ਗੱਡੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੱਡੀ: ਅੰਗਰੇਜ਼ਾਂ ਦੀ ਆਮਦ ਨਾਲ ਭਾਰਤ ਵਿੱਚ ਨਵੀਂ ਤਕਨਾਲੋਜੀ ਦਾ ਪ੍ਰਵੇਸ਼ ਹੋਇਆ। ਉਸੇ ਵੇਲੇ ਗੱਡੀ/ਰੇਲ ਦੀ ਵਰਤੋਂ ਵੀ ਭਾਰਤ ਵਿੱਚ ਸ਼ੁਰੂ ਹੋਈ। ਗੱਡੀ ਦੀ ਚਾਲ ਅਤੇ ਚੱਲਣ ਦੇ ਢੰਗ ਤੋਂ ਪ੍ਰਭਾਵਿਤ ਹੋ ਕੇ ਕਵੀਸ਼ਰਾਂ ਨੇ ‘ਗੱਡੀ’ ਕਾਵਿ-ਰੂਪ ਨੂੰ ਈਜਾਦ ਕੀਤਾ ਅਤੇ ਬਾਅਦ ਵਿੱਚ ਇਸ ਕਾਵਿ-ਰੂਪ ਤੋਂ ਇਸ ਛੰਦ ਦੀ ਸਿਰਜਣਾ ਹੋਈ। ਗੱਡੀ ਚੱਲਣ ਲੱਗੇ ਧੱਕਾ ਜਿਹਾ ਲੱਗ ਕੇ ਥੋੜ੍ਹੀ ਅੱਗੇ ਜਾਂਦੀ ਹੈ, ਫਿਰ ਥੋੜ੍ਹੀ ਪਿੱਛੇ ਅਤੇ ਫਿਰ ਅੱਗੇ ਜਾਂਦੀ ਹੈ। ਇਸ ਉਪਰੰਤ ਹੀ ਉਸ ਦੀ ਚਾਲ ਤੇਜ਼ ਹੁੰਦੀ ਹੈ। ਬਿਲਕੁਲ ਉਸੇ ਤਰ੍ਹਾਂ ਹੀ ਇਸ ਕਾਵਿ-ਰੂਪ ਦੀ ਗਾਇਨ ਸ਼ੈਲੀ ਆਪਣੀ ਚਾਲ ਚੱਲਦੀ ਹੈ। ਗੱਡੀ ਕਾਵਿ- ਰੂਪ ਵੀ ਥੋੜ੍ਹੇ ਜਿਹੇ ਧੱਕੇ ਨਾਲ ਅਰੰਭ ਹੁੰਦਾ ਹੈ। ਫਿਰ ਪਿੱਛੇ ਤੇ ਫਿਰ ਅੱਗੇ ਨੂੰ ਜਾਂਦਾ ਹੋਇਆ ਗਤੀਸ਼ੀਲ ਰੂਪ ਗ੍ਰਹਿਣ ਕਰਦਾ ਹੈ। ਇਹੀ ਪ੍ਰਕਿਰਿਆ ਅੱਗੋਂ ਹਰ ਅੰਤਰੇ ਵਿੱਚ ਜਾਰੀ ਰਹਿੰਦੀ ਹੈ।

