ਚਿੱਲੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Chili (ਚਿਲਿ) ਚਿੱਲੀ: ਇਕ ਗਰਮ ਖ਼ੁਸ਼ਕ ਦੱਖਣੀ ਪੌਣ, ਜਿਹੜੀ ਸਹਾਰਾ ਰੇਗਿਸਤਾਨ ਤੋਂ ਮਰੋਕੋ ਅਤੇ ਟਿਊਨਸ ਵੱਲ ਚਲਦੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2292, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਚਿੱਲੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਿੱਲੀ [ਨਾਂਪੁ] ਢਿੱਲੀ ਪੰਡ ਜਿਹੜੀ ਜਾਨਵਰ ਦੀ ਪਿੱਠ ਉੱਤੇ ਠੀਕ ਬੈਠ ਸਕੇ, ਢਿੱਲਾ ਲੱਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚਿੱਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਿੱਲੀ. ਸੰਗ੍ਯਾ—ਛੱਟ. ਗੂੰਣ। ੨ ਸੰ. ਇੱਕ ਸ਼ਿਕਾਰੀ ਪੰਛੀ। ੩ ਪੰਜਾਬੀ ਵਿੱਚ ਇਹ ਚਿਹਲੀ ਦਾ ਰੂਪਾਂਤਰ ਹੈ. ਦੇਖੋ, ਚਿਹਲੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2181, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਿੱਲੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਿੱਲੀ : ਦੱਖਣੀ ਅਮਰੀਕਾ ਮਹਾਂਦੀਪ ਦੇ ਪੱਛਮ ਵੱਲ ਸ਼ਾਂਤ ਮਹਾਂਸਾਗਰ ਦੇ ਪੂਰਬੀ ਤੱਟ ਦੇ ਨਾਲ ਲਗਵਾਂ ਇਹ ਇਕ ਗਣਰਾਜ ਹੈ। ਇਹ ਇਕ ਲੰਬੀ ਅਤੇ ਤੰਗ ਜਿਹੀ ਪੱਟੀ ਦੀ ਸ਼ਕਲ ਵਿਚ ਕੇਪ ਹਾਰਨ ਤੋਂ ਊਸ਼ਣ-ਖੰਡੀ ਟੈਕਨਾ ਘਾਟੀ ਤੱਕ ਫੈਲਿਆ ਹੋਇਆ ਹੈ। ਇਸ ਦੀ ਲੰਬਾਈ 3,920 ਕਿ. ਮੀ. ਅਤੇ ਚੌੜਾਈ 176 ਕਿ. ਮੀ. ਹੈ। ਉੱਤਰ ਵਿਚ ਪੀਰੂ, ਪੱਛਮ ਅਤੇ ਦੱਖਣ ਵਿਚ ਘਿਰਿਆ ਹੋਇਆ ਹੈ। ਦੇਸ਼ ਦਾ ਕੁਲ ਖ਼ੇਤਰਫ਼ਲ 7,56,946 ਵ. ਕਿ. ਮੀ. ਅਤੇ ਆਬਾਦੀ 1,35,99,000 (1992) ਹੈ। ਚਿੱਲੀ ਦੀ ਰਾਜਧਾਨੀ ਸਾਨਤਿਆਗੋ ਹੈ। ਇਥੋਂ ਦੀ ਮੁਖ ਭਾਸ਼ਾ ਸਪੇਨੀ ਹੈ।

                                          ਭੂ-ਆਕ੍ਰਿਤੀ ਵਿਗਿਆਨ

          ਧਰਾਤਲ––ਧਰਾਤਲੀ ਪੱਖੋਂ ਸਾਰੇ ਹੀ ਚਿੱਲੀ ਤੇ ਐਂਡੀਜ਼ ਦੀ ਪਰਬਤੀ ਨੁਹਾਰ ਵਿਖਾਈ ਦਿੰਦੀ ਹੈ। ਧਰਾਤਲੀ ਤੌਰ ਤੇ ਉੱਤਰ ਤੋਂ ਦੱਖਣ ਅਤੇ ਪੂਰਬ ਵੱਲ ਨੂੰ ਵੀ ਪੂਰੇ ਦੇਸ਼ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ :––

          ਪੂਰਬ ਵੱਲ ਫੈਲੇ ਐਂਡੀਜ਼ ਪਹਾੜ, ਕੇਂਦਰ ਵਿਚ ਵਾਦੀ ਫਿਰ ਐਂਡੀਜ਼ ਨਾਲ ਮਿਲਦਾ-ਜੁਲਦਾ ਤੱਟੀ ਪਰਬਤੀ ਸਿਲਸਿਲਾ ਆਰੰਭ ਹੋ ਜਾਂਦਾ ਹੈ। ਸਮੁੱਚੇ ਦੇਸ਼ ਵਿਚ ਐਂਡੀਜ਼ ਪਹਾੜ ਅਤੇ ਆਟਾਕਾਮਾ ਮਾਰੂਥਲ ਦੋ ਵਿਸ਼ਾਲ ਵੱਖਰੇ ਮਹੱਤਵਪੂਰਨ ਭੂ-ਆਕਾਰ ਹਨ। ਆਟਾਕਾਮਾ ਦੇਸ਼ ਦੇ ਉੱਤਰੀ ਹਿੱਸੇ ਵਿਚ ਕੇਂਦਰੀ ਡੂੰਘਾਣ ਦੇ ਨਾਲ ਫੈਲਿਆ ਹੋਇਆ ਹੈ ਅਤੇ ਇਹ ਸੰਸਾਰ ਦੇ ਬਹੁਤ ਵੱਡੇ ਮਾਰੂਥਲਾਂ ਵਿਚੋਂ ਇਕ ਹੈ। ਦੂਜੇ, ਐਂਡੀਜ਼ ਪਹਾੜ ਜਿਹੜੇ ਦੇਸ਼ ਦੇ ਪੂਰਬੀ ਹਿੱਸੇ ਵਿਚ ਪੂਰੀ ਹੱਦ ਦੇ ਨਾਲ ਨਾਲ ਫੈਲੇ ਹੋਏ ਹਨ ਇਸ ਦੇਸ਼ ਨੂੰ ਬਾਕੀ ਮਹਾਂਦੀਪ ਨਾਲੋਂ ਵੱਖ ਕਰ ਦਿੰਦੇ ਹਨ। ਇਥੇ ਇਨ੍ਹਾਂ ਨੂੰ ਚਿੱਲੀਅਨ ਐਂਡੀਜ਼ ਨਾਂ ਦਿੱਤਾ ਹੋਇਆ ਹੈ। ਇਹ ਪਰਤਦਾਰ ਅਤੇ ਲਾਵੇ ਦੀਆਂ ਚਟਾਨਾਂ ਦੇ ਬਣੇ ਹੋਏ ਹਨ। ਇਨ੍ਹਾਂ ਉੱਤੇ ਕਈ ਬਰਫ਼ ਨਾਲ ਢਕੇ ਜਵਾਲਾਮੁਖੀ ਹਨ।

