ਚੋਣ ਕਮਿਸ਼ਨ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Election Commission ਚੋਣ ਕਮਿਸ਼ਨ: ਭਾਰਤ ਇਕ ਲੋਕਤੰਤਰੀ ਦੇਸ਼ ਹੈ। ਲੋਕਤੰਤਰੀ ਪ੍ਰਣਾਲੀ ਦਾ ਸੰਚਾਲਨ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਕੀਤਾ ਜਾਂਦਾ ਹੈ, ਇਸ ਲਈ ਅਜਿਹੀ ਪ੍ਰਣਾਲੀ ਵਿਚ ਪ੍ਰਤੀਨਿਧਾਂ ਦੀਆਂ ਚੋਣਾ ਸਬੰਧੀ ਵਿਵਸਥਾਵਾਂ ਕੀਤੀਆਂ ਜਾਂਦੀਆਂ ਹਨ। ਭਾਰਤ ਦੇ ਸੰਵਿਧਾਨ ਵਿਚ ਵੀ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹੋਰ ਸਸੰਥਾਵਾਂ ਦੀਆਂ ਚੋਣਾ ਸਬੰਧੀ ਲੋੜੀਂਦੇ ਉਪਬੰਧ ਕੀਤੇ ਗਏ ਹਨ। ਸੰਵਿਧਾਨ ਅਨੁਸਾਰ ਭਾਰਤ ਵਿਚ ਚੋਣਾਂ ਕਰਾਉਣ ਦੀ ਪੂਰੀ ਜ਼ਿੰਮੇਵਾਰੀ ਚੋਣ ਕਮਿਸ਼ਨ ਨੂੰ ਸੌਂਪੀ ਗਈ ਹੈ।

      ਸੰਵਿਧਾਨ ਅਨੁਸਾਰ ਚੋਣ ਕਮਿਸ਼ਨ ਵਿਚ ਇਕ ਮੁੱਖ ਚੋਣ ਕਮਿਸ਼ਨਰ ਅਤੇ ਉਤਨੇ ਚੋਣ ਕਮਿਸ਼ਨਰ ਹੋਣਗੇ ਜਿਨ੍ਹਾਂ ਦੀ ਵਿਵਸਥਾ ਸਮੇਂ ਸਮੇਂ ਸਿਰ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਇਸ ਸਮੇਂ ਭਾਰਤੀ ਚੋਣ ਕਮਿਸ਼ਨ ਵਿਚ ਇਕ ਮੁੱਖ ਚੋਣ ਕਮਿਸ਼ਨਰ ਅਤੇ ਦੋ ਚੋਣ ਕਮਿਸ਼ਨਰਾਂ ਹਨ। ਮੁੱਖ ਚੋਣ ਕਮਿਸ਼ਨਰ ਅਤੇ ਦੂਜੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਮੁੱਖ ਚੋਣ ਕਮਿਸ਼ਲ+ ਅਤੇਚੋਣ ਕਮਿਸ਼ਨਰਾਂ ਦਾ ਕਾਰਜਕਾਲ 6 ਸਾਲ ਨਿਸ਼ਚਿਤ ਕੀਤਾ ਹੋਇਆ ਹੈ। ਪਰੰਤੂ ਕਿਸੇ ਕਮਿਸ਼ਨਰ ਦੇ 6 ਸਾਲ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਉਸਦੀ ਉਮਰ 65 ਸਾਲ ਹੋਣ ਤੇ ਉਸਨੂੰ ਇਹ ਪਦਾ ਤਿਆਗਣਾ ਪਵੇਗਾ। ਮੁੱਖ ਚੋਣ ਕਮਿਸ਼ਨਰ ਨੂੰ ਉਸ ਵਿਧੀ ਦੁਆਰਾ ਆਪਣੇ ਪਦ ਤੋਂ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਹੈ ਜੋ ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣ ਸਬੰਧੀ ਸੰਵਿਧਾਨ ਵਿਚ ਨਿਵਰਿਤ ਹੈ। ਚੋਣ ਕਮਿਸ਼ਨਰਾਂ ਨੂੰ ਮੁੱਖ ਚੋਣ ਕਮਿਸ਼ਨਰਾਂ ਦੀ ਸਲਾਹ ਨਾਲ ਰਾਸ਼ਟਰਪਤੀ ਦੁਆਰਾ ਉਨ੍ਹਾਂ ਦੀ ਪਦਵੀ ਤੋਂ ਹਟਾਇਆ ਜਾ ਸਕਦਾ ਹੈ।

