ਚੌਕੀ ਕੀਰਤਨ ਦੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਚੌਕੀ ਕੀਰਤਨ ਦੀ: ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਇਕ ਅਨੁਸ਼ਠਾਨਿਕ ਪ੍ਰਥਾ ਜੋ ਕੇਵਲ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਸੰਪੰਨ ਹੁੰਦੀ ਹੈ। ‘ਚੌਕੀ ’ ਦਾ ਸ਼ਾਬਦਿਕ ਅਰਥ ਹੈ ਚਾਰ ਪਾਵਿਆਂ ਵਾਲਾ ਬੈਠਣ ਦਾ ਲਕੜ ਦਾ ਆਸਣ। ਪਰ ਸਿੱਖ-ਧਰਮ ਵਿਚ ਇਸ ਦਾ ਸੰਬੰਧ ਚਾਰ ਰਾਗੀਆਂ ਦੀ ਕੀਰਤਨ-ਮੰਡਲੀ ਦੇ ਪ੍ਰਕਾਰਜ ਨਾਲ ਹੈ। ਗੁਰੂ ਅਰਜਨ ਦੇਵ ਜੀ ਨੇ ਹਰਿਮੰਦਿਰ ਸਾਹਿਬ , ਅੰਮ੍ਰਿਤਸਰ ਵਿਚ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਤੋਂ ਹੀ ਚਾਰ ਚੌਕੀਆਂ ਦਾ ਵਿਧਾਨ ਕੀਤਾ ਸੀ , ਜਿਵੇਂ (1) ਅੰਮ੍ਰਿਤ ਵੇਲੇ ਦੀ ਆਸਾ ਕੀ ਵਾਰ ਦੀ ਚੌਕੀ, (2) ਸਵਾ ਪਹਿਰ ਦਿਨ ਚੜ੍ਹਨ’ਤੇ ਕੀਤੀ ਜਾਣ ਵਾਲੀ ਚਰਨਕਵਲ ਕੀ ਚੌਕੀ, (3) ਸ਼ਾਮ ਵੇਲੇ ਰਹਿਰਾਸ ਤੋਂ ਪਹਿਲਾਂ ਸੋਦਰ ਦੀ ਚੌਕੀ, (4) ਚਾਰ ਘੜੀ ਰਾਤ ਦੇ ਬੀਤਣ ਉਪਰੰਤ ਕਲਿਆਣ ਦੀ ਚੌਕੀ। ਇਹ ਚੌਕੀਆਂ ਗੁਰੂ ਗ੍ਰੰਥ ਸਾਹਿਬ ਦੇ ਹਰਿਮੰਦਿਰ ਵਿਚ ਪ੍ਰਭਾਤ ਵੇਲੇ ਪ੍ਰਕਾਸ਼ ਹੋ ਚੁਕਣ ਤੋਂ ਸ਼ੁਰੂ ਹੋ ਕੇ ਰਾਤ ਨੂੰ ਨੌਂ ਜਾਂ ਦਸ ਵਜੇ ਤਕ ਹੁੰਦੀਆਂ ਸਨ ਅਤੇ ਹੁਣ ਵੀ ਇਹ ਕੁਝ ਵਾਧ-ਘਾਟ ਨਾਲ ਪ੍ਰਚਲਿਤ ਚਲੀਆਂ ਆ ਰਹੀਆਂ ਹਨ। ਇਨ੍ਹਾਂ ਨੂੰ ‘ਨਿਤਨੇਮ ਦੀਆਂ ਚੌਕੀਆਂ’ ਵੀ ਕਿਹਾ ਜਾਂਦਾ ਹੈ।