     ਪੰਜਾਬੀ ਦੇ ਲੋਕ ਕਾਵਿ-ਰੂਪਾਂ ਵਿੱਚੋਂ ‘ਗੱਡੀ’ ਇੱਕ ਪ੍ਰਸਿੱਧ ਰੂਪ ਹੈ। ਇਸ ਰਾਹੀਂ ਕਿਸੇ ਖ਼ਾਸ ਇਤਿਹਾਸਿਕ ਘਟਨਾ ਦਾ ਲੰਮਾ ਬਿਰਤਾਂਤ ਕਾਵਿ ਵਿੱਚ ਪੇਸ਼ ਕੀਤਾ ਜਾਂਦਾ ਹੈ। ਜਿਸ ਘਟਨਾ ਦਾ ਬਿਰਤਾਂਤ ਦੇਣਾ ਹੁੰਦਾ ਹੈ, ਪਹਿਲਾਂ ਉਸ ਘਟਨਾ ਬਾਰੇ ਆਗੂ ਕਵੀਸ਼ਰ ਵੱਲੋਂ ਭੂਮਿਕਾ ਬੰਨ੍ਹੀ ਜਾਂਦੀ ਹੈ ਕਿ ਉਹ ਕਿਸ ਘਟਨਾ ਨੂੰ ਆਪਣੀ ਰਚਨਾ ਦਾ ਆਧਾਰ ਬਣਾਉਣ ਲੱਗੇ ਹਨ। ਉਪਰੰਤ ਆਪਣੇ ਜਥੇ ਦੇ ਕਵੀਸ਼ਰਾਂ ਬਾਰੇ ਦੱਸਦੇ ਹਨ ਕਿ ਉਹਨਾਂ ਦਾ ਨਾਂ ਕੀ-ਕੀ ਹੈ ਅਤੇ ਉਹ ਕਿਸ ਸਥਾਨ ਨਾਲ ਸੰਬੰਧ ਰੱਖਦੇ ਹਨ। ਫਿਰ ਉਹ ਸੰਬੰਧਿਤ ਘਟਨਾ ਨੂੰ ਬਿਆਨ ਕਰਦੇ ਹਨ ਅਤੇ ਅਖੀਰ `ਤੇ ਘਟਨਾ ਦਾ ਸਿੱਟਾ ਜਾਂ ਉਸ ਵਿਚਲੀ ਸਚਾਈ ਨੂੰ ਪੇਸ਼ ਕਰਦੇ ਹਨ। ਪੱਤਲ, ਝੇੜੇ ਅਤੇ ਕਿੱਸਿਆਂ ਵਾਂਗ ਇਸ ਕਾਵਿ-ਰੂਪ ਦੀ ਵੀ ਕਵੀਸ਼ਰਾਂ ਨੇ ਵਰਤੋਂ ਕੀਤੀ। ਪੱਤਲ ਤੋਂ ਬਿਨਾਂ ਇਹ ਤਿੰਨੇ ਕਾਵਿ-ਰੂਪ ਅਖਾੜਿਆਂ ਵਿੱਚ, ਦਿਵਾਨਾਂ ਵਿੱਚ ਜਾਂ ਕਿਸੇ ਤੀਜ ਤਿਉਹਾਰ `ਤੇ ਲੋਕਾਂ ਦੇ ਸਮੂਹ ਸਾਮ੍ਹਣੇ ਸਟੇਜ ਤੋਂ ਪੇਸ਼ ਕੀਤੇ ਜਾਂਦੇ ਸਨ। ਇਸ ਕਾਵਿ-ਰੂਪ ਦਾ ਆਪਣਾ ਵਿਧੀ- ਵਿਧਾਨ ਹੁੰਦਾ ਹੈ। ਪੰਦਰਾਂ-ਵੀਹ ਜਾਂ ਇਸ ਤੋਂ ਵੀ ਵੱਧ ਬੰਦਾਂ/ਅੰਤਰਿਆਂ ਦੀ ਇਸ ਰਚਨਾ ਦਾ ਹਰ ਇੱਕ ਅੰਤਰਾ ਅਸਲ ਵਿੱਚ ਇੱਕ ਸਤਰ ਵਿੱਚ ਹੀ ਹੁੰਦਾ ਹੈ। ਉਸ ਨੂੰ ਗਾਉਣ ਦਾ ਢੰਗ ਅਜਿਹਾ ਹੁੰਦਾ ਹੈ ਕਿ ਉਹ ਸਤਰ ਇੱਕ ਬੰਦ ਦਾ ਰੂਪ ਧਾਰਨ ਕਰ ਲੈਂਦੀ ਹੈ। ਜਿਵੇਂ “ਗੱਡੀ ਭਰ ਕੇ ਸਪੈਸ਼ਲ ਤੋਰੀ, ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ" ਇੱਕ ਸਤਰ ਹੈ ਪਰ ਇਸ ਦੇ ਮੁਢਲੇ ਤਿੰਨ ਸ਼ਬਦਾਂ ਦੇ ਇੱਕ ਵਾਕਾਂਸ਼ ਨੂੰ ਉਚਾਰ ਕੇ, ਕੁਝ (ਪੂਰਨ ਠਹਿਰਾਉ ਤੋਂ ਅੱਧਾ ਠਹਿਰਾਉ) ਠਹਿਰਾਉ ਲੈ ਕੇ ਦੁਬਾਰਾ ਫਿਰ ਉਸ ਵਾਕਾਂਸ਼ ਨੂੰ ਅਗਲੇ ਵਾਕਾਂਸ਼ ਸਹਿਤ ਉਚਾਰਿਆ ਜਾਂਦਾ ਹੈ। ਅਗਲੇ ਭਾਵ ਦੂਜੇ ਵਾਕਾਂਸ਼ ਨੂੰ ਉਚਾਰਨ ਤੋਂ ਬਾਅਦ ਫਿਰ ਪਹਿਲਾਂ ਵਾਂਗ ਕੁਝ ਠਹਿਰਾਉ ਲਿਆ ਜਾਂਦਾ ਹੈ ਅਤੇ ਆਖ਼ਰੀ ਅਰਥਾਤ ਤੀਜਾ ਵਾਕਾਂਸ਼ ਉਚਾਰਿਆ ਜਾਂਦਾ ਹੈ। ਇਸ ਤਰ੍ਹਾਂ ਇਸ ਕਾਵਿ-ਰੂਪ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਦੀ ਹਰ ਸਤਰ ਦਾ ਮੁੱਢਲਾ ਵਾਕਾਂਸ਼ ਦੁਹਰਾਇਆ ਜਾਂਦਾ ਹੈ। ਤੁਕਾਂਤ ਮੇਲ (ਸਤਰ ਦਾ ਅੰਤ) ਲਈ ਕਿਸੇ ਹੋਰ ਤੁਕ ਦਾ ਸਹਾਰਾ ਨਹੀਂ ਲਿਆ ਜਾਂਦਾ। ਇਸ ਹਿੱਸੇ ਦਾ ਆਮ ਗਤੀ ਨਾਲੋਂ ਕੁਝ ਜ਼ਿਆਦਾ ਗਤੀ ਨਾਲ ਗਾਇਨ ਕੀਤਾ ਜਾਂਦਾ ਹੈ। ਬੋਲੀ ਦੀਆਂ ਤੁਕਾਂ ਵਾਂਗ ਇਸ ਦੀ ਹਰੇਕ ਤੁਕ ਦਾ ਤਾਲ ਪੂਰਾ ਹੁੰਦਾ ਹੈ। ਰਚਨਾ ਦੇ ਅਰੰਭ ਵਿੱਚ ਕਈ ਕਵੀਸ਼ਰਾਂ ਨੇ ਸਥਾਈ ਜਾਂ ਟੇਕ ਦਾ ਸਹਾਰਾ ਲਿਆ ਹੁੰਦਾ ਹੈ। ਇਸ ਉਪਰੰਤ ਬੰਦਾਂ ਦੀ ਰਚਨਾ ਕੀਤੀ ਜਾਂਦੀ ਹੈ ਪਰ ਕਈ ਕਵੀਸ਼ਰ ਸਥਾਈ ਤੋਂ ਬਿਨਾਂ ਹੀ ਇਸ ਕਾਵਿ-ਰੂਪ ਦੀ ਸਿਰਜਣਾ ਕਰ ਲੈਂਦੇ ਹਨ।

