ਚੋਪ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੋਪ (ਨਾਂ,ਇ) ਫੁਲਕਾਰੀ ਵੰਨਗੀ ਦੀ ਸੰਘਣੇ ਤੋਪੇ ਵਾਲੀ ਕਢਾਈ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16663, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੋਪ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੋਪ. ਸੰਗ੍ਯਾ—ਇਸਤ੍ਰੀਆਂ ਦੇ ਪਹਿਰਣ ਦਾ ਇੱਕ ਖ਼ਾ ਵਸਤ੍ਰ, ਜਿਸ ਪੁਰ ਕਸ਼ੀਦੇ ਦਾ ਕੰਮ ਹੁੰਦਾ ਹੈ। ੨ ਦੇਖੋ, ਚੌਪ। ੩ ਦੇਖੋ, ਚੋਬ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੋਪ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਚੋਪ : ਇਹ ਵਿਆਹ ਦੀ ਫੁਲਕਾਰੀ ਹੈ। ਵਿਆਹ ਦੀਆਂ ਰੀਤਾਂ ਸਮਾਪਤ ਹੋਣ ਤੋਂ ਪਹਿਲਾਂ ਲੜਕੀ ਨੂੰ ਚੂੜਾ ਚੜ੍ਹਾਉਣ ਵੇਲੇ ਨਾਨੀ ਚੋਪ ਦੇਂਦੀ ਸੀ। ਪੁਰਾਤਨ ਵਿਚਾਰਾਂ ਦੇ ਲੋਕਾਂ ਵਿਚ ਇਹ ਰਸਮ ਅੱਜ ਵੀ ਪ੍ਰਚਲਤ ਹੈ।
ਚੋਪ ਸਾਧਾਰਣ ਫੁਲਕਾਰੀ ਤੋਂ ਵੱਡੀ ਹੁੰਦੀ ਹੈ ਅਤੇ ਇਸ ਦੀ ਕਢਾਈ ਵੀ ਇਕ ਖਾਸ ਗੁੰਝਲਦਾਰ ਤ੍ਰੋਪੇ ਨਾਲ ਕੀਤੀ ਜਾਂਦੀ ਹੈ। ਇਹ ਲਾਲ ਸੂਹੇ ਖੱਦਰ ਉਪਰ ਸੁਨਹਿਰੀ ਪੀਲੇ ਧਾਗੇ ਨਾਲ ਕੱਢੀ ਜਾਂਦੀ ਹੈ ਅਤੇ ਇਹ ਕਢਾਈ ਕੇਵਲ ਪੱਲਿਆਂ ਤੇ ਪਾਸਿਆਂ ਉੱਤੇ ਹੀ ਕੀਤੀ ਜਾਂਦੀ ਹੈ। ਇਸ ਕਢਾਈ ਵਿਚ ਤ੍ਰੋਪਾ ਬਹੁਤ ਨਿੱਕਾ ਹੁੰਦਾ ਹੈ ਅਤੇ ਕੱਪੜੇ ਉਪਰ ਚੌਰਸ ਜਾਂ ਗੋਲ ਫੇਰਾਂ ਵਿਚ ਬੂਟੇ ਪਾਏ ਜਾਂਦੇ ਹਨ।
