ਚੌਪੜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੌਪੜ (ਨਾਂ,ਪੁ) ਚਾਰ ਪਾਟ ਦੇ ਵਸਤਰ ਪੁਰ ਖੇਡੀ ਜਾਣ ਵਾਲੀ ਖੇਡ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7076, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੌਪੜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੌਪੜ [ਨਾਂਇ] ਇੱਕ ਪ੍ਰਾਚੀਨ ਖੇਡ ਜਿਸ ਦੇ ਚਹੁੰ ਪਾਸੀਂ ਚਾਰ ਪਟ ਹੁੰਦੇ ਹਨ ਅਤੇ ਇਹ ਗੋਟੀਆਂ ਤੇ ਕੌਡੀਆਂ ਆਦਿ ਨਾਲ਼ ਖੇਡੀ ਜਾਂਦੀ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7067, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੌਪੜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੌਪੜ. ਦੇਖੋ, ਚਉਪੜ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੌਪੜ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਚੌਪੜ : ਇਸ ਖੇਡ ਨੂੰ ਪਾਸਾ ਵੀ ਕਿਹਾ ਜਾਂਦਾ ਹੈ। ਇਹ ਵਡੇਰੀ ਉਮਰ ਦੇ ਆਦਮੀਆਂ ਦੀ ਮਨ ਪਸੰਦ ਖੇਡ ਹੈ। ਇਹ ਖੇਡ ਭਾਰਤ ਵਿਚ ਬਹੁਤ ਸਮਾਂ ਪਹਿਲਾਂ ਤੋਂ ਪ੍ਰਚੱਲਿਤ ਹੈ ਅਤੇ ਇਸ ਦਾ ਪ੍ਰਮਾਣ ਮਹਾਭਾਰਤ ਵਿਚ ਇਸ ਖੇਡ ਦੇ ਵਰਣਨ ਤੋਂ ਮਿਲਦਾ ਹੈ। ਇਹ ਖੇਡ ਬਹੁਤਾ ਕਰ ਕੇ ਲੁੱਡੋ ਨਾਲ ਮਿਲਦੀ ਜੁਲਦੀ ਹੈ ਅਤੇ ਅਮੀਰ ਤਬਕੇ ਵਿਚ ਜ਼ਿਆਦਾ ਖੇਡੀ ਜਾਂਦੀ ਹੈ।
ਇਸ ਖੇਡ ਵਿਚ ਸੋਚ ਤੋਂ ਕਾਫ਼ੀ ਕੰਮ ਲੈਣਾ ਪੈਂਦਾ ਹੈ। ਹਰ ਖਿਡਾਰੀ ਆਪਣੇ ਸਾਥੀਆਂ ਨਾਲੋਂ, ਆਪਣੀਆਂ ਗੋਟਾਂ ਪੁਗਾਣ ਦੀ ਕੋਸ਼ਿਸ਼ ਕਰਦਾ ਹੈ।ਉਹ ਆਪਣੀਆਂ ਗੋਟਾਂ ਨੂੰ ਬੜੇ ਤਰੀਕੇ ਨਾਲ ਚੋਪੜ ਦੇ ਖਾਨਿਆਂ ਵਿਚ ਰੱਖਦਾ ਹੈ ਤਾਂ ਜੋ ਕੋਈ ਵੀ ਗੋਟ ਕੱਟੀ ਨਾ ਜਾਵੇ। ਇਸ ਖੇਡ ਨਾਲ ਬੁੱਧੀ ਵਿਚ ਵਾਧਾ ਹੁੰਦਾ ਹੈ ਅਤੇ ਹਰ ਪਾਸੇ ਚੌਕਸ ਰਹਿਣ ਦਾ ਵੀ ਅਭਿਆਸ ਹੁੰਦਾ ਹੈ। ਇਸ ਖੇਡ ਨੂੰ ਖੇਡਣ ਲਈ ਕਾਫ਼ੀ ਸਮਾਂ ਲੋੜੀਂਦਾ ਹੈ ਅਤੇ ਅੰਤ ਵਿਚ ਕੌਣ ਜਿੱਤੇਗਾ, ਇਸ ਦਾ ਅਖੀਰ ਤਕ ਨਿਸ਼ਚਾ ਨਹੀਂ ਕੀਤਾ ਜਾ ਸਕਦਾ।
ਇਸ ਖੇਡ ਨੂੰ ਇਕੱਲੇ-ਇਕੱਲੇ ਜਾਂ ਟੋਲੀਆਂ ਵਿਚ ਵੀ ਖੇਡਿਆ ਜਾ ਸਕਦਾ ਹੈ। ਚਾਰ ਤੋਂ ਵੱਧ ਆਦਮੀ ਇਹ ਖੇਡ ਨਹੀਂ ਖੇਡ ਸਕਦੇ। ਇਸ ਵਿਚ ਸੱਤ ਕੌਡੀਆਂ, ਇਕ ਕੱਪੜੇ ਦਾ ਚੌਪੜ ਤੇ ਹਰ ਖਿਡਾਰੀ ਲਈ ਚਾਰ-ਚਾਰ ਵੱਖਰੇ ਰੰਗ ਦੀਆਂ ਗੋਟਾਂ ਲੋੜੀਂਦੀਆਂ ਹਨ। ਖੇਡ ਵਿਚ ਜਦ ਕੌਡੀਆਂ ਹੇਠ ਲਿਖੇ ਅਨੁਸਾਰ ਧਰਤੀ ਉੱਪਰ ਪੈਣ ਤਾਂ ਖਿਡਾਰੀ ਨੂੰ ‘ਪਾਉ’ ਆ ਗਿਆ ਸਮਝਿਆ ਜਾਂਦਾ ਹੈ :–
1. ਇਕ ਕੌਡੀ ਸਿੱਧੀ ਤੇ ਛੇ ਪੁੱਠੀਆਂ ।
2. ਪੰਜ ਕੌਡੀਆਂ ਸਿੱਧੀਆਂ ਤੇ ਦੋ ਪੁੱਠੀਆਂ ।
3. ਛੇ ਕੌਡੀਆਂ ਸਿੱਧੀਆਂ ਤੇ ਇਕ ਪੁੱਠੀ ।
ੳ. ਜਦ ਇਕ ਕੌਡੀ ਸਿੱਧੀ ਅਤੇ ਛੇ ਪੁੱਠੀਆਂ ਹੋਣ ਤਾਂ ਚੌਪੜ ਦੇ ਗਿਆਰਾਂ ਖ਼ਾਨੇ ਚਲੇ ਜਾਂਦੇ ਹਨ। ਇਸ ਨੂੰ ‘ਗਿਆਰਾਂ ਆਏ’ ਵੀ ਕਿਹਾ ਜਾਂਦਾ ਹੈ ਅਤੇ ਇਸ ਨੂੰ ‘ਪਾਉ’ ਗਿਣਦੇ ਹਨ।
ਅ. ਦੋ ਕੌਡੀਆਂ ਸਿੱਧੀਆਂ ਤੇ ਪੰਜ ਪੁੱਠੀਆਂ ਨਾਲ ਕੇਵਲ ਦੋ ਖ਼ਾਨੇ ਜਾਂਦੇ ਹਨ ਅਤੇ ਇਹ ਪਾਉ ਨਹੀਂ ਹੈ।
ੲ. ਤਿੰਨ ਕੌਡੀਆਂ ਸਿੱਧੀਆਂ ਤੇ ਚਾਰ ਪੁੱਠੀਆਂ ਨਾਲ ਤਿੰਨ ਖਾਨੇ ਜਾਂਦੇ ਹਨ ਅਤੇ ਇਹ ਵੀ ਪਾਉ ਨਹੀਂ ਹੈ।
ਸ. ਚਾਰ ਕੌਡੀਆਂ ਸਿੱਧੀਆਂ ਤੇ ਤਿੰਨ ਪੁੱਠੀਆਂ ਨਾਲ ਚਾਰ ਖਾਨੇ ਜਾਂਦੇ ਹਨ ਅਤੇ ਇਹ ਵੀ ਪਾਉ ਨਹੀਂ ਮੰਨਿਆ ਜਾਂਦਾ।
ਹ. ਪੰਜ ਕੌਡੀਆਂ ਸਿੱਧੀਆਂ ਤੇ ਦੋ ਪੁੱਠੀਆਂ ਹੋਣ ਤਾਂ ਪੱਚੀ ਖ਼ਾਨੇ ਜਾਂਦੇ ਹਨ। ਇਸ ਨੂੰ ‘ਅੱਠ’ ਕਹਿੰਦੇ ਹਨ।
ਕ. ਛੇ ਕੌਡੀਆਂ ਸਿੱਧੀਆਂ ਅਤੇ ਇਕ ਪੁੱਠੀ ਹੋਵੇ ਤਾਂ ਪੈਂਤੀ ਖ਼ਾਨੇ ਚਲੇ ਜਾਂਦੇ ਹਨ। ਇਹ ਵੀ ਪਾਉ ਹੈ ਅਤੇ ਇਸ ਨੂੰ ‘ਪੈਂਤਰ’ ਕਹਿੰਦੇ ਹਨ।