     ਵਣਜਾਰਾ ਬੇਦੀ ਅਨੁਸਾਰ ਪੰਜਾ ਸਾਹਿਬ ਦਾ ਪ੍ਰਸਿੱਧ ਸਾਕਾ ‘ਗੱਡੀ’ ਕਾਵਿ-ਰੂਪ ਵਿੱਚ ਹੀ ਰਚਿਆ ਮਿਲਦਾ ਹੈ :

ਗੱਡੀ ਭਰ ਕੇ

ਗੱਡੀ ਭਰ ਕੇ ਸਪੈਸ਼ਲ ਤੋਰੀ

ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ।

ਜੱਥੇਦਾਰ ਸੀ

ਜੱਥੇਦਾਰ ਸੀ ਅਮਰ ਸਿੰਘ ਸੂਰਾ

ਮੁੱਖ ਆਗੂ ਲਾਲ ਸਿੰਘ ਸੀ।

ਭੁੱਖੇ ਸਿੰਘ ਸੀ

ਭੁੱਖੇ ਸਿੰਘ ਸੀ ਜੱਥੇ ਦੇ ਸਾਰੇ

ਜਿਨ੍ਹਾਂ ਨੇ ਅੱਟਕ ਪੁਜਣਾ।

ਦੁੱਧ ਫਲ ਤੇ

ਦੁੱਧ ਫਲ ਤੇ ਪਦਾਰਥ ਮੇਵੇ

ਲੈ ਕੇ ਆਏ ਟੇਸ਼ਣ ਤੇ।

ਗੱਡੀ ਪੰਦਰਾਂ

ਗੱਡੀ ਪੰਦਰਾਂ ਮਿੰਟ ਡਕ ਦੇਵੋ

ਖਾਲਸੇ ਨੇ ਜਲ ਛਕਣਾ।

ਵੇਲਾ ਹੋ ਗਿਆ

ਵੇਲਾ ਹੋ ਗਿਆ ਬਦਲ ਗਏ ਕਾਂਟੇ

ਗੱਡੀ ਆਈ ਸ਼ਾਂ ਕਰ ਕੇ।

ਦੰਗ ਰਹਿ ਗਏ

ਦੰਗ ਰਹਿ ਗਏ ਰੇਲ ਦੇ ਅਫ਼ਸਰ

ਖਾਲਸੇ ਦੀ ਕਾਰ ਵੇਖ ਕੇ।

ਜੀਹਦੇ ਵਿੱਚ ਸੀ

ਜੀਹਦੇ ਵਿੱਚ ਸੀ ਪੈਨਸ਼ਰੀ ਸਾਰੇ

ਕੈਦ ਕੀਤੇ ਗੁਰੂ ਬਾਗ ’ਚੋਂ।

ਗੱਡੀ ਚਲਦੀ

ਗੱਡੀ ਚਲਦੀ ਹਵਾ ਨਾਲ ਬਿੱਦ ਕੇ

ਲੰਘ ਜਾਂਦੀ ਟੇਸ਼ਣਾਂ ਤੋਂ।

ਪੰਜੇ ਸਾਹਿਬ ਦੀ

ਪੰਜੇ ਸਾਹਿਬ ਦੀ ਸੰਗਤ ਨੇ ਸੁਣਿਆ

ਸੇਵਾ ਦਾ ਪ੍ਰੇਮ ਜਾਗਿਆ।

ਜੱਥੇਦਾਰ ਨੇ

ਜੱਥੇਦਾਰ ਨੇ ਬੇਨਤੀ ਕੀਤੀ

ਕੋਲ ਜਾ ਕੇ ਬਾਬੂ ਦੇ।

ਬਾਬੂ ਇੱਕ ਨਾ

ਬਾਬੂ ਇੱਕ ਨਾ ਮੰਨੀ ਸਿੰਘ ਸਾਹਿਬ ਦੀ

ਤੋੜ ਕੇ ਜਵਾਬ ਦੇ ਦਿੱਤਾ।

ਗੱਡੀ ਸਾਹਮਣੇ

ਗੱਡੀ ਸਾਹਮਣੇ ਛਾਤੀਆਂ ਡਾਹੀਆਂ

ਗੁਰੂ ਦੇ ਦੁਲਾਰਿਆਂ ਨੇ।

ਗੱਡੀ ਠਲ੍ਹ ਲਈ

ਗੱਡੀ ਠਲ੍ਹ ਲਈ ਖਾਲਸੇ ਨੇ

ਰੱਤ ਡੋਲ੍ਹ ਕੇ ਗੱਡੀ ਠਲ੍ਹ ਲਈ।

