ਚੂਹਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੂਹਾ (ਨਾਂ,ਪੁ) 1 ਲੱਕੜ ਦੇ ਡੰਡੇ ਨੂੰ ਲੋਹੇ ਦਾ ਲੰਮਾਂ ਫਲ ਲਾ ਕੇ ਬਣਾਇਆ ਭੋਏਂ ਵਿੱਚ ਟੋਆ ਕੱਢਣ ਵਾਲਾ ਰੰਬਾ 2 ਅਨਾਜ ਦਾ ਨੁਕਸਾਨ ਕਰਨ ਵਾਲਾ ਚਾਰ ਪੈਰਾਂ, ਲੰਮੀ ਪੂਛਲ ਅਤੇ ਭੂਸਲੇ ਰੰਗ ਦਾ ਖੁੱਡ ਵਿੱਚ ਰਹਿਣ ਵਾਲਾ ਜਾਨਵਰ 3 ਨੱਕ ਵਿਚਲੀ ਸੁੱਕੀ ਮੈਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੂਹਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੂਹਾ [ਨਾਂਪੁ] ਖੁੱਡਾਂ ਵਿੱਚ ਰਹਿਣ ਵਾਲ਼ਾ ਇੱਕ ਪੂਛਲ ਵਾਲ਼ਾ ਜੀਵ ਜਿਸ ਦੇ ਅਗਲੇ ਦੰਦ ਹੀ ਹੁੰਦੇ ਹਨ; ਨੱਕ ਵਿੱਚ ਜੰਮਿਆ ਸੀਂਢ; ਮਸ਼ੀਨ ਨੂੰ ਤੇਲ ਦੇਣ ਵਾਲ਼ੀ ਚੂਹੇ ਦੀ ਸ਼ਕਲ ਦੀ ਕੁੱਪੀ; ਜ਼ਮੀਨ
ਵਿੱਚ ਖੁੱਡ ਪੁੱਟਣ ਲਈ ਵਰਤਿਆ ਜਾਂਦਾ ਇੱਕ ਸੰਦ , ਕੰਧਾਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9162, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੂਹਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੂਹਾ. ਸੰਗ੍ਯਾ—ਮੂਸਾ-ਮੂਕ. “ਜਮ ਚੂਹਾ ਕਿਰਸ ਨਿਤ ਕੁਰਕਦਾ.” (ਮ: ੪ ਵਾਰ ਗਉ ੧) ੨ ਨੱਕ ਦਾ ਮਵਾਦ ਜੋ ਖੁਸ਼ਕ ਹੋਕੇ ਸਖ਼ਤ ਹੋ ਜਾਂਦਾ ਹੈ, ਉਸ ਨੂੰ ਭੀ ਚੂਹਾ ਆਖਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9002, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੂਹਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਚੂਹਾ (ਸੰ.। ਪੰਜਾਬੀ) ਚੂਹਾ, ਮੂਸਾ। ਜੋ ਖੇਤਾਂ ਤੇ ਘਰਾਂ ਦੇ ਅੰਦਰ ਖੁਡਾਂ ਬਣਾ ਕੇ ਰਹਿੰਦਾ ਹੈ ਤੇ ਰਾਤ ਨੂੰ ਖੁੱਡਾਂ ਵਿਚੋਂ ਨਿਕਲ ਕੇ ਦਾਣੇ ਆਦਿਕ ਖਾ ਜਾਂਦਾ ਤੇ ਕਈ ਚੀਜ਼ਾਂ ਕੁਤਰ ਜਾਂਦਾ ਹੈ। ਯਥਾ-‘ਜਮੁ ਚੂਹਾ ਕਿਰਸ ਨਿਤ ਕੁਰਕਦਾ’। ਤਥਾ-‘ਚੂਹਾ ਖਡ ਨ ਮਾਵਈ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਚੂਹਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਚੂਹਾ : ਇਹ ਰੋਡੇਸ਼ੀਆ ਵਰਗ ਦੀ ਮਿਊਰਡੀ ਕੁਲ ਦੇ ਛੋਟੇ-ਛੋਟੇ ਕੁਤਰਨ ਪ੍ਰਾਣੀ ਹਨ। ਚੂਹਾ ਨਾਂ ਆਮ ਤੌਰ ਤੇ ਘਰਾਂ ਵਿਚ ਮਿਲਣ ਵਾਲੀ ਕਿਸਮ ਮੱਸ ਮਸਕਿਊਲਸ (Mus Musculus) ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਰੋਡੇਸ਼ੀਆ ਵਰਗ ਦੀਆਂ ਕਈ ਹੋਰ ਕੁਲਾਂ ਜਿਵੇਂ ਕਰਿਸੈੱਟੈਡੀ ਕੁਲ ਦੀਆਂ ਬਹੁਤੀਆਂ ਜਾਤੀਆਂ ਹੈਡਰੋਮਾਈਅਡੀ ਕੁਲ ਦੇ ਜੇਬੀ-ਚੂਹੇ ਅਤੇ ਜਪਾੱਡੱਡੀ ਕੁਲ ਦੇ ਟਪੂਸੀਆਂ ਮਾਰਨ ਵਾਲੇ ਅਤੇ ਬਰਚ ਚੂਹਿਆਂ ਨੂੰ ਵੀ ‘ਚੂਹੇ’ ਹੀ ਕਿਹਾ ਜਾਂਦਾ ਹੈ।
ਘਰੇਲੂ ਚੂਹੇ ਮਨੁੱਖ ਰਾਹੀਂ ਯੂਰੇਸ਼ੀਆ ਤੋਂ ਸੰਸਾਰ ਦੇ ਸਾਰੇ ਆਬਾਦੀ ਵਾਲੇ ਖੇਤਰਾਂ ਵੱਲ ਪਹੁੰਚ ਗਏ ਹਨ। ਇਹ ਭੂਰੇ ਜਾਂ ਸਲੇਟੀ ਰੰਗ ਦੇ ਤਕਰੀਬਨ 20 ਸੈਂ. ਮੀ. ਲੰਮੇ (ਪੂਛ ਸਮੇਤ) ਹੁੰਦੇ ਹਨ।
ਇਹ ਘਰਾਂ ਵਿਚ ਹਰ ਤਰ੍ਹਾਂ ਦੇ ਖਾਧ ਪਦਾਰਥਾਂ, ਸਾਬਣ, ਪੇਸਟ, ਗੂੰਦ ਆਦਿ ਤੇ ਮੂੰਹ ਮਾਰ ਜਾਂਦੇ ਹਨ। ਇਹ ਚੂਹੇ 2-3 ਮਹੀਨੇ ਦੀ ਉਮਰ ਵਿਚ ਹੀ ਪ੍ਰੌਢ ਹੋ ਜਾਂਦੇ ਹਨ। ਤਕਰੀਬਨ ਤਿੰਨ ਹਫ਼ਤੇ ਦੇ ਗਰਭ-ਕਾਲ ਤੋਂ ਬਾਅਦ ਇਹ ਬੱਚੇ ਦਿੰਦੇ ਹਨ: ਹਰੇਕ ਝੋਲ ਵਿਚ 12 ਤੱਕ ਬੱਚੇ ਹੁੰਦੇ ਹਨ। ਗਰਮ ਥਾਵਾਂ ਤੇ ਇਹ ਸਾਰਾ ਸਾਲ ਬੱਚੇ ਦਿੰਦੇ ਰਹਿੰਦੇ ਹਨ।