ਖ. ਸੱਤ ਕੌਡੀਆਂ ਸਿੱਧੀਆਂ ਪੈਣ ਤਾਂ ਚੌਦਾਂ ਖ਼ਾਨੇ ਜਾਂਦੇ ਹਨ। ਇਸ ਨੂੰ ‘ਚੌਦਾਂ’ ਕਹਿੰਦੇ ਹਨ ਅਤੇ ਇਹ ਪਾਉ ਨਹੀਂ ਹੈ।
ਗ. ਸੱਤ ਕੌਡੀਆਂ ਦੇ ਪੁੱਠੇ ਪੈਣ ਨਾਲ ਸੱਤ ਖ਼ਾਨੇ ਜਾਂਦੇ ਹਨ। ਇਹ ਪਾਉ ਨਹੀਂ ਅਤੇ ਇਸ ਨੂੰ ‘ਸੱਤਾ’ ਕਹਿੰਦੇ ਹਨ।
ਖੇਡਣ ਦਾ ਢੰਗ – ਇਕ ਖਿਡਾਰੀ ਸੱਤ ਕੌਡੀਆਂ ਛਣਕਾ ਕੇ ਹਵਾ ਵਿਚ ਉਛਾਲਦਾ ਹੈ। ਧਰਤੀ ਉੱਤੇ ਡਿੱਗਣ ਤੋਂ ਬਾਅਦ ਜੇਕਰ ਪਾਉ ਆ ਜਾਵੇ ਤਾਂ ਉਹ ਇਕ ਵਾਰੀ ਹੋਰ ਕੌਡੀਆਂ ਉਛਾਲਦਾ ਹੈ। ਇਸ ਤਰ੍ਹਾਂ ਪਾਉ ਨਾ ਆਉਣ ਤਕ ਉਹ ਕੌਡੀਆਂ ਉਛਾਲਦਾ ਰਹਿੰਦਾ ਹੈ। ਖਿਡਾਰੀ ਆਪਣੇ ਪਿਛਲੇ ਪਾਉਆਂ ਦੀ ਗਿਣਤੀ ਅਨੁਸਾਰ ਇਕ ਜਾਂ ਵੱਧ ਗੀਟੀਆਂ ਚਲਦਾ ਹੈ। ਗੀਟੀਆਂ ਚਲਣ ਦੀ ਗਿਣਤੀ ਪਾਉਆਂ ਦੀ ਗਿਣਤੀ ਅਨੁਸਾਰ ਹੁੰਦੀ ਹੈ। ਇਕ ਪਾਉ ਨਾਲ ਇਕ ਗੀਟੀ ਅਤੇ ਦੋ ਨਾਲ ਦੋ ਗੀਟੀਆਂ ਚਲੀਆਂ ਜਾਂਦੀਆਂ ਹਨ। ਜੇਕਰ ਤਿੰਨ ਪਾਉ ਲਗਾਤਾਰ ਆ ਜਾਣ ਤਾਂ ਇਹ ਜਾਂਦੇ ਰਹਿੰਦੇ ਹਨ। ਜੇ ਪਹਿਲੀ ਵਾਰ ਪਾਉ ਨਾ ਆਵੇ ਤਾਂ ਅਗਲੇ ਖਿਡਾਰੀ ਦੀ ਵਾਰੀ ਹੁੰਦੀ ਹੈ। ਜੇ ਕਿਸੇ ਖਿਡਾਰੀ ਦੀਆਂ ਇਕ ਜਾਂ ਵੱਧ ਗੀਟੀਆਂ ਚਲ ਰਹੀਆਂ ਹੋਣ ਤਾਂ ਪਾਉ ਨਾ ਆਉਣ ਤੇ ਵੀ ਉਹ ਗੀਟੀ ਅੱਗੇ ਵਧਾ ਸਕਦਾ ਹੈ। ਗੀਟੀ ਸ਼ੁਰੂ ਤੋਂ ਚਲਾਉਣ ਲਈ ਪਾਉ ਦਾ ਆਉਣਾ ਜ਼ਰੂਰੀ ਹੈ। ਇਕ ਖਿਡਾਰੀ ਦੀ ਗੀਟੀ ਜੇਕਰ ਕਿਸੇ ਖ਼ਾਨੇ ਵਿਚ ਪਈ ਹੋਵੇ ਅਤੇ ਦੂਜੇ ਖਿਡਾਰੀ ਦੇ ਵੀ ਉੱਨੇ ਹੀ ਨੰਬਰ ਆ ਜਾਣ ਤਾਂ ਪਹਿਲੇ ਖਿਡਾਰੀ ਦੀ ਗੀਟੀ ਕੱਟੀ ਜਾਂਦੀ ਹੈ। ਚਰਖੜੀ ਵਾਲੇ ਖਾਨੇ ਵਿਚ ਪਈ ਗੀਟੀ ਕੱਟੀ ਨਹੀਂ ਜਾ ਸਕਦੀ। ਇਕ ਗੀਟੀ ਨਾਲ ਸਿਰਫ਼ ਇਕ ਗੀਟੀ ਹੀ ਕੱਟੀ ਜਾ ਸਕਦੀ ਹੈ। ਜਿਸ ਖਿਡਾਰੀ ਦੀਆਂ ਗੀਟੀਆਂ ਪਹਿਲਾਂ ਪੁੱਗ ਜਾਣ ਉਹ ਜੇਤੂ ਮੰਨਿਆ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-27-12-37-20, ਹਵਾਲੇ/ਟਿੱਪਣੀਆਂ: ਹ. ਪੁ. –ਪੰ. -ਰੱਧਾਵਾ : 156
ਵਿਚਾਰ / ਸੁਝਾਅ
Please Login First