ਘੁਮਾਣ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਘੁਮਾਣ (ਪਿੰਡ): ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਤੋਂ ਪੱਛਮ ਦਿਸ਼ਾ ਵਿਚ 10 ਕਿ.ਮੀ. ਦੀ ਵਿਥ ਉਤੇ ਵਸਿਆ ਇਕ ਬਹੁਤ ਪੁਰਾਣਾ ਪਿੰਡ ਜਿਥੇ ਸੰਤ ਨਾਮਦੇਵ ਜੀ (ਵੇਖੋ) ਆ ਕੇ ਰਹੇ ਸਨ। ਸ਼ਰਧਾਲੂਆਂ ਨੇ ਉਨ੍ਹਾਂ ਦੀ ਯਾਦ ਵਿਚ ਇਕ ਸਮਾਰਕ ਬਣਵਾਇਆ, ਜੋ ਹੁਣਦਰਬਾਰ ਸਾਹਿਬ ਬਾਬਾ ਨਾਮਦੇਵ ਜੀ’ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਸਮਾਰਕ ਦਾ ਸਰੂਪ ਸ. ਜੱਸਾ ਸਿੰਘ ਰਾਮਗੜ੍ਹੀਆਂ ਨੇ ਸੰਵਾਰਿਆ ਸੀ ਅਤੇ ਸਰੋਵਰ ਦੀ ਨਵੀਂ ਚੁਣਾਈ ਕਨ੍ਹੀਆ ਮਿਸਲ ਦੀ ਸਰਦਾਰਨੀ ਸਦਾ ਕੌਰ ਨੇ ਕਰਵਾਈ ਸੀ।

            ਇਸ ਡੇਰੇ ਵਿਚ ਗੁਰੂ ਹਰਿਗੋਬਿੰਦ ਸਾਹਿਬ ਵੀ ਆਏ ਸਨ। ਉਨ੍ਹਾਂ ਦੀ ਆਮਦ ਦੀ ਯਾਦ ਵਿਚ ਇਥੇ ਗੁਰੂ -ਧਾਮ ਬਣਿਆ ਹੋਇਆ ਹੈ ਜਿਸ ਦਾ ਪ੍ਰਬੰਧ ਸ੍ਰੀ ਨਾਮਦੇਵ ਦਰਬਾਰ ਕਮੇਟੀ ਹੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2170, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਘੁਮਾਣ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੁਮਾਣ: ਪਿੰਡ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਵਿਚ ਸ੍ਰੀ ਹਰਿਗੋਬਿੰਦਪੁਰ (31°-41’ਉ, 75°- 29’ਪੂ) ਦੇ ਪੱਛਮ ਵੱਲ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਨਾਮਦੇਵ (1270-1350) ਮਹਾਂਰਾਸ਼ਟਰ ਦੇ ਬਹੁਤ ਹੀ ਸਤਿਕਾਰ ਯੋਗ ਸੰਤ ਸਨ , ਜਿਹਨਾਂ ਦੇ ਬਹੁਤ ਸਾਰੇ ਧਾਰਮਿਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ, ਉਹ ਇਸ ਪਿੰਡ ਵਿਚ ਬਹੁਤ ਸਮੇਂ ਲਈ ਰਹੇ ਸਨ। 55 ਸਾਲ ਦੀ ਉਮਰ ਤੋਂ ਪਹਿਲਾਂ ਉਹਨਾਂ ਨੇ ਕਈ ਸਾਲ ਮਹਾਂਰਾਸ਼ਟਰ ਦੇ ਜ਼ਿਲਾ ਸ਼ੋਲਾਪੁਰ ਦੇ ਪੰਢਰਪੁਰ ਵਿਚ ਗੁਜ਼ਾਰੇ ਸਨ। ਫਿਰ ਉਹਨਾਂ ਨੇ ਉੱਤਰੀ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਦੀ ਯਾਤਰਾ ਕੀਤੀ ਅਤੇ 18 ਸਾਲ ਬਾਅਦ ਫਿਰ ਮਹਾਂਰਾਸ਼ਟਰ ਵਾਪਸ ਆ ਗਏ। ਇਸ ਸਮੇਂ ਦੌਰਾਨ ਉਹ ਪੰਜਾਬ ਵਿਚ ਵੀ ਆਏ ਸਨ ਅਤੇ ਪਰੰਪਰਾ ਅਨੁਸਾਰ, ਉਹਨਾਂ ਨੇ ਘੁਮਾਣ ਵਿਚ ਆਪਣਾ ਇਕ ਡੇਰਾ ਵੀ ਬਣਾਇਆ ਸੀ

 

     ਸਥਾਨਿਕ ਪਰੰਪਰਾ ਅਨੁਸਾਰ, ਚੌਦ੍ਹਵੀਂ ਸਦੀ ਤੋਂ ਹੋਂਦ ਵਿਚ ਆਏ ਘੁਮਾਣ ਦੇ ਮੰਦਰ ਦੀ ਜੱਸਾ ਸਿੰਘ ਰਾਮਗੜੀਆ (ਅ.ਚ. 1802) ਨੇ ਮੁਰੰਮਤ ਕਰਵਾਈ ਸੀ ਅਤੇ ਇਸਦੇ ਨਾਲ ਲੱਗਦੇ ਸਰੋਵਰ ਦੀ ਮੁਰੰਮਤ ਕਨ੍ਹਈਆ ਮਿਸਲ ਦੀ ਮੁਖੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸੱਸ , ਸਦਾ ਕੌਰ (ਅ.ਚ. 1832) ਵੱਲੋਂ ਕਰਵਾਈ ਗਈ ਸੀ। ਮੁੱਖ ਧਰਮ ਅਸਥਾਨ ਜਿਸ ਨੂੰ ‘ਦਰਬਾਰ ਸਾਹਿਬ ਬਾਬਾ ਨਾਮਦੇਵ ਜੀ’ ਕਿਹਾ ਜਾਂਦਾ ਹੈ, ਅੱਠਭੁਜਾ ਗੁੰਬਦਦਾਰ, ਸੰਗਮਰਮਰ ਲੱਗੇ ਫ਼ਰਸ਼ ਵਾਲਾ ਕਮਰਾ ਹੈ ਅਤੇ ਇਸ ਵਿਚ ਬਾਹਰ ਨੂੰ ਨਿਕਲੀਆਂ ਹੋਈਆਂ ਖਿੜਕੀਆਂ ਅਤੇ ਛੱਜੇ ਹਨ। ਕਮਰੇ ਦੇ ਵਿਚਕਾਰ ਸੰਗਮਰਮਰ ਦੀ ਬਣੀ ਪਾਲਕੀ ਥੱਲੇ ਸੰਗਮਰਮਰ ਦਾ ਛੇਕੋਣਾ ਚੌਂਤਰਾ ਬਣਿਆ ਹੋਇਆ ਹੈ। ਇਕ ਮਿਰਤਕ ਗਊ ਨੂੰ ਜਿਊਂਦਾ ਕਰ ਰਹੇ ਭਗਤ ਨਾਮਦੇਵ ਜੀ ਦੇ ਬੈਠੇ ਹੋਇਆਂ ਦਾ, ਇਕ ਪਿੱਤਲ ਦੀ ਚਾਦਰ ਉੱਪਰ ਉੱਭਰਵੀਂ ਨਕਾਸ਼ੀ ਦੁਆਰਾ ਚਿੱਤਰ ਦਰਸਾਇਆ ਗਿਆ ਹੈ। ਇਸ ਮੰਦਰ ਦੇ ਨਾਲ ਬਾਬਾ ਬਹੁੜ ਦਾਸ ਦੀ ਸਮਾਧ ਹੈ, ਜੋ ਪੰਜਾਬ ਵਿਚ ਨਾਮਦੇਵ ਦਾ ਪ੍ਰਮੁਖ ਸ਼ਾਗਿਰਦ ਸੀ।

     ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਕ ਅਲੱਗ ਆਇਤਾਕਾਰ ਕਮਰੇ ਵਿਚ ਪ੍ਰਕਾਸ਼ ਕੀਤਾ ਗਿਆ ਹੈ ਜੋ ਗੁਰੂ ਹਰਿਗੋਬਿੰਦ ਜੀ ਦੀ ਇਸ ਧਰਮ ਅਸਥਾਨ ਵਿਚ ਆਉਣ ਦੀ ਯਾਦ ਨੂੰ ਕਾਇਮ ਰੱਖਦਾ ਹੈ। ਇਸ ਮੰਦਰ ਦਾ ਪ੍ਰਬੰਧ ਘੁਮਾਣ ਪਿੰਡ ਦੀ ‘ਸ੍ਰੀ ਨਾਮਦੇਵ ਦਰਬਾਰ ਕਮੇਟੀ’ ਦੁਆਰਾ ਕੀਤਾ ਜਾਂਦਾ ਹੈ। ਇੱਥੇ ਇਕ ਜਾਂ ਦੋ ਮਾਘ (ਅੱਧ ਜਨਵਰੀ) ਨੂੰ ਸਲਾਨਾ ਮੇਲਾ ਲੱਗਦਾ ਹੈ, ਜਿਸ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਦੋ ਮਾਘ 1406 ਬਿਕਰਮੀ ਨੂੰ ਨਾਮਦੇਵ ਜੀ ਦਾ ਘੁਮਾਣ ਪਿੰਡ ਵਿਚ ਅਕਾਲ ਚਲਾਣਾ ਹੋਇਆ ਸੀ।


ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1709, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.