ਚੰਦਨ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੰਦਨ (ਨਾਂ,ਪੁ) ਖੁਸ਼ਬੋਦਾਰ ਲੱਕੜ ਅਤੇ ਉਸ ਦਾ ਰੁੱਖ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੰਦਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੰਦਨ [ਨਾਂਪੁ] ਇੱਕ ਰੁੱਖ ਜਿਸ ਵਿੱਚੋਂ ਬਹੁਤ ਖ਼ੁਸ਼ਬੂ ਆਉਂਦੀ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6655, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੰਦਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੰਦਨ. ਸੰ. चन्दन. ਸੰਗ੍ਯਾ—ਇੱਕ ਸੁਗੰਧ ਵਾਲਾ ਬਿਰਛ ਅਤੇ ਉਸ ਦਾ ਕਾਠ , ਜੋ ਸਭ ਦੇ ਚਿੱਤ ਨੂੰ ਚਦਿ (ਪ੍ਰਸੰਨ) ਕਰਦਾ ਹੈ. ਸ਼੍ਰੀਗੰਧ. ਸੰਦਲ. L. Santalum album. ਇਹ ਮੈਸੋਰ ਦੇ ਇਲਾਕੇ ਅਤੇ ਮਦਰਾਸ ਦੇ ਦੱਖਣੀ ਭਾਗ ਵਿੱਚ ਬਹੁਤ ਹੁੰਦਾ ਹੈ. ਇਸ ਦੀ ਤਾਸੀਰ ਸਰਦ ਤਰ ਹੈ. ਚੰਦਨ ਦੇ ਕਾਠ ਤੋਂ ਕੱਢਿਆ ਤੇਲ ਬਹੁਤ ਸੁਗੰਧ ਵਾਲਾ ਹੁੰਦਾ ਹੈ. ਇਸੇ ਤੋਂ ਸਾਰੇ ਇਤਰ ਬਣਾਏ ਜਾਂਦੇ ਹਨ ਅਤੇ ਅਨੇਕ ਰੋਗਾਂ ਲਈ ਵਰਤੀਦਾ ਹੈ. ਚੰਦਨ ਘਸਾਕੇ ਦੇਵਤਾ ਨੂੰ ਚੜ੍ਹਾਇਆ ਜਾਂਦਾ ਹੈ. ਮੱਥੇ ਤੇ ਟਿੱਕਾ ਅਨੇਕ ਹਿੰਦੂ ਲਾਉਂਦੇ ਹਨ. ਗਰਮੀ ਤੋਂ ਹੋਈ ਸਿਰ ਪੀੜ ਨੂੰ ਇਸ ਦਾ ਮੱਥੇ ਤੇ ਕੀਤਾ ਲੇਪ ਬਹੁਤ ਗੁਣਕਾਰੀ ਹੈ. ਚੰਦਨ ਦਾ ਸ਼ਰਬਤ ਪਿੱਤ ਤੋਂ ਹੋਏ ਤਾਪ ਨੂੰ ਦੂਰ ਕਰਦਾ ਹੈ. ਚੰਦਨ ਦੇ ਕਾਠ ਤੇ ਚਿਤਾਈ ਦਾ ਕੰਮ ਬਹੁਤ ਸੁੰਦਰ ਹੁੰਦਾ ਹੈ. ਇਸ ਤੋਂ ਬਣੇ ਕਲਮਦਾਨ ਡੱਬੇ ਆਦਿਕ ਦੂਰ ਦੂਰ ਜਾਂਦੇ ਅਤੇ ਬਹੁਤ ਮੁੱਲ ਪਾਉਂਦੇ ਹਨ. “ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਮ.” (ਵਾਰ ਜੈਤ) ੨ ਇੱਕ ਕਵਿ, ਜੋ ਗੂਢ ਅਰਥ ਵਾਲਾ ਸਵੈਯਾ ਬਣਾਕੇ ਦਸ਼ਮੇਸ਼ ਦੇ ਦਰਬਾਰ ਹਾਜਿਰ ਹੋਇਆ ਸੀ ਅਤੇ ਖ਼ਿਆਲ ਕਰਦਾ ਸੀ ਕਿ ਕੋਈ ਇਸ ਦਾ ਅਰਥ ਨਹੀਂ ਕਰ ਸਕੇਗਾ , ਪਰ ਕਵਿ ਧੰਨਾ ਸਿੰਘ ਨੇ ਇਸ ਦਾ ਹੰਕਾਰ ਦੂਰ ਕਰ ਦਿੱਤਾ. ਦੇਖੋ, ਧੰਨਾ ਸਿੰਘ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੰਦਨ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਚੰਦਨ: ਮਨ ਅਤੇ ਸ਼ਰੀਰ ਨੂੰ ਸ਼ਾਂਤੀ ਅਤੇ ਸਹਿਜ ਪ੍ਰਦਾਨ ਕਰਨ ਵਾਲੇ ਸੁਗੰਧ-ਯੁਕਤ ਇਕ ਬ੍ਰਿਛ ਅਤੇ ਉਸ ਦੇ ਕਾਠ ਜਾਂ ਲਕੜ ਨੂੰ ‘ਚੰਦਨ’ ਨਾਂ ਦਿੱਤਾ ਜਾਂਦਾ ਹੈ। ਇਹ ਬ੍ਰਿਛ ਮੁੱਖ ਰੂਪ ਵਿਚ ਮੈਸੂਰ ਪ੍ਰਦੇਸ਼ ਵਿਚ ਮਿਲਦਾ ਹੈ। ਇਸ ਦੀ ਲਕੜੀ ਵਿਚੋਂ ਸੁਗੰਧਿਕ ਤੇਲ ਨਿਕਲਦਾ ਹੈ ਜੋ ਕਈ ਪ੍ਰਕਾਰ ਦੇ ਇਤਰ ਬਣਾਉਣ ਦੇ ਕੰਮ ਆਉਂਦਾ ਹੈ। ਇਹ ਬ੍ਰਿਛ 60/70 ਸਾਲ ਦੀ ਆਯੂ ਵਿਚ ਜਾ ਕੇ ਪੂਰੀ ਤਰ੍ਹਾਂ ਤਿਆਰ ਹੁੰਦਾ ਹੈ ਅਤੇ ਇਸ ਵਿਚ ਸੁਗੰਧਿਕ ਤੇਲ ਦੀ ਪੂਰੀ ਮਾਤ੍ਰਾ ਤਿਆਰ ਹੋ ਜਾਂਦੀ ਹੈ। ਇਸ ਤੇਲ ਨੂੰ ‘ਚੋਆ ’ ਵੀ ਕਹਿੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਸਿਰੀ ਰਾਗ ਵਿਚ ਕਿਹਾ ਹੈ—ਚੋਆ ਚੰਦਨੁ ਲਾਈਐ ਕਾਪੜੁ ਰੂਪੁ ਸੀਗਾਰੁ। (ਗੁ.ਗ੍ਰੰ.63)।
ਇਸ ਦੀ ਲਕੜੀ, ਛਿਲਕਾ, ਬੁਰਾਦਾ ਆਦਿ ਵੇਚਿਆ ਜਾਂਦਾ ਹੈ। ਇਸ ਦੀ ਲਕੜੀ ਮੂਰਤੀਆਂ, ਸਜਾਵਟ ਦਾ ਸਾਮਾਨ, ਅਗਰਬਤੀ , ਹਵਨ-ਸਾਮਗ੍ਰੀ ਦੇ ਕੰਮ ਆਉਂਦੀ ਹੈ। ਇਸ ਨੂੰ ਘਿਸਾ ਕੇ ਤਿਆਰ ਹੋਇਆ ਲੇਪ ਦੇਵਤਿਆਂ ਨੂੰ ਚੜ੍ਹਾਇਆ ਜਾਂਦਾ ਹੈ, ਮੱਥੇ ਉਤੇ ਟਿੱਕੇ ਲਗਾਏ ਜਾਂਦੇ ਹਨ ਅਤੇ ਗਰਮੀ ਵਿਚ ਸ਼ਰੀਰ ਉਪਰ ਲਗਾਇਆ ਜਾਂਦਾ ਹੈ। ਇਸ ਦਾ ਸ਼ਰਬਤ ਵੀ ਪੀਤਾ ਜਾਂਦਾ ਹੈ। ਇਸ ਦੀ ਹਰ ਚੀਜ਼ ਗੁਣਕਾਰੀ ਹੁੰਦੀ ਹੈ। ਇਸ ਲਈ ਇਸ ਬ੍ਰਿਛ ਦਾ ਪੁਰਾਤਨ ਗ੍ਰੰਥਾਂ ਵਿਚ ਬਹੁਤ ਉਲੇਖ ਹੈ। ਸ਼ਰੀਰ ਉਤੇ ਇਸ ਦਾ ਲੇਪ ਕਰਨ ਨਾਲ ਜਿਥੇ ਤਪਸ਼ ਜਾਂ ਗਰਮੀ ਦੂਰ ਹੁੰਦੀ ਹੈ, ਉਥੇ ਸ਼ਰੀਰ ਸੁਗੰਧਿਤ ਵੀ ਹੁੰਦਾ ਹੈ। ਹਿੰਦੂ ਸਭਿਆਚਾਰ ਅਨੁਸਾਰ ਮ੍ਰਿਤ ਦੇਹ ਦੇ ਮੂੰਹ ਉਤੇ ਸਸਕਾਰ ਵੇਲੇ ਚੰਦਨ ਦਾ ਬੁਰਾਦਾ ਧੂੜਿਆ ਜਾਂਦਾ ਹੈ ਤਾਂ ਜੋ ਦੇਵ-ਲੋਕ ਵਿਚ ਉਸ ਦੇ ਮੂੰਹ ਵਿਚੋਂ ਸੁਗੰਧ ਆਉਂਦੀ ਰਹੇ , ਜਿਸ ਨਾਲ ਦੇਵਤਿਆਂ ਦੇ ਪ੍ਰਸੰਨ ਹੋਣ ਦੀ ਧਾਰਣਾ ਹੈ।
