ਚਕੋਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕੋਰ (ਨਾਂ,ਪੁ) ਚੰਦਰਮਾ ਨਾਲ ਲਿਵ ਲਾਈ ਰੱਖਣ ਦਾ ਪ੍ਰੇਮੀ ਸਮਝਿਆ ਜਾਂਦਾ ਕੁੱਕੜ ਦੇ ਅਕਾਰ ਦਾ ਪਹਾੜੀ ਪੰਛੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19391, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚਕੋਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕੋਰ 1 [ਨਾਂਪੁ] ਪਹਾੜੀ ਤਿੱਤਰ , ਇੱਕ ਪ੍ਰਸਿੱਧ ਪੰਖੇਰੂ 2 [ਵਿਸ਼ੇ] ਚਕੋਰ, ਚਹੁੰ ਬਾਹੀਆਂ ਵਾਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19569, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚਕੋਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕੋਰ. ਸੰ. ਸੰਗ੍ਯਾ—ਪਹਾੜੀ ਤਿੱਤਰ , ਜੋ ਲਾਲ ਟੰਗਾਂ ਵਾਲਾ ਹੁੰਦਾ ਹੈ. Greek partridge. ਇਸ ਦੀ ਕਵੀਆਂ ਨੇ ਚੰਦ੍ਰਮਾ ਨਾਲ ਪ੍ਰੀਤਿ ਦੱਸੀ ਹੈ. ਜ੍ਯੋਤਸ੍ਨਾਪ੍ਰਿਯ. “ਮਨ ਪ੍ਰੀਤਿ ਚੰਦ ਚਕੋਰ.” (ਬਿਲਾ ਅ: ਮ: ੫) ਪੁਰਾਣੇ ਸਮੇਂ ਰਾਜੇ ਪ੍ਰੇਮ ਨਾਲ ਚਕੌਰ ਪਾਲਦੇ ਸਨ ਅਤੇ ਖਾਣ ਯੋਗ੍ਯ ਪਦਾਰਥ ਚਕੋਰ ਅੱਗੇ ਰਖਦੇ, ਜੇ ਚਕੋਰ ਤੇ ਉਨ੍ਹਾਂ ਨੂੰ ਵੇਖਕੇ, ਬੁਰਾ ਅਸਰ ਨਾ ਹੋਵੇ, ਤਦ ਖਾਂਦੇ ਸਨ. ਵਿਸ਼੍ਵਾਸ ਇਹ ਸੀ ਕਿ ਜੇ ਖਾਣੇ ਵਿੱਚ ਜ਼ਹਿਰ ਹੋਵੇ, ਤਦ ਚਕੋਰ ਦੇ ਦੇਖਣਸਾਰ ਨੇਤ੍ਰ ਲਾਲ ਹੋ ਜਾਂਦੇ ਹਨ ਅਰ ਤੁਰਤ ਮਰ ਜਾਂਦਾ ਹੈ, ਇਸੇ ਲਈ ਚਕੋਰ ਦਾ ਨਾਮ “ਵਿ੄ਦਸ਼੗ਨਮ੍ਰਿਤ੍ਯੁਕ” ਹੈ.

ਅਨੇਕ ਕਵੀਆਂ ਨੇ ਚਕੋਰ ਨੂੰ ਅੰਗਾਰ ਖਾਣ ਵਾਲਾ ਲਿਖਿਆ ਹੈ, ਜੇਹਾ ਕਿ—“ਚੁੰਚਨ ਚਾਪ ਚਹੂੰ ਦਿਸਿ ਡੋਲਤ ਚਾਰੁ ਚਕੋਰ ਅੰਗਾਰਨ ਭੋਰੈਂ.” (ਕੇਸ਼ਵ) ਇਸ ਦਾ ਮੂਲ ਇਹ ਹੈ ਕਿ ਚਕੋਰ ਰਿੰਗਣਜੋਤਿ (Glow-worm) ਖਾਇਆ ਕਰਦਾ ਹੈ, ਉਸ ਦੇ ਭੁਲੇਵੇਂ ਅੰਗਾਰ ਨੂੰ ਚੁਗਣ ਲਗ ਜਾਂਦਾ ਹੈ। ੨ ਦੇਖੋ, ਚਿਤ੍ਰਪਦਾ ੨ ਅਤੇ ਸਵੈਯੇ ਦਾ ਰੂਪ ੧੧। ੩ ਚੌਕੋਰ. ਦੇਖੋ, ਚੁਕੋਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਕੋਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚਕੋਰ ਸੰਸਕ੍ਰਿਤ ਚਕੋਰ:। ਪ੍ਰਾਕ੍ਰਿਤ ਚਕੑਕ। ਤਿੱਤਰ ਦੀ ਜਾਤੀ ਦਾ ਇਕ ਪੰਛੀ। ਕਿਹਾ ਜਾਂਦਾ ਹੈ ਕਿ ਚੰਦਰਮਾ ਦੀਆਂ ਕਿਰਣਾਂ ਇਸ ਦਾ ਅਹਾਰ ਹਨ, ਚਕੋਰ- ਮਨਿ ਪ੍ਰੀਤਿ ਚੰਦ ਚਕੋਰ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 19243, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚਕੋਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਕੋਰ : ਇਹ ਏਵੀਜ਼ ਸ਼੍ਰੇਣੀ (ਜਾਂ ਪੰਛੀ-ਸ਼੍ਰੇਣੀ) ਦੀ ਫੇਜ਼ੀਐਨਡੀ ਕੁਲ ਦਾ ਪੰਛੀ ਹੈ। ਇਸ ਦਾ ਪ੍ਰਾਣੀ ਵਿਗਿਆਨਕ ਨਾਂ ਕੈਕਾਬਿਸ ਚਕੋਰ (Caccabis chukor) ਹੈ। ਇਹ ਤਿੱਤਰ ਵਰਗਾ ਪੰਛੀ ਹੈ। ਇਸ ਦਾ ਸੁਭਾਅ ਅਤੇ ਆਦਤਾਂ ਵੀ ਤਿੱਤਰ ਨਾਲ ਕਾਫ਼ੀ ਮਿਲਦੀਆਂ-ਜੁਲਦੀਆਂ ਹਨ। ਪਾਲਤੂ ਹੋ ਜਾਣ ਤੇ ਇਹ ਵੀ ਤਿੱਤਰ ਦੀ ਤਰ੍ਹਾਂ ਆਪਣੇ ਮਾਲਕ ਦੇ ਪਿੱਛੇ ਪਿੱਛੇ ਫਿਰਦਾ ਰਹਿੰਦਾ ਹੈ। ਇਸ ਦਾ ਸ਼ਿਕਾਰ ਕੀਤਾ ਜਾਂਦਾ ਹੈ। ਇਸ ਦਾ ਮਾਸ ਬਹੁਤ ਸੁਆਦਲਾ ਹੁੰਦਾ ਹੈ। ਇਹ ਮੈਦਾਨਾਂ ਨਾਲੋਂ ਪਹਾੜਾਂ ਵਿਚ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ। ਇਸ ਦੇ ਬੱਚੇ ਅੰਡਿਆਂ ਵਿਚੋਂ ਬਾਹਰ ਆਉਂਦੇ ਹੀ ਦੌੜਨ ਲਗਦੇ ਹਨ।

          ਸਾਹਿਤ ਵਿਚ ਇਸ ਪੰਛੀ ਦਾ ਬਹੁਤ ਜ਼ਿਕਰ ਆਉਂਦਾ ਹੈ। ਇਸ ਬਾਰੇ ਕਵੀਆਂ ਨੇ ਕਲਪਨਾ ਕੀਤੀ ਹੈ ਕਿ ਇਹ ਸਾਰੀ ਰਾਤ ਚੰਦ ਵਲ ਦੇਖਦਾ ਰਹਿੰਦਾ ਹੈ ਅਤੇ ਚਿੰਗਾਰੀਆਂ ਨੂੰ ਚੰਦ ਦੇ ਟੁਕੜੇ ਸਮਝ ਕੇ ਚੁਣਦਾ ਰਹਿੰਦਾ ਹੈ। ਇਸ ਵਿਚ ਸਚਾਈ ਇਹ ਹੈ ਕਿ ਇਹ ਕੀਟ-ਆਹਾਰੀ ਪੰਛੀ ਹੈ ਅਤੇ ਚਿੰਗਾਰੀਆਂ ਨੂੰ ਜੁਗਨੂੰ (ਜਾਂ ਹੋਰ ਚਮਕਣ ਵਾਲੇ ਕੀਟ) ਸਮਝ ਕੇ ਉਨ੍ਹਾਂ ਉੱਤੇ ਭਾਵੇਂ ਚੁੰਝ ਮਾਰ ਲਵੇ ਪਰ ਵਾਸਤਵ ਵਿਚ ਨਾ ਤਾਂ ਇਹ ਅੱਗ ਦੇ ਟੁਕੜੇ ਖਾਂਦਾ ਹੈ ਤੇ ਨਾ ਹੀ ਸਾਰੀ ਰਾਤ ਚੰਦ ਵੱਲ ਦੇਖਦਾ ਰਹਿੰਦਾ ਹੈ।

          ਇਸ ਬਾਰੇ ਇਹ ਗੱਲ ਵੀ ਪ੍ਰਸਿੱਧ ਹੈ ਕਿ ਜ਼ਹਿਰ ਮਿਲੀ ਹੋਈ ਕੋਈ ਖਾਣ ਵਾਲੀ ਚੀਜ਼ ਦੇਖਦੇ ਹੀ ਇਸ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਇਹ ਮਰ ਜਾਂਦਾ ਹੈ। ਕਹਿੰਦੇ ਹਨ ਕਿ ਭੋਜਨ ਦੀ ਪ੍ਰੀਖਿਆ ਲਈ ਪੁਰਾਣੇ ਜ਼ਮਾਨੇ ਵਿਚ ਰਾਜੇ ਮਹਾਰਾਜੇ ਇਸ ਨੂੰ ਪਾਲਦੇ ਸਨ।