          ਐਂਡੀਜ਼ ਪਹਾੜਾਂ ਦੇ ਵੀ ਤਿੰਨ ਹਿੱਸੇ ਹਨ– ਉੱਤਰ ਤੋਂ 27° ਦੱ. ਵਿਥ. ਤੱਕ ਦੇ ਐਂਡੀਜ਼ ਪਠਾਰ ਹੀ ਜਾਪਦੇ ਹਨ। ਇਨ੍ਹਾਂ ਦਾ ਚੌੜੇ ਰੁਖ ਵੱਲ ਵਿਸਤਾਰ ਵਧੇਰੇ ਹੈ। 27° ਤੋਂ 47° ਦੱ. ਵਿਥ. ਤੱਕ ਦੇ ਐਂਡੀਜ਼ ਪਠਾਰ ਹੀ ਜਾਪਦੇ ਹਨ। ਇਨ੍ਹਾਂ ਦਾ ਚੌੜੇ ਰੁਖ ਵੱਲ ਵਿਸਤਾਰ ਵਧੇਰੇ ਹੈ। 27° ਤੋਂ 47° ਦੱ. ਵਿਥ. ਵਿਚਲੇ ਐਂਡੀਜ਼ ਦੀ ਚੌੜਾਈ ਘੱਟ ਤੇ ਉਚਾਈ ਵਧੇਰੇ ਹੈ। 33° ਦੱ. ਵਿਥ. ਤੇ ਇਹ 5,000 ਮੀਟਰ ਤੋਂ ਵੀ ਜ਼ਿਆਦਾ ਉੱਚੇ ਹਨ। ਇਥੇ ਕਈ ਦੱਰੇ ਵੀ ਹਨ ਪਰ ਇਹ ਬਰਫ਼ ਰੇਖਾ ਤੋਂ ਉੱਪਰ ਹੀ ਮਿਲਦੇ ਹਨ। ਦੱਖਣੀ ਐਂਡੀਜ਼ ਬਰਫ਼ ਨਾਲ ਢਕੇ ਰਹਿੰਦੇ ਹਨ। ਇਨ੍ਹਾਂ ਉੱਤੇ ਕਈ ਫਜੋਰਡ ਅਤੇ ਅਣਗਿਣਤ ਝੀਲਾਂ ਪਾਈਆਂ ਜਾਂਦੀਆਂ ਹਨ।

          ਦੂਜਾ ਭੂ-ਖੰਡ ਕੇਂਦਰੀ ਨਿਵਾਣ ਹੈ। ਇਹ ਐਂਡੀਜ਼ ਪਰਬਤੀ ਸਿਲਸਿਲੇ ਅਤੇ ਤੱਟੀ ਪਰਬਤੀ ਸਿਲਸਿਲੇ ਅਤੇ ਤੱਟੀ ਪਰਬਤੀ ਸਿਲਸਿਲੇ ਦਰਮਿਆਨ ਦਾ ਖੇਤਰ ਹੈ ਜਿਥੇ ਐਂਡੀਜ਼ ਵੱਲੋਂ ਆਉਂਦੇ ਦਰਿਆ ਨਿਖੇਪ ਜਮ੍ਹਾਂ ਕਰਦੇ ਹਨ ਤੇ ਅੱਗੇ ਇਹ ਵਾਦੀ ਵਿਚੋਂ ਹੁੰਦੇ ਹੋਏ ਤੇ ਪਰਬਤੀ ਸਿਲਸਿਲੇ ਵਿਚੋਂ ਖੱਡਾਂ ਬਣਾ ਕੇ ਮਹਾਂਸਾਗਰ ਵਿਚ ਜਾ ਡਿਗਦੇ ਹਨ।

          ਤੀਜਾ ਭੂ-ਖੰਡ ਤੱਟੀ ਪਰਬਤੀ ਸਿਲਲਿਸੇ ਦਾ ਹੈ। ਇਹ ਚਟਾਨਾਂ ਦੀ ਬਣਤਰ ਪੱਖੋਂ ਐਂਡੀਜ਼ ਨਾਲ ਮੇਲ ਖਾਂਦੇ ਹਨ। ਸਮੁੰਦਰ ਵਾਲੇ ਪਾਸੇ ਰੌਆਂ ਅਤੇ ਲਹਿਰਾਂ ਨਾਲ ਇਹ ਪਰਬਤ ਕਾਫ਼ੀ ਕੱਟੇ ਵੱਢੇ ਹੋਏ ਹਨ।

          ਜਲ ਪ੍ਰਵਾਹ––ਚਿੱਲੀ ਦੇ ਦਰਿਆ ਆਰਥਿਕ ਪੱਖੋਂ ਬਹੁਤੇ ਲਾਹੇਵੰਦ ਨਹੀਂ ਅਤੇ ਨਾ ਹੀ ਇਹ ਜਹਾਜ਼ਰਾਨੀ ਦੇ ਯੋਗ ਹਨ। ਸਿਰਫ਼ ਵਾਲਡੀਵੀਆ ਦਰਿਆ ਦੀ ਜਹਾਜ਼ਰਾਨੀ ਯੋਗ ਹੈ। ਮਾਰੂਥਲੀ ਖੇਤਰ ਦਾ ਲੋਆ ਵੱਡਾ ਦਰਿਆ ਹੈ ਜੋ ਸਮੁੰਦਰ ਤੱਕ ਪਹੁੰਚਦਾ ਹੈ, ਬਾਕੀ ਦਰਿਆ ਰੇਤ ਵਿਚ ਹੀ ਵਿਲੀਨ ਹੋ ਜਾਂਦੇ ਹਨ। ਐਂਡੀਜ਼ ਵਲੋਂ ਆਉਣ ਵਾਲੇ ਦਰਿਆ ਸਥਾਈ ਸਦੀਵੀ ਹਨ। ਇਨ੍ਹਾਂ ਵਿਚ ਪਹਾੜਾਂ ਉੱਤੇ ਬਰਫ਼ ਪਿਘਲਣ ਨਾਲ ਪਾਣੀ ਬਹੁਤ ਵੱਧ ਜਾਂਦਾ ਹੈ ਤੇ ਹੜ੍ਹ ਆ ਜਾਂਦੇ ਹਨ।

          ਦੱਖਣੀ ਚਿੱਲੀ ਵਿਚ ਅਣਗਿਣਤ ਝੀਲਾਂ ਹਨ ਜੋ ਸੈਲਾਨੀਆਂ ਲਈ ਦਿਲਖਿੱਚ ਥਾਵਾਂ ਹਨ। ਸਲਾਰ ਡੇ ਬਏਆ ਵੀਸਤਾ, ਸਲਾਰ ਡੇ ਲਮਾਰ, ਸਲਾਰ ਡੇ ਮਿਰਾਜੀ, ਸਲਾਰ ਡੇ ਆਟਾਕਾਮਾ, ਸਲਾਰ ਡੇ ਨਾਰੀਜਾਰੋ ਪੂਰੇ ਦੇਸ਼ ਵਿਚ ਵਰਣਨਯੋਗ ਝੀਲਾਂ ਹਨ। ਸ਼ਾਇਦ ਇਨ੍ਹਾਂ ਖ਼ੂਬਸੂਰਤ ਨਜ਼ਾਰਿਆਂ ਕਰਕੇ ਹੀ ਚਿੱਲੀ ਨੂੰ ਦੱਖਣੀ ਅਮਰੀਕਾ ਦਾ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ।

