ਘੱਗਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੱਗਰ (ਨਾਂ,ਪੁ) ਨਾਹਨ ਇਲਾਕੇ ਤੋਂ ਨਿਕਲ ਕੇ ਅੰਬਾਲੇ ਅਤੇ ਪਟਿਆਲੇ ਜ਼ਿਲ੍ਹੇ ਦੇ ਇਲਾਕਿਆਂ ਵਿੱਚੋਂ ਲੰਘ ਕੇ ਬੀਕਾਨੇਰ ਨੇੜੇ ਲੋਪ ਹੋ ਜਾਣ ਵਾਲਾ ਦਰਿਆ ਜਾਂ ਨਦੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6009, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਘੱਗਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੱਗਰ [ਨਿਪੁ] ਇੱਕ ਦਰਿਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6007, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਘੱਗਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਘੱਗਰ : ਉੱਤਰੀ ਭਾਰਤ ਦਾ ਇਕ ਛੋਟਾ ਜਿਹਾ ਦਰਿਆ ਹੈ ਜੋ ਹਿਮਾਚਲ ਪ੍ਰਦੇਸ਼ ਰਾਜ ਦੀਆਂ ਸ਼ਿਵਾਲਕ ਪਹਾੜੀਆਂ ਵਿਚੋਂ ਨਿਕਲਦਾ ਹੈ। ਆਪਣੇ ਸੋਮੇ ਤੋਂ ਨਿਕਲ ਕੇ ਅੱਗੇ ਦੱਖਣ-ਪੱਛਮ ਦੀ ਦਿਸ਼ਾ ਵਿਚ ਵਹਿੰਦੀਆਂ ਇਹ ਰਾਜਸਥਾਨ ਵਿਚ ਹਨੂਮਾਨਗੜ੍ਹ ਦੇ ਕੋਲ ਰੇਤਲੀ ਭੂਮੀ ਵਿਚ ਵਿਲੀਨ ਹੋ ਜਾਂਦਾ ਹੈ। ਇਕ ਸਮੇਂ ਤੇ ਇਹ ਸਿੰਧ ਦੀ ਸਹਾਇਕ ਨਦੀ ਹੋਇਆ ਕਰਦੀ ਸੀ। ਜਿਸ ਦਾ ਪਤਾ ਇਸ ਦੇ ਖੁਸ਼ਕ ਵਹਿਣ ਤੋਂ ਲਗਦਾ ਹੈ।
ਇਸ ਨੂੰ ਇਸ ਦੇ ਉਪਰਲੇ ਹਿੱਸੇ ਵਿਚ ‘ਕੌਸ਼ਲਿਆ’ ਆਖਦੇ ਹਨ ਜੋ ਸੁਕਨਾ, ਸਿਰਲਾ, ਥੇਜਰ, ਗੰਭਰ ਅਤੇ ਸਰਨਾ ਬਰਸਾਤੀ ਨਾਲਿਆਂ ਦਾ ਪਾਣੀ ਆਪਣੇ ਵਿਚ ਸਮੇਟ ਕੇ ਪਟਿਆਲਾ ਜ਼ਿਲ੍ਹੇ ਵਿਚ ਮੁਬਾਰਕਪੁਰ ਦੇ ਨੇੜੇ ਪਟਿਆਲੇ ਜ਼ਿਲ੍ਹੇ ਦੀ ਮੁੱਖ ਨਦੀ ਬਣ ਜਾਂਦੀ ਹੈ। ਇਹ ਪਟਿਆਲੇ ਜ਼ਿਲ੍ਹੇ ਦੇ ਉੱਤਰ-ਪੂਰਬੀ ਇਲਾਕੇ ਵਿਚ ਦੱਖਣ-ਪੱਛਮ ਦੀ ਦਿਸ਼ਾ ਵਿਚ ਵਗਦੀ ਹੈ। ਇਥੇ ਇਸ ਵਿਚ ਸਾਰਾ ਸਾਲ ਹੀ ਪਾਣੀ ਰਹਿੰਦਾ ਹੈ ਅਤੇ ਗਰਮੀਆਂ ਵਿਚ ਵੀ ਇਸ ਵਿਚ ਇਕ ਫੁੱਟ ਪਾਣੀ ਰਹਿੰਦਾ ਹੈ। ਬਰਸਾਤ ਵਿਚ ਇਹ 6 ਫੁੱਟ ਜਾਂ ਇਸ ਤੋਂ ਵੀ ਵਧ ਜਾਂਦਾ ਹੈ। ਮਨੀਮਾਜਰੇ ਨੇੜੇ ਇਸ ਦੇ ਪਾਣੀ ਨੂੰ ਨਾਲਿਆਂ ਰਾਹੀਂ ਸਿੰਜਾਈ ਆਦਿ ਲਈ ਵਰਤਿਆ ਜਾਂਦਾ ਹੈ। ਕਾਲਕਾ ਅਤੇ ਅੰਬਾਲਾ ਦੇ ਅੱਧ ਵਿਚਕਾਰੋਂ ਇਹ ਸ਼ਿਮਲਾ-ਅੰਬਾਲਾ ਸੜਕ ਨੂੰ ਪਾਰ ਕਰਦੀ ਹੈ। ਇਸ ਜਗ੍ਹਾ ਉਤੇ ਪੁਲ ਬਣਨ ਤੋਂ ਪਹਿਲਾਂ ਇਸ ਵਿਚੋਂ ਹਾਥੀਆਂ ਰਾਹੀਂ ਡਾਕ ਪਾਰ ਲੈ ਜਾਈ ਜਾਂਦੀ ਸੀ। ਰਾਜਪੁਰਾ ਅਤੇ ਬਨੂੜ ਵਿਚ ਇਸ ਦੀ ਚੌੜਾਈ ਘੱਟ ਹੈ। ਘਨੌਰ ਕੋਲ ਇਸ ਦੇ ਕੰਢੇ ਵੱਧ ਡੂੰਘੇ ਹਨ ਜਿਸ ਕਰਕੇ ਨਦੀ ਦਾ ਪਾਣੀ ਇਥੇ ਸਹਿਜ ਨਾਲ ਹੀ ਵਗਦਾ ਹੈ। ਬਰਸਾਤਾਂ ਵਿਚ ਵਹਾਓ ਦਾ ਕੋਈ ਨਿਸ਼ਚਿਤ ਮਾਰਗ ਨਹੀਂ ਰਹਿੰਦਾ। ਸੰਗਰੂਰ ਜ਼ਿਲ੍ਹੇ ਵਿਚ ਇਹ 8-9 ਕਿਲੋਮੀਟਰ ਦੇ ਖੇਤਰ ਵਿਚ ਵਗਦੀ ਹੈ। ਸਪਰਹੇੜੀ ਦੇ ਨੇੜੇ ਇਸਦੀ ਚੌੜਾਈ ਕਈ ਕਿਲੋਮੀਟਰ ਤੱਕ ਹੋ ਜਾਂਦੀ ਹੈ। ਸ਼ਤਰਾਣੇ ਤੋਂ 5 ਕਿਲੋਮੀਟਰ ਦੂਰ ਦੱਖਣ-ਪੂਰਬ ਵੱਲ ਸੇਗੜੇ ਦੇ ਕੋਲ ਇਸ ਵਿਚ ਸਰਸਵਤੀ ਆ ਮਿਲਦੀ ਹੈ। ਇਸ ਤੋਂ ਅੱਗੇ ਇਸ ਦਾ ਨਾਂ ਪਹਿਲੇ ਸਮਿਆਂ ਵਿਚ ਸਰਸਵਤੀ ਹੀ ਹੁੰਦਾ ਸੀ ਅਤੇ ਇਸ ਨੂੰ ‘ਪਾਣਨੀ’ ਵੀ ਆਖਦੇ ਸਨ। ਰਮਾਇਣ ਦੇ ਆਦਿ ਪੁਰਾਣ ਅਨੁਸਾਰ ਸਰਸਵਤੀ ਗੰਗਾ ਦੀ ਇਕ ਸਹਾਇਕ ਨਦੀ ਹੋਇਆ ਕਰਦੀ ਸੀ। ਸਰਸਾ ਤੋਂ ਦੱਖਣ-ਪੱਛਣ ਵੱਲ ਇਸ ਵਿਚੋਂ ਦੋ ਨਹਿਰਾਂ ਕੱਢੀਆਂ ਗਈਆਂ ਹਨ ਜੋ ਰਾਜਸਥਾਨ ਨੂੰ ਸਿੰਜਦੀਆਂ ਹਨ।
ਰਾਜਸਥਾਨ ਵਿਚ ਇਹ ਹਨੂਮਾਨਗੜ੍ਹ ਜੰਕਸ਼ਨ ਅਤੇ ਟਾਊਨ ਦੇ ਵਿਚਕਾਰੋਂ ਦੀ ਲੰਘਦੀ ਹੈ। ਉਥੇ ਇਸ ਨੂੰ ਨਾਲੀ ਆਖਦੇ ਹਨ। ਬਰਸਾਤ ਵਿਚ ਇਥੇ ਇਹ ਕਾਫ਼ੀ ਨੁਕਸਾਨ ਵੀ ਕਰਦੀ ਹੈ।
30° 04' ਉ. ਵਿਥ; 77° 14' ਪੂ. ਲੰਬ.
