾਨ ਗੁਰੂ ਗੋਰਖਨਾਥ ਦਾ ਜਨਮ ਹੋਇਆ। ਸ਼ੰਕਰਾਚਾਰਯ ਤੋਂ ਬਾਦ ਇਤਨਾ ਪ੍ਰਭਾਵਸ਼ਾਲੀ ਅਤੇ ਇਤਨਾ ਮਹਿਮਾਮਈ ਮਹਾਪੁਰਸ਼ ਭਾਰਤ-ਵਰਸ਼ ਵਿਚ ਦੂਜਾ ਨਹੀਂ ਹੋਇਆ। ਭਾਰਤ ਦੇ ਕੋਨੇ ਕੋਨੇ ਵਿਚ ਉਸ ਦੇ ਅਨੁਯਾਈ ਅਜ ਵੀ ਮਿਲ ਜਾਂਦੇ ਹਨ। ਭਗਤੀ ਅੰਦੋਲਨ ਤੋਂ ਪਹਿਲਾਂ ਸਭ ਨਾਲੋਂ ਸ਼ਕਤੀਸ਼ਾਲੀ ਧਾਰਮਿਕ ਅੰਦੋਲਨ ਗੋਰਖਨਾਥ ਦਾ ਯੋਗ-ਮਾਰਗ ਹੀ ਸੀ। ਭਾਰਤ-ਵਰਸ਼ ਦੀ ਕੋਈ ਵੀ ਅਜਿਹੀ ਭਾਸ਼ਾ ਨਹੀਂ ਹੈ ਜਿਸ ਵਿਚ ਗੋਰਖਨਾਥ ਬਾਰੇ ਕਹਾਣੀਆਂ ਨ ਮਿਲਦੀਆਂ ਹੋਣ। ਇਨ੍ਹਾਂ ਕਹਾਣੀਆਂ ਵਿਚ ਪਰਸਪਰ ਇਤਿਹਾਸਿਕ ਵਿਰੋਧ ਬਹੁਤ ਅਧਿਕ ਹਨ, ਪਰ ਫਿਰ ਵੀ ਇਨ੍ਹਾਂ ਤੋਂ ਇਕ ਗੱਲ ਅਤਿਅੰਤ ਸਪੱਸ਼ਟ ਹੋ ਜਾਂਦੀ ਹੈ— ਗੋਰਖਨਾਥ ਆਪਣੇ ਯੁਗ ਦਾ ਸਭ ਤੋਂ ਵੱਡਾ ਨੇਤਾ ਸੀ। ਉਸ ਨੇ ਜਿਸ ਧਾਤ ਨੂੰ ਛੋਹਿਆ, ਉਹੀ ਸੋਨਾ ਬਣ ਗਈ।

            ਗੋਰਖਨਾਥ ਧੁੰਨ ਦਾ ਪੱਕਾ ਅਤੇ ਆਪਣੀਆਂ ਮਾਨਤਾਵਾਂ ਉਤੇ ਪਹਿਰਾ ਦੇਣ ਵਾਲਾ ਸੀ। ਇਸ ਨੇ ਦ੍ਰਿੜ੍ਹਤਾ ਪੂਰਵਕ ਬ੍ਰਹਮਚਰਯ ਦਾ ਪਾਲਨ ਕੀਤਾ। ਅਜਿਹੇ ਸੰਜਮ ਵੇਲੇ ਕਈ ਵਾਰ ਇਹ ‘ਅਤੀਆ’ ਨੂੰ ਵੀ ਪਾਰ ਕਰ ਜਾਂਦਾ ਸੀ। ਇਸ ਦਾ ਸੁਭਾ ਘੁੰਮਣ-ਫਿਰਨ ਵਾਲਾ ਸੀ ਅਤੇ ਸਾਧਨਾ ਦੇ ਬਲ ਕਾਰਣ ਕੁਝ ਅੱਖੜ ਵੀ ਸੀ। ਯੋਗ-ਸਾਧਨਾ ਦੀ ਪਾਲਨਾ ਲਈ ਇਹ ਬਹੁਤ ਕਠੋਰ ਸੀ। ਇਸ ਬਾਰੇ ਇਹ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀਂ ਸੀ।