ਚੋਪ ਕੁੜੀ ਦੇ ਵਿਆਹ ਦੀ ਇਕ ਖ਼ਾਸ ਚੀਜ਼ ਹੈ। ਕੁੜੀ ਦੀ ਨਾਨੀ ਅਤੇ ਮਾਂ ਆਦਿ ਚੋਪ ਕੱਢਣ ਵਿਚ ਬਹੁਤ ਫ਼ਖਰ ਮਹਿਸੂਸ ਕਰਦੀਆਂ ਸਨ। ਆਂਢ-ਗੁਆਂਢ ਅਤੇ ਕੁੜੀਆਂ ਇਕੱਠੀਆਂ ਹੋ ਕੇ ਇਸ ਮੌਕੇ ਤੇ ਪ੍ਰਾਰਥਨਾ ਕਰਦੀਆਂ, ਗੁੜ ਤੇ ਖੋਪਾ ਵੰਡਦੀਆਂ ਅਤੇ ਸਾਰੀਆਂ ਦੇ ਉਨ੍ਹਾਂ ਸੱਜੇ ਹੱਥ ਉੱਤੇ ਪਵਿੱਤਰ ਮੌਲੀ ਬੰਨ੍ਹਦੀਆਂ ਸਨ। ਇਸ ਪਿੱਛੋਂ ਇਸਤਰੀਆਂ ਢੋਲਕੀ ਦੀ ਤਾਲ ਉਪਰ ਸੁਹਾਗ ਦਾ ਗੀਤ ਛੇੜਦੀਆਂ ਅਤੇ ਨਾਨੀ ਚੋਪ ਉੱਤੇ ਪਹਿਲਾ ਤ੍ਰੋਪਾ ਭਰਦੀ ਸੀ। ਇਸ ਵੇਲੇ ਸਾਰੇ ਜਣੇ ਨਾਨੀ ਅਤੇ ਦੋਹਤੀ ਨੂੰ ਸੁਭ ਇਛਾਵਾਂ ਦੇਂਦੇ ਸਨ।
ਹ. ਪੁ.––ਪੰਜਾਬ 6-ਭਾ. ਵਿ. ਪੰ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12374, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no
ਚੋਪ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਚੋਪ : ਇਹ ਫੁਲਕਾਰੀ ਦੀ ਇਕ ਕਿਸਮ ਹੈ ਜੋ ਵਿਆਹ ਸਮੇਂ ਨਾਨਕੇ, ਵਿਆਹ ਵਾਲੀ ਕੁੜੀ ਲਈ ਨਾਨਕੀ ਛੱਕ ਵਿਚ ਲਿਆਇਆ ਕਰਦੇ ਸਨ। ਚੂੜਾ ਚੜ੍ਹਾਉਣ ਵੇਲੇ ਕੁੜੀ ਦੇ ਸਭ ਨੇੜਲੇ ਰਿਸ਼ਤੇਦਾਰ ਇਕੱਠੇ ਜੁੜ ਬੈਠਦੇ ਤੇ ਲੜਕੀ ਦੇ ਹੱਥਾਂ ਵਿਚ ਚੂੜਾ ਚੜ੍ਹਾਉਣ ਦੀ ਰਸਮ ਵੇਖਦੇ ਸਨ। ਚੋਪ ਆਮ ਫੁਲਕਾਰੀ ਨਾਲੋਂ ਵੱਡੀ ਹੁੰਦੀ ਹੈ ਅਤੇ ਇਸ ਦੀ ਕਢਾਈ ਵੀ ਇਕ ਖਾਸ ਗੁੰਝਲਦਾਰ ਤੋਪੇ ਦੁਆਰਾ ਕੀਤੀ ਜਾਂਦੀ ਹੈ। ਇਸ ਦੀ ਕਢਾਈ ਦਾ ਕੰਮ ਕਾਫ਼ੀ ਔਖਾ ਹੈ। ਇਹ ਵਧੀਆ ਕਿਸਮ ਦੇ ਲਾਲ ਸੂਹੇ ਖੱਦਰ ਉੱਤੇ ਸੁਨਹਿਰੀ ਪੀਲੇ ਧਾਗੇ ਨਾਲ ਕੱਢੀ ਜਾਂਦੀ ਹੈ। ਇਸ ਦੀ ਕਢਾਈ ਕੇਵਲ ਪੱਲਿਆਂ ਉੱਤੇ ਅਤੇ ਪਾਸਿਆਂ ਉੱਤੇ ਹੀ ਕੀਤੀ ਜਾਂਦੀ ਹੈ। ਇਸ ਦੀ ਕਢਾਈ ਦਾ ਤੋਪਾ ਬੜਾ ਛੋਟਾ ਹੁੰਦਾ ਹੈ ਤੇ ਤੋਪਿਆਂ ਨਾਲ ਕੱਪੜੇ ਉੱਤੇ ਚੌਰਸ ਜਾਂ ਗੋਲ ਫੇਰਾਂ ਵਿਚ ਬੂਟੇ ਪਾਏ ਜਾਂਦੇ ਹਨ।
ਪੁਰਾਣੇ ਸਮਿਆਂ ਵਿਚ ਚੋਪ ਲੜਕੀ ਦੇ ਦਾਜ ਦੀ ਇਕ ਵਿਸ਼ੇਸ਼ ਚੀਜ਼ ਹੁੰਦੀ ਸੀ। ਉੱਤਰੀ ਮੱਧ-ਸ਼੍ਰੇਣੀ ਦੇ ਖ਼ਾਨਦਾਨਾਂ ਵਿਚ ਲੜਕੀ ਨੂੰ ਦਾਜ ਵਿਚ ਪੰਜਾਹ ਬਾਗ਼ ਤੇ ਫੁਲਕਾਰੀਆਂ ਦੇਣ ਦਾ ਰਿਵਾਜ ਹੁੰਦਾ ਸੀ। ਚੋਪ ਅਤੇ ਦੂਜੀਆਂ ਫੁਲਕਾਰੀਆਂ ਦੀ ਕਢਾਈ ਦਾ ਕੰਮ ਵਿਆਹ ਤੋਂ ਕਈ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦਾ ਸੀ। ਪੁਰਾਣੇ ਸਸਤੇ ਸਮਿਆਂ ਵਿਚ ਵੀ ਇਸ ਦੀ ਕਢਾਈ ਤੇ ਲਗਭਗ ਚਾਲੀ ਰੁਪਏ ਦਾ ਰੇਸ਼ਮ ਲੱਗ ਜਾਂਦਾ ਸੀ। ਅੱਜਕੱਲ੍ਹ ਇਸ ਦੀ ਮਾਰਕੀਟ ਵਿਚ ਕੀਮਤ 1700-1800 ਰੁਪਏ ਦੇ ਲਗਭਗ ਹੁੰਦੀ ਹੈ।
ਨਾਨਕੀ ਛੱਕ ਦੀ ਤਿਆਰੀ ਇਸ ਦੀ ਕਢਾਈ ਤੋਂ ਹੀ ਸ਼ੁਰੂ ਹੁੰਦੀ ਸੀ ਜੋ ਇਕ ਕਿਸਮ ਦੀ ਰਸਮ ਨਾਲ ਜੁੜੀ ਹੋਈ ਹੈ। ਨਾਨੀ ਵਲੋਂ ਇਸ ਕਾਰਜ ਦੇ ਆਰੰਭ ਲਈ ਸ਼ੁਭ ਦਿਨ ਚੁਣਿਆ ਜਾਂਦਾ ਸੀ। ਇਸ ਸ਼ੁਭ ਮੌਕੇ ਤੇ ਆਂਢੀਆਂ ਗੁਆਢੀਆਂ ਨੂੰ ਸੱਦਾ ਦਿੱਤਾ ਜਾਂਦਾ ਸੀ। ਘਰ ਵਿਚ ਵਿਆਹ ਦੀ ਤਰ੍ਹਾਂ ਹੀ ਸਫ਼ਾਈ ਵਗੈਰਾ ਕੀਤੀ ਜਾਂਦੀ ਸੀ। ਔਰਤਾਂ ਤੇ ਕੁੜੀਆਂ ਮਿਲ ਕੇ ਲੜਕੀ ਦੇ ਸੁਖੀ ਜੀਵਨ ਲਈ ਪ੍ਰਾਰਥਨਾ ਕਰਦੀਆਂ ਸਨ। ਇਸ ਸਮੇਂ ਸਾਰਿਆਂ ਵਿਚ ਗੁੜ ਤੇ ਖੋਪਾ ਵੰਡਿਆ ਜਾਂਦਾ ਤੇ ਸਾਰਿਆਂ ਦੇ ਸੱਜੇ ਹੱਥ ਦੀ ਵੀਣੀ ਉੱਤੇ ਪਵਿੱਤਰ ਮੌਲੀ ਦਾ ਧਾਗਾ ਬੰਨਿਆ ਜਾਂਦਾ ਸੀ। ਇਸ ਉਪਰੰਤ ਸਮੂਹ ਔਰਤ ਤੇ ਕੁੜੀਆਂ ਸੁਹਾਗ ਦੇ ਗੀਤ ਗਾਉਂਦੀਆਂ ਤੇ ਨਾਨੀ ਚੋਪ ਦੀ ਕਢਾਈ ਲਈ ਇਸ ਤੇ ਪਹਿਲਾ ਤੋਪਾ ਭਰਨ ਦੀ ਰਸਮ ਪੂਰੀ ਕਰਦੀ।