ਹ. ਪੁ.––ਇੰਪ. ਗ. ਇੰਡ. 12 : 213
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4598, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਘੱਗਰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਘੱਗਰ : ਪੰਜਾਬ ਦੀ ਇਕ ਪ੍ਰਸਿੱਧ ਨਦੀ ਹੈ ਜੋ ਪਟਿਆਲੇ ਦੇ ਉੱਤਰ ਪੂਰਬੀ ਇਲਾਕੇ ਵਿਚ ਦੱਖਣ ਪੱਛਮੀ ਦਿਸ਼ਾ ਵੱਲ ਵਗਦੀ ਹੈ। ਘੜ ਘੜ ਦੀ ਆਵਾਜ਼ ਕਰਦਿਆਂ ਪਾਣੀ ਵਗਣ ਕਰ ਕੇ ਇਸ ਦਾ ਨਾਂ ਘੱਗਰ ਪੈ ਗਿਆ। ਇਹ ਸਿਰਮੌਰ ਦੀਆਂ ਪਹਾੜੀਆਂ ਵਿਚੋਂ ਨਿਕਲ ਕੇ ਮੁਬਾਰਕਪੁਰ, ਘਨੌਰ, ਘੜਾਮ, ਸ਼ਤਰਾਣਾ, ਮੂਨਕ, ਜਾਖਲ, ਸਰਦੂਲਗੜ੍ਹ (ਬਠਿੰਡਾ), ਸਰਸਾ ਹੁੰਦੀ ਹੋਈ ਰਾਜਸਥਾਨ ਵਿਚ ਹਨੂਮਾਨਗੜ੍ਹ ਨੇੜੇ ਰੇਤਲੇ ਥਲ ਵਿਚ ਲੋਪ ਹੋ ਜਾਂਦੀ ਹੈ ਜਿਥੇ ਇਸ ਨੂੰ ਕਾਲੀ ਕਹਿੰਦੇ ਹਨ। ਹੜ੍ਹਾਂ ਵਿਚ ਸਭ ਤੋਂ ਵੱਧ ਨੁਕਸਾਨ ਇਹ ਹਨੂਮਾਨਗੜ੍ਹ ਸ਼ਹਿਰ ਅਤੇ ਜ਼ਿਲ੍ਹੇ ਦਾ ਹੀ ਕਰਦੀ ਹੈ। ਹਿਮਾਲਿਆ ਦੇ ਖੇਤਰ ਵਿਚ ਮੁੱਖ ਨਦੀ ਦਾ ਨਾਂ ਕੌਸ਼ਲਿਆ ਹੈ ਜੋ ਸ਼ੁਕਨਾ, ਸਿਰਾਲਾ, ਖੇਸਰਾ, ਗੰਕਰ ਅਤੇ ਸਰਸਾ ਦਾ ਪਾਣੀ ਲੈ ਕੇ ਮੁਬਾਰਕਪੁਰ ਦੇ ਨੇੜੇ ਖੁਲ੍ਹੇ ਮੈਦਾਨਾਂ ਵਿਚ ਉਤਰਦੀ ਹੈ। ਇਸ ਤੋਂ ਅਗੇ ਇਸ ਦਾ ਨਾਂ ਘੱਗਰ ਹੈ। ਇਹ ਸਾਰਾ ਸਾਲ ਵਗਦੀ ਹੈ। ਗਰਮੀਆਂ ਵਿਚ 1 ਫੁੱਟ ਪਾਣੀ ਹੁੰਦਾ ਹੈ। ਬਰਸਾਤ ਵਿਚ ਇਸ ਦਾ ਪਾਣੀ 6 ਫੁੱਟ ਜਾਂ ਇਸ ਤੋਂ ਵੱਧ ਚੜ੍ਹ ਜਾਂਦਾ ਹੈ। ਮਨੀਮਾਜਰਾ ਦੇ ਕੋਲ ਇਸ ਦੇ ਪਾਣੀ ਨੂੰ ਬਨਾਵਟੀ ਕੂਲਾਂ ਲਾ ਕੇ ਸਿੰਜਾਈ ਲਈ ਵਰਤਿਆ ਜਾਂਦਾ ਹੈ। ਕਾਲਕਾ ਤੇ ਅੰਬਾਲਾ ਦੇ ਅੱਧ ਵਿਚਕਾਰੋਂ ਇਹ ਸ਼ਿਮਲਾ ਅੰਬਾਲਾ ਸੜਕ ਨੂੰ ਪਾਰ ਕਰਦੀ ਹੈ। ਪੁਲ ਬਣਨ ਤੋਂ ਪਹਿਲਾਂ ਇਸ ਵਿਚੋਂ ਹਾਥੀਆਂ ਰਾਹੀਂ ਡਾਕ ਪਹੁੰਚਾਈ ਜਾਂਦੀ ਸੀ।
