ਚਾਹਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਾਹਲ. ਇੱਕ ਜੱਟ ਗੋਤ੍ਰ । ੨ ਜਿਲਾ ਤਸੀਲ ਲਹੌਰ, ਥਾਣਾ ਬਰਕੀ ਦਾ ਇੱਕ ਪਿੰਡ. ਇਸ ਪਿੰਡ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਗੁਰੂ ਜੀ ਦੇ ਨਾਨਕੇ ਸਨ, ਇਸ ਲਈ ਸਤਿਗੁਰੂ ਕਈ ਵੇਰ ਆਏ. ਬੀਬੀ ਨਾਨਕੀ ਜੀ ਦਾ ਜਨਮ ਭੀ ਇੱਥੇ ਹੀ ਹੋਇਆ ਸੀ. ਸਾਧਾਰਣ ਜੇਹਾ ਗੁਰਦ੍ਵਾਰਾ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਸਿੰਘ ਪੁਜਾਰੀ ਹੈ. ੩੦ ਵਿੱਘੇ ਦੇ ਕ਼ਰੀਬ ਜ਼ਮੀਨ ਹੈ. ਰੇਲਵੇ ਸਟੇਸ਼ਨ “ਛਾਉਣੀ ਲਹੌਰ.” ਤੋਂ ਅੱਠ ਮੀਲ ਦੱਖਣ ਪੂਰਵ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚਾਹਲ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਚਾਹਲ (ਪਿੰਡ): ਪੱਛਮੀ ਪੰਜਾਬ ਦੇ ਲਾਹੌਰ ਨਗਰ ਤੋਂ 15 ਕਿ.ਮੀ. ਦੀ ਵਿਥ ਉਤੇ ਦੱਖਣ-ਪੂਰਬ ਦਿਸ਼ਾ ਵਿਚ ਵਸਿਆ ਇਕ ਪੁਰਾਤਨ ਪਿੰਡ ਜਿਥੇ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਸਨ ਅਤੇ ਜਿਥੇ ਗੁਰੂ ਜੀ ਕਈ ਵਾਰ ਆਏ ਸਨ। ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਦਾ ਜਨਮ ਇਸੇ ਪਿੰਡ ਵਿਚ ਹੋਇਆ ਸੀ। ਬਾਦ ਵਿਚ ਗੁਰੂ ਜੀ ਦੇ ਨਾਨਕੇ ਘਰ ਵਾਲੀ ਥਾਂ ਉਤੇ ‘ਗੁਰਦੁਆਰਾ ਡੇਰਾ ਚਾਹਲ’ ਬਣਵਾਇਆ ਗਿਆ। ਇਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਸੀ, ਪਰ ਦੇਸ਼ ਦੀ ਆਜ਼ਾਦੀ ਤੋਂ ਬਾਦ ਪਾਕਿਸਤਾਨ ਵਿਚ ਰਹਿ ਗਿਆ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਚਾਹਲ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਾਹਲ: ਲਾਹੌਰ ਦੇ 15 ਕਿਲੋਮੀਟਰ ਦੱਖਣ-ਪੂਰਬ ਵੱਲ ਸਥਿਤ, ਗੁਰੂ ਨਾਨਕ ਦੇਵ ਜੀ ਦੀ ਮਾਤਾ , ਮਾਤਾ ਤ੍ਰਿਪਤਾ ਦਾ ਜੱਦੀ ਪਿੰਡ ਸੀ। ਇਹ ਗੁਰੂ ਨਾਨਕ ਦੇਵ ਜੀ ਦੀ ਭੈਣ , ਬੀਬੀ ਨਾਨਕੀ ਦਾ ਜਨਮ ਅਸਥਾਨ ਸੀ। ਗੁਰੂ ਨਾਨਕ ਦੇਵ ਜੀ ਕਈ ਵਾਰ ਇਸ ਪਿੰਡ ਵਿਚ ਗਏ। ‘ਗੁਰਦੁਆਰਾ ਡੇਰਾ ਚਾਹਲ`, ਜੋ ਕਿ ਗੁਰੂ ਜੀ ਦੇ ਨਾਨਾ ਰਾਮਾ ਜੀ ਦੀ ਯਾਦ ਦਿਵਾਉਂਦਾ ਹੈ। ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਸੀ ਜੋ ਕਿ 1947 ਵਿਚ ਪੰਜਾਬ ਦੀ ਵੰਡ ਸਮੇਂ ਛੱਡਣਾ ਪਿਆ।
ਲੇਖਕ : ਮ.ਗ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਚਾਹਲ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਚਾਹਲ : ਇਹ ਜੱਟ ਸਿੱਖ ਗੋਤਾਂ ਵਿਚ ਵੱਡੀ ਗੋਤ ਹੈ ਜਿਸ ਨੂੰ ਚਾਹਿਲ ਜਾਂ ਚਹਿਲ ਵੀ ਕਿਹਾ ਜਾਂਦਾ ਹੈ। ਇਸ ਗੋਤ ਦੇ ਬਹੁਤੇ ਲੋਕ ਪਟਿਆਲੇ ਦੇ ਇਲਾਕੇ ਵਿਚ ਮਿਲਦੇ ਹਨ ਪਰ ਅੰਬਾਲਾ, ਅੰਮ੍ਰਿਤਸਰ, ਫ਼ਰੀਦਕੋਟ ਅਤੇ ਗੁਰਦਾਸਪੁਰ ਇਲਾਕੇ ਵਿਚ ਵੀ ਇਨ੍ਹਾਂ ਦੀ ਗਿਣਤੀ ਕਾਫ਼ੀ ਹੈ। ਇਸ ਗੋਤ ਦੇ ਲੋਕ ਗੁਜਰਾਂਵਾਲਾ ਅਤੇ ਸਿਆਲਕੋਟ ਤਕ ਵੀ ਫ਼ੈਲੇ ਹੋਏ ਹਨ।
ਰਵਾਇਤ ਅਨੁਸਾਰ ਰਾਜਾ ਅਗਰਸੈਨ ਸੂਰਜਬੰਸੀ ਦੇ ਚਾਰ ਬੇਟੇ ਸਨ–ਚਾਹਿਲ, ਛੀਨਾ, ਚੀਮਾ ਅਤੇ ਸਾਹੀ। ਇਕ ਹੋਰ ਰਵਾਇਤ ਅਨੁਸਾਰ ਇਨ੍ਹਾਂ ਦਾ ਪੂਰਵਜ਼ ਤਨਵਰ ਰਾਜਪੂਤ ਸੀ ਜਿਸ ਨੂੰ ਰਾਜਾ ਰਿਖ ਕਹਿੰਦੇ ਸਨ। ਉਹ ਦੱਖਣ ਤੋਂ ਆ ਕੇ ਕਹਿਲੂਰ ਆ ਵਸਿਆ। ਉਸ ਦੇ ਬੇਟੇ ਬਿਰਸੀ ਨੇ ਇਕ ਜੱਟ ਔਰਤ ਨਾਲ ਵਿਆਹ ਕਰ ਲਿਆ ਤੇ ਮਾਲਵੇ ਵਿਚ ਵਸ ਗਿਆ ਅਤੇ ਉਸ ਤੋਂ ਇਹ ਕਬੀਲਾ ਸ਼ੁਰੂ ਹੋ ਗਿਆ।
