ਚੂਨਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Lime (ਲਾਇਮ) ਚੂਨਾ: ਇਸ ਵਿੱਚ ਪ੍ਰਧਾਨਤਾ ਕੈਲਸ਼ੀਅਮ ਆਕਸਾਇਡ (calcium oxide) ਦੀ ਹੁੰਦੀ ਹੈ, ਜੋ ਕੈਲਸ਼ੀਅਮ ਕਾਰਬੋਨੇਟ (cal-cium carbonate) ਨੂੰ ਤਪਸ਼ ਦੇ ਕੇ ਪ੍ਰਾਪਤ ਕੀਤਾ ਜਾਂਦਾ ਹੈ। ਇਸ ਦਾ ਪ੍ਰਯੋਗ ਖੇਤੀਬਾੜੀ, ਧਾਤ ਕਾਰਖ਼ਾਨਿਆਂ, ਇਮਾਰਤੀ ਪਦਾਰਥਾਂ, ਸ਼ਹਿਰੀ ਗੰਦੇ ਪਾਣੀ ਨੂੰ ਸਾਫ਼ ਅਤੇ ਅਨੇਕਾਂ ਕਾਰਖ਼ਾਨਾ ਨਿਰਮਾਣਕਾਰੀ ਪ੍ਰਕਿਰਿਆਵਾਂ ਵਿੱਚ ਕੀਤਾ ਜਾਂਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਚੂਨਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੂਨਾ [ਨਾਂਪੁ] ਚੂਨੇ ਦੇ ਪੱਥਰ ਘੋਗਿਆਂ ਅਤੇ ਕੈਲਸ਼ੀਅਮ ਕਾਰਬੋਨੇਟ ਯੁਕਤ ਪਦਾਰਥਾਂ ਨੂੰ ਗਰਮ ਕਰਕੇ ਪ੍ਰਾਪਤ ਹੋਇਆ ਕੈਲਸ਼ੀਅਮ ਆਕਸਾਈਡ ਦਾ ਧੂੜਾ ਜੋ ਗਾਰਾ ਜਾਂ ਸੀਮਿੰਟ ਬਣਾਉਣ
ਦੇ ਕੰਮ ਆਉਂਦਾ ਹੈ ਅਤੇ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਵਰਤਿਆ ਜਾਂਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7741, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੂਨਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੂਨਾ. ਦੇਖੋ, ਚੂਨ. “ਦੁਇ ਸੇਰ ਮਾਗਉ ਚੂਨਾ.” (ਸੋਰ ਕਬੀਰ) ੨ ਫੂਕੇ ਹੋਏ ਕੰਕਰ ਅਥਵਾ ਪੱਥਰ ਦਾ ਚੂਣ। ੩ ਕ੍ਰਿ—ਚ੍ਯਵਨ. ਚੁਇਣਾ. ਟਪਕਣਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7512, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੂਨਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਚੂਨਾ (ਸੰ.। ਦੇਖੋ , ਚੂਨ) ਕਿਸੇ ਅਨਾਜ ਦਾ ਚੂਰਣ ਭਾਵ ਆਟਾ। ਯਥਾ-‘ਦੁਇ ਸੇਰ ਮਾਂਗਉ ਚੂਨਾ’ ਦੋ ਸੇਰ ਆਟੇ ਦਾ ਭਾਵ ਇਹ ਬੀ ਲੈਂਦੇ ਹਨ ਕਿ ਰਾਮ ਨਾਮ ਦੇ ਦੋ ਅੱਖਰ ਮੰਗਦਾ ਹਾਂ ਜੋ ਆਸੁਰੀ ਸੰਪਤਾ ਨੂੰ ਦੂਰ ਕਰਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7482, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਚੂਨਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਚੂਨਾ : ਇਨਸਾਨ ਅੱਗ ਦੀ ਖੋਜ ਅਤੇ ਗੁਫ਼ਾਵਾਸੀ ਯੁਗ ਸਮੇਂ ਤੋਂ ਹੀ ਚੂਨੇ ਤੋਂ ਜਾਣੂ ਸੀ। ਪੱਥਰ ਯੁਗ ਦੌਰਾਨ ਚੂਨਾ ਬਣਾਉਣ ਵਾਲੀਆਂ ਭੱਠੀਆਂ ਖੋਦੀਆਂ ਗਈਆਂ ਹਨ। ਇਸ ਵਿਚ ਸ਼ੱਕ ਨਹੀਂ ਹੈ ਕਿ ਸਭ ਤੋਂ ਪਹਿਲਾਂ ਮਨੁੱਖ ਦੁਆਰਾ ਤਿਆਰ ਕੀਤਾ ਚੂਨਾ ਖਾਦ ਅਤੇ ਭਵਨ ਉਸਾਰੀ ਲਈ ਵਰਤਿਆ ਗਿਆ ਸੀ।ਰੋਮਨ ਜ਼ਨਫੋਨ ਨੇ ਚੂਨੇ ਨੂੰ ਸਭ ਤੋਂ ਪਹਿਲਾਂ ਰਸਾਇਣਿਕ ਰੀਏਜੰਟ ਦੱਸਿਆ।
ਰਸਾਇਣਿਕ ਤੌਰ ਤੇ ਅਸਲ ‘ਚੂਨਾ’ ਸ਼ਬਦ ਕੇਵਲ ਕੈਲਸ਼ੀਅਮ ਆਕਸਾਈਡ (ਜਾਂ ਅਣ-ਬੁਝਿਆ ਚੂਨਾ) ਲਈ ਵਰਤਿਆ ਜਾਂਦਾ ਹੈ। ਵਪਾਰਕ ਤੌਰ ਤੇ ਚੂਨੇ ਦੇ ਪੱਥਰ ਤੋਂ ਤਿਆਰ ਕੀਤਾ ਚੂਨਾ ਸ਼ੁੱਧ ਹਾਲਤ ਵਿਚ ਨਹੀਂ ਹੁੰਦਾ, ਸਗੋਂ ਕਈ ਹੋਰ ਪਦਾਰਥਾਂ ਦੀ ਹੋਂਦ ਇਸ ਦੀਆਂ ਕਈ ਕਿਸਮਾਂ ਬਣਾ ਦਿੰਦੀ ਹੈ। ਉੱਚ-ਕੈਲਸ਼ੀਅਮ ਮਾਤਰਾ ਵਾਲੇ ਚੂਨਿਆਂ ਦੀ ਵਰਤੋਂ ਭਿੰਨ-ਭਿੰਨ ਰਸਾਇਣਿਕ ਅਤੇ ਉਦਯੋਗਿਕ ਮੰਤਵਾਂ ਲਈ ਕੀਤੀ ਜਾਂਦੀ ਹੈ ਅਤੇ ਇਹ 95% ਤੋਂ 99% ਕੈਲੀਸ਼ੀਅਮ ਕਾਰਬੋਨੇਟ ਵਾਲੇ ਕੈਲਸ਼ੀਅਮ ਪਦਾਰਥਾਂ ਤੋਂ ਤਿਆਰ ਕੀਤੇ ਜਾਂਦੇ ਹਨ। ਵੱਖ-ਵੱਖ ਅਨੁਪਾਤ ਵਿਚ ਮੈਗਨੀਸ਼ੀਅਮ ਕਾਰਬੋਨੇਟ ਵਾਲੇ ਚੂਨਾ-ਪੱਥਰ ਆਮ ਮਿਲਦੇ ਹਨ ਅਤੇ ਚੂਨਾ ਬਣਾਉਣ ਲਈ ਵੀ ਵਰਤੇ ਜਾਂਦੇ ਹਨ। ਮੈਗਨੀਸ਼ੀਅਮ ਵਾਲੇ ਚੂਨੇ ਉਨ੍ਹਾਂ ਪੱਥਰਾਂ ਤੋਂ ਤਿਆਰ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਮੈਗਨੀਸੀਅਮ ਕਾਰਬੋਨੇਟ ਦੀ ਮਾਤਰਾ 5% ਵਧੇਰੇ ਹੁੰਦੀ ਹੈ। ਇਕ ਖ਼ਾਸ ਮਹੱਤਤਾ ਵਾਲਾ ਮੈਗਨੀਸ਼ੀਅਮ ਚੂਨਾ ਡੋਲੋਮਾਈਟੀ (ਡੋਲਮਾਈਟਿਕ) ਚੂਨਾ ਹੈ, ਜਿਹੜਾ ਕਿ ਡੋਲਮਾਈਟ ਖਣਿਜ (ਚੂਨਾ ਪੱਥਰ) ਦੀ ਇਕ ਕਿਸਮ ਜਿਸ ਵਿਚ 30% ਤੋਂ 45% ਮੈਗਨੀਸ਼ੀਅਮ ਕਾਰਬੋਨੇਟ ਹੁੰਦਾ ਹੈ, ਤੋਂ ਬਣਾਇਆ ਜਾਂਦਾ ਹੈ।
ਜਦੋਂ ਚੂਨੇ ਦੇ ਪੱਥਰ ਨੂੰ ਕੰਟਰੋਲ ਕੀਤੀਆਂ ਭਸਮੀਕਰਨ ਹਾਲਤਾਂ ਹੇਠ ਗਰਮ ਕੀਤਾ ਜਾਂਦਾ ਹੈ ਤਾਂ ਕਾਰਬੋਨੇਟਾਂ ਦਾ ਅਪਘਟਨ ਹੋ ਕੇ ਅਣ-ਬੁਝਿਆ ਚੂਨਾ ਬਣ ਜਾਂਦਾ ਹੈ। ਵਪਾਰਕ ਤੌਰ ਤੇ ਅਣ-ਬੁਝਿਆ ਚੂਨਾ ਤਿਆਰ ਕਰਨ ਲਈ ਆਮ ਕਰਕੇ ਰੋਟਰੀ ਭੱਠੀਆਂ ਅਤੇ ਵੱਡੀਆਂ ਖੜੇ-ਦਾਅ ਸਥਾਈ ਭੱਠੀਆਂ ਵਿਚ ਕ੍ਰਮਿਤ ਚੂਨਾ-ਪੱਥਰ ਨੂੰ ਜਲਾਇਆ ਜਾਂਦਾ ਹੈ। ਸਹਿ-ਉਪਜ ਕਾਰਬਨਡਾਈਆਕਸਾਈਡ ਬਾਹਰ ਨਿਕਲ ਜਾਂਦੀ ਹੈ ਜਾਂ ਫਿਰ ਇਸ ਨੂੰ ਤਲਛੱਟਿਤ ਕੈਲਸ਼ੀਅਮ ਕਾਰਬੋਨੇਟ, ਕਾਰਬਨਡਾਈਆਕਸਾਈਡ (CO2) ਆਦਿ ਤਿਆਰ ਕਰਨ ਲਈ ਇਕੱਠਾ ਕਰ ਲਿਆ ਜਾਂਦਾ ਹੈ। ਜੇਕਰ ਬੁਝੇ ਚੂਨੇ ਨੂੰ ਬਹੁਤੀ ਦੇਰ ਲਈ ਉੱਚ ਤਾਪਮਾਨ ਤੇ ਰਖਿਆ ਜਾਵੇ ਤਾਂ ਇਸ ਦੀ ਕਿਰਿਆਸ਼ੀਲਤਾ ਘੱਟ ਜਾਂਦੀ ਹੈ ਅਤੇ ਚੂਨੇ ਨੂੰ ‘ਪੂਰੇ ਤੌਰ ਤੇ ਜਲਿਆ’ ਕਿਹਾ ਜਾਂਦਾ ਹੈ। ਕੁਝ ਡੋਲੋਮਾਈਟੀ ਚੂਨਾ-ਪੱਥਰ ਇਸ ਢੰਗ ਨਾਲ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਡੈੱਡ ਬਰਨਡ ਡੋਲੋਮਾਈਟ ਕਿਹਾ ਜਾਂਦਾ ਹੈ ਤੇ ਇਸ ਦੀ ਵਰਤੋਂ ਬੇਸਿਕ ਓਪਨ-ਹਰਥ ਸਟੀਲ ਦੀਆਂ ਭੱਠੀਆਂ ਵਿਚ ਲਾਈਨਿੰਗ ਲਈ ਕੀਤੀ ਜਾਂਦੀ ਹੈ।
ਜਦੋਂ ਅਣ-ਬੁਝਿਆ ਚੂਨਾ ਪਾਣੀ ਨਾਲ ਕਿਰਿਆ ਕਰਦਾ ਹੈ ਤਾਂ ਇਸ ਕਿਰਿਆ ਨੂੰ ਬੁਝਾਉਣਾ ਕਿਹਾ ਜਾਂਦਾ ਹੈ। ਇਹ ਕਿਰਿਆ ਤਾਪ-ਨਿਕਾਸੀ ਹੈ ਅਤੇ ਕਈ ਵਾਰੀ ਵਿਸਫ਼ੋਟ ਹੋ ਜਾਂਦਾ ਹੈ। ਖੁਸ਼ਕ ਜਲ-ਯੋਜਿਤ ਚੂਨਾ ਤਿਆਰ ਕਰਨ ਲਈ ਜਲ ਯੋਜਨ ਦੀਆਂ ਹਾਲਤਾਂ ਹੇਠ ਅਣ-ਬੁਝੇ ਚੂਨੇ ਦੀ ਕਿਰਿਆ ਇੰਨੇ ਕੁ ਪਾਣੀ ਨਾਲ ਕਰਵਾਈ ਜਾਂਦੀ ਹੈ ਕਿ ਇਸ ਦੀ ਸਿੱਲ ਪ੍ਰਤਿ ਰਸਾਇਣਿਕ ਐਫਿਨਿਟੀ ਖ਼ਤਮ ਹੋ ਜਾਵੇ। ਵਾਯੂਮੰਡਲੀ ਦਬਾਉ ਅਤੇ ਘੱਟ ਧਾਰਨਾ ਸਮੇਂ ਜਦੋਂ ਕਿਸੇ ਯੰਤਰ ਵਿਚ ਡੋਲੋਮਾਈਟੀ ਚੂਨਿਆਂ ਨੂੰ ਪਾਣੀ ਵਿਚ ਪਾਇਆ ਜਾਂਦਾ ਹੈ ਤਾਂ ਡੋਲੋਮਾਈਟੀ ਨਾਰਮਲ ਜਲ-ਯੋਜਿਤ ਚੂਨੇ ਬਣਦੇ ਹਨ ਜਿਨ੍ਹਾਂ ਵਿਚ ਕੈਲਸ਼ੀਅਮ ਹਾਈਡ੍ਰਾੱਕਸਾਈਡ, ਮੈਗਨੀਸ਼ੀਅਮ ਆਕਸਾਈਡ ਅਤੇ ਕੁਝ ਕੁ ਮਾਤਰਾ ਮੈਗਨੀਸ਼ੀਅਮ ਹਾਈਡ੍ਰਾਕਸਾਈਡ ਦੀ ਹੁੰਦੀ ਹੈ। ‘ਦਬਾਉ ਦੁਆਰਾ ਜਲ ਯੋਜਿਤ’ ਜਾਂ ਵਧੇਰੇ ਜਲ ਯੋਜਿਕ ਚੂਨਿਆਂ ਨੂੰ ਵਪਾਰਕ ਤੌਰ ਤੇ ਡੋਲੋਮਾਈਟੀ ਵਿਸ਼ੇਸ਼ ਜਲ-ਯੋਜਿਤ ਚੂਨਾ ਕਿਹਾ ਜਾਂਦਾ ਹੈ।
