ਚਾਲੀ ਮੁਕਤੇ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਚਾਲੀ ਮੁਕਤੇ: ਮੁਕਤੀ-ਪ੍ਰਾਪਤ ਵਿਅਕਤੀ ਨੂੰ ‘ਮੁਕਤ ’ ਜਾਂ ‘ਮੁਕਤਾ’ ਕਿਹਾ ਜਾਂਦਾ ਹੈ। ਸਿੱਖ-ਇਤਿਹਾਸ ਵਿਚ ਚਾਲੀ ਮੁਕਤਿਆਂ ਦਾ ਪ੍ਰਸੰਗ ਬਹੁਤ ਪ੍ਰਸਿੱਧ ਹੈ, ਜਿਨ੍ਹਾਂ ਦੀ ਯਾਦ ਵਿਚ ਮੁਕਤਸਰ (ਵੇਖੋ) ਦੀ ਸਥਾਪਨਾ ਹੋਈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਧਰਮ-ਯੁੱਧ ਕਰਦੇ ਹੋਏ ਮੁਗ਼ਲ ਸੈਨਾ ਦੁਆਰਾ ਆਨੰਦਪੁਰ ਦੇ ਕਿਲ੍ਹੇ ਵਿਚ ਘਿਰ ਗਏ ਤਾਂ ਕੁਝ ਸਿੰਘ ਭੁਖੇ ਤਿਹਾਏ ਹੋਣ ਕਾਰਣ ਦਿਲ ਛਡ ਗਏ। ਉਨ੍ਹਾਂ ਨੇ ਗੁਰੂ ਜੀ ਨੂੰ ਕਿਲ੍ਹਾ ਛਡ ਦੇਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਅਜੇ ਹੋਰ ਉਡੀਕਣ ਲਈ ਆਦੇਸ਼ ਦਿੱਤਾ। ਪਰ ਉਹ ਕਿਲ੍ਹੇ ਤੋਂ ਬਾਹਰ ਜਾਣ ਲਈ ਬਜ਼ਿਦ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਬੇਦਾਵਾ (ਸੰਬੰਧ-ਤਿਆਗ) ਲਿਖ ਕੇ ਦੇ ਜਾਣ ਲਈ ਕਿਹਾ। ਸ. ਮਹਾਂ ਸਿੰਘ ਦੀ ਜੱਥੇਬੰਦੀ ਅਧੀਨ 40 ਸਿੱਖਾਂ ਨੇ ਬੇਦਾਵਾ ਲਿਖ ਦਿੱਤਾ ਅਤੇ ਕਿਲ੍ਹਾ ਛਡ ਕੇ ਮਾਝੇ ਦੇ ਇਲਾਕੇ ਵਿਚ ਆਪਣੇ ਘਰਾਂ ਨੂੰ ਚਲੇ ਗਏ। ਕੁਝ ਸਮੇਂ ਬਾਦ ਪ੍ਰਤਿਕੂਲ ਸਥਿਤੀ ਨੂੰ ਵੇਖਦੇ ਹੋਇਆਂ ਗੁਰੂ ਜੀ ਨੇ ਵੀ ਕਿਲ੍ਹਾ ਛਡ ਦਿੱਤਾ। ਮੁਗ਼ਲ ਸੈਨਾ ਨਾਲ ਜੂਝਦਿਆਂ ਅਤੇ ਬਿਖੜੇ ਮਾਰਗ ਚਲਦਿਆਂ ਗੁਰੂ ਜੀ ਖਿਦਰਾਣੇ ਦੀ ਢਾਬ (ਹੁਣ ਮੁਕਤਸਰ) ਕੋਲ ਪਹੁੰਚੇ ।
ਉਧਰ ਉਹ 40 ਸਿੰਘ ਜਦੋਂ ਘਰਾਂ ਵਿਚ ਪਹੁੰਚੇ ਤਾਂ ਘਰ ਵਾਲਿਆਂ ਨੇ ਬੁਰਾ ਮੰਨਾਇਆ, ਤਾਹਨੇ ਮਾਰੇ , ਵਿਅੰਗ ਕਸੇ। ਸ਼ਰਮਸਾਰ ਹੋ ਕੇ ਉਹ ਮਾਈ ਭਾਗੋ ਦੀ ਅਗਵਾਈ ਵਿਚ ਗੁਰੂ ਸਾਹਿਬ ਤੋਂ ਖਿਮਾ ਮੰਗਣ ਅਤੇ ਟੁੱਟ ਸੰਬੰਧਾਂ ਨੂੰ ਫਿਰ ਤੋਂ ਜੋੜਨ ਲਈ ਤੁਰ ਪਏ। ਕਿਲ੍ਹਾ ਛਡ ਚੁੱਕੇ ਗੁਰੂ ਜੀ ਨੂੰ ਲਭਦੇ ਲਭਦੇ ਉਹ ਖਿਦਰਾਣੇ ਦੀ ਢਾਬ ਕੋਲ ਪਹੁੰਚੇ ਅਤੇ ਗੁਰੂ ਸਾਹਿਬ ਦਾ ਪਿਛਾ ਕਰ ਰਹੀ ਮੁਗ਼ਲ ਸੈਨਾ ਨਾਲ ਜਨਵਰੀ 1706 ਈ. ਵਿਚ ਅਦੁੱਤੀ ਯੁੱਧ ਕਰਕੇ ਵੀਰਗਤੀ ਪ੍ਰਾਪਤ ਕੀਤੀ। ਗੁਰੂ ਜੀ ਨੇੜੇ ਹੀ ਇਕ ਟਿੱਬੇ ਉਤੇ ਬੈਠਿਆਂ ਸਿੰਘਾਂ ਦਾ ਯੁੱਧ-ਕਰਮ ਵੇਖ ਰਹੇ ਸਨ। ਯੁੱਧ ਉਪਰੰਤ ਅੰਤਿਮ ਸੁਆਸਾਂ’ਤੇ ਪਹੁੰਚੇ ਜੱਥੇਦਾਰ ਮਹਾਂ ਸਿੰਘ ਨੂੰ ਗੁਰੂ ਜੀ ਨੇ ਜਲ ਛਿੜਕ ਕੇ ਸਚੇਤ ਕੀਤਾ। ਉਸ ਦੀ ਅੰਤਿਮ ਇੱਛਾ ਪੁੱਛੀ ਜਿਸ ਅਨੁਸਾਰ ਗੁਰੂ ਜੀ ਨੇ ਬੇਦਾਵਾ ਫਾੜ ਕੇ ਉਨ੍ਹਾਂ ਸਿੰਘਾਂ ਨੂੰ ਮੁਕਤੀ ਪ੍ਰਦਾਨ ਕਰਦੇ ਹੋਇਆਂ ਆਪਣੇ ਹੱਥ ਨਾਲ ਉਨ੍ਹਾਂ ਦੀਆਂ ਦੇਹਾਂ ਦਾ ਸਸਕਾਰ ਕੀਤਾ ਅਤੇ ਉਨ੍ਹਾਂ ਦੀ ਯਾਦ ਵਿਚ ਉਸ ਢਾਬ ਦਾ ਨਾਂ ‘ਮੁਕਤਸਰ’ ਰਖਿਆ। ਉਥੇ ਹਰ ਸਾਲ ਮਾਘੀ ਦੇ ਅਵਸਰ’ਤੇ ਬਹੁਤ ਵੱਡਾ ਮੇਲਾ ਲਗਦਾ ਹੈ।
ਮੁਕਤਸਰ ਦੇ ਯੁੱਧ ਵਿਚ ਸ਼ਹੀਦ ਹੋਏ ਸਿੰਘਾਂ ਦੇ ਨਾਮ ‘ਮਹਾਨ ਕੋਸ਼ ’ ਅਨੁਸਾਰ ਇਸ ਪ੍ਰਕਾਰ ਹਨ— ਸਮੀਰ ਸਿੰਘ, ਸਰਜਾ ਸਿੰਘ, ਸਾਧੂ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ , ਸੋਭਾ ਸਿੰਘ , ਸੰਤ ਸਿੰਘ , ਹਰਸਾ ਸਿੰਘ, ਹਰੀ ਸਿੰਘ , ਕਰਨ ਸਿੰਘ, ਕਰਮ ਸਿੰਘ , ਕਾਲ੍ਹਾ ਸਿੰਘ, ਕੀਰਤਿ ਸਿੰਘ, ਕ੍ਰਿਪਾਲ ਸਿੰਘ, ਖੁਸ਼ਾਲ ਸਿੰਘ, ਗੁਲਾਬ ਸਿੰਘ , ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਯਾਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮਹਾ ਸਿੰਘ, ਮੱਜਾ ਸਿੰਘ, ਮਾਨ ਸਿੰਘ, ਮੈਯਾ ਸਿੰਘ, ਰਾਇ ਸਿੰਘ ਅਤੇ ਲਛਮਣ ਸਿੰਘ। ਕਈ ਇਤਿਹਾਸਕਾਰਾਂ ਨੇ ਨਾਂਵਾਂ ਵਿਚ ਕੁਝ ਫ਼ਰਕ ਵੀ ਪਾਇਆ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6857, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਚਾਲੀ ਮੁਕਤੇ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਾਲੀ ਮੁਕਤੇ: ਉਹਨਾਂ 40 ਬਹਾਦਰ ਸਿੱਖਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਨੇ 29 ਦਸੰਬਰ 1705 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦੀ ਹੋਈ ਮੁਗ਼ਲ ਫ਼ੌਜ ਦਾ ਮੁਕਾਬਲਾ ਕਰਦੇ ਹੋਏ ਖਿਦਰਾਣੇ ਦੀ ਢਾਬ , ਜਿਸਨੂੰ ਈਸ਼ਰਸਰ ਵੀ ਕਿਹਾ ਜਾਂਦਾ ਹੈ, ਕੋਲ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ ਸਨ। ਇਤਿਹਾਸ ਤੋਂ ਇਲਾਵਾ ਸਮੂਹ ਧਾਰਮਿਕ ਸਮਾਗਮਾਂ ਦੇ ਅਖੀਰ ਤੇ ਜਾਂ ਨਿੱਜੀ ਤੌਰ ਤੇ ਸਿੱਖ ਅਰਦਾਸ ਵਿਚ ਇਹਨਾਂ ਚਾਲੀ ਮੁਕਤਿਆਂ ਨੂੰ ਯਾਦ ਕੀਤਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਜੋ ਨੇੜੇ ਹੀ ਇਕ ਟਿੱਬੀ ਤੋਂ ਲੜਾਈ ਵੇਖ ਰਹੇ , ਨੇ ਇਹਨਾਂ ਦੀ ਬਹਾਦਰੀ ਦੀ ਪ੍ਰਸੰਸਾ ਕੀਤੀ ਅਤੇ ਚਾਲੀ ਮੁਕਤਿਆਂ ਦਾ ਅਸ਼ੀਰਵਾਦ ਦਿੱਤਾ। ਇਸ ਤੋਂ ਬਾਅਦ ਖਿਦਰਾਣਾ, ਮੁਕਤਸਰ ਭਾਵ ਮੁਕਤੀ ਦਾ ਸਰੋਵਰ ਬਣ ਗਿਆ। ਵਿਉਂਤਪਤੀ ਅਨੁਸਾਰ ‘ਮੁਕਤਾ’ ਸ਼ਬਦ ਸੰਸਕ੍ਰਿਤ ਦੇ ‘ਮੁਕਤ` ਤੋਂ ਨਿਕਲਿਆ ਹੈ ਜਿਸ ਦਾ ਅਰਥ ਹੈ ਮੁਕਤੀ, ਵਿਸ਼ੇਸ਼ ਤੌਰ ਤੇ ਜਨਮ ਅਤੇ ਮੌਤ ਦੇ ਚੱਕਰ ਤੋਂ ਅਜ਼ਾਦੀ , ਸੁਤੰਤਰਤਾ ਆਦਿ। ਸਿੱਖ ਧਰਮ ਵਿਚ ਮੁਕਤੀ ਨੂੰ ਮਨੁੱਖੀ ਹੋਂਦ ਦੀ ਉੱਚਤਮ ਅਧਿਆਤਮਿਕ ਅਵਸਥਾ ਮੰਨਿਆ ਗਿਆ ਹੈ ਅਤੇ ਮੁਕਤ ਜਾਂ ਮੁਕਤਾ ਉਹ ਹੈ ਜਿਸ ਨੇ ਪਰਮ ਅਨੰਦ ਦੀ ਅਵਸਥਾ ਨੂੰ ਹਾਸਲ ਕਰ ਲਿਆ ਹੈ। ਮੁਕਤਾ ਸ਼ਬਦ, ਜਿਸ ਦਾ ਅਰਥ ਮੋਤੀ ਵੀ ਹੈ, ਇਸ ਤਰ੍ਹਾਂ ਵਿਲੱਖਣਤਾ ਦੇ ਵਿਸ਼ੇਸ਼ਣ ਜਾਂ ਸਿਰਲੇਖ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਇਸੇ ਸੰਦਰਭ ਵਿਚ ਸ਼ਾਇਦ ਇਹ ਵੀ ਕਿਹਾ ਜਾ ਸਕਦਾ ਹੈ ਕਿ ਪੰਜ ਸਿੱਖਾਂ ਨੂੰ, ਜੋ ਕਿ 30 ਮਾਰਚ 1699 ਨੂੰ ਪਹਿਲੇ ਪੰਜ ਪਿਆਰਿਆਂ ਤੋਂ ਇਕਦਮ ਪਿੱਛੋਂ ਖ਼ਾਲਸਾ ਪੰਥ ਵਿਚ ਸ਼ਾਮਲ ਹੋਏ, ‘ਮੁਕਤੇ` ਕਿਹਾ ਜਾ ਸਕਦਾ ਹੈ।
ਚਾਲੀ ਮੁਕਤੇ ਪਦ ਨੂੰ ਕਈ ਵਾਰ ਉਹਨਾਂ ਸ਼ਹੀਦਾਂ ਲਈ ਵਰਤਿਆ ਗਿਆ ਹੈ ਜਿਨ੍ਹਾਂ ਨੂੰ ਵਿਸ਼ਾਲ ਮੁਗ਼ਲ ਫ਼ੌ਼ਜ ਨੇ 7 ਦਸੰਬਰ ਨੂੰ ਚਮਕੌਰ ਵਿਖੇ ਘੇਰਾ ਪਾ ਲਿਆ ਸੀ। ਇਹ ਉਹੀ ਸਿੱਖ ਸਨ ਜੋ ਗੁਰੂ ਗੋਬਿੰਦ ਸਿੰਘ ਜੀ ਨਾਲ , ਅਨੰਦਪੁਰ ਖ਼ਾਲੀ ਕਰਨ ਤੇ 5-6 ਦਸੰਬਰ ਦੀ ਰਾਤ ਨੂੰ ਚਮਕੌਰ ਸਾਹਿਬ ਪੁੱਜੇ ਸਨ ਅਤੇ ਮੁਗ਼ਲ ਫ਼ੌਜ ਇਹਨਾਂ ਦਾ ਪਿੱਛਾ ਕਰ ਰਹੀ ਸੀ। ਇਹ ਸਿੱਖ ਛੋਟੇ-ਛੋਟੇ ਜਥਿਆਂ ਦੇ ਰੂਪ ਵਿਚ ਸਾਰਾ ਦਿਨ ਦੁਸ਼ਮਣ ਨਾਲ ਲੜਦੇ ਰਹੇ ਜਿਸ ਦੇ ਨਤੀਜੇ ਵਜੋਂ ਰਾਤ ਨੂੰ ਗੁਰੂ ਗੋਬਿੰਦ ਸਿੰਘ ਆਪਣੇ ਤਿੰਨ ਸਾਥੀਆਂ ਨਾਲ ਬਚ ਨਿਕਲਣ ਵਿਚ ਸਫ਼ਲ ਹੋ ਗਏ।
ਦੇਖੋ ਚਮਕੌਰ ਸਾਹਿਬ।