     ਇਸ ਕਾਵਿ-ਰੂਪ ਦੀ ਬਹੁਤੀ ਵਰਤੋਂ ਸਾਕਿਆਂ ਦੇ ਕਾਵਿਕ ਪ੍ਰਗਟਾਅ ਲਈ ਕੀਤੀ ਜਾਂਦੀ ਰਹੀ ਹੈ।

     ਕਵੀਸ਼ਰਾਂ ਨੇ ‘ਗੱਡੀ’ ਲੋਕ-ਕਾਵਿ ਰੂਪ ਤੋਂ ਇੱਕ ਨਵੇਂ ਛੰਦ ਦੀ ਸਿਰਜਣਾ ਕੀਤੀ ਜਿਸ ਦਾ ਨਾਂ ਉਹਨਾਂ ਨੇ ‘ਗੱਡੀ ਛੰਦ’ ਰੱਖਿਆ। ਛੰਦ ਕਵੀਸ਼ਰੀ ਦਾ ਸਰੀਰ ਹੈ। ਜਿਸ ਕਾਵਿ-ਰਚਨਾ ਵਿੱਚ ਮਾਤਰਾ, ਅੱਖਰ, ਵਿਸ਼ਰਾਮ ਅਤੇ ਤੁਕਾਂਤ ਆਦਿ ਨਿਯਮਾਂ ਦੀ ਪਾਬੰਦੀ ਨੂੰ ਮੰਨਿਆ ਜਾਂਦਾ ਹੈ, ਉਸ ਨੂੰ ਛੰਦਬੱਧ ਰਚਨਾ ਕਿਹਾ ਜਾਂਦਾ ਹੈ। ਛੰਦ ਰਾਹੀਂ ਕਿਸੇ ਰਚਨਾ ਦੀਆਂ ਸਤਰਾਂ ਵਿੱਚ ਬਰਾਬਰ ਦਾ ਵਜ਼ਨ ਰੱਖਿਆ ਜਾਂਦਾ ਹੈ। ਇਸ ਵਜ਼ਨ ਕਰ ਕੇ ਉਸ ਰਚਨਾ ਨੂੰ ਗਾ ਕੇ ਪੜ੍ਹਨ ਨਾਲ ਉਸ ਦਾ ਸੁਹੱਪਣ ਤੇ ਅਸਰ ਦੁੱਗਣਾ ਵਧ ਜਾਂਦਾ ਹੈ ਅਤੇ ਰਚਨਾ ਵਿੱਚ ਸੰਗੀਤ ਪੈਦਾ ਹੋ ਜਾਂਦਾ ਹੈ। ਇੱਕੋ ਸੁਰ ਤਾਲ ਦੇ ਸ਼ਬਦ ਚੁਣਨੇ ਭਾਵੇਂ ਰਚਨਾਕਾਰ ਲਈ ਔਖੇ ਹੁੰਦੇ ਹਨ ਪਰ ਅਜਿਹੇ ਸ਼ਬਦ ਰਚਨਾ ਵਿੱਚ ਰੰਗ-ਰਸ ਪੈਦਾ ਕਰਦੇ ਹਨ। ਅਜਿਹੀ ਰਚਨਾ ਭਾਵਾਂ ਨਾਲ ਓਤਪੋਤ ਅਤੇ ਸਰਲ ਹੁੰਦੀ ਹੈ ਅਤੇ ਯਾਦ ਕਰਨੀ ਸੌਖੀ ਹੁੰਦੀ ਹੈ। ਅਜਿਹੀ ਰਚਨਾ ਸੁਣਨ ਵਾਲੇ ਦੇ ਮਨ ਨੂੰ ਚੰਗੀ ਲੱਗਦੀ ਹੈ। ਕਵੀਸ਼ਰਾਂ ਨੇ ਕਿੱਸੇ, ਪੱਤਲਾਂ, ਝੇੜੇ ਅਤੇ ਕਲੀਆਂ ਆਦਿ ਦੀ ਸਿਰਜਣਾ ਕੀਤੀ। ਕਵੀਸ਼ਰੀ ਵਿੱਚ ਛੋਟੇ ਤੋਂ ਲੈ ਕੇ ਹਰ ਵੱਡੇ ਵਿਸ਼ੇ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜਦੋਂ ਪੰਜਾਬ ਦੇ ਮਾਲਵੇ ਇਲਾਕੇ ਵਿੱਚ ਆਏ, ਉਸ ਸਮੇਂ ਉਹਨਾਂ ਨੇ ਪੰਜਾਬ ਵਿੱਚ ਕਵੀਸ਼ਰੀ ਦੀ ਪਰੰਪਰਾ ਪ੍ਰਚਲਿਤ ਕੀਤੀ। ਉਹਨਾਂ ਨੇ ਕਵੀਆਂ ਨੂੰ ਸਾਜ਼ਾਂ ਤੋਂ ਬਿਨਾਂ ਹੀ ਛੰਦ ਦੀ ਟੇਕ ਅਨੁਸਾਰ ਗਾਉਣ ਦੀ ਪ੍ਰੇਰਨਾ ਦੇ ਕੇ ਕਵੀਸ਼ਰੀ ਦੀ ਰੀਤ ਚਲਾਈ। ਇਸ ਕਰ ਕੇ ਇਸ ਕਾਵਿ-ਰੂਪ ਦੇ ਗਾਇਨ ਸਮੇਂ ਕਿਸੇ ਸਾਜ਼ ਦੀ ਲੋੜ ਨਹੀਂ ਪੈਂਦੀ ਪਰ ‘ਛੰਦ’ ਕਵੀਸ਼ਰੀ ਦਾ ਆਧਾਰ ਹੈ ਅਰਥਾਤ ਛੰਦ ਤੋਂ ਬਿਨਾਂ ਕਵੀਸ਼ਰੀ ਨਹੀਂ ਹੋ ਸਕਦੀ। ਕਈ ਕਵੀਸ਼ਰ ਆਪਣੀ ਕਲਾ ਦੇ ਪ੍ਰਦਰਸ਼ਨ ਸਮੇਂ ਢੱਡ ਸਾਰੰਗੀ ਦੀ ਵਰਤੋਂ ਵੀ ਕਰਦੇ ਹਨ। ਕਵੀਸ਼ਰੀ ਕਰਨ ਲਈ ਤਿੰਨ ਕਵੀਸ਼ਰਾਂ ਦਾ ਸਮੂਹ ਹੁੰਦਾ ਹੈ। ਸਾਜ਼ਿੰਦੇ ਭਾਵ ਸਾਜ਼ ਵਜਾਉਣ ਵਾਲੇ ਨੂੰ ਸਾਜ਼ੀ ਕਿਹਾ ਜਾਂਦਾ ਹੈ। ਆਪਣੇ ਵਿਸ਼ੇ ਦਾ ਵਰਣਨ ਤੇ ਅਰਥ ਕਰਨ ਵਾਲੇ ਨੂੰ ‘ਆਗੂ’ ਅਤੇ ਆਗੂ ਤੋਂ ਪਿੱਛੋਂ ਕਲੀ ਚੁੱਕਣ ਵਾਲੇ ਨੂੰ ‘ਪਾਛੂ’ ਕਿਹਾ ਜਾਂਦਾ ਹੈ। ਕਵੀਸ਼ਰੀ ਕਲਾ ਖ਼ਾਸ ਕਰ ਕੇ ਪੰਜਾਬ ਦੇ ਮਾਲਵੇ ਇਲਾਕੇ ਨਾਲ ਸੰਬੰਧ ਰੱਖਦੀ ਹੈ। ਕਵੀਸ਼ਰਾਂ ਦੇ ਪ੍ਰਚਲਿਤ ਛੰਦਾਂ ਦੀ ਵਰਤੋਂ ਦੇ ਨਾਲ-ਨਾਲ ਬਹੱਤਰ ਕਲਾ, ਬਾਬੂ ਚਾਲ ਅਤੇ ਗੀਤਕ ਛੰਦ ਨਵੇਂ ਛੰਦ ਸਿਰਜੇ ਹਨ। ਕੁਝ ਵਿਦਵਾਨ ਕਵੀਸ਼ਰਾਂ ਨੇ ਕਈ ਲੋਕ-ਗੀਤਾਂ ਦੀਆਂ ਗਾਇਨ ਸ਼ੈਲੀਆਂ ਨੂੰ ਆਧਾਰ ਬਣਾ ਕੇ ਵੀ ਕਈ ਛੰਦਾਂ ਦੀ ਸਿਰਜਣਾ ਕੀਤੀ ਜਿਵੇਂ ਕਲੀ, ਦੋਤਾਰਾ ਡੂਢਾ, ਬੋਲੀ, ਜਾਗੋ, ਜੁਗਨੀ, ਬਾਲੋ ਅਤੇ ਭੰਡਾ ਭੰਡਾਰੀਆ ਆਦਿ। ਲੋਕ-ਗੀਤਾਂ ਦੀਆਂ ਇਹਨਾਂ ਗਾਇਨ ਸ਼ੈਲੀਆਂ ਵਾਂਗ ਹੀ ‘ਗੱਡੀ’ ਕਾਵਿ-ਰੂਪ ਦੀ ਵਿਸ਼ੇਸ਼ ਗਾਇਨ ਸ਼ੈਲੀ ਨੂੰ ਆਧਾਰ ਬਣਾ ਕੇ ਕਵੀਸ਼ਰਾਂ ਨੇ ‘ਗੱਡੀ ਛੰਦ’ ਦੀ ਵਰਤੋਂ ਕੀਤੀ, ਜਿਹੜਾ ਇੱਕ ਕਾਵਿਕ ਛੰਦ ਹੈ।

