ਚਤੁਰਭੁਜ ਪੋਥੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚਤੁਰਭੁਜ ਪੋਥੀ: ਇਹ ਪੋਥੀ ਮਿਹਰਬਾਨ ਜਨਮਸਾਖੀ ਦੇ ਦੂਜੇ ਭਾਗ ਵਿਚ ਸ਼ਾਮਲ ਹੈ। ਇਸ ਵਿਚ ਕੁਲ 74 ਗੋਸ਼ਟਾਂ ਹਨ। ਇਸ ਜਨਮਸਾਖੀ ਦੇ ਦੂਜੇ ਭਾਗ ਦੀਆ ਦੋਵੇਂ ਪੋਥੀਆਂ (ਹਰਿਜੀ ਪੋਥੀ ਅਤੇ ਚਤੁਰਭੁਜ ਪੋਥੀ) ਮਿਹਰਬਾਨ ਦੇ ਪ੍ਰਵਚਨਾਂ ਦਾ ਲਿਪੀਬਧ ਅਤੇ ਸੋਧਿਆ ਹੋਇਆ ਰੂਪ ਹੈ। ਇਨ੍ਹਾਂ ਦਾ ਕਰਤ੍ਰਿਤਵ ਸੋਢੀ ਮਿਹਰਬਾਨ ਨਾਲ ਜੁੜਦਾ ਹੈ। ਵੇਖੋ ‘ਮਿਹਰਬਾਨ ਵਾਲੀ ਜਨਮਸਾਖੀ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3206, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਚਤੁਰਭੁਜ ਪੋਥੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੁਰਭੁਜ ਪੋਥੀ: ਮਿਹਰਬਾਨ ਜਨਮ ਸਾਖੀ ਵਜੋਂ ਜਾਣੀ ਜਾਂਦੀ ਪੋਥੀ ਦਾ ਤੀਜਾ ਹਿੱਸਾ ਹੈ। ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ (1558-1618) ਦੇ ਪੁੱਤਰ ਸੋਢੀ ਮਿਹਰਬਾਨ ( 1581-1639) ਦੇ ਤਿੰਨ ਪੁੱਤਰਾਂ ਵਿਚੋਂ ਸਭ ਤੋਂ ਛੋਟੇ ਸੋਢੀ ਚਤੁਰਭੁਜ ਦੀ ਰਚਨਾ ਹੈ। ਪੋਥੀ ਦਾ ਪ੍ਰਸਿੱਧ ਹੱਥ-ਲਿਖਤ ਖਰੜਾ ਖ਼ਾਲਸਾ ਕਾਲਜ, ਅੰਮ੍ਰਿਤਸਰ , ਦੇ ਸਿੱਖ ਇਤਿਹਾਸ ਖੋਜ ਵਿਭਾਗ ਵਿਚ ਸਾਂਭਿਆ ਪਿਆ ਹੈ। ਇਹ ਰਚਨਾ ਖਰੜੇ ਦੇ ਤਿੰਨ ਭਾਗਾਂ ਵਿਚੋਂ ਇਕ ਹੈ-ਮਿਹਰਬਾਨ ਦੀ ਸਚਖੰਡ ਪੋਥੀ, ਮਿਹਰਬਾਨ ਦੇ ਦੂਜੇ ਪੁੱਤਰ ਅਤੇ ਉੱਤਰਾਧਿਕਾਰੀ ਹਰਿਜੀ (1696 ਅਕਾਲ ਚਲਾਣਾ) ਦੀ ਪੋਥੀ ਹਰਿਜੀ ਅਤੇ ਚਤੁਰਭੁਜ ਪੋਥੀ । ਅੰਤਿਮ ਪੋਥੀ ਦਾ ਨਾਂ ਇਸ ਦੇ ਅੰਤ ਤੇ ਦਿੱਤੀ ਟਿੱਪਣੀ ਚਤ੍ਰਭੋਜ ਪੋਥੀ ਤੋਂ ਪਿਆ ਹੈ। ਲੇਖਕ ਦਾ ਨਾਂ ਚਤਰ ਭੋਜ ਲਿਖਿਆ ਹੋਇਆ ਹੈ ਜੋ ਕਿ ਚਤੁਰਭੁਜ ਤੋਂ ਥੋੜ੍ਹੇ ਹੀ ਫ਼ਰਕ ਨਾਲ ਹੈ। ਚਤੁਰਭੁਜ ਦਾ ਅਰਥ ਹੈ ਚਾਰ ਭੁਜਾਵਾਂ ਵਾਲਾ ਜਿਵੇਂ ਕਿ ਵਿਸ਼ਣੁ ਨੂੰ ਤਸਵੀਰਾਂ ਵਿਚ ਦਿਖਾਇਆ ਜਾਂਦਾ ਹੈ। ਚਤੁਰਭੁਜ ਪੋਥੀ ਵਿਚ 74 ਗੋਸ਼ਟਾਂ ਸ਼ਾਮਲ ਹਨ ਅਤੇ ਇਹ 1651 ਵਿਚ ਸੰਪੂਰਨ ਹੋਈ ਹੈ। ਇਹ ਵੀ ਦੂਜੀਆਂ ਦੋਵੇਂ ਪੋਥੀਆਂ, (ਪਹਿਲੀ ਪਿਤਾ ਅਤੇ ਦੂਜੀ ਉਸਦੇ ਭਰਾ ਦੁਆਰਾ ਲਿਖੀ ਹੋਈ ਹੈ) ਵਾਂਗ ਉਸੇ ਤਰ੍ਹਾਂ ਦੀ ਭਾਸ਼ਾ , ਸ਼ੈਲੀ ਅਤੇ ਬਣਤਰ ਵਿਚ ਹੈ। ਪੋਥੀ ਵਿਚਲੀ ਹਰ ਇਕ ਗੋਸ਼ਟਿ , ਗੁਰੂ ਨਾਨਕ ਦੇਵ ਜੀ ਦੀ ਗੋਸ਼ਟਿ ਮੰਨੀ ਜਾਂਦੀ ਹੈ ਅਤੇ ਹਾਲਾਤ ਨਾਲ ਸੰਬੰਧਿਤ ਇਕ ਆਮ ਕਥਨ ਨਾਲ ਸ਼ੁਰੂ ਹੁੰਦੀ ਹੈ। ਕੋਈ ਵਿਅਕਤੀ ਧਾਰਮਿਕ ਸਿਧਾਂਤਾਂ ਜਾਂ ਅਮਲਾਂ ਬਾਰੇ ਸਵਾਲ ਪੁੱਛਦਾ ਹੈ ਜਾਂ ਸ਼ੱਕ ਜ਼ਾਹਰ ਕਰਦਾ ਹੈ, ਅਤੇ ਗੁਰੂ ਨਾਨਕ ਦੇਵ ਜੀ ਆਪਣੇ ਸ਼ਬਦਾਂ ਦੇ ਹਵਾਲੇ ਅਤੇ ਵਿਆਖਿਆ ਨਾਲ ਆਪਣੇ ਕਥਨ ਨੂੰ ਅੱਗੇ ਤੋਰਦੇ ਹਨ। ਅਜਿਹੇ ਸਮੇਂ ਲੇਖਕ ਚਤੁਰਭੁਜ ਆਮ ਤੌਰ ਤੇ ਗੋਸ਼ਟਿ ਨੂੰ ਸਲੋਕ , ‘ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਾਂ ਆਪਣੀ ਰਚਨਾ ਵਿਚੋਂ ਕਿਸੇ ਦੋਹਰੇ ਨਾਲ ਸੰਪੂਰਨ ਕਰਦਾ ਹੈ। ਪੋਥੀ, ਸੰਪੂਰਨ ਮਿਹਰਬਾਨ ਜਨਮ ਸਾਖੀ ਵਾਂਗ ਜੀਵਨੀ ਘੱਟ , ਵਿਆਖਿਆ ਜ਼ਿਆਦਾ ਹੈ, ਭਾਵੇਂ ਕਿ ਹਰ ਗੋਸ਼ਟਿ ਦੇ ਸ਼ੁਰੂਆਤੀ ਪ੍ਰਬੰਧ ਵਿਚ ਸੰਬੋਧਨ ਕਰਨ ਵਾਲੇ ਵਿਅਕਤੀ ਜਾਂ ਵਿਅਕਤੀਆਂ ਅਤੇ ਕੁਝ ਵਿਸ਼ੇਸ਼ ਸਥਾਨਾਂ ਲਈ ਹਵਾਲੇ ਸ਼ਾਮਲ ਹਨ। ਮੁਢਲਾ ਸੰਬੰਧ ਸਿਧਾਂਤਿਕ ਹੈ ਜਿਵੇਂ ਪਰਮਾਤਮਾ ਦਾ ਸਰੂਪ ਨਾਮ ਸਿਮਰਨ , ਸੱਚੇ ਗੁਰੂ ਦਾ ਮਹੱਤਵ ਆਦਿ। ਹਰਿਜੀ ਨੇ ਆਪਣੀ ਵਿਆਖਿਆ ਲਈ ਗੁਰੂ ਨਾਨਕ ਦੇਵ ਜੀ ਦੀਆਂ ਲੰਮੀਆਂ ਰਚਨਾਵਾਂ ਨੂੰ ਚੁਣਿਆ, ਜਿਵੇਂ ਕਿ, ਜਪੁ , ਪੱਟੀ , ਸਿਧ ਗੋਸਟਿ ਅਤੇ ਓਅੰਕਾਰ , ਚਤੁਰਭੁਜ ਨੇ ਚਉਪਦੇ ਅਤੇ ਅਸ਼ਟਪਦੀਆਂ ਕ੍ਰਮਵਾਰ (ਚਾਰ ਲਾਈਨਾਂ ਅਤੇ ਅੱਠ ਲਾਈਨਾਂ ਵਾਲੇ ਸ਼ਬਦ) ਤੋਂ ਇਲਾਵਾ ਮਾਝ ਅਤੇ ਮਲਹਾਰ ਰਾਗਾਂ ਵਿਚਲੀਆਂ ਵਾਰਾਂ ਦੀਆਂ ਪਉੜੀਆਂ ਅਤੇ ਸਲੋਕਾਂ ਦੀ ਵਰਤੋਂ ਕੀਤੀ ਹੈ।


ਲੇਖਕ : ਗ.ਨ.ਰ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3204, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.