ਭਾਵੇਂ ਕਿ ਮੁਕਤਸਰ ਅਤੇ ਚਮਕੌਰ ਸਾਹਿਬ ਦੇ ਸ਼ਹੀਦਾਂ ਦੇ ਨਾਵਾਂ ਤੇ ਕੋਈ ਸਰਬਸੰਮਤੀ ਨਹੀਂ ਹੈ, ਪਰ ਉਹਨਾਂ ਪੰਜ ਮੁਕਤਿਆਂ ਦੇ ਨਾਂ ਭਾਈ ਦਯਾ ਸਿੰਘ ਦੇ ਰਹਿਤਨਾਮੇ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਸਭ ਤੋਂ ਪਹਿਲੇ ਜਥੇ ਵਿਚ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਬਖ਼ਸ਼ਸ਼ ਪ੍ਰਾਪਤ ਕੀਤੀ। ਉਹਨਾਂ ਦੇ ਨਾਂ ਇਸ ਤਰ੍ਹਾਂ ਹਨ-ਰਾਮ ਸਿੰਘ, ਫ਼ਤਿਹ ਸਿੰਘ, ਦੇਵਾ ਸਿੰਘ, ਟਹਿਲ ਸਿੰਘ ਅਤੇ ਈਸਰ ਸਿੰਘ। ਇਹਨਾਂ ਪੰਜਾਂ ਦਾ ਭਾਈ ਪ੍ਰਹਲਾਦ ਸਿੰਘ ਦੇ ਰਹਿਤਨਾਮੇ ਤੋਂ ਇਲਾਵਾ ਹੋਰ ਕਿਤੇ ਵਰਨਨ ਨਹੀਂ ਮਿਲਦਾ। ਭਾਈ ਪ੍ਰਹਲਾਦ ਸਿੰਘ ਦੀ ਪੁਰਾਤਨ ਹੱਥ-ਲਿਖਤ ਵਿਚ ਦੱਸਿਆ ਗਿਆ ਹੈ ਕਿ ਰਾਮ ਸਿੰਘ ਅਤੇ ਦੇਵਾ ਸਿੰਘ ਬੁਘਿਆਣਾ ਪਿੰਡ ਨਾਲ, ਟਹਿਲ ਸਿੰਘ ਅਤੇ ਈਸਰ ਸਿੰਘ ਡੱਲਵਾਂ ਪਿੰਡ ਨਾਲ ਅਤੇ ਫ਼ਤਹਿ ਸਿੰਘ ਖ਼਼ੁਰਦਪੁਰ ਮਾਂਗਟ ਪਿੰਡ ਨਾਲ ਸੰਬੰਧਿਤ ਸੀ। ਭਾਈ ਚੌਪਾ ਸਿੰਘ ਅਨੁਸਾਰ ਉਸਦੇ ਰਹਿਤਨਾਮੇ ਦਾ ਖਰੜਾ ਮੁਕਤਿਆਂ ਦੁਆਰਾ ਤਿਆਰ ਕੀਤਾ ਗਿਆ ਸੀ। ਇਸ ਰਚਨਾ ਦੀ ਪ੍ਰਵਾਨਗੀ ਗੁਰੂ ਗੋਬਿੰਦ ਸਿੰਘ ਜੀ ਨੇ 7 ਜੇਠ 1757 ਬਿਕਰਮੀ /5 ਮਈ 1700 ਈ. ਨੂੰ ਦਿੱਤੀ ਸੀ। ਇਸ ਤਰ੍ਹਾਂ ਲੱਗਦਾ ਹੈ ਕਿ ਮੁਕਤਿਆਂ ਦੀ ਉਪਾਧੀ ਅਸਲ ਪੰਜ ਪਿਆਰਿਆਂ ਤੋਂ ਇਲਾਵਾ ਅੱਗੇ ਵੀ ਚੱਲਦੀ ਰਹੀ। ਸਿੱਖ ਗ੍ਰੰਥਾਂ ਵਿਚ ਮੁਕਤਿਆਂ ਦੀ ਗਿਣਤੀ ਵੱਖ-ਵੱਖ ਦਰਸਾਈ ਗਈ ਹੈ। ਉਦਾਹਰਨ ਦੇ ਤੌਰ ਤੇ ਕੇਸਰ ਸਿੰਘ ਛਿੱਬਰ ਦਾ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ 14 ਅਤੇ ਕੁਇਰ ਸਿੰਘ ਦਾ ਗੁਰਬਿਲਾਸ ਪਾਤਸ਼ਾਹੀ ਦਸ 25 ਮੁਕਤਿਆਂ ਦਾ ਜ਼ਿਕਰ ਕਰਦੇ ਹਨ। ਪਰ ਸਰਵ-ਪ੍ਰਵਾਨਿਤ ਤੌਰ ਤੇ ਸਿੱਖ ਪਰੰਪਰਾਵਾਂ ਵਿਚ ਮੁਕਤੇ ਉਹਨਾਂ ਚਾਲੀ ਸ਼ਹੀਦਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਇਹ ਉਪਾਧੀ ਗੁਰੂ ਜੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਹਾਸਲ ਕੀਤੀ ਅਤੇ ਇਹਨਾਂ ਸਿੱਖਾਂ ਨੇ ਧਰਮ ਤਿਆਗ ਕੇ ਗੁਰੂ ਨੂੰ ਦਿੱਤੇ ਬੇਦਾਵੇ ਲਈ ਅਤੇ ਉਹਨਾਂ ਨੂੰ ਪਹਾੜੀ ਰਾਜਿਆਂ ਅਤੇ ਮੁਗ਼ਲ ਫੌ਼ਜਾਂ ਦੁਆਰਾ ਅਨੰਦਪੁਰ ਦੇ ਲੰਮੇ ਘੇਰੇ ਸਮੇਂ ਇਕੱਲੇ ਛੱਡ ਆਉਣ ਦਾ ਪ੍ਰਾਸਚਿਤ ਕੀਤਾ ਜਿਸ ਤੇ ਗੁਰੂ ਜੀ ਨੇ ਉਹਨਾਂ ਦੁਆਰਾ ਲਿਖੇ ਬੇਦਾਵੇ ਨੂੰ ਪਾੜ ਦਿੱਤਾ ਸੀ।
ਦੇਖੋ ਮੁਕਤਸਰ
ਲੇਖਕ : ਪ.ਸ.ਪ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6851, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਚਾਲੀ ਮੁਕਤੇ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਚਾਲੀ ਮੁਕਤੇ : ਸਿੱਖ ਇਤਿਹਾਸ ਅਨੁਸਾਰ ਦੋ ਵੱਖ ਵੱਖ ਲੜਾਈਆਂ ਵਿਚ ਸ਼ਹੀਦ ਹੋਏ 40,40 ਸਿੱਖਾਂ ਨੂੰ ਮੁਕਤੇ ਕਿਹਾ ਜਾਂਦਾ ਹੈ। ਇਹ ਉਹ ਚਾਲੀ ਮੁਕਤੇ ਹਨ ਜੋ ਚਮਕੌਰ ਦੀ ਜੰਗ ਵਿਚ ਸ਼ਹੀਦ ਹੋਏ ਤੇ ਦੂਜੇ ਚਾਲੀ ਮੁਕਤੇ ਉਹ ਹਨ ਜਿਨ੍ਹਾਂ ਨੇ ਮੁਕਤਸਰ ਦੀ ਲੜਾਈ ਵਿਚ ਸ਼ਹੀਦੀ ਪ੍ਰਾਪਤ ਕੀਤੀ।
ਚਮਕੌਰ ਦੀ ਜੰਗ ਵਿਚ ਸ਼ਹੀਦ ਹੋਣ ਵਾਲੇ ਸਿੱਖਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖੀ ਆਪਣੀ ਚਿੱਠੀ ‘ਜ਼ਫ਼ਰਨਾਮਾ’ ਵਿਚ ਵੀ ਕੀਤਾ ਹੈ :–
ਗੁਰਸਨਾ : ਚਿ ਕਾਰੇ ਕੁਨਦ ਚਿਹਲ ਨਰ ।
ਕਿ ਦਹ ਲਕ ਬਰਾਯਦ ਬਰੂ ਬੇਖ਼ਬਰ ।
ਗੁਰੂ ਜੀ ਅਨੰਦਪੁਰ ਛੱਡਣ ਤੋਂ ਬਾਅਦ ਸਾਰੇ ਪਰਿਵਾਰ ਅਤੇ ਸਿੱਖਾਂ ਸਮੇਤ ਮਾਲ ਅਸਬਾਬ ਲਦਾ ਕੇ ਕੁਝ ਦੂਰ ਹੀ ਗਏ ਸਨ ਕਿ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਆਪਣੀਆਂ ਕਸਮਾਂ ਤੋੜ ਕੇ ਹਮਲਾ ਕਰ ਦਿੱਤਾ। ਲੜਾਈ ਵਿਚ ਕਈ ਸਿੱਖ ਮਾਰੇ ਗਏ ਅਤੇ ਬਹੁਤ ਸਾਰੇ ਸਿੱਖ ਅਤੇ ਜੰਗੀ ਸਮਾਨ ਸਰਸਾ ਨਦੀ ਪਾਰ ਕਰਨ ਵੇਲੇ ਨਦੀ ਵਿਚ ਰੁੜ੍ਹ ਗਿਆ। ਅਚਾਨਕ ਹਮਲੇ ਕਾਰਨ ਕਈ ਜਿਧਰ ਮੂੰਹ ਆਇਆ ਉਧਰ ਭੱਜ ਨਿਕਲੇ। ਇਥੋਂ ਤਕ ਕਿ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਵੀ ਗੁਰੂ ਜੀ ਨਾਲੋਂ ਵਿਛੜ ਗਏ। ਸਰਸਾ ਪਾਰ ਕਰਨ ਤੋਂ ਬਾਅਦ ਰੋਪੜ ਦੇ ਅਸਥਾਨ ਤੇ ਪਠਾਣਾਂ ਨਾਲ ਗੁਰੂ ਜੀ ਦੀ ਝੜਪ ਹੋਈ। ਇਸ ਲਈ ਚਮਕੌਰ ਤਕ ਪਹੁੰਚਦਿਆਂ ਗੁਰੂ ਜੀ ਨਾਲ ਸਿਰਫ਼ 40 ਕੁ ਸਿੰਘ ਹੀ ਰਹਿ ਗਏ ਸਨ। ਚਮਕੌਰ ਵਿਚ ਸ਼ਹੀਦ ਹੋਣ ਵਾਲੇ 40 ਸਿੱਖਾਂ ਵਿਚ ਤਿੰਨ ਪਿਆਰੇ ਵੀ ਸਨ। ਮਹਾਨ ਕੋਸ਼ ਅਨੁਸਾਰ ਇਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ :–
1. ਸਹਜ ਸਿੰਘ 2. ਸਰਦੂਲ ਸਿੰਘ 3. ਸਰੂਪ ਸਿੰਘ 4. ਸਾਹਿਬ ਸਿੰਘ 5. ਸੁਜਾਨ ਸਿੰਘ 6. ਸ਼ੇਰ ਸਿੰਘ 7. ਸੇਵਾ ਸਿੰਘ 8. ਸੰਗੋ ਸਿੰਘ 9. ਸੰਤ ਸਿੰਘ 10. ਹਰਦਾਸ ਸਿੰਘ 11. ਹਿੰਮਤ ਸਿੰਘ 12. ਕਰਮ ਸਿੰਘ 13. ਕ੍ਰਿਪਾਲ ਸਿੰਘ 14. ਖੜਗ ਸਿੰਘ 15. ਗੁਰਦਾਸ ਸਿੰਘ 16. ਗੁਰਦਿਤ ਸਿੰਘ 17 ਗੁਲਾਬ ਸਿੰਘ 18. ਗੰਗਾ ਸਿੰਘ 19. ਗੰਡਾ ਸਿੰਘ 20. ਚੜ੍ਹਤ ਸਿੰਘ 21. ਜਵਾਹਰ ਸਿੰਘ 22 ਜੈਮਲ ਸਿੰਘ 23. ਜਵਾਲਾ ਸਿੰਘ 24. ਝੰਡਾ ਸਿੰਘ 25. ਟੇਕ ਸਿੰਘ 26. ਠਾਕੁਰ ਸਿੰਘ 27. ਤ੍ਰਿਲੋਕ ਸਿੰਘ 28. ਦਿਆਲ ਸਿੰਘ 29. ਦਮੋਦਰ ਸਿੰਘ 30 ਨਰਾਯਣ ਸਿੰਘ 31. ਨਿਹਾਲ ਸਿੰਘ 32. ਪੰਜਾਬ ਸਿੰਘ 33. ਪ੍ਰੇਮ ਸਿੰਘ 34. ਬਸਾਵਾ ਸਿੰਘ 35. ਬਿਸ਼ਨ ਸਿੰਘ 36. ਭਗਵਾਨ ਸਿੰਘ 37. ਮਤਾਬ ਸਿੰਘ 38 ਮੁਹਕਮ ਸਿੰਘ 39. ਰਣਜੀਤ ਸਿੰਘ 40. ਰਤਨ ਸਿੰਘ
ਮੁਕਤਸਰ ਵਿਚ ਸ਼ਹੀਦ ਹੋਣ ਵਾਲੇ ਮਾਝੇ ਦੇ ਉਹ ਸਿੱਖ ਸਨ ਜੋ ਅਨੰਦਪੁਰ ਦੀ ਆਖ਼ਰੀ ਲੜਾਈ ਵੇਲੇ ਗੁਰੂ ਜੀ ਦਾ ਸਾਥ ਛੱਡ ਕੇ ਆਪਣੇ ਘਰਾਂ ਨੂੰ ਚਲੇ ਗਏ ਸਨ। ਅਨੰਦਪੁਰ ਦੇ ਦੁਆਲੇ ਸ਼ਾਹੀ ਫ਼ੌਜਾਂ ਅਤੇ ਪਹਾੜੀ ਰਾਜਿਆਂ ਨੇ ਕਈ ਮਹੀਨੇ ਘੇਰਾ ਪਾਈ ਰਖਿਆ ਅਤੇ ਰਸਦ ਪਾਣੀ ਬਾਹਰੋਂ ਜਾਣਾ ਬੰਦ ਕਰ ਦਿੱਤਾ। ਕਿਲੇ ਵਿਚ ਅੰਨ ਦਾ ਭੰਡਾਰ ਮੁੱਕ ਜਾਣ ਤੇ ਸਿੱਖ ਭੁੱਖ ਨਾਲ ਤੰਗ ਹੋ ਗਏ। ਹਾਥੀ, ਘੋੜੇ ਭੁੱਖ ਨਾਲ ਮਰਨ ਲੱਗੇ ਤਾਂ ਸਿੰਘਾਂ ਵਿਚ ਨਿਰਾਸਤਾ ਫੈਲ ਗਈ। ਦੂਜੇ ਪਾਸੇ ਰਾਜਿਆਂ ਅਤੇ ਨਾਜ਼ਮਾਂ ਦੀਆਂ ਚਿੱਠੀਆਂ ਆ ਰਹੀਆਂ ਸਨ ਕਿ ਜੇ ਗੁਰੂ ਜੀ ਕਿਲਾ ਛੱਡ ਜਾਣ ਤਾਂ ਅਸੀਂ ਉਨ੍ਹਾਂ ਨੂੰ ਸ਼ਾਂਤੀ ਨਾਲ ਜਾਣ ਦੇਵਾਂਗੇ ਪਰ ਗੁਰੂ ਜੀ ਉਨ੍ਹਾਂ ਦੀਆਂ ਕਸਮਾਂ ਤੇ ਵਿਸ਼ਵਾਸ ਨਹੀਂ ਸੀ ਕਰ ਕਰ ਰਹੇ ਅਤ ਸਿੰਘਾਂ ਨੂੰ ਕੁਝ ਦਿਨ ਹੋਰ ਭੁੱਖ ਬਰਦਾਸ਼ਤ ਕਰਨ ਲਈ ਕਹਿ ਰਹੇ ਸਨ ਪਰ ਕਈ ਸਿੱਖਾਂ ਦੇ ਮਨ ਡੋਲ ਚੁਕੇ ਸਨ, ਉਨ੍ਹਾਂ ਗੁਰੂ ਜੀ ਤੋਂ ਜਾਣ ਦੀ ਆਗਿਆ ਮੰਗੀ ਤਾਂ ਗੁਰੂ ਜੀ ਨੇ ਕਿਹਾ ਜੇ ਤੁਸੀਂ ਜਾਣਾ ਹੀ ਹੈ ਤਾਂ ਮੈਨੂੰ ਬੇਦਾਵਾ ਲਿਖ ਦਿਉ ਕਿ ‘ਨਾ ਅਸੀਂ ਤੁਹਾਡੇ ਸਿੱਖ ਨਾ ਤੁਸੀਂ ਸਾਡੇ ਗੁਰੂ’। ਇਸ ਤਰ੍ਹਾਂ ਮਾਝੇ ਦੇ ਬਹੁਤ ਸਾਰੇ ਸਿੱਖ ਬੇਦਾਵਾ ਲਿਖ ਕੇ ਚਲੇ ਗਏ ਪਰ ਬਾਅਦ ਵਿਚ ਜਦੋਂ ਇਲਾਕੇ ਦੀ ਸੰਗਤ ਨੇ ਉਨ੍ਹਾਂ ਨੂੰ ਝਾੜਾਂ ਪਾਈਆਂ ਤਾਂ ਉਨ੍ਹਾਂ ਨੂੰ ਆਪਣੇ ਕੀਤੇ ਤੇ ਪਛਤਾਵਾ ਹੋਇਆ ਤੇ ਮੁੜ ਦੋ ਕੁ ਸੌ ਮਾਝੇ ਸਿੱਖਾਂ ਨੇ ਲਾਹੌਰ ਦੀ ਸੰਗਤ ਨਾਲ ਰਲ ਕੇ ਆਪਣੀ ਭੁਲ ਬਖਸ਼ਾਉਣ ਲਈ ਰਾਮੇਆਣੇ ਪਿੰਡ (ਜ਼ਿਲ੍ਹਾ ਫ਼ਰੀਦਕੋਟ) ਆ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਮਸੰਦਾਂ ਦੇ ਸਿਖਾਏ ਅਨੁਸਾਰ ਗੁਰੂ ਜੀ ਨੂੰ ਸਲਾਹ ਦੇਣ ਲੱਗੇ ਕਿ ਅਸੀਂ ਮਾਝੇ ਦੇ ਸਿੱਖ ਤੁਹਾਡੀ ਹਾਕਮਾਂ ਨਾਲ ਸੁਲਹ ਸਫ਼ਾਈ ਕਰਵਾ ਦਿੰਦੇ ਹਾਂ, ਅਗੋਂ ਤੁਸੀਂ ਜੰਗ ਯੁੱਧ ਛੱਡ ਕੇ ਪਹਿਲੇ ਸਤਿਗੁਰਾਂ ਵਾਂਗ ਹੀ ਸੰਤ ਸਰੂਪ ਹੋ ਕੇ ਰਹੇ। ਗੁਰੂ ਜੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਦੇ ਅੰਦਰ ਚਤੁਰਾਈ ਅਤੇ ਅਭਿਮਾਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਤਿਆਗ ਦਿੱਤਾ। ਇੰਨੇ ਨੂੰ ਟਾਂਗੂ ਨੇ ਖ਼ਬਰ ਦਿੱਤੀ ਕਿ ਮਹਾਰਾਜ ਤੁਰਕਾਣੀ ਫ਼ੌਜ ਆ ਰਹੀ ਹੈ। ਇਹ ਸੁਣ ਕੇ ਗੁਰੂ ਜੀ ਦੀ ਫ਼ੌਜ ਅੱਗੇ ਤੁਰ ਗਈ। ਮਝੈਲ ਸਿੰਘ ਦੁਬਿਧਾ ਵਿਚ ਉਥੇ ਹੀ ਬੈਠੇ ਰਹੇ। ਗੁਰੂ ਜੀ ਅਜੇ ਕੋਹ ਭਰ ਹੀ ਗਏ ਸਨ ਕਿ ਗਿੱਲ, ਮਾਨ ਤੇ ਬਰਾੜ ਆਦਿ ਅਨੇਕ ਜ਼ਿਮੀਂਦਾਰ ਤੇ ਬਹਾਦਰ ਲੋਕ ਗੁਰੂ ਜੀ ਦੀ ਸੈਨਾ ਵਿਚ ਆ ਰਲੇ। ਇਹ ਵੇਖ ਕੇ ਉਨ੍ਹਾਂ ਅਨੇਕ ਸਿੱਖਾਂ ਵਿਚੋਂ 40 ਸਿੱਖ ਮਾਈ ਭਾਗੋ ਦੇ ਪ੍ਰੇਰੇ ਗੁਰੂ ਕੇ ਲਸ਼ਕਰ ਦੇ ਪਿੱਛੇ ਲੱਗੇ ਤੁਰੇ ਤੇ ਬਾਕੀ ਸਿੰਘ ਆਪਣੀ ਬੇਇਜ਼ਤੀ ਸਮਝ ਕੇ ਮਾਝੇ ਨੂੰ ਪਰਤ ਗਏ। ਗੁਰੂ ਜੀ ਤੁਰਕਾਂ ਦੀ ਫ਼ੌਜ ਦੇ ਟਾਕਰੇ ਲਈ ਖਿਦਰਾਣੇ ਦੀ ਢਾਬ ਦੇ ਪੱਛਮੀ ਕੰਢੇ ਤੇ ਖੜੋ ਕੇ ਜੰਗ ਦੀ ਸਲਾਹ ਕਰਨ ਲੱਗੇ। ਜਦੋਂ ਸ਼ਾਹੀ ਲਸ਼ਕਰ ਹੋਰ ਨੇੜੇ ਆ ਗਿਆ ਤਾਂ ਉਨ੍ਹਾਂ ਸਿੱਖਾਂ ਨੇ ਜਿਹੜੇ ਗੁਰੂ ਜੀ ਦੇ ਮਗਰ ਆ ਰਹੇ ਸਨ ਤਲਾਬ ਦੇ ਪੂਰਬ ਵੱਲ ਹੀ ਮੋਰਚੇ ਬਣਾ ਲਏ। ਆਪਣੀ ਗਿਣਤੀ ਬਹੁਤੀ ਦਿਖਾਣ ਲਈ ਉਨ੍ਹਾਂ ਨੇ ਬੇਰੀ ਦੇ ਝਾੜਾਂ ਉੱਤੇ ਬਸਤਰ ਆਦਿ ਪਾ ਛੱਡੇ। ਉਨ੍ਹਾਂ ਸਿੱਖਾਂ ਨੇ ਅਜਿਹੀ ਦ੍ਰਿੜ੍ਹਤਾ ਨਾਲ ਲੜਾਈ ਕੀਤੀ ਕਿ ਤੁਰਕਾਣੀ ਫ਼ੌਜ ਅੱਗੇ ਨਾ ਵਧ ਸਕੀ ਅਤੇ ਨਾ ਉਨ੍ਹਾਂ ਨੂੰ ਤਲਾਬ ਵਿਚੋਂ ਪਾਣੀ ਹੀ ਪੀਣ ਲਈ ਨੇੜੇ ਲੱਗਣ ਦਿੱਤਾ। ਟਿੱਬੀ ਦੇ ਦੂਜੇ ਪਾਸਿਓਂ ਗੁਰੂ ਜੀ ਤੀਰਾਂ ਦੀ ਵਰਖਾ ਕਰ ਰਹੇ ਸਨ। ਇਹ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ ਪਰ ਇਸ ਵੇਲੇ ਤਕ ਵਜੀਦ ਖ਼ਾਂ ਦੀ ਫ਼ੌਜ ਵੀ ਲੜਾਈ ਅਤੇ ਪਿਆਸ ਕਰ ਕੇ ਦਿਲ ਛੱਡ ਬੈਠੀ ਸੀ ਕਿਉਂਕਿ ਗੁਰੂ ਜੀ ਨੇ ਢਾਬ ਤੇ ਕਬਜ਼ਾ ਕੀਤਾ ਹੋਇਆ ਸੀ। ਇਸ ਲਈ ਤੁਰਕਾਣੀ ਫ਼ੌਜ ਉਨ੍ਹਾਂ ਸਿੰਘਾਂ ਦੀ ਸ਼ਹੀਦੀ ਨੂੰ ਹੀ ਆਪਣੀ ਜਿੱਤ ਸਮਝਦੀ ਹੋਈ ਪਾਣੀ ਦੀ ਤਲਾਸ਼ ਵਿਚ ਵਾਪਸ ਹੋ ਗਈ।
