ਚੰਡੀ ਚਰਿਤ੍ਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਡੀ ਚਰਿਤ੍ਰ. ਚੰਡ ਦੈਤ ਦੇ ਮਾਰਨ ਵਾਲੀ ਦੁਰਗਾ ਦਾ ਹੈ ਚਰਿਤ੍ਰ ਜਿਸ ਵਿੱਚ. ਮਾਰਕੰਡੇਯ ਪੁਰਾਣ ਵਿੱਚ ੭੦੦ ਸ਼ਲੋਕ ਦੇਵੀ ਦੀ ਕਥਾ ਅਤੇ ਮਹਿਮਾ ਦਾ ਹੈ, ਜੋ ਅਧ੍ਯਾਯ ੮੧ ਤੋਂ ੯੪ ਤੱਕ ਦਾ ਪਾਠ ਹੈ. ਇਸ ਦਾ ਸ੍ਵਤੰਤ੍ਰ ਅਨੁਵਾਦ ਦਸਮ ਗ੍ਰੰਥ ਵਿੱਚ ਤਿੰਨ ਸ਼ਕਲਾਂ ਵਿੱਚ ਹੈ—

(ੳ) ਕਬਿੱਤ ਸਵੈਯੇ ਆਦਿ ਛੰਦਾਂ ਵਿੱਚ ਵੱਡਾ ਚੰਡੀ ਚਰਿਤ੍ਰ.

(ਅ) ਭੁਜੰਗ ਪ੍ਰਯਾਤ ਆਦਿ ਛੰਦਾਂ ਵਿੱਚ ਛੋਟਾ ਚੰਡੀ ਚਰਿਤ੍ਰ.

