ਚੈਖ਼ੋਵ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਚੈਖ਼ੋਵ (1860–1904): ਰੂਸੀ ਲੇਖਕ ਐਂਟਨ ਪੈਵਲੋਵਿਚ ਚੈਖ਼ੋਵ (Anton Chekhov) ਆਧੁਨਿਕ ਕਾਲ ਦਾ ਪ੍ਰਸਿੱਧ ਕਹਾਣੀਕਾਰ ਅਤੇ ਨਾਟਕਕਾਰ ਮੰਨਿਆ ਜਾਂਦਾ ਹੈ। ਉਨ੍ਹੀਵੀਂ ਸਦੀ ਦੇ ਦੂਜੇ ਅੱਧ ਵਿੱਚ ਰੂਸ ਦੀ ਸਥਿਤੀ ਡਾਵਾਂਡੋਲ ਸੀ। ਸਾਮੰਤਵਾਦੀ ਢਾਂਚਾ ਢਹਿ-ਢੇਰੀ ਹੋ ਰਿਹਾ ਸੀ, ਸਾਮੰਤਵਾਦੀ ਸੰਸਥਾਵਾਂ ਅਤੇ ਪਰੰਪਰਾਵਾਂ ਨਵੀਂ ਉੱਭਰ ਰਹੀ ਸ਼ਹਿਰੀ ਮੱਧ-ਸ਼੍ਰੇਣੀ ਅੱਗੇ ਝੁਕਣ ਲੱਗ ਪਈਆਂ ਸਨ ਅਤੇ ਸਮਾਜ ਪੂੰਜੀਵਾਦੀ ਲੀਹਾਂ ਉੱਤੇ ਢੱਲਣ ਲੱਗ ਪਿਆ ਸੀ। ਰੂਸੀ ਲੇਖਕਾਂ ਤੁਰਗਨੇਵ ਅਤੇ ਤਾਲਸਟਾਏ ਨੇ ਉਨ੍ਹੀਵੀਂ ਸਦੀ ਦੇ ਸੱਤਵੇਂ ਅਤੇ ਅੱਠਵੇਂ ਦਹਾਕੇ ਦੀ ਸਥਿਤੀ ਨੂੰ ਆਪਣੀਆਂ ਰਚਨਾਵਾਂ ਵਿੱਚ ਪ੍ਰਗਟਾਇਆ ਅਤੇ ਦਾਸਤੋਵਸਕੀ ਨੇ ਉਸ ਸਮੇਂ ਦੇ ਬੌਧਿਕ ਸੰਕਟਾਂ ਨੂੰ ਬੜੀ ਸੂਖਮਤਾ ਨਾਲ ਪ੍ਰਗਟਾਇਆ। ਚੈਖ਼ੋਵ ਨੇ ਪਹਿਲੀ ਵਾਰ ਨਾਇਕ ਜਾਂ ਨਾਇਕਾ ਤੋਂ ਬਿਨਾਂ ਰਚਨਾਵਾਂ ਲਿਖੀਆਂ। ਉਸ ਨੇ ਅਜਿਹੇ ਪਾਤਰ ਪ੍ਰਗਟਾਏ ਜਿਹੜੇ ਦੁਚਿਤੀਆਂ ਦਾ ਸ਼ਿਕਾਰ ਸਨ ਅਤੇ ਸ਼ੇਕਸਪੀਅਰ ਦੇ ਹੈਮਲਟ ਵਾਂਗ ਕੋਈ ਨਿਰਣਾ ਨਹੀਂ ਸਨ ਕਰ ਸਕਦੇ। ਉਸ ਦੇ ਪਾਤਰ ਜੀਵਨ ਦੀਆਂ ਕਰੂਪ ਸਥਿਤੀਆਂ ਨਾਲ ਜੂਝਦੇ ਹਨ, ਹਾਰਦੇ ਹਨ ਪਰ ਨਾਲ ਹੀ ਮਨੁੱਖ-ਵਿਰੋਧੀ ਉੱਭਰ ਰਹੀਆਂ ਸ਼ਕਤੀਆਂ ਨੂੰ ਵੀ ਨੰਗਾ ਕਰ ਜਾਂਦੇ ਹਨ। ਚੈਖ਼ੋਵ ਨੇ ਸਮੱਸਿਆਵਾਂ ਦੇ ਭਾਵੁਕ ਅਤੇ ਮਨੋ- ਵਿਗਿਆਨਿਕ ਕਾਰਨਾਂ ਨੂੰ ਪੇਸ਼ ਕੀਤਾ, ਸੂਖਮ ਹਾਸ- ਰਸ ਉਪਜਾਇਆ ਅਤੇ ਪਾਤਰ-ਉਸਾਰੀ ਦੀ ਨਵੀਂ ਵਿਧੀ ਸਿਰਜੀ। ਉਸ ਦੇ ਇਹ ਸਾਰੇ ਯਤਨ ਉਸ ਦੀ ਵੱਖਰੀ ਪਛਾਣ ਬਣ ਗਏ ਅਤੇ ਕਹਾਣੀ ਨਾਟਕ ਵਿੱਚ ਉਹ ਇੱਕ ਸਤਿਕਾਰਿਤ ਲੇਖਕ ਬਣ ਕੇ ਉੱਭਰਿਆ।
ਚੈਖ਼ੋਵ ਦਾ ਜਨਮ ਦੱਖਣੀ ਰੂਸ ਵਿੱਚ ਟਗਨਰੋਗ ਵਿੱਚ 17 ਜਨਵਰੀ 1860 ਵਿੱਚ ਹੋਇਆ। ਉਸ ਦਾ ਪਿਤਾ ਪ੍ਰਚੂਨ ਦੀ ਦੁਕਾਨ ਕਰਦਾ ਸੀ ਅਤੇ ਪਰਿਵਾਰ ਦੇ ਛੇ ਬੱਚਿਆਂ ਵਿੱਚੋਂ ਉਹ ਦੂਜਾ ਸੀ। ਚੈਖ਼ੋਵ ਦਾ ਦਾਦਾ ਇੱਕ ਗ਼ੁਲਾਮ ਸੀ ਜਿਸ ਨੇ ਰਕਮ ਅਦਾ ਕਰ ਕੇ ਸੁਤੰਤਰਤਾ ਪ੍ਰਾਪਤ ਕੀਤੀ ਸੀ। ਉਸ ਦਾ ਪਿਤਾ ਪਰਿਵਾਰ ਦੀ ਸਥਿਤੀ ਸੁਧਾਰਨ ਲਈ ਸਮਾਜਿਕ ਕਾਰਜਾਂ ਵਿੱਚ ਭਾਗ ਲੈਂਦਾ ਸੀ ਅਤੇ ਉਸ ਦੀ ਮਾਂ ਅਤੇ ਬੱਚੇ ਦੁਕਾਨ ਦੀ ਦੇਖ-ਭਾਲ ਕਰਦੇ ਸਨ। ਸਾਰੇ ਬੱਚਿਆਂ ਨੇ ਸਥਾਨਿਕ ਸਕੂਲ ਵਿੱਚੋਂ ਵਿੱਦਿਆ ਪ੍ਰਾਪਤ ਕੀਤੀ। 1876 ਵਿੱਚ ਪਿਤਾ ਦਾ ਦਿਵਾਲਾ ਨਿਕਲ ਗਿਆ ਅਤੇ ਉਹ ਦੌੜ ਕੇ ਮਾਸਕੋ ਪਹੁੰਚ ਗਿਆ। ਜਲਦੀ ਹੀ ਚੈਖ਼ੋਵ ਦੀ ਮਾਂ ਵੀ ਮਾਸਕੋ ਚਲੀ ਗਈ ਅਤੇ ਉਹ ਆਪਣੀ ਪੜ੍ਹਾਈ ਪੂਰੀ ਕਰਨ ਲਈ ਪਿੱਛੇ ਰਹਿ ਗਿਆ।
ਚੈਖ਼ੋਵ ਤੰਦਰੁਸਤ, ਭਰਵੇਂ ਸਰੀਰ ਵਾਲਾ, ਉਤਸ਼ਾਹੀ ਅਤੇ ਸਵੈ-ਭਰੋਸੇ ਵਾਲਾ ਸੋਹਣਾ ਜਵਾਨ ਸੀ। ਉਹ 1879 ਵਿੱਚ ਮਾਸਕੋ ਗਿਆ ਜਿੱਥੇ ਉਸ ਦਾ ਪਿਤਾ ਮਜ਼ਦੂਰੀ ਕਰਦਾ ਸੀ ਅਤੇ ਮਾਂ ਕੱਪੜੇ ਸਿਊਂਦੀ ਸੀ। ਚੈਖ਼ੋਵ ਨੇ ਪਰਿਵਾਰ ਦੀ ਜ਼ੁੰਮੇਵਾਰੀ ਚੁੱਕੀ। ਅਗਲੇਰੀ ਪੜ੍ਹਾਈ ਲਈ ਉਹ ਡਾਕਟਰ ਬਣਨ ਵਾਸਤੇ ਮਾਸਕੋ ਯੂਨੀਵਰਸਿਟੀ ਵਿੱਚ ਦਾਖ਼ਲ ਹੋਇਆ ਅਤੇ 1884 ਵਿੱਚ ਉਹ ਡਾਕਟਰ ਬਣ ਗਿਆ। ਜਲਦੀ ਹੀ ਉਸ ਨੂੰ ਪਤਾ ਲੱਗਿਆ ਕਿ ਉਸ ਨੂੰ ਤਪਦਿਕ ਸੀ ਅਤੇ ਉਸ ਦੀ ਮੌਤ ਇਸੇ ਰੋਗ ਨਾਲ ਹੋਈ।
ਮਾਸਕੋ ਪਹੁੰਚ ਕੇ ਚੈਖ਼ੋਵ ਨੇ ਪਰਿਵਾਰ ਦੀ ਆਮਦਨ ਵਧਾਉਣ ਲਈ ਆਪਣੀ ਪਸੰਦ ਦੇ ਰਸਾਲਿਆਂ ਵਿੱਚ ਲਿਖਣਾ ਅਰੰਭਿਆ। ਜਲਦੀ ਹੀ ਉਸ ਦੀਆਂ ਕਹਾਣੀਆਂ ਪ੍ਰਸਿੱਧ ਰਸਾਲਿਆਂ ਵਿੱਚ ਛਪਣ ਲੱਗ ਪਈਆਂ। ਚੈਖ਼ੋਵ ਨੇ ਆਪਣੇ ਭਰਾ ਅਤੇ ਹੋਰਾਂ ਨਾਲ ਰਲ ਕੇ ਸਪੈਕਟੇਟਰ ਨਾਂ ਦਾ ਰਸਾਲਾ ਜਾਰੀ ਕੀਤਾ। ਉਸ ਦੀ ਪਹਿਲੀ ਪੁਸਤਕ ਦਾ ਨਾਂ ਟੇਲਜ਼ ਆਫ਼ ਮੈਲਪੋਮੀਨ ਸੀ। ਚੈਖ਼ੋਵ ਬੜੇ ਹਰਮਨ ਪਿਆਰੇ ਰੇਖਾ-ਚਿੱਤਰ ਲਿਖਣ ਲੱਗ ਪਿਆ ਪਰ ਅਜੇ ਵੀ ਉਹ ਆਪਣੇ ਅਸਲੀ ਨਾਂ ਥੱਲੇ ਆਪਣੀਆਂ ਰਚਨਾਵਾਂ ਨਹੀਂ ਸੀ ਛਪਵਾਉਂਦਾ। ਉਸ ਦੇ ਅਸਲੀ ਨਾਂ ਥੱਲੇ ਉਸ ਦੀ ਪਹਿਲੀ ਪੁਸਤਕ 1886 ਵਿੱਚ ਮੋਟਲੇ ਸਟੋਰੀਜ਼ ਨਾਂ ਅਧੀਨ ਛਪੀ। ਇਹ ਪੁਸਤਕ ਸਫਲ ਹੋਈ ਅਤੇ ਚੈਖ਼ੋਵ ਇੱਕ ਕਹਾਣੀਕਾਰ ਵਜੋਂ ਸਥਾਪਿਤ ਹੋ ਗਿਆ। ਕਿੱਤੇ ਵਜੋਂ ਉਹ ਡਾਕਟਰ ਸੀ ਪਰ ਬਹੁਤਾ ਸਮਾਂ ਉਹ ਕਹਾਣੀਆਂ ਲਿਖਣ ਵਿੱਚ ਲਾਉਂਦਾ ਸੀ। ਆਪਣੀਆਂ ਕਹਾਣੀਆਂ ਕਰ ਕੇ ਚੈਖ਼ੋਵ ਸਾਹਿਤਿਕ ਹਲਕਿਆਂ ਵਿੱਚ ਮਾਣ-ਸਤਿਕਾਰ ਪ੍ਰਾਪਤ ਕਰਨ ਲੱਗ ਪਿਆ। ਉਸ ਦਾ ਪਹਿਲਾ ਨਾਟਕ ਇਵਾਨੋਵ ਮਾਸਕੋ ਵਿੱਚ 1887 ਵਿੱਚ ਖੇਡਿਆ ਗਿਆ। ਇਹਨਾਂ ਦਿਨਾਂ ਵਿੱਚ ਚੈਖ਼ੋਵ ਨੇ ਰਸਾਲਿਆਂ ਲਈ ਲਿਖਣ ਦੀ ਥਾਂ ਇੱਕ ਗੰਭੀਰ ਲੇਖਕ ਵਜੋਂ ਲਿਖਣ ਦਾ ਨਿਰਣਾ ਕਰ ਲਿਆ ਸੀ। ਜਲਦੀ ਹੀ ਚੈਖ਼ੋਵ ਨੂੰ ਲਿਖਣ ਤੋਂ ਆਮਦਨ ਹੋਣ ਲੱਗ ਪਈ। ਉਸ ਸਮੇਂ ਚੈਖ਼ੋਵ ਨੇ ਕਿਹਾ, ‘ਡਾਕਟਰੀ ਮੇਰੀ ਪਤਨੀ ਹੈ ਅਤੇ ਸਾਹਿਤ ਮੇਰੀ ਪ੍ਰੇਮਿਕਾ ਹੈ ਅਤੇ ਪ੍ਰੇਮਿਕਾ ਹੋਣ ਕਰ ਕੇ ਸਾਹਿਤ ਮੈਨੂੰ ਪਤਨੀ ਨਾਲੋਂ ਵੱਧ ਪਿਆਰਾ ਹੈ।`
ਜਿਹੜਾ ਚੈਖ਼ੋਵ ਆਪ ਸਥਾਪਿਤ ਲੇਖਕਾਂ ਤੋਂ ਸਾਹਿਤਿਕ ਉਪਦੇਸ਼ ਮੰਗਿਆ ਕਰਦਾ ਸੀ ਉਹ ਨਵੇਂ ਉੱਭਰ ਰਹੇ ਲੇਖਕਾਂ ਦਾ ਮਾਰਗ-ਦਰਸ਼ਕ ਬਣ ਗਿਆ। ਉਸ ਦੀਆਂ ਉਪਰੋਥਲੀ ਛਪ ਰਹੀਆਂ ਕਹਾਣੀਆਂ ਅਤੇ ਪੇਸ਼ ਕੀਤੇ ਜਾਂਦੇ ਨਾਟਕ ਉਸ ਦੀ ਪ੍ਰਸਿੱਧੀ ਨੂੰ ਨਿਰੰਤਰ ਵਧਾ ਰਹੇ ਸਨ। ਚੈਖ਼ੋਵ ਨੇ ਹਰ ਵਰਗ ਦੀਆਂ ਕਹਾਣੀਆਂ ਲਿਖੀਆਂ ਅਤੇ ਪੀੜਿਤ ਲੋਕਾਂ ਦੀ ਆਪਣੀਆਂ ਰਚਨਾਵਾਂ ਰਾਹੀਂ ਹੀ ਨਹੀਂ, ਮਾਇਕ ਪੱਖੋਂ ਵੀ ਸਹਾਇਤਾ ਕੀਤਾ।
1892 ਵਿੱਚ ਮਾਸਕੋ ਤੋਂ ਗੱਡੀ ਰਾਹੀਂ ਢਾਈ ਘੰਟੇ ਦੀ ਦੂਰੀ ਤੇ ਚੈਖ਼ੋਵ ਨੇ 675 ਏਕੜ ਜ਼ਮੀਨ ਖ਼ਰੀਦੀ ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿਣ ਲੱਗਿਆ। ਇੱਕ ਗ਼ੁਲਾਮ ਦੇ ਪੋਤੇ ਨੇ ਏਨਾ ਵੱਡਾ ਫ਼ਾਰਮ ਖ਼ਰੀਦ ਕੇ ਇੱਕ ਚੰਗੇ ਡਾਕਟਰ ਅਤੇ ਇੱਕ ਚੰਗੇ ਇਨਸਾਨ ਵਜੋਂ ਪ੍ਰਸਿੱਧੀ ਕਮਾਈ। ਸਾਹਿਤਕਾਰ ਉਸ ਦੇ ਮਹਿਮਾਨ ਬਣਨ ਵਿੱਚ ਆਪਣਾ ਮਾਣ ਸਮਝਦੇ ਸਨ।