ਲੜਾਈ ਬੰਦ ਹੋਣ ਤੋਂ ਬਾਅਦ ਗੁਰੂ ਜੀ ਨੇ ਆਪਣੇ ਹੱਥੀਂ ਉਨ੍ਹਾਂ ਸਿੰਘਾਂ ਦਾ ਅੰਤਿਮ ਸੰਸਕਾਰ ਕੀਤਾ। ਉਨ੍ਹਾਂ ਵਿਚੋਂ ਇਕ ਮਹਾਂ ਸਿੰਘ ਅਜੇ ਸਹਿਕਦਾ ਸੀ, ਉਸ ਨੇ ਗੁਰੂ ਜੀ ਦੇ ਵਰ ਮੰਗਣ ਲਈ ਕਹਿਣ ਤੇ ਬੇਦਾਵੇ ਵਾਲਾ ਕਾਗਜ਼ ਪਾੜਨ ਦੀ ਮੰਗ ਕੀਤੀ। ਗੁਰੂ ਜੀ ਨੇ ਉਹ ਕਾਗਜ਼ ਉਸ ਦੇ ਸਾਹਮਣੇ ਪਾੜ ਕੇ ਸਾਰੇ ਸਿੰਘਾਂ ਨੂੰ ਆਪਣਾ ਲਿਆ ਅਤੇ ਮੁਕਤਿਆਂ ਦਾ ਖਿਤਾਬ ਦਿੱਤਾ।
ਇਸ ਜੰਗ ਵਿਚ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਨਾਂ ਮਹਾਨ ਕੋਸ਼ ਅਨੁਸਾਰ ਇਹ ਹਨ:–
1. ਸਮੀਰ ਸਿੰਘ 2. ਸਰਜਾ ਸਿੰਘ 3. ਸਾਧੂ ਸਿੰਘ 4. ਸੁਹੇਲ ਸਿੰਘ 5. ਸੁਲਤਾਨ ਸਿੰਘ 6. ਸੋਭਾ ਸਿੰਘ 7. ਸੰਤ ਸਿੰਘ 8. ਹਰਸਾ ਸਿੰਘ 9. ਹਰੀ ਸਿੰਘ 10. ਕਰਨ ਸਿੰਘ 11. ਕਰਮ ਸਿੰਘ 12. ਕਾਲਾ ਸਿੰਘ 13. ਕੀਰਤਿ ਸਿੰਘ 14. ਕ੍ਰਿਪਾਲ ਸਿੰਘ 15. ਖੁਸ਼ਾਲ ਸਿੰਘ 16 ਗੁਲਾਬ ਸਿੰਘ 17 ਗੰਗਾ ਸਿੰਘ 18. ਗੰਡਾ ਸਿੰਘ 19. ਘਰਬਾਰਾ ਸਿੰਘ 20. ਚੰਬਾ ਸਿੰਘ 21. ਜਾਦੋ ਸਿੰਘ 22. ਜੋਗਾ ਸਿੰਘ 23. ਜੰਗ ਸਿੰਘ 24. ਦਯਾਲ ਸਿੰਘ 25. ਦਰਬਾਰਾ ਸਿੰਘ 26. ਦਿਲਬਾਗ ਸਿੰਘ 27.ਧਰਮ ਸਿੰਘ 28. ਧੰਨਾ ਸਿੰਘ 29. ਨਿਹਾਲ ਸਿੰਘ 30. ਨਿਧਾਨ ਸਿੰਘ 31. ਬੂੜ ਸਿੰਘ 32. ਭਾਗ ਸਿੰਘ 33. ਭੋਲਾ ਸਿੰਘ 34. ਭੰਗ ਸਿੰਘ 35. ਮਹਾਂ ਸਿੰਘ 36. ਮੱਜਾ ਸਿੰਘ 37. ਮਾਨ ਸਿੰਘ 38. ਮੈਯਾ ਸਿੰਘ 39. ਰਾਇ ਸਿੰਘ 40. ਲਛਮਣ ਸਿੰਘ
ਇਨ੍ਹਾਂ ਦੀ ਯਾਦ ਵਿਚ ਮੁਕਤਸਰ ਵਿਖੇ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੋਇਆ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-27-11-42-30, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਗੁ. ਸੂ. ਗ੍ਰੰ. : -ਕਲਗੀਧਰ ਚਮਤਕਾਰ–ਭਾਈ ਵੀਰ ਸਿੰਘ
ਵਿਚਾਰ / ਸੁਝਾਅ
Please Login First