            ਗੋਰਖਨਾਥ ਨੇ ਆਪਣੇ ਵਿਚਾਰਾਂ ਨੂੰ ਕਾਵਿ-ਬੱਧ ਕੀਤਾ ਹੈ। ਇਸ ਦੇ ਨਾਂ’ਤੇ ਸੰਸਕ੍ਰਿਤ ਅਤੇ ਪੁਰਾਤਨ ਹਿੰਦੀ ਵਿਚ ਅਨੇਕ ਰਚਨਾਵਾਂ ਮਿਲਦੀਆਂ ਹਨ। ਕਾਵਿ-ਸਾਧਨਾ ਇਸ ਦਾ ਪੇਸ਼ਾ ਨਹੀਂ ਸੀ, ਬਸ ਮਨੋਭਾਵਾਂ ਨੂੰ ਪ੍ਰਗਟਾਉਣ ਦਾ ਸਾਧਨ ਸੀ। ਇਸ ਲਈ ਇਸ ਦੀਆਂ ਰਚਨਾਵਾਂ ਵਿਚ ਸੂਖਮ ਕਾਵਿ ਡੂੰਘਾਈਆਂ ਅਤੇ ਕਲਪਨਾਵਾਂ ਨ ਹੋਣ ਪਰ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਲਈ ਇਸ ਕੋਲ ਸਸ਼ਕਤ ਸ਼ੈਲੀ ਸੀ। ਕਈ ਵਾਰ ਉਹ ਸੰਕੇਤਿਕ ਅਥਵਾ ਪ੍ਰਤੀਕਾਤਮਕ ਸ਼ਬਦਾਵਲੀ ਦੀ ਵਰਤੋਂ ਕਰਕੇ ਲੋਕਾਂ ਨੂੰ ਹੈਰਾਨੀ ਵਿਚ ਪਾ ਦਿੰਦਾ ਸੀ, ਪਰ ਇਹ ਇਸ ਦੀ ਗੁੱਝੀ ਸਾਧਨਾ ਦਾ ਇਕ ਪੱਖ ਸੀ। ਇਸ ਦੀ ਉਪਲਬਧ ਬਾਣੀ ਨੂੰ ਡਾ. ਪੀਤਾਂਬਰ ਦੱਤ ਬੜਥਵਾਲ ਨੇ ‘ਗੋਰਖ ਬਾਨੀ ’ ਦੇ ਨਾਂ ਨਾਲ ਸੰਪਾਦਿਤ ਕੀਤਾ ਜੋ ਹਿੰਦੀ ਸਾਹਿਤੑਯ ਸੰਮੇਲਨ, ਪ੍ਰਯਾਗ ਨੇ ਸੰਨ 1942 ਈ. ਵਿਚ ਛਾਪ ਦਿੱਤੀ।