(ੲ) ਪੌੜੀ ਛੰਦ ਵਿੱਚ ਪੰਜਾਬੀ ਰਚਨਾ , ਜਿਸ ਦਾ ਨਾਮ ਚੰਡੀ ਦੀ ਵਾਰ ਅਤੇ ਭਗੌਤੀ ਕੀ ਵਾਰ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3235, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੰਡੀ ਚਰਿਤ੍ਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਡੀ ਚਰਿਤ੍ਰ: ਦਸਮ ਗ੍ਰੰਥ ਵਿਚ ਦਸਮ ਗੁਰੂ , ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਦੋ ਰਚਨਾਵਾਂ ਦਾ ਸਿਰਲੇਖ ਹੈ, ਜੋ ਦੇਵੀ ਚੰਡੀ ਜਾਂ ਦੁਰਗਾ ਦੇ ਕਾਰਨਾਮਿਆਂ ਦਾ ਬ੍ਰਜ ਕਵਿਤਾ ਵਿਚ ਵਰਨਨ ਹੈ। ਇਹਨਾਂ ਰਚਨਾਵਾਂ ਵਿਚੋਂ ਇਕ ਚੰਡੀ ਚਰਿਤ੍ਰ ਉਕਤਿ ਬਿਲਾਸ ਦੇ ਨਾਂ ਨਾਲ ਜਾਣੀ ਜਾਂਦੀ ਹੈ ਜਦੋਂ ਕਿ ਦੂਸਰੀ ਇਸਦੇ ਸਿਰਲੇਖ ਦੇ ਵਾਧੇ ਲਈ ਕੋਈ ਗੁਣਾਤਮਿਕ ਤੱਤਾਂ ਵਾਲੀ ਰਚਨਾ ਨਹੀਂ ਹੈ ਸਿਵਾਏ ਦਸਮ ਗ੍ਰੰਥ ਵਿਚ ਖਰੜੇ ਦੇ ਰੂਪ ਵਿਚ, ਜੋ ਕਿ ਪਟਨਾ ਵਿਖੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ੇਖ਼ਾਨੇ ਵਿਚ ਸੁਰੱਖਿਅਤ ਰੱਖੀ ਹੋਈ ਹੈ। ਜਿਸਦਾ ਸਿਰਲੇਖ ਹੈ ਚੰਡੀ ਚਰਿਤ੍ਰ ਤਰੰਬੀ ਮਹਾਤਮ। ਪਹਿਲੀ ਰਚਨਾ ਅੱਠ ਅਧਿਆਇਆਂ ਵਿਚ ਵੰਡੀ ਗਈ ਹੈ ਜਿਸ ਵਿਚ ਅਖੀਰਲਾ ਅਧੂਰਾ ਹੈ ਅਤੇ ਜਿਸ ਵਿਚ 233 ਸਲੋਕ ਅਤੇ ਚੌਪਈਆਂ ਹਨ ਅਤੇ ਵੱਖਰੇ-ਵੱਖਰੇ ਸੱਤ ਛੰਦ ਵਰਤੇ ਗਏ ਹਨ, ਪਰੰਤੂ ਸਵੱਯੇ ਅਤੇ ਦੋਹਰੇ ਜ਼ਿਆਦਾ ਹਨ। ਦੂਸਰੇ ਵਿਚ ਵੀ ਅੱਠ ਅਧਿਆਇ ਹਨ ਜਿਸ ਵਿਚ 262 ਦੋਹਰੇ ਅਤੇ ਚੌਪਈਆਂ ਹਨ ਅਤੇ ਜ਼ਿਆਦਾਤਰ ਭੂਜੰਗ ਅਤੇ ਰਸਾਵਲ ਛੰਦ ਵਰਤੇ ਗਏ ਹਨ। ਪਹਿਲੇ ਵਿਚ ਕਹਾਣੀ ਦਾ ਸੋਮਾ ਸਤਸਈ ਜਾਂ ਦੁਰਗਾ ਸਪਤਸ਼ਤੀ ਹੈ ਜਿਹੜਾ ਮਾਰਕੰਡੇਯ- ਪੁਰਾਣ ਅਧਿਆਇ 81 ਤੋਂ 94 ਤਕ ਦਾ ਹਿੱਸਾ ਹੈ।। ਇਸ ਪਿਛਲੀ ਰਚਨਾ ਵਿਚ ਕਹਾਣੀ ਦਾ ਪਤਾ ਕਰਨ ਲਈ ਕੋਈ ਅੰਦਰੂਨੀ ਗਵਾਹੀ ਨਹੀਂ ਹੈ ਅਤੇ ਭਾਵੇਂ ਕਿ ਕੁਝ ਇਸ ਨੂੰ ਦੇਵੀ ਭਾਗਵਤ ਪੁਰਾਣ (ਸਕੰਧ 5, ਅਧਿਆਇ 2 ਤੋਂ 35) ਨਾਲ ਜੋੜਦੇ ਹਨ ਪਰ ਦੋਵਾਂ ਰਚਨਾਵਾਂ ਦੇ ਗਹਿਨ ਅਧਿਐਨ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਇਕੋ ਸਰੋਤ ਅਰਥਾਤ ਮਾਰਕੰਡੇਯ- ਪੁਰਾਣ ਤੋਂ ਲਈ ਗਈ ਕਹਾਣੀ ਹੈ। ਦੋਵੇਂ ਰਚਨਾਵਾਂ 1698 ਦੇ ਲਾਗੇ-ਚਾਗੇ ਜਦੋਂ ਬਚਿਤ੍ਰ ਨਾਟਕ ਸੰਪੂਰਨ ਕੀਤਾ ਗਿਆ ਸੀ , ਅਨੰਦਪੁਰ ਸਾਹਿਬ ਵਿਖੇ ਰਚੀਆਂ ਗਈਆਂ ਸਨ। ਚੰਡੀ ਚਰਿਤ੍ਰ ਉਕਤਿ ਬਿਲਾਸ ਦਾ ਪਟਨਾ ਵਿਚ ਸੁਰੱਖਿਅਤ ਖਰੜਾ ਦਸਮ ਗ੍ਰੰਥ ਵਿਚ ਸ਼ਾਮਲ ਹੈ ਜਿਸ ਦੇ ਅੰਤਿਮ ਅਧਿਆਇ ਦੀਆਂ ਅੰਤਿਮ ਤੁਕਾਂ ਵਿਚ ਇਸ ਰਚਨਾ ਦਾ ਸਾਲ 1752 ਬਿਕਰਮੀ / 1695 ਈ. ਹੈ।