ਅੰਮ੍ਰਿਤਸਰ ਦੇ ਚਾਹਲ ਆਪਣੇ ਆਪ ਨੂੰ ਰਾਜਾ ਖਾਂਗ ਦੀ ਸੰਤਾਨ ਮੰਨਦੇ ਹਨ। ਕਿਹਾ ਜਾਂਦਾ ਹੈ ਕਿ ਇਕ ਦਿਨ ਰਾਜੇ ਨੇ ਕੁਝ ਪਰੀਆਂ ਨੂੰ ਤਾਲਾਬ ਵਿਚ ਨਹਾਉਂਦਿਆਂ ਦੇਖਿਆ। ਉਸ ਨੇ ਉਨ੍ਹਾਂ ਦੇ ਕਪੜੇ ਚੁੱਕ ਲਏ ਤੇ ਇਸ ਸ਼ਰਤ ਤੇ ਵਾਪਸ ਕੀਤੇ ਕਿ ਉਨ੍ਹਾਂ ਵਿਚੋਂ ਇਕ ਉਸ ਦੀ ਰਾਣੀ ਬਣ ਜਾਏ। ਉਨ੍ਹਾਂ ਪਰੀਆਂ ਵਿਚੋਂ ਇਕ ਰਾਜੇ ਨੂੰ ਇਸ ਸ਼ਰਤ ਤੇ ਦਿੱਤੀ ਗਈ ਕਿ ਉਹ ਉਸ ਨੂੰ ਕਦੀ ਵੀ ਬੁਰਾ ਭਲਾ ਨਹੀਂ ਕਹੇਗਾ। ਪਰੀ ਦੀ ਕੁੱਖੋਂ ਰਾਜੇ ਦਾ ਇਕ ਬੇਟਾ ਜਨਮਿਆ ਜਿਸ ਤੋਂ ਅੱਗੇ ਚਾਹਲ ਨਾਮੀ ਗੋਤ ਵਾਲਾ ਕਬੀਲਾ ਚਲਿਆ। ਇਕ ਦਿਨ ਰਾਜੇ ਨੇ ਪਰੀ ਨੂੰ ਬੁਰਾ ਭਲਾ ਬੋਲਿਆ ਤਾਂ ਉਹ ਲੋਪ ਹੋ ਗਈ। ਹੁਣ ਵੀ ਚਾਹਲ ਗੋਤ ਦੇ ਲੋਕ ਆਪਣੀਆਂ ਲੜਕੀਆਂ ਨੂੰ ਬੁਰਾ ਭਲਾ ਨਹੀਂ ਬੋਲਦੇ। ਚਾਹਲ ਪਹਿਲਾਂ ਦਿੱਲੀ ਦੇ ਨਜ਼ਦੀਕ ਕੋਟ ਗਦਾਨਾ ਤੇ ਫਿਰ ਅੰਬਾਲੇ ਦੇ ਨੇੜੇ ਪੱਖੀ ਚਾਹਿਲਾਂ ਵਿਖੇ ਆ ਵਸੇ।
ਜੀਂਦ ਦੇ ਚਾਹਲ ਆਪਣਾ ਪੂਰਵਜ਼ ਬਾਲਾ ਨਾਮ ਦੇ ਇਕ ਚੌਹਾਨ ਰਾਜਪੂਤ ਨੂੰ ਦਸਦੇ ਹਨ ਜਿਸ ਨੇ ਇਕ ਜੱਟ ਲੜਕੀ ਨਾਲ ਵਿਆਹ ਕੀਤਾ ਤੇ ਆਪਣੀ ਜਾਤ ਗੁਆ ਬੈਠਾ। ਉਹ ਗੁੱਗੇ ਦੀਆਂ ਰਸਮਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਗੁੱਗੇ ਪੀਰ ਦਾ ਭਗਤ ਬਣ ਗਿਆ। ਚਾਹਲ ਜਿਸ ਮਰਜ਼ੀ ਜਾਤ ਦੇ ਹੋਣ, ਗੁੱਗੇ ਦੀ ਪੂਜਾ ਕਰਦੇ ਹਨ। ਜੀਂਦ ਵਿਖੇ ਗੁੱਗੇ ਦੇ ਪੁਜਾਰੀਆਂ ਨੂੰ ਚਾਹਲ ਕਿਹਾ ਜਾਂਦਾ ਹੈ। ਜੀਂਦ ਦੇ ਚਾਹਲ ਖੇੜਾ ਭੂਮੀਆਂ ਦੀ ਪੂਜਾ ਕਰਦੇ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1989, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-04-29-05, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਕਾ.: 123; ਗਾ. ਟ੍ਰਾ. ਕਾ. : 146
ਵਿਚਾਰ / ਸੁਝਾਅ
Please Login First