ਵੱਡੇ ਚੂਹੇ ਆਮ ਤੌਰ ਤੇ ਗੂੜ੍ਹੇ ਰੰਗ ਦੇ ਤਿੱਖੇ ਨੱਕ ਵਾਲੇ ਹੁੰਦੇ ਹਨ। ਇਨ੍ਹਾਂ ਦੇ ਪੈਰ ਤੇ ਪੂਛ ਵਾਲ ਰਹਿਤ ਹੁੰਦੇ ਹਨ। ਇਨ੍ਹਾਂ ਵਿਚ ਮੁੱਖ ਤੌਰ ਤੇ ਕਾਲੇ ਜਾਂ ਨਾਰਵੇਂ ਚੂਹੇ ਆਉਂਦੇ ਹਨ। ਇਹ ਚੂਹੇ ਬੜੇ ਆਕ੍ਰਮਣਕ, ਚੁਸਤ, ਸਰਬ ਆਹਾਰੀ, ਆਪਣੇ ਆਪ ਨੂੰ ਮਾਹੌਲ ਮੁਤਾਬਕ ਢਾਲਣ ਵਾਲੇ ਅਤੇ ਬਹੁਤੀ ਸੰਤਾਨ ਪੈਦਾ ਕਰਨ ਵਾਲੇ ਪ੍ਰਾਣੀ ਹਨ।
ਇਨ੍ਹਾਂ ਦੀਆਂ ਸੰਵੇਦਨਾਵਾਂ ਬਹੁਤ ਜ਼ਿਆਦਾ ਵਿਕਸਿਤ ਹੁੰਦੀਆਂ ਹਨ ਅਤੇ ਇਹ ਟੱਪਣ-ਕੁੱਦਣ, ਉਪਰ ਚੜ੍ਹਨ, ਖੁੱਡਾਂ ਪੁੱਟਣ, ਦਾਣੇ ਖਾਣ ਵਰਗੀਆਂ ਆਦਤਾਂ ਕਰਕੇ ਹਰ ਥਾਂ ਪਹੁੰਚ ਜਾਂਦੇ ਹਨ। ਇਹ 3-4 ਮਹੀਨੇ ਦੀ ਉਮਰ ਵਿਚ ਪ੍ਰੌਢ ਹੋ ਜਾਂਦੇ ਹਨ ਅਤੇ ਇਕ ਸਾਲ ਵਿਚ ਤਕਰੀਬਨ 7 ਵਾਰ ਬੱਚੇ ਦੇ ਸਕਦੇ ਹਨ। ਇਕ ਝੋਲ ਵਿਚ 6-22 ਬੱਚੇ ਹੁੰਦੇ ਹਨ।
ਕਾਲੇ ਚੂਹੇ ਨੂੰ ਰੂਫ, ਅਲੈਕਜ਼ੈਂਡਰੀਨ ਜਾਂ ਸਲੇਟੀ ਚੂਹਾ ਵੀ ਕਹਿੰਦੇ ਹਨ। ਨਾਰਵੇ ਚੂਹੇ ਸਲੇਟੀ, ਚਿੱਟੇ, ਕਾਲੇ ਜਾਂ ਰੰਗ ਬਰੰਗੇ ਹੁੰਦੇ ਹਨ। ਇਹ ਕਾਲੇ ਚੂਹਿਆਂ ਤੋਂ ਵੱਡੇ ਅਤੇ ਉਨ੍ਹਾਂ ਦੇ ਉਲਟ ਇਹ ਖੁੱਡਾਂ ਪੁੱਟਦੇ ਅਤੇ ਚੰਗੇ ਤਾਰੂ ਹੁੰਦੇ ਹਨ। ਦੋਨੋ ਤਰ੍ਹਾਂ ਦੇ ਚੂਹੇ ਵੱਖ-ਵੱਖ ਥਾਵਾਂ ਤੇ ਰਹਿੰਦੇ ਹਨ। ਜਦੋਂ ਇਕੱਠੇ ਇਕੋ ਇਮਾਰਤ ਵਿਚ ਰਹਿੰਦੇ ਹੋਣ ਤਾਂ ਨਾਰਵੇ ਚੂਹੇ ਹੇਠਲੇ ਹਿੱਸਿਆਂ ਵਿਚ ਤੇ ਕਾਲੇ ਚੂਹੇ ਉਪਰਲੀਆਂ ਮੰਜ਼ਲਾਂ ਵਿਚ ਰਹਿੰਦੇ ਹਨ।
ਚੂਹੇ ਸਭ ਥਾਵਾਂ ਤੇ ਮਿਲਦੇ ਹਨ ਅਤੇ ਦਾਣੇ, ਫਲ, ਘਾਹ, ਜੜ੍ਹਾਂ, ਕੀੜੇ-ਮਕੌੜੇ ਅਤੇ ਮਨੁੱਖ ਦੇ ਖਾਧ ਪਦਾਰਥ ਸਭ ਕੁਝ ਖਾ ਲੈਂਦੇ ਹਨ। ਚੂਹਿਆਂ ਦੀਆਂ ਕਈ ਜਾਤੀਆਂ ਘਰਾਂ ਵਿਚ ਹੀ ਰਹਿਣਾ ਪਸੰਦ ਕਰਦੀਆਂ ਹਨ ਅਤੇ ਇਹ ਭੋਜਨ ਅਤੇ ਹੋਰ ਚੀਜ਼ਾਂ ਖ਼ਰਾਬ ਕਰਕੇ ਤੇ ਪਲੇਗ ਅਤੇ ਮਿਊਰਿਨ ਟਾਈਫ਼ਸ ਵਰਗੀਆਂ ਬੀਮਾਰੀਆਂ ਫੈਲਾਉਂਦੇ ਹਨ। ਖੇਤਾਂ ਵਿਚ ਚੂਹੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਂਦੇ ਹਨ ਪਰ ਕੁਝ ਹਾਲਤਾਂ ਵਿਚ ਇਹ ਲਾਭਦਾਇਕ ਪ੍ਰਾਣੀ ਸਿੱਧ ਹੁੰਦੇ ਹਨ ਜਦੋਂ ਬਹੁਤੇ ਫਰ ਵਾਲੇ ਪ੍ਰਾਣੀ ਅਤੇ ਕਈ ਹੋਰ ਸ਼ਿਕਰਖੋਰਾਂ ਦੀ ਇਹ ਖ਼ੁਰਾਕ ਬਣ ਜਾਂਦੇ ਹਨ ਜਿਹੜੇ ਕਿ ਚੂਹਿਆਂ ਦੀ ਅਣਹੋਂਦ ਵਿਚ ਪਸ਼ੂ ਧਨ ਨੂੰ ਨੁਕਸਾਨ ਪਹੁੰਚਾਦੇ ਹਨ। ਪ੍ਰਯੋਗਸ਼ਾਲਾਵਾਂ ਵਿਚ ਵਰਤਿਆ ਜਾਣ ਵਾਲਾ ਚਿੱਟਾ ਚੂਹਾ ਵੀ ਘਰੇਲੂ ਚੂਹੇ ਦੀ ਹੀ ਇਕ ਪਾਲਤੂ ਕਿਸਮ ਹੈ।
ਚੂਹਿਆਂ ਨੂੰ ਕੰਟਰੋਲ ਕਰਨ ਲਈ ਚੰਗਾ ਸਫ਼ਾਈ ਪ੍ਰਬੰਧ ਜ਼ਰੂਰੀ ਹੈ। ਇਸ ਤੋਂ ਇਲਾਵਾ ਕੜਿੱਕੀਆਂ ਰਾਹੀਂ ਪਕੜ ਕੇ, ਜ਼ਹਿਰ ਦੇਣ ਅਤੇ ਧੂੰਆਂ ਦੇਣ ਨਾਲ ਵੀ ਇਨ੍ਹਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਚੂਹੇ ਬੰਜਰ ਜ਼ਮੀਨਾਂ, ਵੱਟਾਂ-ਬੰਨਿਆਂ, ਖ਼ਾਲਾਂ, ਅਤੇ ਖ਼ਾਲੀ ਥਾਵਾਂ ਵਿਚ ਬੱਚੇ ਦਿੰਦੇ ਹਨ। ਇਸ ਲਈ ਬੰਜਰ ਜ਼ਮੀਨਾਂ ਆਦਿ ਨੂੰ ਕਾਸ਼ਤ ਹੇਠ ਲਿਆਉਣ ਨਾਲ ਤੇ ਪੁਰਾਣੇ ਵੱਟ-ਬੰਨੇ ਭੰਨ ਦੇਣ ਨਾਲ ਇਨ੍ਹਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਚੂਹਿਆਂ ਨੂੰ ਮਾਰਨ ਲਈ ਆਟੇ ਵਗੈਰਾ ਵਿਚ ਜ਼ਿੰਕ ਫ਼ਾੱਸਫ਼ਾਈਡ, ਐਲੂਮਿਨੀਅਮ ਫ਼ਾੱਸਫ਼ਾਈਡ ਜਾਂ ਵਾਰਛੈਰਿਨ ਮਿਲਾਇਆ ਜਾਂਦਾ ਹੈ। ਪੰਜਾਬ ਵਿਚ ਇਹ ਢੰਗ ਅਪਣਾਉਣ ਦਾ ਠੀਕ ਸਮਾਂ ਦਸੰਬਰ ਅਤੇ ਮਈ-ਜੂਨ ਹੈ, ਜਦੋਂ ਕਿ ਖੇਤਾਂ ਵਿਚ ਮੱਕੀ ਦੀ ਫ਼ਸਲ ਨਾ ਹੋਵੇ।
ਹ. ਪੁ.––ਐਨ. ਬ੍ਰਿ. ਮਾ. 7 : 69; ਐਨ. ਬ੍ਰਿ. ਮਾ. 8 : 428
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6585, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-23, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First