ਚੈਖ਼ੋਵ ਨੇ ਆਪਣੀ ਲਿਖਣ ਦੀ ਰਫ਼ਤਾਰ ਘਟਾ ਕੇ ਲਿਖਣ ਦੀ ਪੱਧਰ ਉੱਚੀ ਚੁੱਕੀ। ਵਾਰਡ ਨੰਬਰ ਛੇ ਮਨੁੱਖਤਾ ਨਾਲ ਹੁੰਦੇ ਅਨਿਆਂ ਦੀ ਬੜੀ ਦਰਦਨਾਕ ਕਹਾਣੀ ਹੈ ਜਿਸ ਕਾਰਨ ਚੈਖ਼ੋਵ ਬੜਾ ਪ੍ਰਸਿੱਧ ਹੋਇਆ। 1893 ਵਿੱਚ ਉਸ ਨੇ ਦਾ ਸਟੋਰੀ ਆਫ਼ ਐਨ ਅਨਨੋਨ ਮੈਨ ਲਿਖੀ ਜਿਸ ਵਿੱਚ ਇੱਕ ਆਤੰਕਵਾਦੀ ਨੂੰ ਕਿਸੇ ਦੀ ਪਤਨੀ ਨਾਲ ਪਿਆਰ ਕਰਦਿਆਂ ਵਿਖਾਇਆ ਗਿਆ ਹੈ। ਇਹ ਕਹਾਣੀ ਮਨੋ-ਵਿਗਿਆਨਿਕ ਵਿਸ਼ਲੇਸ਼ਣ ਕਾਰਨ ਬੜੀ ਪ੍ਰਸਿੱਧ ਹੋਈ। ਤਪਦਿਕ ਕਾਰਨ ਚੈਖ਼ੋਵ ਦੀ ਖਾਂਸੀ ਵਿਗੜਦੀ ਗਈ। ਇਲਾਜ ਦੇ ਉਦੇਸ਼ ਨਾਲ ਉਹ ਯਾਲਟਾ ਗਿਆ ਪਰ ਉਕਤਾਅ ਕੇ ਉਹ ਜਲਦੀ ਮੁੜ ਆਇਆ। ਚੈਖ਼ੋਵ ਦੀਆਂ ਕਹਾਣੀਆਂ ਲਗਾਤਾਰ ਛਪਦੀਆਂ ਰਹੀਆਂ। ਜਿਹੜੀਆਂ ਕਹਾਣੀਆਂ ਵਿਸ਼ੇਸ਼ ਤੌਰ ਤੇ ਪ੍ਰਸਿੱਧ ਹੋਈਆਂ ਉਹ ਸਨ-ਦਾ ਬਲੈਕ ਮੌਂਕ (1894), ਦਾ ਲਿਟਰੇਚਰ ਟੀਚਰ (1894), ਥਰੀ ਯੀਅਰਜ਼ (1895), ਮਾਈ ਲਾਈਫ਼ (1896), ਦਾ ਹਾਊਸ ਵਿਦ ਦਾ ਬਾਲਕੋਨੀ (1896), ਦਾ ਪੈਜ਼ੈਂਟਸ (1897), ਆਇਓਨਿਚ (1898), ਦਾ ਲੇਡੀ ਵਿਦ ਦਾ ਡਾਗ (1898)।
ਚੈਖ਼ੋਵ ਇੱਕ ਕਹਾਣੀਕਾਰ ਦੇ ਨਾਲ-ਨਾਲ ਇੱਕ ਨਿਪੁੰਨ ਨਾਟਕਕਾਰ ਵੀ ਸੀ। ਆਪਣੇ ਨਾਟਕਾਂ ਵਿੱਚ ਉਸ ਨੇ ਮਨੁੱਖੀ ਤੌਖਲਿਆਂ, ਇਕੱਲਤਾ, ਨਿਰਾਸਤਾ ਅਤੇ ਗ਼ਲਤਫ਼ਹਿਮੀਆਂ ਨੂੰ ਪੇਸ਼ ਕੀਤਾ ਹੈ ਕਿ ਕਿਵੇਂ ਮਨੁੱਖੀ ਜੀਵਨ ਆਪ-ਮੁਹਾਰੇ ਦੁਖਾਂਤ ਦੇ ਰਾਹ ਪੈ ਜਾਂਦਾ ਹੈ। ਉਸ ਦੇ ਪ੍ਰਸਿੱਧ ਨਾਟਕ ਦਾ ਸੀਅ ਗੁਲ (1896), ਦਾ ਵੂਡ ਡੈਮਨ (1897), ਥਰੀ ਸਿਸਟਰਜ਼ (1900- 1901) ਅਤੇ ਚੈਰੀ ਆਰਚਰਡ (1903-04) ਸਨ।