     ਗੁਰਦੇਵ ਸਿੰਘ ਜੋਗੀ (ਬਠਿੰਡਾ), ਮੋਹਨ ਸਿੰਘ (ਗਿੱਦੜਬਾਹਾ) ਅਤੇ ਬਾਗੀ ਜੀ (ਬਹਾਦਰ ਖੇੜਾ) ਇਹਨਾਂ ਤਿੰਨ ਕਵੀਸ਼ਰਾਂ ਦੇ ਸਮੂਹ ਨੇ ਸ਼ਹੀਦ ਭਗਤ ਸਿੰਘ ਦਾ ਪਰਿਵਾਰ ਜਦੋਂ ਲਾਹੌਰ ਜੇਲ੍ਹ ਵਿੱਚ ਭਗਤ ਸਿੰਘ ਨਾਲ ਮੁਲਾਕਾਤ ਕਰਨ ਗਿਆ ਤਾਂ ਉਸ ਵੇਲੇ ਦਾ ਹਾਲ ‘ਗੱਡੀ ਛੰਦ’ ਵਿੱਚ ਇਸ ਤਰ੍ਹਾਂ ਬਿਆਨ ਕੀਤਾ :

ਸੰਨ 1931 ਆ ਚੜ੍ਹਿਆ ਕਾਲਾ ਚਿਹਰਾ-ਮੁੱਖ ਕਰ ਕੇ

ਕੋਠੀ ਲਾ ਤੇ,

ਲਾ ਤੇ ਪੰਜਾਬ ਦੇ ਗੱਭਰੂ ਚੰਦਰੀ ਹਕੂਮਤ ਨੇ

ਫਾਂਸੀ ਲਾਉਣ ਦਾ

ਫਾਂਸੀ ਲਾਉਣ ਦਾ ਸੰਦੇਸ਼ਾ ਜਦ ਸੁਣਿਆ,

ਘਰ ਵਿੱਚ ਮਾਪਿਆਂ ਨੇ

ਲਾਈ ਦੇਰ ਨਾ

ਲਾਈ ਦੇਰ ਨਾ ਲਾਹੌਰ ਵਿੱਚ ਆ ਗੇ,

ਮਾਪੇ ਸੀ ਭਗਤ ਸਿੰਘ ਦੇ

ਸਵੇਰ ਨਾਲ ਹੋ

ਸਵੇਰ ਨਾਲ ਹੋ ਮੁਲਾਕਾਤ ਹੋਣ ਲੱਗ ਪੀ

ਲਾਈ ਦੇਰ ਨਾ। (ਟੇਕ)