          ਜਲਵਾਯੂ––ਇਕ ਪਾਸੇ ਚਿੱਲੀ ਦਾ ਵਿਸਤਾਰ ਭੂ-ਮੱਧ ਰੇਖਾ ਦੇ ਦੱਖਣ ਵਿਚ ਉਪ-ਊਸ਼ਣ ਖੰਡ ਤੋਂ ਲੈ ਕੇ ਅੰਟਾਰਕਟਿਕਾ ਮਹਾਂਦੀਪ ਤੱਕ ਅਤੇ ਦੂਜੇ ਪਾਸੇ ਸਮੁੰਦਰ ਤਲ ਤੋਂ ਲੈ ਕੇ ਐਂਡੀਜ਼ ਪਰਬਤਾਂ ਦੀਆਂ ਉਚਾਈਆਂ ਤੱਕ ਜਾਂਦਾ ਹੈ। ਇਹੀ ਦੋ ਮਹਤੱਵਪੂਰਨ ਤੱਥ ਇਥੋਂ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਦੇ ਹਨ। ਆਮ ਤੌਰ ਤੇ ਪੂਰੇ ਚਿੱਲੀ ਵਿਚ ਮੋਅਤਦਿਲ ਜਲਵਾਯੂ ਹੈ। ਤਾਪਮਾਨ ਵੀ ਦਰਮਿਆਨੇ ਦਰਜੇ ਦੇ ਰਹਿੰਦੇ ਹਨ ਕਿਉਂਕਿ ਸਮੁੰਦਰ ਨਾਲ ਲਗਵੇਂ ਖੇਤਰਾਂ ਤੇ ਸਮੁੰਦਰ ਵਿਚਲੀ ਠੰਢੇ ਪਾਣੀ ਦੀ ਹਮਬੋਲਤ ਰੌ ਦਾ ਪ੍ਰਭਾਵ ਪੈਂਦਾ ਹੈ। ਉੱਤਰੀ ਚਿੱਲੀ ਦੇ ਮੁਕਾਬਲੇ ਦੱਖਣੀ ਚਿੱਲੀ ਵਿਚ ਗਰਮੀ ਘੱਟ ਪੈਂਦੀ ਹੈ। ਮਾਰੂਥਲ ਵਿਚ ਜੁਲਾਈ ਦਾ ਤਾਪਮਾਨ 13° ਤੋਂ 15° ਸੈਂ. ਅਤੇ ਜਨਵਰੀ ਦਾ 20° ਤੋਂ 21° ਸੈਂ. ਹੁੰਦਾ ਹੈ। ਸਿਵਾਇ ਐਂਡੀਜ਼ ਦੀਆਂ ਬਰਫ਼ ਨਾਲ ਢਕੀਆਂ ਸਿਖਰਾਂ ਦੇ ਤਾਪਮਾਨ 0° ਸੈਂ. ਤੋਂ ਹੇਠਾਂ ਨਹੀਂ ਜਾਂਦਾ।

          ਵਰਖਾ ਵਿਚ ਵੀ ਤਾਪਮਾਨ ਵਾਂਗ ਹੀ ਵਖਰੇਵਾਂ ਪਾਇਆ ਜਾਂਦਾ ਹੈ। ਉੱਤਰ ਵੱਲ ਦੇ ਮਾਰੂਥਲੀ ਖੇਤਰ ਵਿਚ ਵਰਖਾ ਨਾਂ-ਮਾਤਰ ਹੈ। 32° ਤੋਂ 37° ਦੱ. ਵਿਥ. ਵਾਲੇ ਖੇਤਰ ਵਿਚ ਵਰਖਾ ਦੀ ਮਾਤਰਾ ਵਧ ਜਾਂਦੀ ਹੈ। ਇੱਥੇ 35 ਸੈਂ. ਮੀ. ਤੋਂ ਲੈ ਕੇ 127 ਸੈਂ. ਮੀ. ਔਸਤ ਸਾਲਾਨਾ ਵਰਖਾ ਹੁੰਦੀ ਹੈ। ਮੱਧ ਕੇਂਦਰੀ ਅਤੇ ਦੱਖਣੀ ਚਿੱਲੀ ਵਿਚ ਵਰਖਾ ਸਰਦੀ (ਮਈ ਤੋਂ ਜੁਲਾਈ) ਦੇ ਮੌਸਮ ਵਿਚ ਹੁੰਦੀ ਹੈ। 47° ਦੱ. ਵਿਥ. ਤੇ ਸਥਿਤ ਪੱਛਮੀ ਪੈਟਾਗੋਨੀਆ ਟਾਪੂਆਂ ਉਤੇ 402 ਸੈਂ. ਮੀ. ਵਰਖਾ ਹੁੰਦੀ ਹੈ। ਦੱਖਣੀ ਚਿੱਲੀ ਉੱਤੇ ਭਾਰੀ ਵਰਖਾ, ਵਾ-ਵਰੋਲੇ ਤੂਫ਼ਾਨਾਂ ਵਾਲਾ ਮੌਸਮ ਆਮ ਰਹਿੰਦਾ ਹੈ। ਸਲਫੇਟ ਵਾਲੀਆਂ ਮਿੱਟੀ ਦੀਆਂ ਤਹਿਆਂ ਹਨ। ਕੇਂਦਰੀ ਚਿੱਲੀ ਦੀ ਵਾਦੀ ਵਿਚ ਜਲੋਢ ਉਪਜਾਊ ਮਿੱਟੀ ਪਾਈ ਜਾਂਦੀ ਹੈ। ਬੀਓ ਬੀਓ ਦਰਿਆ ਦੇ ਦੱਖਣ ਵਲ ਲਾਲ ਭੂਰੀ ਲੇਟਰਾਈਟ ਮਿੱਟੀ, ਜਵਾਲਾਮੁਖੀ ਰਾਖ ਵਾਲੀ ਗੂੜ੍ਹੇ ਸਲੇਟੀ ਰੰਗ ਵਾਲੀ, ਨਮੀ ਭਰਪੂਰ ਮਾਡਜ਼ੋਲਿਕ ਮਿੱਟੀ ਮਿਲਦੀ ਹੈ।

          ਬਨਸਪਤੀ ਅਤੇ ਜੀਵ-ਜੰਤੂ––ਉੱਤਰੀ ਅਤੇ ਦੱਖਣੀ ਚਿੱਲੀ ਦੇ ਧਰਾਤਲੀ ਅਤੇ ਜਲਵਾਯੂ ਦੇ ਵਖਰੇਵਿਆਂ ਕਰਕੇ ਬਨਸਪਤੀ ਵੀ ਵੱਖਰੀ ਵੱਖਰੀ ਪਾਈ ਜਾਂਦੀ ਹੈ। ਉੱਤਰੀ ਚਿੱਲੀ ਮਾਰੂਥਲੀ ਖੇਤਰ ਵਿਚ ਝਾੜੀਆਂ ਅਤੇ ਥੋਹਰ ਆਦਿ ਹੀ ਪਾਏ ਜਾਂਦੇ ਹਨ। ਰੂਮ ਸਾਗਰੀ ਜਲਵਾਯੂ ਵਾਲੇ ਮਧਵਰਤੀ ਖੇਤਰ ਵਿਚ ਕੰਡੇਦਾਰ ਝਾੜੀਆਂ ਅਤੇ ਘਾਹ ਮਿਲਦਾ ਹੈ। ਪੈਟੇਗੋਨੀਆਂ ਦੇ ਸਟੈਪੀ ਮੈਦਾਨੀ ਖੇਤਰ ਵਿਚ ਚਰਾਗਾਹਾਂ ਹਨ ਜਿੱਥੇ ਪਸ਼ੂ ਪਾਲੇ ਜਾਂਦੇ ਹਨ।