ਹਾਈਡ੍ਰਾੱਲਿਕ ਚੂਨਾ ਸੀਮਿੰਟਮਈ ਕਿਸਮ ਦਾ ਚੂਨਾ ਹੈ ਜਿਹੜਾ ਪੋਰਟਲੈਂਡ ਸੀਮਿੰਟ ਵਾਂਗ ਪਾਣੀ ਨਾਲ ਸੈੱਟ ਅਤੇ ਸਖ਼ਤ ਹੁੰਦਾ ਹੈ। ਇਹ ਅਸ਼ੁੱਧ ਚੂਨਾ-ਪੱਥਰ, ਜਿਸ ਵਿਚ ਸਿਲਿਕਾ ਅਤੇ ਐਲੂਮਿਨਾ ਮਿਲਿਆ ਹੋਵੇ, ਭਸਮ ਕਰਨ ਨਾਲ ਪ੍ਰਾਪਤ ਹੁੰਦਾ ਹੈ।
ਚੂਨਿਆਂ ਦੇ ਰਸਾਇਣਿਕ ਅਤੇ ਭੌਤਿਕ ਗੁਣਾਂ ਵਿਚ ਕਾਫ਼ੀ ਭਿੰਨਤਾ ਹੁੰਦੀ ਹੈ। ਇਸ ਦਾ ਕਾਰਨ ਕੱਚੇ ਚੂਨਾ-ਪੱਥਰ ਦੇ ਭੂ-ਵਿਗਿਆਨ ਅਤੇ ਰਸਾਇਣਿਕ ਵਿਸ਼ਲੇਸ਼ਣਾਂ ਵਿਚ ਅੰਤਰ ਹੈ। ਅਣ-ਬੁਝੇ ਅਤੇ ਜਲ-ਯੋਜਿਤ ਚੂਨੇ ਚਿੱਟੇ ਰੰਗ ਦੇ ਹੁੰਦੇ ਹਨ। ਪ੍ਰੰਤੂ ਕੁਝ ਅਸ਼ੁੱਧ ਚੂਨਿਆਂ ਦਾ ਰੰਗ ਭੂਸਲਾ ਹੁੰਦਾ ਹੈ। ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹਾਈਡ੍ਰਾੱਕਸਾਈਡ ਪਾਣੀ ਵਿਚ ਬਹੁਤ ਘੱਟ ਘੁਲਣਸ਼ੀਲ ਹਨ ਅਤੇ ਚੂਨੇ ਦਾ ਪਾਣੀ ਸ਼ਬਦ ਖੀਣ ਜਲੀ ਘੋਲ ਲਈ ਵਰਤਿਆ ਜਾਂਦਾ ਹੈ। ਦੂਧੀਆ ਚੂਨਾ; ਪਾਣੀ ਵਿਚ ਚੂਨੇ ਦੇ ਠੋਸਾਂ ਦੀ ਇਕ ਸਸਪੈੱਨਸ਼ਨ ਹੈ। ਚੂਨੇ ਦੀ ਜ਼ਿਆਦਾਤਰ ਵਰਤੋਂ ਤੇਜ਼ਾਬਾਂ ਦੇ ਉਦਾਸੀਨੀਕਰਨ ਲਈ ਕੀਤੀ ਜਾਂਦੀ ਹੈ।
ਲਾਭ––ਅਣ-ਬੁਝੇ ਅਤੇ ਜਲ-ਯੋਜਿਕ ਚੂਨੇ ਦੀਆਂ ਉਪਜਾਂ ਦੀ ਵਧੇਰੇ ਵਰਤੋਂ ਖੇਤੀਬਾੜੀ, ਮਕਾਨ-ਉਸਾਰੀ ਅਤੇ ਰਸਾਇਣਿਕ ਉਦਯੋਗਾਂ ਵਿਚ ਕੀਤੀ ਜਾਂਦੀ ਹੈ। ਰਸਾਇਣਿਕ ਚੂਨਾ ਵੱਡੀ ਮਾਤਰਾ ਵਿਚ ਖੁੱਲ੍ਹਾ-ਚੁੱਲ੍ਹਾ ਤੇ ਬਿਜਲ-ਭੱਠੀ ਸਟੀਲ ਤਿਆਰ ਕਰਨ ਲਈ, ਮੈਗਨੀਸ਼ੀਅਮ ਉਤਪਾਦਨ ਲਈ, ਐਲੂਮਿਨੀਅਮ, ਚਾਂਦੀ ਅਤੇ ਸੋਨੇ ਦੀਆਂ ਕੱਚੀਆਂ-ਧਾਤਾਂ ਦੀ ਕਿਰਿਆ ਲਈ ਅਤੇ ਜਿਸਤ, ਤਾਂਬਾ ਅਤੇ ਦੂਸਰੀਆਂ ਧਾਤਾਂ ਦੀ ਸਮੈੱਲਟਿੰਗ (ਗਾਲਨ ਕਿਰਿਆ) ਅਤੇ ਸੁਧਾਈ ਲਈ ਵਰਤਿਆ ਜਾਂਦਾ ਹੈ। ਪੂਰਨ ਤੌਰ ਤੇ ਜਲੇ ਡੋਲੋਮਾਈਟ ਦੀ ਵਧੇਰੇ ਵਰਤੋਂ ਉੱਚ ਤਾਪ ਵਾਲੀਆਂ ਭੱਠੀਆਂ ਅਤੇ ਭੱਠੀਆਂ ਵਿਚ ਲਾਈਨਿੰਗ ਲਈ ਉੱਚਤਾਪ ਸਹਿ ਪਦਾਰਥ ਦੇ ਤੌਰ ਤੇ ਕੀਤੀ ਜਾਂਦੀ ਹੈ। ਕੈਲਸ਼ੀਅਮ ਕਾਰਬਾਈਡ ਕਾਗਜ਼ ਤੇ ਸ਼ੀਸ਼ਾ ਬਣਾਉਣ ਲਈ ਅਤੇ ਪਾਣੀ ਸਾਫ਼ ਕਰਨ ਤੇ ਗੰਦੇ ਨਾਲੇ ਅਤੇ ਕਾਰਖ਼ਾਨਿਆਂ ਵਿਚੋਂ ਨਿਕਲ ਰਹੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਵੀ ਇਸ ਦੀ ਕਾਫ਼ੀ ਮਾਤਰਾ ਵਰਤੀ ਜਾਂਦੀ ਹੈ। ਹੋਰ ਰਸਾਇਣਿਕ ਵਰਤੋਂ ਖੰਡ ਅਤੇ ਪੈਟ੍ਰੋਲੀਅਮ ਦੀ ਸੁਧਾਈ ਲਈ, ਰੇਤ-ਚੂਨਾ, ਇੱਟ ਤੇ ਕੰਕਰੀਟ ਉਪਜਾਂ, ਕੀਟਾਣੂਨਾਸ਼ਕ, ਚਮੜੇ ਦੀਆਂ ਚੀਜ਼ਾਂ, ਰੰਗ ਕਾਟ ਪਾਊਡਰ, ਸੋਡੀਅਮ ਹਾਈਡ੍ਰਾੱਕਸਾਈਡ, ਵਾਰਨਿਸ਼ ਤੇ ਪੇਂਟ, ਗਰੀਸ ਅਤੇ ਦੂਸਰੀਆਂ ਉਪਜਾਂ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਆਧੁਨਿਕ ਜਰਨੈਲੀ ਸੜਕਾਂ ਅਤੇ ਹਵਾਈ ਅੱਡਿਆਂ ਵਿਚ ਹਵਾਈ ਪਟੜੀ ਰਨ-ਵੇ ਬਣਾਉਣ ਲਈ ਮਿੱਟੀ ਸਥਾਈਕਾਰਕ ਦੇ ਤੌਰ ਤੇ ਕੀਤੀ ਜਾਂਦੀ ਹੈ।
ਹ. ਪੁ.––ਐਨ. ਬ੍ਰਿ. 14 : 34
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5755, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-23, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First