     ਭਗਤ ਸਿੰਘ ਦਾ ਪਿਤਾ ਕਿਸ਼ਨ ਸਿੰਘ ਕਿਵੇਂ ਮੁਲਾਕਾਤ ਕਰਦਾ ਹੈ :

ਮੂਰ੍ਹੇ ਸਾਰਿਆਂ ਤੋਂ ਪਿਤਾ ਜੀ ਆਉਂਦਾ ਵੇਖ ਕੇ

ਭਗਤ ਸਿੰਘ ਨੇ

ਉਤੇ ਚਰਨਾਂ ਦੇ

ਉਤੇ ਚਰਨਾਂ ਦੇ ਸੀਸ ਨਿਵਾਇਆ,

ਪਿਤਾ ਨੇ ਅਸੀਸਾਂ ਦਿੱਤੀਆਂ

ਜੁਆਨੀ ਮਾਣ ਮੇਰੇ

ਜੁਆਨੀ ਮਾਣ ਮੇਰੇ ਵਤਨ ਪੁਜਾਰੀਆ,

ਮੱਥਾ ਲੱਗਾ ਮਰਦਾਂ ਦਾ

ਸ਼ੇਰ ਨਾ (ਨਾਲ)

ਸ਼ੇਰ ਨਾ... ਹੋ ਮੁਲਾਕਾਤ ਹੋਣ ਲੱਗ ਪੀ

ਲਾਈ ਦੇਰ ਨਾ।

     ਭਗਤ ਸਿੰਘ ਦੀ ਮਾਤਾ ਕਿਵੇਂ ਮੁਲਾਕਾਤ ਕਰਦੀ ਹੈ:

ਹੱਥ ਰੱਖਿਆ ਪੁੱਤਰ ਦੇ ਸਿਰ ਤੇ, ਮਾਤ ਪਿਆਰੀ

ਨੇ ਮੱਥਾ ਚੁੰਮਿਆ

ਮੱਥਾ ਚੁੰਮਿਆ ਪੁੱਤਰ ਨੂੰ ਕਹਿੰਦੀ ਹੋਗੀ, ਮੇਰੀ ਕੁੱਖ ਸਫ਼ਲੀ

ਕੱਟ ਜਾਮੀ ਨਾ

ਕੱਟ ਜਾਮੀ ਨਾ ਵਚਨ ਤੋਂ ਬੱਚਿਆ, ਦਿਲ ਘਬਰਾਵੇ ਨਾ।

ਹੱਸ-ਹੱਸ ਕੇ

ਹੱਸ-ਹੱਸ ਕੇ ਗਲੇ ਦੇ ਵਿੱਚ ਪਾ ਲੀਂ,

ਫਾਂਸੀ ਦਿਆਂ ਰੱਸਿਆਂ ਨੂੰ

ਜ਼ੇਰ ਨਾ... (ਜੇਰੇ ਨਾਲ/ਦਿਲ ਤਕੜਾ ਕਰ ਕੇ)

ਜ਼ੇਰ ਨਾ... ਹੋ ਮੁਲਾਕਾਤ ਹੋਣ ਲੱਗ ਪੀ, ਲਾਈ ਦੇਰ ਨਾ।

ਭਗਤ ਸਿੰਘ ਦੀ ਭੈਣ ਅਮਰ ਕੌਰ ਕਿਵੇਂ ਮੁਲਾਕਾਤ ਕਰਦੀ ਹੈ :

ਭੈਣ ਆ ਗਈ

ਭੈਣ ਆ ਗੀ ਅਮਰ ਕੌਰ ਕੋਲੇ,

ਕਹਿੰਦੀ ਐ ਭਗਤ ਸਿੰਘ ਨੂੰ

ਮੇਲਾ ਫੇਰ ਨਾ

ਮੇਲਾ ਫੇਰ ਨਾ ਭਰਾਵਾ ਹੋਣਾ, ਅੱਜ ਦਿਆਂ ਵਿਛੜਿਆਂ ਦਾ

ਬੇੜਾ ਧਾਰ ਦੇ

ਬੇੜਾ ਧਾਰ ਦੇ ਵਿਚਾਲੇ ਡੁੱਬ ਜਾਵੇ,

ਵਲੈਤ ਦਿਆਂ ਬਿੱਲਿਆਂ ਦਾ

ਏਨਾ ਆਖ ਕੇ

ਏਨਾ ਆਖ ਕੇ ਵਰਾਗ ਵਿੱਚ ਭਰੀਆਂ,

ਅੱਖੀਆਂ ਅਮਰ ਕੌਰ ਨੇ

ਮੇਰ ਨਾ (ਅਪਣੱਤ ਨਾਲ)

ਮੇਰ ਨਾ...ਹੋ ਮੁਲਾਕਾਤ ਹੋਣ ਲੱਗ ਪੀ, ਲਾਈ ਦੇਰ ਨਾ।

     ਭਗਤ ਸਿੰਘ ਦੇ ਭਰਾ ਕੁਲਤਾਰ ਤੇ ਕੁਲਵੰਤ ਕਿਵੇਂ ਮੁਲਾਕਾਤ ਕਰਦੇ ਹਨ :

ਕੁਲਤਾਰ ਕੁਲਵੰਤ ਦੋਵੇਂ ਭਾਈ ਭਗਤ ਸਿੰਘ ਦੇ

ਹੱਸ ਹੱਸ ਕੇ

ਹੱਸ ਹੱਸ ਕੇ ਮਿਲਾ ਗੇ ਹੱਥ ਦੋਵੇਂ,

ਸ਼ੇਰਾਂ ਵਾਲੇ ਪਿੰਜਰੇ ਵਿੱਚੋਂ

ਗੱਲਾਂ ਮਾਰੀਆਂ

ਗੱਲਾਂ ਮਾਰੀਆਂ ਵਾਰੀ ਨਾਲ ਕੀਤੀਆਂ,

ਕੀਤੀਆਂ ਨੇ ਹੱਸ ਹੱਸ ਕੇ

ਟੈਮ ਹੋ ਗਿਆ

ਟੈਮ ਹੋ ਗਿਆ ਤੇ ਮੁੜ ਪੇ ਸਾਰੇ,

ਵੀਰ ਸਿੰਘਾ ਵੇਲਾ ਅੱਜ ਦਾ

ਫੇਰ ਨਾ

ਫੇਰ ਨਾ...ਹੋ ਮੁਲਾਕਾਤ ਬੰਦ ਹੋ ਗਈ, ਹੋਣੀ ਫੇਰ ਨਾ।


ਲੇਖਕ : ਰਾਜਵੰਤ ਕੌਰ ਪੰਜਾਬੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 16628, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਗੱਡੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੱਡੀ [ਨਾਂਇ] ਰੇਲਗੱਡੀ/ਮੋਟਰ/ਟਰੱਕ ਆਦਿ ਕੋਈ ਸਵਾਰੀ; ਬੈਲ-ਗੱਡੀ, ਰੇੜ੍ਹੀ, ਬੱਘੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੱਡੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਡੀ ਸੰਗ੍ਯਾ—ਸ਼ਕਟ. ਸ਼ਕਟੀ. ਦੋ ਪਹੀਆਂ ਦਾ ਛਕੜਾ , ਜੋ ਬੋਝ ਲੱਦਣ ਲਈ ਹੁੰਦਾ ਹੈ. ਛੋਟੀ ਗਾਡੀ (ਗਾੜੀ) ਸਵਾਰੀ ਦੇ ਕੰਮ ਭੀ ਆਉਂਦੀ ਹੈ, ਅਤੇ ਕਈ ਤਰਾਂ ਦੀ ਹੁੰਦੀ ਹੈ. ਹਣ ਇਹ ਪਦ ਪਹੀਏਦਾਰ ਸਵਾਰੀ ਲਈ ਆਮ ਵਰਤੀਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੱਡੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੱਡੀ, (ਪ੍ਰਾਕ੍ਰਿਤ : गड्डरिया; ਸੰਸਕ੍ਰਿਤ : गड्डर) \ (ਕਾਂਗੜਾ) \ ਇਸਤਰੀ ਲਿੰਗ : ਭੇਡ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 38, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-17-04-29-41, ਹਵਾਲੇ/ਟਿੱਪਣੀਆਂ:

ਗੱਡੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੱਡੀ, ਇਸਤਰੀ ਲਿੰਗ : ਗੱਦੀ : ਗੱਡੀ ਮਿਠੜਾ ਤੋਲਾ, ਮੰਗੇ ਟੋਪ ਦੇਂਦਾ ਚੋਲਾ

(ਭਾਈ ਮਈਆ ਸਿੰਘ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 38, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-17-04-31-38, ਹਵਾਲੇ/ਟਿੱਪਣੀਆਂ:

ਗੱਡੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੱਡੀ, (ਸ਼ਾਹਪੁਰੀ) \ ਇਸਤਰੀ ਲਿੰਗ : ਭੈੜਾ ਦਿਨ, ਮਨਹੂਸ ਦਿਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 38, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-17-04-32-23, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.