          ਜੀਵ-ਜੰਤੂਆਂ ਪੱਖੋਂ ਚਿੱਲੀ ਵਿਚ ਦੱਖਣੀ ਅਮਰੀਕਾ ਮਹਾਂਦੀਪ ਵਾਲੀਆਂ ਪੂਰੀਆਂ ਨਸਲਾਂ ਤਾਂ ਨਹੀਂ ਮਿਲਦੀਆਂ ਕਿਉਂਕਿ ਚਿੱਲੀ ਦੇ ਪੂਰਬ ਵਲ ਉੱਤਰੋਂ ਦੱਖਣ ਵੱਲ ਫੈਲੇ ਐਂਡੀਜ਼ ਪਹਾੜ ਇੰਨੇ ਉੱਚੇ ਹਨ ਕਿ ਇਨ੍ਹਾਂ ਉਪਰੋਂ ਦੀ ਜਾਨਵਰ ਆ ਜਾ ਨਹੀਂ ਸਕਦੇ ਅਤੇ ਇਨ੍ਹਾਂ ਉਪਰ ਦੱਰੇ ਵੀ ਬਰਫ਼ ਰੇਖਾ ਤੋਂ ਉੱਪਰ ਮਿਲਦੇ ਹਨ। ਇਸ ਕਰਕੇ ਇਥੇ ਸਥਾਨਕ ਜੀਵ-ਜੰਤੂ ਹੀ ਮਿਲਦੇ ਹਨ। ਉੱਤਰ ਵੱਲ ਦੀਆਂ ਪਠਾਰਾਂ ਉੱਤੇ ਊਠ ਪਰਿਵਾਰ ਦੇ ਲਾਮਾ, ਅਲਪਾਕਾ, ਵਿਕਿਊਨਾ ਪਾਏ ਜਾਂਦੇ ਹਨ। ਇੱਥੇ ਐਂਡੀ ਬਘਿਆੜ ਅਤੇ ਹਿਰਨ ਵਰਗਾ ਜਾਨਵਰ ਪੁਡੂ ਮਿਲਦਾ ਹੈ।

                                                   ਇਤਿਹਾਸ

          ਇਸ ਗਣਰਾਜ ਦਾ ਇਤਿਹਾਸ 1535 ਤੋਂ ਮਿਲਦਾ ਹੈ। ਉਸ ਵੇਲੇ ਇਸ ਖੇਤਰ ਦਾ ਉੱਤਰੀ ਅਤੇ ਕੇਂਦਰੀ ਹਿੱਸਾ ਪੀਰੂ ਸਾਮਰਾਜ ਹੇਠ ਹੁੰਦਾ ਸੀ। ਇਸੇ ਸਾਲ ਸਪੇਨੀ ਜੇਤੂ ਰਾਜਿਆਂ ਨੇ ਸ਼ਾਂਤ ਮਹਾਂਸਾਗਰ ਨਾਲ ਲਗਦੇ ਚਿੱਲੀ ਖੇਤਰਾਂ ਵੱਲ ਚੜ੍ਹਾਈ ਦਲ ਭੇਜੇ। ਇਸੇ ਦਲ ਦੇ ਆਗੂ ਪੈਡੋਰੇ ਡੇ ਵਾਲਡੀਵੀਆ ਨੇ 1541 ਵਿਚ ਸਾਨਤਿਆਗੋ ਸ਼ਹਿਰ ਦੀ ਸਥਾਪਨਾ ਕੀਤੀ ਫਿਰ ਇਹ ਬੇੜੇ ਦੱਖਣ ਵਾਲੇ ਪਾਸੇ ਮੈਗਾਯਾਨਐਸ (Megellen) ਵੱਲ ਰਵਾਨਾ ਹੋਏ। ਇਸੇ ਆਗੂ ਨੇ ਬੀਓ ਬੀਓ ਦਰਿਆ ਦੇ ਉੱਤਰ ਵੱਲ ਦਾ ਚਿੱਲੀ ਸਪੇਨ ਹੇਠ ਕਰ ਲਿਆ। ਇਸ ਪਿਛੋਂ ਅਨੇਕਾਂ ਯੁੱਧ ਹੋਏ, ਵਾਲਡੀਵੀਆ ਯੁੱਘ ਵਿਚ ਮਾਰਿਆ ਗਿਆ। ਅੰਤ 1810 ਵਿਚ ਸਪੇਨ ਨੇ ਇਸ ਨੂੰ ਆਜ਼ਾਦ ਹੋਣ ਦਾ ਐਲਾਨ ਕਰ ਦਿਤਾ ਪਰ ਚਿੱਲੀ ਨੂੰ ਮੁਕੰਮਲ ਆਜ਼ਾਦ 1818 ਵਿਚ ਜਲ ਸੈਨਾ ਰਾਹੀਂ ਪ੍ਰਾਪਤ ਹੋਈ। ਸੰਨ 1818 ਤੋਂ 1823 ਤੱਕ ਇਥੋਂ ਦੇ ਗਵਰਨਰ ਓਹਿੰਗਸ ਨੇ ਦੇਸ਼ ਦੀ ਜਲ ਸੈਨਾ, ਖੇਤੀ, ਸ਼ਹਿਰ ਅਤੇ ਵਪਾਰ ਆਦਿ ਵਿਚ ਬਹੁਤ ਵਾਧਾ ਕੀਤਾ। ਇਸ ਸਮੇਂ ਰੂੜ੍ਹੀਵਾਦੀ ਅਤੇ ਉਦਾਰਵਾਦੀ ਦੋ ਰਾਜਨੀਤਕ ਦਲ ਸੱਤਾ ਵਿਚ ਆਏ ਪਰੰਤੂ ਇਹ ਸਮਾਜ ਦੇ ਅਮੀਰ ਵਰਗ ਦੀ ਹੀ ਪ੍ਰਤਿਨਿਧਤਾ ਕਰਦੇ ਸਨ। ਲੰਬੇ ਸੰਘਰਸ਼ ਪਿਛੋਂ ਰੂੜ੍ਹੀਵਾਦੀਆਂ ਦੀ ਜਿੱਤ ਹੋਈ। ਸੰਨ 1831 ਤੋਂ 1861 ਤੱਕ ਰੂੜ੍ਹੀਵਾਦੀ ਦਲ ਦਾ ਰਾਜ ਰਿਹਾ। ਇਸ ਦੇਸ਼ ਵਿਚ ਪੈਟਾਗੋਨੀਆ ਅਤੇ ਟਿਐਰਾ ਡੈਲ ਫਿਊਗੋ ਵੀ ਸ਼ਾਮਲ ਕੀਤੇ ਜਾ ਚੁੱਕੇ ਸਨ। ਇਸ ਸਮੇਂ ਦੀ ਖਾਸ ਘਟਨਾ 1836-39 ਦੀ ਜੰਗ ਸੀ ਜਿਸ ਨਾਲ ਪੀਰੂ ਅਤੇ ਬੋਲੀਵੀਆ ਦੇ ਸੰਘ ਟੁੱਟ ਗਏ। ਇਸ ਪਿਛੋਂ ਬਹੁਤ ਸਾਲਾਂ ਤੱਕ ਸ਼ਾਂਤ ਮਹਾਂਸਾਗਰ ਨਾਲ ਲਗਦੇ ਨਾਈਟਰੇਟ ਖਣਿਜਾਂ ਵਾਲੇ ਖੇਤਰ ਉੱਤੇ ਚਿੱਲੀ ਅਤੇ ਬੋਲੀਵੀਆ ਦਾ ਆਪੋ ਵਿਚ ਫ਼ੈਸਲਾ ਨਾ ਹੋ ਸਕਿਆ। ਫਿਰ 1879-1883 ਵਿਚ ਤਿੰਨ ਸਾਲਾ ਜੰਗ ਪਿਛੋਂ ਸੰਧੀ ਹੋਈ, ਬੋਲੀਵੀਆ ਤੇ ਪੀਰੂ ਦੀਆਂ ਫ਼ੌਜਾਂ ਨੇ ਹਥਿਆਰ ਸੁੱਟ ਦਿੱਤੇ ਪਰ ਇਹ ਸਥਿਤੀ 1929 ਤੱਕ ਜਦੋਂ ਨਾ ਸੁਧਰੀ ਤਾਂ ਅਮਰੀਕਾ ਨੇ ਵਿਚ ਪੈ ਕੇ ਟੈਕਟਾ ਖੇਤਰ ਪੀਰੂ ਨੂੰ ਤੇ ਆਰਿਕਾ, ਚਿੱਲੀ ਨੂੰ ਦਿਵਾ ਕੇ ਫ਼ੈਸਲਾ ਕਰਵਾ ਦਿੱਤਾ।

                                                 ਆਰਥਿਕਤਾ

          ਚਿੱਲੀ ਦੀ ਆਰਥਿਕਤਾ ਇਥੋਂ ਦੇ ਖਣਿਜਾਂ ਉੱਤੇ ਆਧਾਰਤ ਸਨਅਤ ਦੇ ਨਿਰਭਰ ਕਰਦੀ ਹੈ।

          ਕੁਦਰਤੀ ਸਾਧਾਨ––ਚਿੱਲੀ ਵਿਚ ਖਣਿਜਾਂ ਦੀ ਭਰਮਾਰ ਹੈ। ਖ਼ਾਸ ਕਰਕੇ ਤਾਂਬੇ ਦੇ ਇੱਥੇ ਲੰਬੇ ਚੌੜੇ ਭੰਡਾਰ ਹਨ। ਇੱਥੇ 50,000,000 ਤਾਂਬੇ ਦੇ ਜ਼ਖੀਰੇ  ਹਨ ਜਿਨ੍ਹਾਂ ਵਿਚੋਂ ਹਰ ਸਾਲ 1.35 ਫ਼ੀਸਦੀ ਤਾਂਬਾ ਕੱਢਿਆ ਜਾਂਦਾ ਹੈ। ਤਾਂਬੇ ਦੇ ਭੰਡਾਰ ਮਾਰੂਥਲੀ ਖੇਤਰ ਵਿਚ ਐਂਡੀਜ਼ ਪਰਬਤਾਂ ਦੇ ਨਾਲ ਨਾਲ ਕਨਸੈਪਸੀਓਨ ਪ੍ਰਾਂਤ ਤੋਂ ਕੇਂਦਰੀ ਚਿੱਲੀ ਤੱਕ ਮਿਲਦੇ ਹਨ।

          ਦੇਸ਼ ਦਾ ਦੂਜਾ ਮਹੱਤਵਪੂਰਨ ਖਣਿਜ ਲੋਹਾ ਹੈ। ਲੋਹੇ ਦੇ 250,000,000 ਟਨ ਦੇ ਵਿਸ਼ਾਲ ਭੰਡਾਰ ਨੋਰਟ ਚਿਕੋ ਅਤੇ ਸਾਹਿਲ ਨਾਲ ਲਗਵੇਂ ਖੇਤਰਾਂ ਵਿਚ ਕੇਂਦਰਿਤ ਹਨ। ਨਾਈਟ੍ਰੇਟ ਦੇ ਭੰਡਾਰ 1,000,000,000 ਟਨ ਦੇ ਹਨ। ਇਹ ਵੀ ਮਾਰੂਥਲੀ ਖੇਤਰ ਵਿਚ ਹਨ। ਇਨ੍ਹਾਂ ਤੋਂ ਛੁੱਟ ਕਈ ਧਾਤਵੀ ਅਤੇ ਗ਼ੈਰ-ਧਾਤਵੀ ਖਣਿਜ ਵੀ ਕੱਢੇ ਜਾਂਦੇ ਹਨ। ਸੋਨਾ, ਚਾਂਦੀ, ਮੈਂਗਨੀਜ਼, ਜਿਸਤ, ਸਿੱਕਾ, ਮੋਲਿਬਲੇਡਨਮ (ਚਾਂਦੀ ਵਰਗੀ ਧਾਤੂ) ਐਪੇਟਾਈਟ, ਚੂਨਾ, ਸੰਗਮਰਮਰ ਅਤੇ ਜਿਪਸਮ ਹੋਰ ਵਰਣਨਯੋਗ ਖਣਿਜ ਹਨ। ਊਰਜਾ ਪੈਦਾ ਕਰਨ ਵਾਲੇ ਖਣਿਜ ਵੀ ਇੱਥੇ ਮਿਲਦੇ ਹਨ। ਦੱਖਣ ਵੱਲ ਦੇ ਟਾਪੂਆਂ ਅਤੇ ਮਾਗਾਯਾਨਐਸ ਤੋਂ ਤੇਲ-ਗੈਸ ਮਿਲਦੀ ਹੈ।

          ਖੇਤੀਬਾੜੀ––ਚਿੱਲੀ ਵਿਚ ਖੇਤੀਬਾੜੀ ਬਹੁਤ ਘੱਟ ਉੱਨਤ ਹੈ। ਵਸੋਂ ਦਾ ਪੰਜਵਾਂ ਹਿੱਸਾ ਵੀ ਖੇਤੀਬਾੜੀ ਨਾਲ ਸਬੰਧਤ ਕਿੱਤਿਆਂ ਵਿਚ ਲੱਗਿਆ ਹੋਇਆ ਹੈ। ਅਨਾਜ ਦੀ ਥੁੜ੍ਹ ਬਾਹਰੋਂ ਪੂਰੀ ਕੀਤੀ ਜਾਂਦੀ ਹੈ। ਲਗਭਗ ਤਿੰਨ ਚੌਥਾਈ ਕਾਸ਼ਤਕਾਰੀ ਜ਼ਮੀਨ ਉੱਤੇ ਕਣਕ, ਮੱਕੀ, ਜੌਂ, ਦਾਲਾਂ, ਫਲੀਆਂ, ਆਲੂ, ਚੁਕੰਦਰ ਅਤੇ ਚਾਰੇ ਦੀ ਫਸਲ ਅਲਫਾਫਾ ਉਗਾਈ ਜਾਂਦੀ ਹੈ। ਕੇਂਦਰੀ ਚਿੱਲੀ ਦੀ ਮੁੱਖ ਫ਼ਸਲ ਕਣਕ ਹੈ। ਇਸੇ ਖੇਤਰ ਦੇ ਉੱਤਰੀ ਹਿੱਸੇ ਵਿਚ ਫ਼ਲਾਂ ਦੀ ਪੈਦਾਵਾਰ ਹੁੰਦੀ ਹੈ। ਅੰਗੂਰ ਇਥੋਂ ਦੀ ਖ਼ਾਸ ਫ਼ਸਲ ਹੈ। ਚਰਾਂਦਾ ਵਾਲੇ ਖੇਤਰਾਂ ਵਿਚ ਦੁੱਧ-ਦਹੀਂ ਦੀ ਜ਼ਰੂਰਤ ਲਈ ਬੱਕਰੀਆਂ, ਭੇਡਾਂ ਅਤੇ ਹੋਰ ਦੁੱਧ ਵਾਲੇ ਪਸ਼ੂ ਪਾਲੇ ਜਾਂਦੇ ਹਨ।

          ਸਨਅੱਤਾਂ––ਇਥੋਂ ਦੀ ਵਰਣਨਯੋਗ ਸਨੱਅਤ ਇਸਪਾਤ ਬਣਾਉਣ ਦੀ ਹੈ। ਇੱਥੇ ਪੈਟਰੋਲ ਰਸਾਇਣ ਕੰਪਲੈਕਸ ਵੀ ਹੈ। ਸਾਨਤਿਆਗੋ, ਵੈਲਪਾਰੇਜੋ ਵਿਚ ਵੀ ਕਈ ਸਨੱਅਤੀ ਅਦਾਰੇ ਹਨ ਜਿਨ੍ਹਾਂ ਵਿਚ ਕੱਪੜਾ, ਭੋਜਨ ਦੀਆਂ ਵਸਤਾਂ, ਚੁਕੰਦਰ ਤੋਂ ਖੰਡ, ਸੈਲਿਉਲੋਜ਼, ਕਾਗਜ਼ ਅਤੇ ਬਿਜਲੀ ਦਾ ਸਾਮਾਨ ਤਿਆਰ ਕੀਤਾ ਜਾਂਦਾ ਹੈ। ਦੇਸ਼ ਵਿਚ ਕੁੱਲ ਉਤਪਾਦਨਾਂ ਵਿਚ ਸਨੱਅਤੀ ਉਤਪਾਦਨ 26 ਫ਼ੀ ਸਦੀ ਹਨ।

          ਆਵਾਜਾਈ ਦੇ ਸਾਧਨ––ਚਿੱਲੀ ਦੇ ਕੇਂਦਰੀ ਹਿੱਸੇ ਵਿਚ 880 ਕਿ. ਮੀ. ਲੰਬੀ ਵਾਦੀ ਵਿਚ ਰੇਲ ਅਤੇ ਸੜਕ ਮਾਰਗ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਦੇ ਹਨ। ਆਵਾਜਾਈ ਦੇ ਸਾਰੇ ਵਸੀਲੇ ਪਵੈਰਟੋ ਮੋਂਟ ਬੰਦਰਗਾਹ ਤੱਕ ਹਨ। ਇਸ ਤੋਂ ਅੱਗੇ ਨਾ ਤਾਂ ਕੋਈ ਸੜਕ ਮਾਰਗ ਜਾਂਦਾ ਹੈ ਅਤੇ ਨਾ ਹੀ ਰੇਲ-ਮਾਰਗ। ਇਸ ਤੋਂ ਅੱਗੇ ਦੱਖਣ ਵਲ ਜਾਣ ਲਈ ਸਮੁੰਦਰੀ ਅਤੇ ਹਵਾਈ ਜਹਾਜ਼ ਹੀ ਹਨ। ਇਥੇ ਸੜਕਾਂ ਦੀ ਲੰਬਾਈ 79,593 ਕਿ. ਮੀ. (1990) ਹੈ। ਪੈਨ ਅਮੈਰਿਕਨ ਹਾਈ ਵੇ ਦੇਸ਼ ਦਾ ਮੁੱਖ ਸ਼ਾਹਰਾਹ ਹੈ। ਆਵਾਜਾਈ ਦਾ ਦੂਜਾ ਵਸੀਲਾ ਰੇਲਾਂ ਹਨ। ਦੇਸ਼ ਵਿਚ ਰੇਲ-ਪਟੜੀ ਦੀ ਲੰਬਾਈ 4,269 ਕਿ. ਮੀ. (1991) ਹੈ ਜਿਸ ਵਿਚ 1,936 ਕਿ. ਮੀ. ਬਿਜਲੀ ਵਾਲੀ ਰੇਲ ਹੈ।

          ਪਵੈਰਟੋ ਮੋਂਟ ਬੰਦਰਗਾਹ ਜਿਹੜੀ ਚਿੱਲੀ ਦੇ ਧੁਰ ਦੱਖਣੀ ਖੇਤਰ ਤੋਂ 1,600 ਕਿ. ਮੀ. ਉੱਤਰ ਵਿਚ ਹੈ, ਮੁੱਖ ਧਰਤੀ ਉੱਤੇ ਰੇਲਾਂ, ਸੜਕਾਂ ਦਾ ਆਖ਼ਰੀ ਜੰਕਸ਼ਨ ਹੈ। ਇਸ ਤੋਂ ਦੱਖਣ ਵੱਲ ਆਵਾਜਾਈ ਸਟੀਮਰਾਂ ਨਾਲ ਹੁੰਦੀ ਹੈ।

          ਸਮੁੰਦਰ ਤਟ ਦੇ ਨੇੜੇ ਦੇ ਟਾਪੂਆਂ ਤੋਂ ਮੁਖ ਧਰਤੀ ਵੱਲ ਆਵਾਜਾਈ ਵੀ ਸਟੀਮਰਾਂ ਰਾਹੀਂ ਹੁੰਦੀ ਹੈ। ਵੈਲਪਾਰੇਜ਼ੋ ਮੁੱਖ ਬੰਦਰਗਾਹ ਹੈ। ਵਾਸਕੋ, ਚਾਨਯਾਰਲ ਆਂਟੋਫਾਗਾਸਤਾ ਹੋਰ ਮਸ਼ਹੂਰ ਬੰਦਰਗਾਹਾਂ ਹਨ।

          ਸੰਨ 1972 ਵਿਚ ਇਥੇ 5 ਕਸਟਮ, 11 ਮਿਲਿਟਰੀ, 16 ਸਿਵਲ ਅਤੇ 287 ਹੋਰ ਜਹਾਜ਼ ਉਤਾਰਨ ਵਾਲੇ ਛੋਟੇ ਅੱਡੇ ਹਨ। ਇਥੇ 6, (1992) ਅੰਤਰ-ਰਾਸ਼ਟਰੀ ਹਵਾਈ ਅੱਡੇ ਆਵਾਜਾਈ ਦੀ ਸਹੂਲਤ ਦਿੰਦੇ ਹਨ।

                                                      ਲੋਕ

          ਆਬਾਦੀ––ਚਿੱਲੀ ਦੀ ਆਬਾਦੀ 1,35,99,000 (1992) ਹੈ। ਸੰਘਣੀ ਵਸੋਂ ਕੇਂਦਰੀ ਵਾਦੀ ਵਿਚਲੇ ਖੇਤਰ ਅਤੇ ਰੂਮ ਸਾਗਰੀ ਖੰਡ ਵਿਚ ਹੈ। ਐਂਡੀਜ਼, ਮਾਰੂਥਲ ਅਤੇ ਤੱਟੀ ਖੇਤਰਾਂ ਉੱਤੇ ਕੇਂਦਰੀ ਵਾਦੀ ਨਾਲੋਂ ਵਸੋਂ ਬਹੁਤ ਘੱਟ ਹੈ।

          ਇਥੇ ਸਾਨਤਿਆਗੋ ਮੈਟਰੋਪਾਲਿਟਨ ਖੇਤਰ, ਵੈਲਪਾਰੇਜ਼ੋ, ਕਨਸੈਪਸੀਓਨ, ਪਵੇਰੋਟੋ ਮੋਂਟ, ਆਟੋਫਾਗਾਸਤਾ ਵੱਡੇ ਸ਼ਹਿਰ ਹਨ।

