ਚਿੱਟਾਗਾਂਗ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਿੱਟਾਗਾਂਗ (22°-21` ਉ, 91°-50` ਪੂ): ਬੰਗਲਾਦੇਸ਼ ਦੀ ਵੱਡੀ ਬੰਦਰਗਾਹ ਵਾਲਾ ਸ਼ਹਿਰ ਹੈ ਜੋ ਕਿ ਇਸ ਦੇ ਦੁਆਰ ਤੋਂ 20 ਕਿਲੋਮੀਟਰ ਦੂਰ ਕਰਣਾਫੁਲੀ ਦਰਿਆ ਦੇ ਸੱਜੇ ਕੰਢੇ ਤੇ ਵੱਸਿਆ ਹੋਇਆ ਹੈ। ਇੱਥੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ‘ਗੁਰਦੁਆਰਾ ਸਿੱਖ ਟੈਂਪਲ` ਨਾਂ ਦਾ ਇਤਿਹਾਸਿਕ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ 1507-08 ਵਿਚ ਗੁਰੂ ਜੀ ਨੇ ਕੁਝ ਸਮਾਂ ਇਸ ਅਸਥਾਨ ਤੇ ਨਿਵਾਸ ਕੀਤਾ ਸੀ। ਸਥਾਨਿਕ ਰਵਾਇਤ ਇਸ ਗੁਰਦੁਆਰੇ ਨੂੰ ਭਾਈ ਝੰਡਾ ਬਾਢੀ, ਰਾਜਾ ਸੁਧਰ ਸੇਨ ਅਤੇ ਉਸਦੇ ਭਤੀਜੇ ਇੰਦਰ ਸੇਨ ਦੇ ਧਰਮ ਪਰਿਵਰਤਨ ਦੀ ਸਾਖੀ ਨਾਲ ਜੋੜਦੀ ਹੈ। ਇਹ ਸਾਖੀ ਬੀ40 ਜਨਮਸਾਖੀ ਵਿਚ ਸੰਖੇਪ ਤੌਰ ਤੇ ਅਤੇ ਬਾਲਾ ਜਨਮਸਾਖੀ ਵਿਚ ਕੁਝ ਵਿਸਤ੍ਰਿਤ ਰੂਪ ਵਿਚ ਵਰਣਿਤ ਕੀਤੀ ਹੋਈ ਹੈ। ‘ਗੁਰਦੁਆਰਾ ਸਿੱਖ ਟੈਂਪਲ` ਚੌਕ ਬਜ਼ਾਰ ਦੇ ਮੱਧ ਵਿਚ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਬਣਿਆ ਹੋਇਆ ਪੁਰਾਤਨ ਖੂਹ ਅਜੇ ਤਕ ਵਰਤੋਂ ਯੋਗ ਹੈ। ਇਸ ਗੁਰਦੁਆਰੇ ਦੇ ਨਾਂ ਤੇ ਕੁਝ ਜਾਇਦਾਦ ਹੈ ਜੋ ਕਿ ਨਵਾਬ ਅਲੀ ਵਰਦੀ ਖ਼ਾਨ (ਦੇ. 1756) ਦੇ ਰਾਜ ਸਮੇਂ ਚਿੱਟਾਗਾਂਗ ਦੇ ਇਕ ਸ਼ਰਧਾਲੂ ਸਿੱਖ ਦੀਵਾਨ ਨੇ ਭੇਟ ਕੀਤੀ ਸੀ। 1917 ਤਕ ਗੁਰਦੁਆਰੇ ਦਾ ਪ੍ਰਬੰਧ ਉਦਾਸੀ ਮਹੰਤਾਂ ਦੀ ਸੰਪਰਦਾਇ ਦੁਆਰਾ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਇਸ ਗੁਰਦੁਆਰੇ ਦਾ ਪ੍ਰਬੰਧ ਸਥਾਨਿਕ ਸ਼ਰਧਾਲੂਆਂ ਦੀ ਕਮੇਟੀ ਦੁਆਰਾ ਚਿੱਟਾਗਾਂਗ ਦੇ ਜ਼ਿਲਾ ਜੱਜ ਦੀ ਸਰਪ੍ਰਸਤੀ ਹੇਠ ਆ ਗਿਆ। ਇਹ ਪ੍ਰਬੰਧ ਅਜੇ ਵੀ ਚੱਲ ਰਿਹਾ ਹੈ।


ਲੇਖਕ : ਭਾ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5286, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਚਿੱਟਾਗਾਂਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚਿਟਗਾਂਗ/ਚਿੱਟਾਗਾਂਗ (ਨਗਰ): ਬੰਗਲਾਦੇਸ਼ ਦਾ ਇਕ ਪ੍ਰਮੁਖ ਨਗਰ, ਜਿਥੇ ਗੁਰੂ ਨਾਨਕ ਦੇਵ ਜੀ ਦੇ ਉਦਾਸੀ ਦੌਰਾਨ ਜਾਣ ਦਾ ਉੱਲੇਖ ‘ਭਾਈ ਬਾਲੇ ਵਾਲੀ ਜਨਮਸਾਖੀ ’ ਵਿਚ ਹੋਇਆ ਹੈ। ਉਥੇ ਹੀ ਗੁਰੂ ਜੀ ਦੀ ਭੇਂਟ ਝੰਡੇ ਬਾਢੀ ਅਤੇ ਰਾਜਾ ਸੁਧਰ ਸੇਨ ਨਾਲ ਹੋਈ ਸੀ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਜੋ ਸਮਾਰਕ ਬਣਾਇਆ ਗਿਆ, ਉਸ ਨਾਲ ਭਾਈ ਮੋਹਨ ਸਿੰਘ ਨੇ 18ਵੀਂ ਸਦੀ ਦੇ ਅੱਧ ਵਿਚ ਕੁਝ ਜਾਇਦਾਦ ਲਗਵਾਈ ਸੀ, ਤਾਂ ਜੋ ਉਸ ਦੀ ਆਮਦਨ ਨਾਲ ਗੁਰਦੁਆਰੇ ਦਾ ਖ਼ਰਚਾ ਚਲਦਾ ਰਹੇ। ਸ਼ੁਰੂ ਤੋਂ ਇਸ ਗੁਰੂ -ਧਾਮ ਦੀ ਵਿਵਸਥਾ ਉਦਾਸੀ ਸੰਤ ਕਰਦੇ ਆਏ ਸਨ, ਪਰ ਸੰਨ 1917 ਈ. ਤੋਂ ਬਾਦ ਇਸ ਦਾ ਪ੍ਰਬੰਧ ਸਥਾਨਕ ਕਮੇਟੀ ਨੂੰ ਸੌਂਪਿਆ ਗਿਆ। ਇਸ ਦੀ ਨਵੀਂ ਇਮਾਰਤ ਸੰਨ 1939 ਈ. ਵਿਚ ਤਿਆਰ ਹੋਈ ਸੀ। ਇਸ ਦਾ ਹੁਣ ਪ੍ਰਚਲਿਤ ਨਾਂ ਹੈ—‘ਗੁਰਦਆਰਾ ਸਿੱਖ ਟੈਂਪਲ ਚੌਕ ਬਾਜਾਰ’। ਵੇਖੋ ‘ਬੰਗਲਾਦੇਸ਼ ਦੇ ਗੁਰੂ-ਧਾਮ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.