ਗੁਰੂ ਅਰਜਨ ਦੇਵ ਜੀ ਨੇ ਮਾਨਸਿਕ ਸ਼ਾਂਤੀ ਲਈ ਚੰਦਨ ਆਦਿ ਵਸਤੂਆਂ ਨੂੰ ਵਿਅਰਥ ਦਸ ਕੇ ਹਰਿ-ਨਾਮ ਨੂੰ ਜਪਣ ਦੀ ਤਾਕੀਦ ਕੀਤੀ ਹੈ— ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ। ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ। (ਗੁ.ਗ੍ਰੰ.709)। ਇਸ ਲਈ ਸਿੱਖ ਮਤ ਵਿਚ ਚੰਦਨ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6431, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਚੰਦਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਚੰਦਨ ਵੇਖੋ ਚੰਨਣੁ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6430, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਚੰਦਨ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਚੰਦਨ : ਵੇਖੋ ਸੰਦਲ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4386, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no
ਚੰਦਨ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਚੰਦਨ : ਭਾਰਤੀ ਚੰਦਨ ਆਰਥਿਕ ਪੱਖ ਤੋਂ ਦੁਨੀਆ ਭਰ ਵਿਚ ਪ੍ਰਸਿੱਧ ਹੈ। ਇਹ ਬਹੁਤਾ ਮੈਸੂਰ ਦੇ ਖੇਤਰ ਵਿਚ ਮਿਲਦਾ ਹੈ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਕਿਤੇ ਕਿਤੇ ਲੱਭਦਾ ਹੈ। 600 ਤੋਂ 900 ਮੀ. ਤਕ ਦੀ ਉਚਾਈ ਵਾਲੇ ਖੇਤਰ ਅਤੇ ਮਲਯਦੀਪ ਇਸ ਦੇ ਵਿਸ਼ੇਸ਼ ਸਥਾਨ ਹਨ।
ਇਹ ਦਰਖ਼ਤ ਸੈਟੇਲੇਸੀ ਕੁਲ ਨਾਲ ਸਬੰਧਤ ਹੈ ਅਤੇ ਇਸ ਦਾ ਵਿਗਿਆਨਕ ਨਾਂ ਸੈਂਟੇਲਮ ਐਲਬਮ ਹੈ। ਇਸ ਰੁੱਖ ਦੀ ਜਿਉਂ ਜਿਉਂ ਉਮਰ ਵਧਦੀ ਹੈ, ਇਸ ਦੇ ਤਣੇ ਅਤੇ ਜੜ੍ਹਾਂ ਦੀ ਲੱਕੜ ਵਿਚ ਖੁਸ਼ਬੂਦਾਰ ਤੇਲ ਦੀ ਮਾਤਰਾ ਵੀ ਵਧਦੀ ਜਾਂਦੀ ਹੈ। ਇਸ ਰੁੱਖ ਦੀ ਲੱਕੜੀ ਨੂੰ ਪੱਕਣ ਲਈ ਲਗਭਗ 60 ਤੋਂ 80 ਸਾਲ ਤਕ ਲਗ ਜਾਂਦੇ ਹਨ।
ਇਸ ਰੁੱਖ ਦੀ ਲੱਕੜ ਦਾ ਛਿਲਕਾ, ਬੁਰਾਦਾ ਨਰਮ ਲੱਕੜੀ, ਜੜ੍ਹ ਆਦਿ ਸਾਰੇ ਹੀ ਵੱਖ ਵੱਖ ਮੰਤਵ ਲਈ ਵਰਤੇ ਜਾਂਦੇ ਹਨ। ਇਹ ਲੱਕੜ ਆਮ ਤੌਰ ਤੇ ਮੂਰਤੀ ਕਲਾ ਤੇ ਸਜਾਵਟੀ ਸਾਮਾਨ ਬਣਾਉਣ ਲਈ ਵਧੇਰੇ ਵਰਤੀ ਜਾਂਦੀ ਹੈ। ਅਗਰਬੱਤੀ, ਹਵਨ ਦੀ ਸਮੱਗਰੀ, ਸੁਗੰਧਤ ਤੇਲ ਆਦਿ ਵੀ ਚੰਦਨ ਤੋਂ ਤਿਆਰ ਕੀਤੇ ਜਾਂਦੇ ਹਨ। ਲਗਭਗ ਇਕ ਮੀ. ਟਨ ਚੰਦਨ ਦੀ ਲੱਕੜੀ ਤੋਂ 47 ਤੋਂ 50 ਕਿ. ਗ੍ਰਾ. ਤਕ ਚੰਦਨ ਦਾ ਤੇਲ ਪ੍ਰਾਪਤ ਹੁੰਦਾ ਹੈ।
ਚੰਦਨ ਦਾ ਟਿੱਕਾ ਮੱਥੇ ਤੇ ਲਾਇਆ ਜਾਂਦਾ ਹੈ। ਸਿਰ ਦੁਖਣ ਉੱਤੇ ਇਸ ਦਾ ਮੱਥੇ ਤੇ ਲੇਪ ਕੀਤਾ ਜਾਂਦਾ ਹੈ ਜੋ ਸਿਰ ਨੂੰ ਠੰਢਕ ਪਹੁੰਚਾਉਂਦਾ ਹੈ। ਇਸ ਦਾ ਸ਼ਰਬਤ ਪਿੱਤ (ਗਰਮੀ) ਨਾਲ ਹੋਏ ਬੁਖ਼ਾਰ ਨੂੰ ਦੂਰ ਕਰਦਾ ਹੈ। ਇਸ ਤੋਂ ਸੁਗੰਧਤ ਸ਼ਿੰਗਾਰ ਸਮੱਗਰੀ ਤਿਆਰ ਕੀਤੀ ਜਾਂਦੀ ਹੈ। ਜੈਤਸਰੀ ਦੀ ਵਾਰ ਵਿਚ ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ ਕਿ ਚੰਦਨ, ਚੰਦ ਅਤੇ ਸਰਦੀ ਦੀ ਰੁੱਤ ਭਾਵੇਂ ਠੰਢੀਆਂ ਹਨ ਪਰ ਤਪਦੇ ਮਨ ਨੂੰ ਸੀਤਲ ਕਰਨ ਵਾਲਾ ਕੇਵਲ ਪ੍ਰਭੂ ਦਾ ਨਾਮ ਹੈ :–
‘‘ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ‖’’
ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ‖’’
ਸੈਡਲ ਸਪਾਈਕ ਇਸ ਰੁੱਖ ਦੀ ਇਕ ਭਿਆਨਕ ਬੀਮਾਰੀ ਹੈ। ਇਸ ਨਾਲ ਰੁੱਖ ਦੇ ਪੱਤੇ ਸੁੰਗੜ ਜਾਂਦੇ ਹਨ ਅਤੇ ਇਹ ਰੁੱਖ ਨੂੰ ਬਿਲਕੁਲ ਹੀ ਖ਼ਤਮ ਕਰ ਦਿੰਦੀ ਹੈ। ਇਸ ਰੁੱਖ ਲਈ ਢਾਲਵੀਂ ਜ਼ਮੀਨ, ਪਾਣੀ ਸੋਖਣ ਵਾਲੀ ਉਪਜਾਊ ਚੀਕਣੀ ਮਿੱਟੀ ਅਤੇ 500 ਤੋਂ 625 ਮਿ. ਮੀ. ਸਾਲਾਨਾ ਵਰਖਾ ਲਾਹੇਵੰਦ ਸਿੱਧ ਹੁੰਦੇ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3383, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-03-11-58, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.: ਮੇ. ਪ. ਇ. ਪੰ.; ਹਿੰ. ਵਿ. ਕੋ.
ਵਿਚਾਰ / ਸੁਝਾਅ
Please Login First