ਚੌਕੀ-ਪ੍ਰਥਾ ਦੇ ਵਰਤਮਾਨ ਸਰੂਪ ਬਾਰੇ ‘ਅਜੀਤ’ (23 ਅਕਤੂਬਰ 2000) ਅਖ਼ਬਾਰ ਵਿਚ ਛਪੀ ਰਿਪੋਰਟ ਵਿਚ ਦਸਿਆ ਗਿਆ ਹੈ ਕਿ ਰਾਤ ਨੂੰ ਹਰਿਮੰਦਿਰ ਸਾਹਿਬ ਦੇ ਇਸ਼ਨਾਨ ਤੋਂ ਬਾਦ ਵਿਛਾਈਆਂ ਕੀਤੀਆਂ ਜਾਂਦੀਆਂ ਹਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ਿਤ ਕਰਨ ਲਈ ਸਿੰਘਾਸਨ ਤਿਆਰ ਕੀਤਾ ਜਾਂਦਾ ਹੈ। ਦੂਜੇ ਪਾਸੇ ਹਰਿਮੰਦਿਰ ਸਾਹਿਬ ਦੇ ਕਿਵਾੜ (ਦਰਵਾਜ਼ੇ) ਖੁਲ੍ਹਣ ਤੋਂ ਪਹਿਲਾਂ ਦਰਸ਼ਨੀ ਡਿਓਡੀ ਦੇ ਬਾਹਰ ਪ੍ਰੇਮੀ ਸਿੰਘ ਸ਼ਬਦ ਪੜ੍ਹਦੇ ਹਨ— ਦਰਮਾਦੇ ਠਾਢੇ ਦਰਬਾਰਿ। ਤੁਝ ਬਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲ੍ਹਿ ਕਿਵਾਰ। (ਗੁ.ਗ੍ਰੰ.856)। ਇਸ ਸ਼ਬਦ ਦੇ ਗਾਇਨ ਤੋਂ ਬਾਦ ਗਰਮੀਆਂ ਵਿਚ ਦੋ ਵਜੇ ਅਤੇ ਸਰਦੀਆਂ ਵਿਚ 3 ਵਜੇ ਕਿਵਾੜ ਖੁਲ੍ਹ ਜਾਂਦੇ ਹਨ। ਹਰਿਮੰਦਿਰ ਸਾਹਿਬ ਵਿਚ ਕੀਰਤਨ ਆਰੰਭ ਹੋ ਜਾਂਦਾ ਹੈ। ਇਸ ਨੂੰ ਤਿੰਨ ਪਹਿਰ ਵਾਲੀ ਚੌਕੀ ਵਜੋਂ ਜਾਣਿਆ ਜਾਂਦਾ ਹੈ। ਇਕ ਘੰਟੇ ਦੀ ਇਹ ਚੌਕੀ ਸਰਦੀਆਂ ਵਿਚ ਚਾਰ ਵਜੇ ਅਤੇ ਗਰਮੀਆਂ ਵਿਚ ਤਿੰਨ ਵਜੇ ਸਮਾਪਤ ਹੁੰਦੀ ਹੈ।
ਤਿੰਨ ਪਹਿਰ ਵਾਲੀ ਚੌਕੀ ਤੋਂ ਬਾਦ ਦੂਜਾ ਰਾਗੀ ਜਥਾ ‘ਆਸਾ ਕੀ ਵਾਰ ’ ਦਾ ਕੀਰਤਨ ਸ਼ੁਰੂ ਕਰ ਦਿੰਦਾ ਹੈ। ਇਕ ਘੰਟੇ ਤੋਂ ਬਾਦ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਗ੍ਰੰਥੀ ਸਿੰਘ, ਸੰਗਤ ਸਹਿਤ, ਸ਼ਬਦ-ਗਾਇਨ ਕਰਦੇ ਹੋਏ ਅਕਾਲ ਤਖ਼ਤ ਤੋਂ ਹਰਿਮੰਦਿਰ ਸਾਹਿਬ ਵਲ ਲੈ ਕੇ ਆਉਂਦੇ ਸਨ। ਮੁੱਖ ਦੁਆਰ ਉਤੇ ਪਹੁੰਚਣ’ਤੇ ਪਾਲਕੀ ਵਿਚੋਂ ਗ੍ਰੰਥ ਸਾਹਿਬ ਨੂੰ ਗ੍ਰੰਥੀ ਸਿੰਘ ਸਿੰਘਾਸਨ ਉਤੇ ਬਿਰਾਜਮਾਨ ਕਰਦੇ ਹਨ ਅਤੇ ਵਾਕ ਲੈਂਦੇ ਹਨ। ‘ਆਸਾ ਕੀ ਵਾਰ’ ਦਾ ਬੰਦ ਕੀਤਾ ਕੀਰਤਨ ਫਿਰ ਆਰੰਭ ਕਰ ਦਿੱਤਾ ਜਾਂਦਾ ਹੈ। ਕੀਰਤਨ ਦੀ ਸਮਾਪਤੀ ਤੋਂ ਬਾਦ ਸਰਦੀਆਂ ਵਿਚ ਸੱਤ ਵਜੇ ਅਤੇ ਗਰਮੀਆਂ ਵਿਚ ਛੇ ਵਜੇ ਅਰਦਾਸ ਹੁੰਦੀ ਹੈ।
‘ਆਸਾ ਕੀ ਵਾਰ’ ਤੋਂ ਬਾਦ ਦਿਨ ਦੇ 12 ਵਜੇ ਤਕ ਕੀਰਤਨ ਹੁੰਦਾ ਹੈ ਅਤੇ ਸ਼ਬਦ ਚੌਕੀ ਦੀ ਅਰਦਾਸ ਹੁੰਦੀ ਹੈ। ਫਿਰ ਕੀਰਤਨ ਆਰੰਭ ਹੋ ਜਾਂਦਾ ਹੈ। ਤਿੰਨ ਵਜੇ ਤੋਂ ਬਾਦ ਸ਼ਬਦ-ਚੌਕੀ ਚਰਨ ਕਮਲ ਦੀ ਅਰਦਾਸ ਹੁੰਦੀ ਹੈ। ਫਿਰ ਕੀਰਤਨ ਆਰੰਭ ਹੋ ਜਾਂਦਾ ਹੈ।
ਸੂਰਜ ਛਿਪਣ’ਤੇ ਰਹਿਰਾਸ ਦੀ ਅਰਦਾਸ ਹੁੰਦੀ ਹੈ ਅਤੇ ਆਰਤੀ ਕਰ ਚੁਕਣ ਤੋਂ ਬਾਦ ਫਿਰ ਕੀਰਤਨ ਆਰੰਭ ਹੋ ਜਾਂਦਾ ਹੈ। ਇਸ ਚੌਕੀ ਨੂੰ ਆਰਤੀ ਅਤੇ ਕਲਿਆਣ ਦੀ ਚੌਕੀ ਕਹਿੰਦੇ ਹਨ। ਇਸ ਚੌਕੀ ਤੋਂ ਲਗਭਗ ਇਕ ਘੰਟੇ ਬਾਦ ਪ੍ਰੇਮੀ ਸਿੰਘਾਂ ਦੀ ਚੌਕੀ ਸ਼ਬਦ ਪੜ੍ਹਦੀ ਹੈ। ਅਰਦਾਸ ਤੋਂ ਬਾਦ ਫਿਰ ਕੀਰਤਨ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਨੂੰ ਕੀਰਤਨ ਸੋਹਿਲੇ ਦੀ ਚੌਕੀ ਕਰਕੇ ਜਾਣਿਆ ਜਾਂਦਾ ਹੈ। ਇਹ ਚੌਕੀ ਗਰਮੀਆਂ ਵਿਚ 10.30 ਵਜੇ ਅਤੇ ਸਰਦੀਆਂ ਵਿਚ 9.30 ਵਜੇ ਸਮਾਪਤ ਹੁੰਦੀ ਹੈ। ਕੀਰਤਨ ਸੋਹਿਲੇ ਦਾ ਪਾਠ ਕਰਕੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਣ ਕਰਕੇ, ਅਰਦਾਸ ਕਰਨ ਉਪਰੰਤ ਗ੍ਰੰਥੀ ਸਿੰਘ ਦੁਆਰਾ ਗੁਰੂ ਗ੍ਰੰਥ ਸਾਹਿਬ ਨੂੰ ਆਦਰ ਸਹਿਤ ਸੰਗਤਾਂ ਵਲੋਂ ਲਿਆਉਂਦੀ ਹੋਈ ਪਾਲਕੀ ਵਿਚ ਰਖਿਆ ਜਾਂਦਾ ਹੈ। ਹਰਿਮੰਦਿਰ ਦੇ ਦੁਆਰ ਬੰਦ ਕਰ ਦਿੱਤੇ ਜਾਂਦੇ ਹਨ। ਸੰਗਤਾਂ ਸ਼ਬਦ ਗਾਇਨ ਕਰਦੀਆਂ ਪਾਲਕੀ ਸਹਿਤ ਅਕਾਲ-ਤਖ਼ਤ ਵਲ ਚਲ ਪੈਂਦੀਆਂ ਹਨ। ਉਥੇ ਪਹੁੰਚਣ’ਤੇ ਗ੍ਰੰਥੀ ਸਿੰਘ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਸਹਿਤ ਸੁਖਾਸਣ ਵਾਲੇ ਕਮਰੇ (ਕੋਠਾ ਸਾਹਿਬ) ਵਿਚ ਪਲੰਘ ਉਤੇ ਬਿਰਾਜਮਾਨ ਕਰਦੇ ਹਨ।
ਇਸ ਤਰ੍ਹਾਂ ਹਰ ਰੋਜ਼ 18 ਤੋਂ 20 ਘੰਟੇ ਤਕ ਹਰਿਮੰਦਿਰ ਸਾਹਿਬ ਵਿਚ ਵਖ ਵਖ ਚੌਕੀਆਂ ਰਾਹੀਂ ਕੀਰਤਨ ਦਾ ਪ੍ਰਵਾਹ ਚਲਦਾ ਹੈ। ਮੁੱਖ ਤੌਰ ’ਤੇ ਇਹ ਸਾਰੀ ਕੀਰਤਨ -ਪ੍ਰਕ੍ਰਿਆ ਗੁਰੂ ਅਰਜਨ ਦੇਵ ਦੁਆਰਾ ਸਥਾਪਿਤ ਚਾਰ ਚੌਕੀਆਂ ਦੇ ਅੰਤਰਗਤ ਹੈ।
ਨਿਤਨੇਮ ਦੀਆਂ ਚੌਕੀਆਂ ਤੋਂ ਇਲਾਵਾ ਦੋ ਹੋਰ ਚੌਕੀਆ ਦਾ ਉਲੇਖ ਅਤੇ ਪ੍ਰਚਲਨ ਦਾ ਪਤਾ ਚਲਦਾ ਹੈ। ਇਨ੍ਹਾਂ ਵਿਚੋਂ ਇਕ ਹੈ ਇਤਿਹਾਸਿਕ ਚੌਕੀ ਜਿਸ ਦਾ ਉਦਘਾਟਨ ਬਾਬਾ ਬੁੱਢਾ ਜੀ ਨੇ ਕੀਤਾ। ਬਾਬਾ ਜੀ ਨੇ ਹਰਿ- ਮੰਦਿਰ ਸਾਹਿਬ ਅੰਮ੍ਰਿਤਸਰ ਅਤੇ ਸਰੋਵਰ ਦੀ ਪਰਿਕ੍ਰਮਾ ਕਰਕੇ ਅਤੇ ਸੰਗਤਾਂ ਦੇ ਜੱਥੇ ਨੂੰ ਨਾਲ ਲੈ ਕੇ ਕੀਰਤਨ ਕਰਦੇ ਹੋਏ ਗਵਾਲੀਅਰ ਪੁਜੇ ਸਨ ਅਤੇ ਉਥੇ ਕਿਲ੍ਹੇ ਦੇ ਬਾਹਰ ਕਈ ਦਿਨ ਕੀਰਤਨ ਕਰਨ ਉਪਰੰਤ ਜਦ ਗੁਰੂ ਜੀ ਕਿਲ੍ਹਿਓਂ ਬਾਹਰ ਆਏ ਤਾਂ ਉਨ੍ਹਾਂ ਨੂੰ ਨਾਲ ਲੈ ਕੇ ਕੀਰਤਨ ਕਰਦੇ ਹੋਏ ਅੰਮ੍ਰਿਤਸਰ ਪਹੁੰਚੇ। ਇਸ ਚੌਕੀ ਵੇਲੇ ਨਿਸ਼ਾਨ ਸਾਹਿਬ ਦੀ ਅਗਵਾਈ ਵਿਚ ਸੰਗਤਾਂ ਕੀਰਤਨ ਕਰਦੀਆਂ ਹਨ। ਇਸ ਚੌਕੀ ਦਾ ਰੂਪ ਹੁਣ ਸਵੇਰੇ ਸ਼ਾਮ ਅੰਮ੍ਰਿਤਸਰ ਪਰਿਸਰ ਵਿਚ ਉਦੋਂ ਵੇਖਿਆ ਜਾ ਸਕਦਾ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਸਵੇਰੇ ਹਰਿਮੰਦਿਰ ਸਾਹਿਬ ਵਿਚ ਪ੍ਰਕਾਸ਼ ਕਰਨ ਲਈ ਅਕਾਲ ਤਖ਼ਤ ਤੋਂ ਲੈ ਜਾਇਆ ਜਾਂਦਾ ਹੈ ਅਤੇ ਫਿਰ ਰਾਤ ਨੂੰ ਸੁਖਾਸਣ ਲਈ ਅਕਾਲ ਤਖ਼ਤ ਲੈ ਜਾਇਆ ਜਾਂਦਾ ਹੈ।
ਤੀਜੀ ਕਿਸਮ ਦੀ ਚੌਕੀ ਯਾਤਰੂ ਚੌਕੀ ਅਖਵਾਉਂਦੀ ਹੈ, ਜੋ ਖ਼ਾਸ ਦਿਨਾਂ’ਤੇ ਹੀ ਕਢੀ ਜਾਂਦੀ ਹੈ। ਇਸ ਚੌਕੀ ਦੇ ਨਿਕਲਣ ਵੇਲੇ ਨਿਸ਼ਾਨ ਸਾਹਿਬ ਇਕ ਸਿੰਘ ਲੈ ਕੇ ਅਗੇ ਅਗੇ ਚਲਦਾ ਜਾਂਦਾ ਹੈ। ਪਿਛੇ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਇਕ ਗੁਰੂ-ਧਾਮ ਤੋਂ ਦੂਜੇ ਗੁਰੂ-ਧਾਮ ਵਲ ਯਾਤ੍ਰਾ ਕਰਦੀਆਂ ਹਨ, ਜਿਵੇਂ ਹਰ ਇਕ ਮਸਿਆ ਵਾਲੇ ਦਿਨ ਅੰਮ੍ਰਿਤਸਰ ਤੋਂ ਤਰਨਤਾਰਨ ਵਲ, ਪੰਚਮੀ ਨੂੰ ਤਰਨਤਾਰਨ ਤੋਂ ਗੋਇੰਦਵਾਲ ਸਾਹਿਬ ਵਲ, ਬਸੰਤ ਪੰਚਮੀ ਨੂੰ ਨਾਭਾ ਤੋਂ ਗੁਰਦੁਆਰਾ ਦੂਖਨਿਵਾਰਨ ਪਟਿਆਲਾ ਵਲ ਆਦਿ। ਮੂਲ ਰੂਪ ਵਿਚ ਇਨ੍ਹਾਂ ਸਾਰੀਆਂ ਚੌਕੀਆਂ ਦਾ ਸੰਬੰਧ ਗੁਰਮਤਿ ਸੰਗੀਤ ਨਾਲ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First