     ਇਹਨਾਂ ਰਚਨਾਵਾਂ ਵਿਚ ਮਾਰਕੰਡੇਯ-ਪੁਰਾਣ ਦੀ ਦੇਵੀ ਚੰਡੀ ਇਕ ਸ਼ਕਤੀਸ਼ਾਲੀ ਪਾਤਰ ਹੈ। ਗੁਰੂ ਗੋਬਿੰਦ ਸਿੰਘ ਨੇ ਪੁਰਾਣੀ ਕਹਾਣੀ ਨੂੰ ਸਮਕਾਲੀ ਬਣਾਉਣ ਲਈ ਚੰਡੀ ਦੇ ਕਾਰਨਾਮਿਆਂ ਦਾ ਨਵੀਨੀਕਰਨ ਕਰ ਦਿੱਤਾ ਹੈ। ਚੰਡੀ ਚਰਿਤ੍ਰ ਉਕਤਿ ਬਿਲਾਸ, ਇਕ ਸ਼ਕਤੀਸ਼ਾਲੀ ਸ਼ੈਲੀ ਵਿਚ ਦੇਵੀ ਚੰਡੀ ਦੀ ਦੈਂਤ ਲੀਡਰਾਂ ਜਿਵੇਂ ਕਿ ਕੈਟਭ, ਮਹਿਖਾਸੁਰ (ਮਹਿਸ਼ਾਸੁਰ), ਧੂਮਰ ਅਤੇ ਲੋਚਨ ਆਦਿ ਨਾਲ ਲੜਾਈ ਦਾ ਵਰਨਨ ਹੈ। ਬਹਾਦੁਰ ਚੰਡੀ ਉਹਨਾਂ ਸਾਰਿਆਂ ਨੂੰ ਮਾਰਦੀ ਹੈ ਅਤੇ ਜੇਤੂ ਹੋ ਕੇ ਉੱਭਰਦੀ ਹੈ। ਜੰਗ ਦੇ ਦ੍ਰਿਸ਼ ਕਾਵਿਕ ਬਿੰਬਾਵਲੀ ਰਾਹੀਂ ਚਿੱਤਰੇ ਗਏ ਹਨ। ਆਖ਼ਰੀ ਅਧੂਰੇ ਅਧਿਆਇ ਵਿਚ ਪਰਮਾਤਮਾ ਨੂੰ ਸ਼ਿਵਾ ਨਾਲ ਸੰਬੋਧਨ ਕਰਕੇ ਵਰਨਨ ਕੀਤਾ ਹੈ। ਦੂਸਰੇ ਚੰਡੀ ਚਰਿਤ੍ਰ ਵਿਚ ਵੀ ਇਹਨਾਂ ਘਟਨਾਵਾਂ ਅਤੇ ਲੜਾਈਆਂ ਦਾ ਵਰਨਨ ਹੈ ਭਾਵੇਂ ਕਿ ਸੂਖਮ ਵਰਨਨ ਹੈ ਅਤੇ ਕੁਝ ਕੁ ਨੂੰ ਵੱਖਰੀ ਤਰ੍ਹਾਂ ਬਿਆਨ ਕੀਤਾ ਹੈ। ਇਹਨਾਂ ਰਚਨਾਵਾਂ ਦੀ ਹੋਰ ਪ੍ਰਸਿੱਧ ਪੰਜਾਬੀ ਰਚਨਾ ਵਾਰ ਸ੍ਰੀ ਭਗਉਤੀ ਜੀ ਕੀ ਜੋ ਆਮ ਤੌਰ ਤੇ ਚੰਡੀ ਦੀ ਵਾਰ ਕਰਕੇ ਜਾਣੀ ਜਾਂਦੀ ਹੈ ਨਾਲ ਮੁੱਖ ਗੱਲ ਇਹ ਹੈ ਕਿ ਇਹਨਾਂ ਰਚਨਾਵਾਂ ਦਾ ਸੂਰਮਗਤੀ ਵਾਲਾ ਸੁਭਾਅ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਉਪਮਾਵਾਂ ਅਤੇ ਅਤਿ ਮਨਮੋਹਕ ਅਤੇ ਸਭ ਤੋਂ ਵਧੀਆ ਧੁਨੀ ਰਾਹੀਂ ਪੈਦਾ ਕੀਤਾ ਗਿਆ ਹੈ। ਇਹਨਾਂ ਰਚਨਾਵਾਂ ਰਾਹੀਂ ਗੁਰੂ ਗੋਬਿੰਦ ਸਿੰਘ ਨੇ ਲੋਕਾਂ ਵਿਚ ਵੀਰਤਾ ਅਤੇ ਸਵੈਮਾਨ ਪੈਦਾ ਕਰਨ ਦਾ ਉਪਰਾਲਾ ਕੀਤਾ ਹੈ।


ਲੇਖਕ : ਰ.ਸ.ਜ ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3211, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.