ਜਿਸ ਤਰ੍ਹਾਂ ਤ੍ਰਿੰਝਣ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਉਸੇ ਤਰ੍ਹਾਂ ਫੁਲਕਾਰੀ, ਚੋਪ ਤੇ ਛੱਮਾਸ ਦੀ ਕਢਾਈ ਦਾ ਕੰਮ ਵੀ ਸਭਿਆਚਾਰ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਕੁੜੀਆਂ ਸੂਈ ਧਾਗੇ ਨਾਲ ਨਿੱਕੇ ਨਿੱਕੇ ਤੋਪੇ ਪਾਉਂਦੀਆਂ ਹੋਈਆਂ ਆਪਣੇ ਜੀਵਨ ਦੀਆਂ ਸਧਰਾਂ ਨੂੰ ਤੁਪਦੀਆਂ ਸਨ। ਵਿਆਹ ਦੇ ਦਿਨਾਂ ਵਿਚ ਨਾਨੀ ਵੱਲੋਂ ਚੋਪ ਆਦਿ ਤੇ ਮਾਂ ਵੱਲੋਂ ਫੁਲਕਾਰੀਆਂ ਛੱਮਾਸ ਆਦਿ ਦੀ ਕਢਾਈ ਦਾ ਕੰਮ ਆਰੰਭ ਕਰਨ ਨਾਲ, ਇਹ ਘਰਾਂ-ਵਿਹੜਿਆਂ ਦੀ ਰੌਣਕ ਦਾ ਮੁੱਖ ਸਾਧਨ ਬਣ ਜਾਂਦਾ। ਇਸ ਤਰ੍ਹਾਂ ਪਿਆਰ, ਸ਼ੁਭ ਇਛਾਵਾਂ, ਬਜ਼ੁਰਗਾਂ ਤੇ ਮਿੱਤਰਾਂ ਦੀਆਂ ਅਸੀਸਾਂ ਦੇ ਪ੍ਰੇਰਨਾ ਭਰਪੂਰ ਵਾਤਾਵਰਨ ਵਿਚ ਚੋਪ ਦੀ ਕਢਾਈ ਦਾ ਕੰਮ ਸ਼ੁਰੂ ਕਰਨ ਤੋਂ ਬਾਅਦ ਸਖ਼ਤ ਮਿਹਨਤ ਕਰਨ ਉਪਰੰਤ ਸਿਰੇ ਚੜ੍ਹਦਾ ਸੀ। ਇਸ ਤਰ੍ਹਾਂ ਇਕ ਬੜੀ ਪਿਆਰੀ ਸ਼ਾਲ ਤਿਆਰ ਹੁੰਦੀ ਜੋ ਚੋਪ ਅਖਵਾਉਂਦੀ ਹੈ।
ਉੱਨੀਵੀਂ ਸਦੀ ਦੇ ਅੰਤਮ ਅੱਧ ਨੂੰ ਬੜੀਆਂ ਤਬਦੀਲੀਆਂ ਦਾ ਮੂੰਹ ਦੇਖਣਾ ਪਿਆ ਜਿਸ ਦਾ ਅਸਰ ਪੰਜਾਬ ਤੇ ਹੋਣਾ ਸੁਭਾਵਕ ਹੀ ਹੈ। ਸਮੇਂ ਨੇ ਪੁਰਾਣੇ ਰਸਮਾਂ ਰਿਵਾਜਾਂ ਅਤੇ ਰਿਵਾਇਤਾਂ ਤੇ ਕਾਫ਼ੀ ਸੱਟ ਮਾਰੀ। ਇਸ ਤਬਦੀਲੀ ਦਾ ਪ੍ਰਭਾਵ ਫੁਲਕਾਰੀਆਂ ਦੀ ਕਢਾਈ ਉੱਤੇ ਵੀ ਪਿਆ। ਚੋਪ ਅੱਜਕੱਲ੍ਹ ਬੜੀ ਮੁਸ਼ਕਿਲ ਨਾਲ ਕਿਸੇ ਪਿੰਡ ਵਿਚੋਂ ਮਿਲਦੀ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-27-12-23-33, ਹਵਾਲੇ/ਟਿੱਪਣੀਆਂ: ਹ. ਪੁ. –ਪੰ. -ਰੰਧਾਵਾ: 40-42.
ਵਿਚਾਰ / ਸੁਝਾਅ
ਬਾਈ ਜੀ ਜੇ ਫੋਟੋ ਵੀ ਪਾ ਦਿਆ ਕਰੋ ਤਾਂ ਪੰਜਾਬੀ ਯੂਨੀਵਰਸਿਟੀ ਦਾ ਮਾਣ ਈ ਵਧੂਗਾ ।
ਚਰਨਕਮਲ ਸਿੰਘ,
( 2020/05/17 08:1708)
Please Login First