ਨਾਹਨ ਅਤੇ ਅੰਬਾਲੇ ਦੇ ਕੋਲ ਇਹ ਦੋ ਵਾਰ ਅੰਬਾਲੇ ਦੇ ਇਲਾਕੇ ਵਿਚ ਦਾਖਲ ਹੁੰਦੀ ਹੈ। ਰਾਜਪੁਰਾ ਅਤੇ ਬਨੂੜ ਦੇ ਇਲਾਕੇ ਵਿਚ ਇਸ ਦਾ ਤਲ ਤੰਗ ਅਤੇ ਅਨਿਸ਼ਚਿਤ ਹੈ ਪਰ ਘਨੌਰ ਕੋਲ ਇਸ ਦੇ ਕੰਢੇ ਡੂੰਘੇ ਹਨ ਜਿਸ ਕਰ ਕੇ ਨਦੀ ਦਾ ਪਾਣੀ ਸਹਿਜ ਨਾਲ ਵਗ ਜਾਂਦਾ ਹੈ। ਬਰਸਾਤਾਂ ਵਿਚ ਵਹਾਉ ਦੀ ਕੋਈ ਨਿਸ਼ਚਿਤ ਹੱਦ ਨਹੀਂ ਰਹਿੰਦੀ। ਇਹ ਨਦੀ ਸੰਗਰੂਰ ਜ਼ਿਲ੍ਹੇ ਵਿਚ ਸਪਰਹੇੜੀ, ਉਸਮਾਨਪੁਰ ਅਤੇ ਰਤਨਹੇੜੀ ਦੇ ਕੋਲੋਂ ਲੰਘਦੀ ਹੈ। ਬਰਸਾਤਾਂ ਦੇ ਮੌਸਮ ਵਿਚ ਇਹ ਸਪਰਹੇੜੀ ਦੇ ਕੋਲ ਲਗਭਗ 5 ਕਿ. ਮੀ. ਦੇ ਇਲਾਕੇ ਵਿਚ ਫੈਲ ਜਾਂਦੀ ਹੈ।
ਸ਼ਤਰਾਣੇ ਤੋਂ ਲਗਭਗ 5 ਕਿ. ਮੀ. ਦੱਖਣ ਪੂਰਬ ਵੱਲ ਮੈਗੜੇ ਦੇ ਕੋਲ ਇਸ ਵਿਚ ਸਰਸਵਤੀ ਆ ਮਿਲਦੀ ਹੈ। ਪਹਿਲੇ ਸਮਿਆਂ ਵਿਚ ਇਸ ਤੋਂ ਅੱਗੇ ਇਸ ਦਾ ਨਾਂ ਸਰਸਵਤੀ ਹੀ ਰਹਿੰਦਾ ਸੀ। ਇਸ ਨੂੰ ਪਾਵਣੀ ਵੀ ਆਖਦੇ ਸਨ। ਪਾਵਣੀ ਦੇ ਅਰਥ ਹਨ ਪਵਿੱਤਰ ਕਰਨ ਵਾਲੀ । ਰਾਮਾਇਣ ਦੇ ਆਦਿ ਪਰਵ ਅਨੁਸਾਰ ਸਰਸਵਤੀ ਗੰਗਾ ਦੀ ਇਕ ਸਹਾਇਕ ਨਦੀ ਹੋਇਆ ਕਰਦੀ ਸੀ।
ਸਰਸਾ ਤੋਂ ਦੱਖਣ ਪੱਛਮ ਵੱਲ ਇਸ ਵਿਚੋਂ ਦੋ ਨਹਿਰਾਂ ਕੱਢੀਆਂ ਗਈਆਂ ਹਨ ਜੋ ਰਾਜਪੂਤਾਨੇ (ਰਾਜਸਥਾਨ) ਵਿਚ ਸਿੰਜਾਈ ਕਰਦੀਆਂ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3776, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-04-33-03, ਹਵਾਲੇ/ਟਿੱਪਣੀਆਂ: ਹ. ਪੁ. –ਗਜ਼ ਫੂਲਕੀਆਂ ਸਟੇਟਸ, ਅੰਬਾਲਾ, ਪੰਜਾਬ
ਵਿਚਾਰ / ਸੁਝਾਅ
ਘੱਗਰ ਪਾਰ ਦੇ ਇਲਾਕੇ ਨੂੰ ਕਿ ਕਿਹਾ ਜਾਂਦਾ ਹੈ?
HUNNY Singh,
( 2024/04/06 07:3831)
Please Login First