            ਗੋਰਖਨਾਥ ਨੇ ਨਾਥ-ਮਤ ਨੂੰ ਵਿਵਸਥਿਤ ਰੂਪ ਦੇਣ ਲਈ ਆਪਣੇ ਸਾਰੇ ਅਨੁਯਾਈਆਂ ਨੂੰ ਬਾਰ੍ਹਾਂ ਪੰਥਾਂ ਵਿਚ ਵੰਡਿਆ ਹੋਇਆ ਸੀ। ਉਸ ਦੇ ਪੰਥਾਂ ਦੇ ਨਾਂ ਇਸ ਪ੍ਰਕਾਰ ਹਨ—ਸਤੑਯਨਾਥੀ, ਧਰਮਨਾਥੀ, ਰਾਮ-ਪੰਥ, ਨਟੇਸ਼੍ਵਰੀ, ਕਨ੍ਹਣ, ਕਪਿਲਾਨੀ, ਵੈਰਾਗੀ , ਮਾਨ-ਨਾਥੀ, ਆਈ-ਪੰਥ, ਪਾਗਲ-ਪੰਥ, ਧਜ-ਪੰਥ ਅਤੇ ਗੰਗਾ-ਨਾਥੀ। ਗੋਰਖ- ਪੰਥੀਆਂ ਵਿਚ ਇਕ ਧਾਰਣਾ ਪ੍ਰਚਲਿਤ ਹੈ ਕਿ ਇਹ ਸ਼ਿਵ ਦਾ ਅਵਤਾਰ ਸੀ। ਸ਼ਿਵ ਨੂੰ ਆਦਿ-ਨਾਥ ਵੀ ਕਿਹਾ ਜਾਂਦਾ ਹੈ। ਆਦਿ-ਨਾਥ ਦਾ ਸ਼ਿਸ਼ ਮਛੰਦ੍ਰ-ਨਾਥ (ਮਤੑਸੑਯੇਂਦ੍ਰ ਨਾਥ) ਸੀ ਅਤੇ ਮਛੰਦ੍ਰ-ਨਾਥ ਦਾ ਸ਼ਿਸ਼ ਗੋਰਖਨਾਥ ਸੀ। ਪਰ ਸਮੇਂ ਦੇ ਬੀਤਣ ਨਾਲ ਗੋਰਖਨਾਥ ਦਾ ਵਿਅਕਤਿਤਵ ਇਤਨਾ ਗੋਰਵਮਈ ਹੋ ਗਿਆ ਕਿ ਸ਼ਿਵ ਜਾਂ ਮਛੰਦ੍ਰ-ਨਾਥ ਦਾ ਨਾਂ ਭੁਲਾ ਕੇ ਜੋਗੀ ਲੋਗ ਗੋਰਖਨਾਥ ਦਾ ਨਾਮ ਹੀ ਜਪਣ ਲਗ ਗਏ। ਇਸ ਤੱਥ ਵਲ ਸੰਕੇਤ ਕਰਦਿਆਂ ਗੁਰੂ ਰਾਮਦਾਸ ਜੀ ਨੇ ਕਿਹਾ ਹੈ—ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ਜੋਗੀ ਗੋਰਖੁ ਗੋਰਖੁ ਕਰਿਆ ਮੈ ਮੂਰਖ ਹਰਿ ਹਰਿ ਜਪੁ ਪੜਿਆ (ਗੁ.ਗ੍ਰੰ.163)।

            ਸਿੱਖ ਧਰਮ ਦੇ ਸੰਚਾਲਕ ਗੁਰੂ ਨਾਨਕ ਦੇਵ ਜੀ ਦੀ ਭੇਂਟ ਅਨੇਕ ਸਿੱਧਾਂ-ਯੋਗੀਆਂ ਨਾਲ ਹੋਈ ਸੀ। ਜਨਮ- ਸਾਖੀ ਸਾਹਿਤ ਵਿਚ ਅਨੇਕ ਗੋਸ਼ਟਾਂ ਅਤੇ ਸਿੱਧਾਂਤਿਕ ਸੰਵਾਦਾਂ ਦਾ ਵਰਣਨ ਹੋਇਆ ਮਿਲ ਜਾਂਦਾ ਹੈ। ਗੁਰਬਾਣੀ ਵਿਚ ਯੋਗ-ਮਤ ਦੀ ਪਰਿਭਾਸ਼ਿਕ ਸ਼ਬਦਾਵਲੀ ਦੀ ਖੁਲ੍ਹ ਕੇ ਵਰਤੋਂ ਹੋਈ ਹੈ। ਅਸਲ ਵਿਚ, ਸਿੱਖ ਧਰਮ ਸਹਿਜ ਸਾਧਨਾ ਦਾ ਪ੍ਰਚਾਰ ਕਰਦਾ ਹੋਇਆ ਹਠ-ਸਾਧਨਾ ਦਾ ਨਿਖੇਧ ਕਰਦਾ ਹੈ। ਬਾਬਾ ਸ੍ਰੀਚੰਦ ਦੁਆਰਾ ਚਲਾਏ ਉਦਾਸੀ ਮਤ ਵਿਚ ਸ੍ਰੀਚੰਦ ਨੂੰ ਗੋਰਖਨਾਥ ਦਾ ਅਵਤਾਰ ਮੰਨਿਆ ਜਾਂਦਾ ਹੈ। ਇਥੋਂ ਹੀ ਸਿੱਖ-ਮਤ ਅਤੇ ਗੋਰਖਮਤ ਵਿਚ ਇਕ ਅੰਤਰ- ਰੇਖਾ ਖਿਚੀ ਜਾਂਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6802, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

unable to download


Suraj, ( 2024/05/17 12:1312)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.