ਚੈਖ਼ੋਵ ਲੰਮਾ ਅਰਸਾ ਕੁਆਰਾ ਹੀ ਰਿਹਾ। ਭਾਵੇਂ ਕਈ ਇਸਤਰੀਆਂ ਨੇ ਉਸ ਨੂੰ ਭਰਮਾਉਣ ਦਾ ਯਤਨ ਕੀਤਾ ਪਰ ਕੋਈ ਵੀ ਉਸ ਨੂੰ ਪ੍ਰਭਾਵਿਤ ਨਾ ਕਰ ਸਕੀ। 1898 ਵਿੱਚ ਜਦੋਂ ਉਹ ਸਖ਼ਤ ਬਿਮਾਰ ਸੀ ਅਤੇ ਉਸ ਦੀ ਉਮਰ 38 ਸਾਲ ਸੀ ਉਸ ਦਾ ਓਲਗਾ ਨਿਪਰ ਨਾਂ ਦੀ ਅਦਾਕਾਰਾ ਨਾਲ ਮੇਲ ਹੋਇਆ ਅਤੇ ਜਦੋਂ 1901 ਵਿੱਚ ਉਹਨਾਂ ਦਾ ਵਿਆਹ ਹੋਇਆ ਤਾਂ ਚੈਖ਼ੋਵ ਇੱਕ ਪ੍ਰਸਿੱਧ ਲੇਖਕ ਬਣ ਚੁੱਕਿਆ ਸੀ। ਜਿਉਂ-ਜਿਉਂ ਉਸ ਦੀ ਬਿਮਾਰੀ ਗੰਭੀਰ ਹੁੰਦੀ ਗਈ ਤਿਉਂ-ਤਿਉਂ ਉਸ ਦੀ ਅਨੁਭਵ ਦੀ ਸ਼ਿੱਦਤ ਵੱਧਦੀ ਗਈ ਜਿਹੜੀ ਉਸ ਦੀਆਂ ਰਚਨਾਵਾਂ ਵਿੱਚ ਉਘੜਦੀ ਗਈ। ਉਹ ਆਪ ਇੱਕ ਲੇਖਕ ਵਜੋਂ ਅਤੇ ਉਸ ਦੀ ਪਤਨੀ ਇੱਕ ਅਦਾਕਾਰ ਵਜੋਂ ਪ੍ਰਸਿੱਧ ਵਿਅਕਤੀ ਸਨ। ਪਤੀ-ਪਤਨੀ ਵਿਚਕਾਰ ਚਿੱਠੀ-ਪੱਤਰ ਉਹਨਾਂ ਦੇ ਪਿਆਰ ਅਤੇ ਵਿਸ਼ਵਾਸ ਦੀ ਡੂੰਘਾਈ ਦਰਸਾਉਂਦਾ ਹੈ। 1904 ਵਿੱਚ ਚੈਖ਼ੋਵ ਦੀ ਸਿਹਤ ਵਿਗੜਨ ਲੱਗ ਪਈ। ਡਾਕਟਰਾਂ ਨੇ ਉਸ ਨੂੰ ਥਾਂ ਬਦਲੀ ਲਈ ਕਿਹਾ। ਜਾਂਦਿਆਂ ਚੈਖ਼ੋਵ ਨੇ ਮਿੱਤਰਾਂ ਨੂੰ ਕਿਹਾ-ਅਲਵਿਦਾ, ਮੈਂ ਮਰਨ ਜਾ ਰਿਹਾ ਹਾਂ ਅਤੇ ਉਹ ਉਸੇ ਸਾਲ 2 ਜੁਲਾਈ ਨੂੰ ਕਾਲ-ਵੱਸ ਹੋ ਗਿਆ ਅਤੇ ਉਸ ਨੂੰ ਮਾਸਕੋ ਵਿੱਚ ਦਫ਼ਨਾਇਆ ਗਿਆ।
ਲੇਖਕ : ਹਰਗੁਣਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First