          ਨਸਲਾਂ––ਇਸ ਦੇਸ਼ ਵਿਚ ਆਮ ਤੌਰ ਤੇ ਇੱਕੋ ਨਸਲ ਦੇ ਲੋਕ ਹੀ ਰਹਿੰਦੇ ਹਨ। ਇਹ ਆਮ ਤੌਰ ਤੇ ਬਸਤੀਵਾਦ ਵੇਲੇ ਸਪੇਨੀਆਂ ਦੇ ਇਥੇ ਆ ਕੇ ਵੱਸਣ ਨਾਲ ਇਥੇ ਦੇ ਮੂਲ ਲੋਕਾਂ ਨਾਲ ਮੇਲ-ਜੋਲ ਦੇ ਫਲਸਰੂਪ ਪੈਦਾ ਹੋਈ ਨਸਲ ਦੇ ਲੋਕ ਹਨ। ਐਂਡੀਜ਼ ਦੀ ਪੂਰਬੀ ਦੇਸ਼ਾਂ ਦੇ ਵਿਚਕਾਰ ਰੁਕਾਵਟ ਪੈਣ ਕਰਕੇ ਬਾਹਰੋਂ ਆ ਕੇ ਵੱਸਣ ਵਾਲਿਆਂ ਦੀ ਗਿਣਤੀ ਘੱਟ ਹੈ। ਸੰਨ 1960 ਵਿਚ ਕੁੱਲ ਵਸੋਂ ਵਿਚ ਬਿਦੇਸ਼ੀਆਂ ਦੀ ਗਿਣਤੀ ਸਿਰਫ਼ 1.5 ਫ਼ੀਸਦੀ ਸੀ। ਬਹੁਤੀ ਵਸੋਂ ਮੈਸਤੀਜੋ ਲੋਕਾਂ ਦੀ ਹੈ।

          ਧਰਮ––ਇਥੋਂ ਦੇ ਲੋਕਾਂ ਦਾ ਮੁੱਖ ਧਰਮ ਰੋਮਨ ਕੈਥੋਲਿਕ ਹੈ। ਇਸ ਤੋਂ ਇਲਾਵਾ ਪ੍ਰੋਟੈਸਟੈਂਟ ਅਤੇ ਯਹੂਦੀ ਮਤ ਦੇ ਕਾਫ਼ੀ ਲੋਕ ਮਿਲਦੇ ਹਨ। ਭਾਵੇਂ 1925 ਵਿਚ ਰੋਮਨ ਕੈਥੋਲਿਕ ਧਰਮ ਖਤਮ ਕਰ ਦਿਤਾ ਗਿਆ ਸੀ ਪਰ ਫਿਰ ਵੀ ਰੋਮਨ ਕੈਥੋਲਿਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਸੰਨ 1982 ਦੇ ਅੰਕੜਿਆਂ ਅਨੁਸਾਰ ਰੋਮਨ-ਕੈਥੋਲਿਕ 80.7% ਮਿਲੀਅਨ, ਪ੍ਰੋਟੈਸਟੈਂਟ 6.1% ਤੇ ਯਹੂਦੀ 0.2% ਹਨ।

          ਸਿੱਖਿਆ––ਚਿੱਲੀ ਦਾ ਵਿੱਦਿਆ ਢਾਂਚਾ 19ਵੀਂ ਸਦੀ ਦੇ ਅੱਧ ਵਿਚ ਫ਼ਰਾਂਸੀਸੀ ਵਿੱਦਿਅਕ ਲੀਹਾਂ ਅਨੁਸਾਰ ਘੜਿਆ ਗਿਆ। ਦੇਸ਼ ਵਿਚ ਤਿੰਨ ਪੱਧਰੀ ਸਿੱਖਿਆ ਪ੍ਰਣਾਲੀ ਲਾਗੂ ਕੀਤੀ ਗਈ ਹੈ। 7 ਤੋਂ 15 ਸਾਲ ਦੇ ਬੱਚਿਆਂ ਲਈ ਵਿੱਦਿਆ ਮੁਫ਼ਤ ਅਤੇ ਲਾਜ਼ਮੀ ਹੈ। ਇਹ ਸਿਖਿਆ ਦਾ ਪਹਿਲਾ ਪੜਾਅ ਜਾਂ ਮੁਢਲੀ ਵਿਦਿਆ ਹੈ। ਫਿਰ ਸੈਕੰਡਰੀ ਸਕੂਲਾਂ ਵਿਚ ਵਿਗਿਆਨ ਅਤੇ ਮਾਲਵੀ ਵਿਸ਼ੇ ਪੜ੍ਹਾਏ ਜਾਂਦੇ ਹਨ। ਤਕਨੀਕੀ ਅਤੇ ਕਿੱਤਿਆਂ ਦੀ ਸਿਖਲਾਈ ਵੀ ਦਿਤੀ ਜਾਂਦੀ ਹੈ। ਸੰਨ 1965 ਵਿਚ ਫਿਰ ਕਈ ਨਵੇਂ ਪ੍ਰੋਗਰਾਮ ਲਾਗੂ ਕੀਤੇ ਗਏ। ਸਿਲੇਬਸ ਅਤੇ ਕਿਤਾਬਾਂ ਆਦਿ ਵਿਚ ਸੁਧਾਈ ਹੋਈ। ਉੱਚ ਵਿਦਿਆ ਲਈ ਸਾਨਤਿਆਗੋ, ਕਨਸੈਪਸੀਓਨ ਅਤੇ ਹੋਰਨਾਂ ਸ਼ਹਿਰਾਂ ਵਿਚ ਯੂਨੀਵਰਸਿਟੀਆਂ ਹਨ। ਸਾਲ 1970 ਵਿਚ ਇਨ੍ਹਾਂ ਵਿਚ 96,000 ਵਿਦਿਆਰਥੀ ਪੜ੍ਹਾਈ ਕਰ ਰਹੇ ਸਨ।

                                                 ਰਾਜ ਪ੍ਰਬੰਧ

          ਪ੍ਰਸ਼ਾਸ਼ਕੀ ਪਖੋਂ ਇਹ ਲੋਕ-ਰਾਜ ਹੈ। ਦੇਸ਼ ਦਾ ਮੁੱਖੀ ਪ੍ਰੈਜ਼ੀਡੈਂਟ ਹੈ। ਵਧੇਰੇ ਤਾਕਤ ਕੇਂਦਰ ਦੇ ਹੱਥ ਵਿਚ ਹੀ ਹੈ। ਸਾਰਾ ਪ੍ਰਸ਼ਾਸ਼ਨ ਕਾਂਗਰਸ ਚਲਾਉਂਦੀ ਹੈ। ਦੇਸ਼ ਦੀ ਇਸ ਕਾਰਜਕਾਰੀ ਸਭਾ ਦੇ ਅੱਗੋਂ ਦੋ ਸਦਨ ਹਨ–ਚੈਂਬਰ ਆਫ਼ ਡਿਪਟੀਜ਼ ਅਤੇ ਸੈਨੇਟ। ਚੈਂਬਰ ਆਫ਼ ਡਿਪਟੀਜ਼ ਦੇ 145 ਮੈਂਬਰ ਅਤੇ ਸੈਨੇਟ ਦੇ 45 ਮੈਂਬਰ ਹੁੰਦੇ ਹਨ। ਕਾਂਗਰਸ ਦੀ ਪ੍ਰਧਾਨਵੀ ਪ੍ਰੈਜੀਡੈਂਟ ਕਰਦਾ ਹੈ। ਇਹੋ ਫ਼ੌਜਾਂ ਦਾ ਕਮਾਂਡਰ ਇਨ-ਚੀਫ਼ ਹੁੰਦਾ ਹੈ। ਇਹ 6 ਸਾਲਾਂ ਲਈ ਚੁਣਿਆ ਜਾਂਦਾ ਹੈ। ਇਸ ਕੋਲ ਕਈ ਮੰਤਰੀ ਹੁੰਦੇ ਹਨ ਜਿਨ੍ਹਾਂ ਦੇ ਵੱਖਰੇ ਵੱਖਰੇ ਵਿਭਾਗ ਹੁੰਦੇ ਹਨ। ਪ੍ਰੈਜ਼ੀਡੈਂਟ ਪ੍ਰਾਂਤਾਂ ਦੇ ਗਵਰਨਰ ਵੀ ਨਿਯੁਕਤ ਕਰਦਾ ਹੈ। ਸਥਾਨਕ ਪ੍ਰਬੰਧ ਲਈ ਪ੍ਰਾਂਤ ਅਗੋਂ ਮਿਉਂਸਪਲਟੀਆਂ ਵਿਚ ਵੰਡੇ ਹੋਏ ਹਨ। ਇਨ੍ਹਾਂ ਦਾ ਪ੍ਰਸ਼ਾਸਨ ਸਥਾਨਕ ਸਰਕਾਰਾਂ ਕਰਦੀਆਂ ਹਨ।

          ਦੇਸ਼ ਵਿਚ ਰਾਜਨੀਤਕ ਪਾਰਟੀਆਂ ਭਾਵੇਂ ਪ੍ਰਭਾਵਿਤ ਹਨ ਪਰ ਸੰਵਿਧਾਨ ਵੱਲੋਂ ਛੋਟੀਆਂ ਪਾਰਟੀਆਂ ਜਾਂ ਯੂਨੀਅਨਾਂ ਵਗੈਰਾ ਉੱਤੇ ਪਾਬੰਦੀ ਹੈ। ਸਿਰਫ਼ ਵੱਡੇ ਵੱਡੇ ਰਾਜਨੀਤਕ ਧੜੇ ਹੀ ਹਨ। ਇਨ੍ਹਾਂ ਵਿਚ 3,000,000 ਤੋਂ ਵਧੇਰੇ ਮੈਂਬਰ ਹਨ। ਚਿੱਲੀ ਦੇ ਵੋਟਰਾਂ ਨੂੰ ਕੁਝ ਇਕ ਪਾਰਟੀਆਂ ਵਿਚ ਸ਼ਾਮਲ ਕੀਤਾ ਹੋਇਆ ਹੈ। ਇਨ੍ਹਾਂ ਵਿਚੋਂ ਪਾਰਟੀਡੋ ਨੈਸ਼ਨਲ ਅਤੇ ਡੈਮੋਕ੍ਰੇਸ਼ਿਆ ਰੈਡੀਕਲ ਵੱਡਾ ਰਾਜਸੀ ਧੜਾ ਹੈ। ਇਹ ਦੋਵੇਂ ਰੂੜ੍ਹੀਵਾਦੀ ਹਨ। ਇਨ੍ਹਾਂ ਤੋਂ ਇਲਾਵਾ ਕ੍ਰਿਸਚੀਅਨ ਡੈਮੋਕ੍ਰੇਟਿਕ ਪਾਰਟੀ ਹੈ ਜਿਹੜੀ 1964 ਵਿਚ ਸੱਤ੍ਹਾ ਵਿਚ ਆਉਣ ਵਿਚ ਕਾਮਯਾਬ ਹੋ ਗਈ ਸੀ। ਇਸ ਤੋਂ ਬਿਨਾਂ ਸੋਸ਼ਲਿਸਟ ਕਮਿਊਨਿਸਟ, ਰੈਡੀਕਲ ਅਤੇ ਸੋਸ਼ਲ ਡੈਮੋਕ੍ਰੈਟ ਪਾਰਟੀਆਂ ਦਾ ਵੀ ਇਕ ਮਜ਼ਬੂਤ ਧੜਾ ਹੈ ਜਿਨ੍ਹਾਂ ਨੇ ਰਲ ਕੇ ਆਪਣੇ ਨੇਤਾ ਪ੍ਰੈਜ਼ੀਡੈਂਟ ਅਲੈਂਡੇ ਲਈ ਚੋਣ ਜਿੱਤ ਲਿਆ। 11 ਸਤੰਬਰ, 1973 ਦੇ ਦਿਨ ਇਸੇ ਮਿਲੀ-ਜੁਲੀ ਸਰਕਾਰ ਦਾ ਫ਼ੌਜਾਂ ਨੇ ਤਖਤਾ ਪਲਟ ਦਿਤਾ ਤੇ ਫ਼ੌਜੀ ਜਰਨੈਲ ਆਗਸਟੋ ਪਿਨੋਚਤ ਊਗਾਰਤੇ ਪ੍ਰੈਜ਼ੀਡੈਂਟ ਬਣ ਗਿਆ। ਸੰਨ 1978 ਵਿਚ ਅਗਲੇ 10 ਸਾਲਾਂ ਲਈ ਚੁਣਾਵਾਂ ਉੱਤੇ ਰੋਕ ਲਗਾ ਦਿੱਤੀ ਗਈ।

          ਝੰਡਾ––ਇਥੋਂ ਤੇ ਕੌਮੀ ਝੰਡੇ ਵਿਚ ਚਿੱਟੇ (ਉਪਰ) ਅਤੇ ਲਾਲ (ਹੇਠਾਂ) ਰੰਗ ਦੀਆਂ ਦੋ ਲੇਟਵੀਆਂ ਪੱਟੀਆਂ ਹਨ। ਚਿੱਟੀ ਪੱਟੀ ਦੇ ਮੁੱਢ ਵਿਚ ਨੀਲੇ ਰੰਗ ਦਾ ਚੌਰਸ ਖ਼ਾਨਾ ਹੈ ਜਿਸ ਵਿਚ ਚਿੱਟੇ ਰੰਗ ਦਾ ਸਿਤਾਰਾ ਬਣਿਆ ਹੋਇਆ ਹੈ।

          ਮਾਪ-ਤੋਲ ਪ੍ਰਣਾਲੀ––ਸੰਨ 1865 ਤੋਂ ਇਥੇ ਮਾਪ-ਤੋਲ ਪ੍ਰਣਾਲੀ ਦਾ ਮੀਟ੍ਰਿਕ ਸਿਸਟਮ ਅਪਣਾਇਆ ਹੋਇਆ ਹੈ। ਸਪੇਨੀ ਮਾਪ ਤੋਲ ਤਰੀਕੇ ਵੀ ਕਿਧਰੇ ਕਿਧਰੇ ਵਰਤੇ ਜਾਂਦੇ ਹਨ।

          ਹ. ਪੁ.––ਐਨ. ਬ੍ਰਿ. ਮੈ. 4 : 246; ਐਨ. ਅਮੈ. 6 : 499; ਕੋਲ. ਐਨ. 699


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1500, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.