    ਚੋਣ ਕਮਿਸ਼ਨਰ ਚੋਣ ਦੇ ਨਿਰੀਖਣ, ਨਿਰਦੇਸ਼ਤ ਅਤੇ ਨਿਯੰਤਰਣ ਦਾ ਕਰਤੱਵ ਨਿਭਾਉਂਦਾ ਹੈ। ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣਾ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ। ਸੰਸਦ ਅਤੇ ਵਿਘਾਨ-ਮੰਡਲਾਂ ਦੀ ਚੋਣ ਸਬੰਧੀ ਵੋਟਰ ਸੂਚੀਆਂ ਤਿਆਰ ਕਰਾਉਣ ਦੀ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ। ਚੋਣ ਕਮਿਸ਼ਨ ਭਾਰਤ ਦੇ ਸਾਰੇ ਰਾਜਾਂ ਅਤੇ ਸੰਘ ਖੇਤਰਾਂ ਦੇ ਵਿਘਾਨ ਮੰਡਲਾਂ ਦੀਆਂ ਚੋਣਾਂ ਕਰਾਉਂਦਾ ਹੈ। ਸੰਸਦ ਦੇ ਦੋਵੇਂ ਸਦਨਾਂ ਦੀਆਂ ਚੋਣਾਂ ਦਾ ਪ੍ਰਬੰਧ ਵੀ ਚੋਣ ਕਮਿਸ਼ਨ ਦੁਆਰਾ ਕੀਤਾ ਜਾਂਦਾ ਹੈ। ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀਆਂ ਚੋਣਾਂ ਦਾ ਪ੍ਰਬੰਧ ਵੀ ਇਸ ਦੀ ਜ਼ਿੰਮੇਵਾਰੀ ਹੈ।

      ਚੋਣ ਕਮਿਸ਼ਨਰ ਰਾਜਨੀਤਿਕ ਪਾਰਟੀਆਂ ਨੂੰ ਮਾਨਤਾ ਪ੍ਰਦਾਨ ਕਰਦਾ ਹੈ ਅਤੇ ਉਹ ਇਨ੍ਹਾਂ ਦੀ ਮਾਨਤਾ ਨੂੰ ਖ਼ਤਮ ਵੀ ਕਰ ਸਕਦਾ ਹੈ। ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਚੋਣ-ਨਿਸ਼ਾਨ ਪ੍ਰਦਾਨ ਕਰਦਾ ਹੈ। ਰਾਜਨੀਤਿਕ ਪਾਰਟੀਆਂ ਦੀ ਰਜਿਸਟ੍ਰੇਸਨ ਵੀ ਇਹ ਹੀ ਕਰਦਾ ਹੈ। ਚੋਣਾ ਸਬੰਧੀ ਆਚਰਣ ਸੰਘਤਾ ਨਿਸ਼ਚਿਤ ਕਰਨਾ ਚੋਣ ਕਮਿਸ਼ਨ ਕਰੱਤਵ ਹੈ। ਮੈਂਬਰਾਂ ਦੀ ਆਯੋਗਤਾ ਸਬੰਧੀ ਮਾਮਲਿਆਂ ਬਾਰੇ ਸਲਾਹ ਦੇਦਾ ਅਤੇ ਚੋਣਾ ਨੂੰ ਪਿੱਛੇ ਪਾਉਣਾ ਅਤੇ ਨਿਰਦੇਸ਼ ਜਾਰੀ ਕਰਨਾ ਅਤੇ ਉਮੀਦਵਾਰਾਂ ਨੂੰ ਚੋਣ ਲੜਨ ਲਈ ਅਯੋਗ ਕਰਾਰ ਦੇਣਾ ਚੋਣ ਕਮਿਸ਼ਨ ਦੇ ਕਰਤੱਵਾਂ ਵਿਚੋਂ ਸ਼ਾਮਲ ਹਨ।

      ਚੋਣ ਕਮਿਸ਼ਨ ਭਾਰਤ ਦੀ ਇਕ ਅਜਿਹੀ ਸੰਸਥਾ ਹੈ ਜਿਸਨੂੰ ਭਾਰਤੀ ਲੋਕਤੰਤਰ ਦੇ ਸੰਚਾਲਨ ਦੀ ਮੁੱਢਲੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕਮਿਸ਼ਨ ਦੀ ਸੁੰਤਤਰ, ਨਿਰਪੱਖ ਅਤੇ ਯੋਗ ਭੂਕਿਮਾ ਉਤੇ ਭਾਰਤੀ ਲੋਕਤੰਤਰ ਦੀ ਸਫ਼ਲਤਾ ਨਿਰਭਰ ਕਰਦੀ ਹੈ। ਭਾਰਤੀ ਰਾਜਨੀਤਿਕ ਪ੍ਰਣਾਲੀ ਵਿਚ ਚੋਣ ਕਮਿਸ਼ਨ ਦੀ ਬਹੁਤ ਮਹੱਤਤਾ ਹੈ। ਕਮਿਸ਼ਨ ਭਾਰਤੀ ਲੋਕਤੰਤਰ ਦੀ ਕਾਰਜਸ਼ੀਲਤਾ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2627, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.