          ਹ. ਪੁ.––ਹਿੰ. ਵਿ. ਕੋ. 4 : 150


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਚਕੋਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਚਕੋਰ : ਇਹ ਪੰਛੀ ਤਿੱਤਰ ਵਰਗਾ ਹੁੰਦਾ ਹੈ ਅਤੇ ਇਸ ਦਾ ਸੁਭਾਅ ਅਤੇ ਆਦਤਾਂ ਵੀ ਤਿੱਤਰ ਨਾਲ ਮਿਲਦੀਆਂ ਜੁਲਦੀਆਂ ਹਨ। ਇਸ ਪੰਛੀ ਨੂੰ ਪਾਲਿਆ ਵੀ ਜਾਂਦਾ ਹੈ। ਇਸ ਦਾ ਸ਼ਿਕਾਰ ਕੀਤਾ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਦਾ ਮਾਸ ਬਹੁਤ ਸੁਆਦਲਾ ਹੁੰਦਾ ਹੈ। ਇਹ ਦਰਿਆ ਦੇ ਕੰਢੇ ਵਾਲੇ ਇਲਾਕੇ ਵਿਚ ਰਹਿਣਾ ਪਸੰਦ ਕਰਦਾ ਹੈ ਅਤੇ ਮੈਦਾਨਾਂ ਨਾਲੋਂ ਪਹਾੜਾਂ ਵਿਚ ਬਹੁਤ ਜ਼ਿਆਦਾ ਮਿਲਦਾ ਹੈ। ਇਸ ਪ੍ਰਾਣੀ ਦਾ ਵਿਗਿਆਨਕ ਨਾਂ ਕੈਕਾਬਿਸ ਚਕੋਰ ਹੈ। ਸਾਹਿਤ ਵਿਚ ਇਸ ਪੰਛੀ ਦਾ ਕਾਫ਼ੀ ਜ਼ਿਕਰ ਆਉਂਦਾ ਹੈ। ਮਿਥਿਹਾਸ ਅਨੁਸਾਰ ਇਹ ਸਾਰੀ ਰਾਤ ਚੰਦ ਵੱਲ ਦੇਖਦਾ ਰਹਿੰਦਾ ਹੈ ਅਤੇ ਅੱਗ ਦੀਆਂ ਚਿੰਗਾਰੀਆਂ ਨੂੰ ਚੰਦ ਦੇ ਟੁਕੜੇ ਸਮਝ ਕੇ ਚੁਗਦਾ ਰਹਿੰਦਾ ਹੈ। ਸਚਾਈ ਇਹ ਮੰਨੀ ਜਾਂਦੀ ਹੈ ਕਿ ਇਹ ਕੀਟ ਆਹਾਰੀ ਹੈ ਅਤੇ ਜੁਗਨੂੰ ਆਦਿ ਕੀੜੇ ਖਾਣ ਦੀ ਇੱਛਾ ਕਾਰਨ ਚਿੰਗਾਰੀਆਂ ਨੂੰ ਚੁੰਝ ਮਾਰਦਾ ਹੈ ਪਰ ਉਨ੍ਹਾਂ ਨੂੰ ਖਾਂਦਾ ਨਹੀਂ। ਇਸ ਬਾਰੇ ਇਹ ਵੀ ਪ੍ਰਚਲਿਤ ਹੈ ਕਿ ਕਿਸੇ ਜ਼ਹਿਰ ਮਿਲੀ ਚੀਜ਼ ਨੂੰ ਦੇਖਦੇ ਹੀ ਇਸ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਇਹ ਮਰ ਜਾਂਦਾ ਹੈ। ਪੁਰਾਣੇ ਜ਼ਮਾਨੇ ਵਿਚ ਰਾਜੇ ਮਹਾਰਾਜੇ ਭੋਜਨ ਨੂੰ ਪਰਖਣ ਲਈ ਇਸ ਪੰਛੀ ਨੂੰ ਪਾਲਦੇ ਸਨ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਵਿਚ ਇਸ ਦਾ ਹਵਾਲਾ ਇਉਂ ਦਿੱਤਾ ਹੈ ਕਿ ਜਿਸ ਤਰ੍ਹਾਂ ਚਕੋਰ ਚੰਦ ਨੂੰ ਪਿਆਰ ਕਰਦਾ ਹੈ ਉਸ ਤਰ੍ਹਾਂ ਜੀਵ ਨੂੰ ਪ੍ਰਭੂ ਨਾਲ ਪਿਆਰ ਕਰਨਾ ਚਾਹੀਦਾ ਹੈੇ।

 ‘‘ ਮਨ ਪ੍ਰੀਤਿ ਚੰਦ ਚਕੋਰ’’


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10396, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-12-43-36, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਵਿ. ਕੋ. 4:150; ਮ. ਕੋ.: ਪੰ. ਲੋ. ਵਿ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.