ਚੰਬਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੰਬਾ 1 [ਨਾਂਪੁ] ਇੱਕ ਖ਼ੁਸ਼ਬੂਦਾਰ ਬੂਟਾ ਅਤੇ ਉਸ ਦਾ ਫੁੱਲ; ਪੰਛੀਆਂ ਦੀ ਡਾਰ 2 [ਨਿਪੁ] ਹਿਮਾਚਲ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਦਾ ਨਾਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੰਬਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੰਬਾ. ਦੇਖੋ. ਚੰਪਾ। ੨ ਇੱਕ ਪਹਾੜੀ ਰਿਆਸਤ , ਜਿਸ ਦਾ ਪ੍ਰਧਾਨ ਨਗਰ ਚੰਬਾ ਹੈ. ਇਸ ਦੇ ਉੱਤਰ ਅਤੇ ਪੱਛਮ ਕਸ਼ਮੀਰ ਰਾਜ ਅਤੇ ਦੱਖਣ ਗੁਰਦਾਸਪੁਰ ਦਾ ਜਿਲਾ ਅਰ ਕਾਂਗੜਾ ਹੈ. ਚੰਬਾ ਨਗਰ ਰਾਵੀ ਨਦੀ ਦੇ ਸੱਜੇ ਕਿਨਾਰੇ ਸਨ ੯੨੦ ਵਿੱਚ ਸਾਹਿਲਵਰਮਾ ਨੇ ਵਸਾਇਆ ਹੈ. ਇਹ ਪਠਾਨਕੋਟ ਤੋਂ ਸੜਕ ਦੇ ਰਸਤੇ ੭੦ ਮੀਲ ਹੈ. ਚੰਬਾ ਰਿਆਸਤ ਦਾ ਰਕਬਾ ੩੨੦੦ ਵਰਗ ਮੀਲ ਅਤੇ ਆਬਾਦੀ ੪੧੮੬੭ ਹੈ. ੧ ਨਵੰਬਰ ਸਨ ੧੯੨੧ ਤੋਂ ਰਿਆਸਤ ਦਾ ਨੀਤਿ ਸਬੰਧ ਏ. ਜੀ. ਜੀ. ਪੰਜਾਬ ਸਟੇਟਸ ਨਾਲ ਹੈ. ਚੰਬੇ ਦਾ ਦਰਜਾ ਪੰਜਾਬ ਦੀ ਰਿਆਸਤਾਂ ਵਿੱਚ ਚੌਦ੍ਹਵਾਂ ਹੈ. ਇਸ ਵੇਲੇ ਰਾਜ ਗੱਦੀ ਤੇ ਰਾਜਾ ਰਾਮ ਸਿੰਘ ਹੈ ਜਿਸ ਦਾ ਜਨਮ ੧੦ ਅਕਤੂਬਰ ਸਨ ੧੮੯੦ ਨੂੰ ਹੋਇਆ ਹੈ.
੩ ਵਿ—ਚਿਤ੍ਰ ਵਿਚਿਤ੍ਰ ਡੱਬ ਖੜੱਬਾ. “ਚੰਬੀ ਬੜਵਾ ਨਿਕਟ ਅਨਾਏ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5979, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੰਬਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਚੰਬਾ : ਇਹ ਜੈਸਮੀਨਮ ਪ੍ਰਜਾਤੀ ਅਤੇ ਓਲੀਏਸੀ ਕੁਲ ਦਾ ਪੌਦਾ ਹੈ ਜਿਸ ਦਾ ਬਨਸਪਤੀ-ਵਿਗਿਆਨਕ ਨਾਂ ਜੈਸਮੀਨਮ ਹਿਊਮਾਈਲ ਹੈ। ਇਸ ਪੌਦੇ ਦੀ ਵਰਤੋਂ ਔਸ਼ਧੀ ਗੁਣਾਂ ਕਰਕੇ ਵਧੇਰੇ ਕੀਤੀ ਜਾਂਦੀ ਹੈ। ਇਸ ਦੇ ਫੁੱਲਾਂ ਦਾ ਅਰਕ ਦਿਲ ਨੂੰ ਤਾਕਤ ਦਿੰਦਾ ਹੈ ਅਤੇ ਪੇਟ ਦੀਆਂ ਬੀਮਾਰੀਆਂ ਦੇ ਇਲਾਜ ਲਈ ਲਾਹੇਵੰਦ ਹੈ। ਇਸ ਦੇ ਫੁੱਲਾਂ ਵਿਚ ਬਾਧਕ ਗੁਣ ਵੀ ਹਨ। ਇਸ ਪੌਦੇ ਦੀਆਂ ਜੜ੍ਹਾਂ ਤੋਂ ਬਣਾਈ ਗਈ ਦਵਾਈ ਧੱਦਰ (ਲੂਤਾਂ) ਦੇ ਇਲਾਜ ਲਈ ਵਰਤੀ ਜਾਂਦੀ ਹੈ। ਪੌਦੇ ਦਾ ਦੋਧਕ ਰਸ ਪੁਰਾਣੀਆਂ ਸਾਇਨਸਾਂ ਅਤੇ ਨਾਸੂਰ ਲਈ ਵੀ ਕਾਫ਼ੀ ਲਾਹੇਵੰਦ ਹੈ।
ਹ. ਪੁ.––ਗ. ਇੰ. ਮੈ. ਪ. : 144
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4717, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no
ਚੰਬਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਚੰਬਾ : ਰਿਆਸਤ––ਇਹ ਭਾਰਤ ਦੇ ਸੁਤੰਤਰ ਹੋਣ ਤੋਂ ਪਹਿਲਾਂ ਪੰਜਾਬ ਦੀ ਇਕ ਦੇਸੀ ਰਿਆਸਤ ਸੀ ਜੋ ਪ੍ਰਬੰਧਕੀ ਪਖੋਂ ਲਾਹੌਰ ਡਵੀਜ਼ਨ ਦੇ ਕਮਿਸ਼ਨਰ ਦੇ ਅਧੀਨ ਸੀ। ਇਸ ਦਾ ਖੇਤਰਫ਼ਲ 3,282 ਵ. ਕਿ. ਮੀ. ਸੀ। ਇਹ ਚਾਰਾਂ ਪਾਸਿਆਂ ਤੋਂ ਪਹਾੜੀਆਂ ਨਾਲ ਘਿਰੀ ਹੋਈ ਸੀ। ਇਸ ਦੇ ਉੱਤਰ-ਪੱਛਮ ਵਲ ਕਸ਼ਮੀਰ ਸਥਿਤ ਸੀ ਅਤੇ ਦੱਖਣ-ਪੂਰਬ ਵਲ ਬਰਤਾਨਵੀ ਸਮੇਂ ਦੇ ਜ਼ਿਲ੍ਹੇ ਕਾਂਗੜਾ ਅਤੇ ਗੁਰਦਾਸਪੁਰ ਸਨ। ਬਰਫ਼ਾਨੀ ਚੋਟੀਆਂ ਦੇ ਦੋ ਸਿਲਸਿਲੇ ਅਤੇ ਗਲੇਸ਼ੀਅਰ ਇਸ ਰਿਆਸਤ ਵਿਚ ਸਨ। ਦੱਖਣ-ਪੱਛਮ ਵਲ ਜਰਖੇਜ਼ ਘਾਟੀਆਂ ਸਨ।
ਚੰਬਾ ਰਿਆਸਤ ਦਾ ਸਾਰਾ ਖੇਤਰ ਹੀ ਪਹਾੜੀ ਹੈ। ਰਿਆਸਤ ਵਿਚੋਂ ਲੰਘਣ ਵਾਲੇ ਮੁੱਖ ਦਰਿਆ ਚੰਦਰ ਅਤੇ ਰਾਵੀ ਸਨ ਜੋ ਦੱਖਣ-ਪੂਰਬ ਤੋਂ ਉੱਤਰ-ਪੱਛਮ ਵਲ ਵਹਿੰਦੇ ਸਨ।
ਦੱਖਣੀ ਕਿਨਾਰੇ ਤੇ ਨਾਹਨ ਦਾ ਚਟਾਨੀ ਖੇਤਰ ਲਗਦਾ ਸੀ। ਆਪਣੇ ਮੌਸਮ ਦੇ ਵਖਰੇਵੇਂ ਕਰਕੇ ਇਹ ਰਿਆਸਤ ਬਹੁਤ ਖਿੱਚ ਰੱਖਦੀ ਸੀ। ਚੰਬੇ ਦੇ ਖੇਤਰ ਵਿਚ ਦੂਰੋਂ ਦੂਰੋਂ ਸ਼ਿਕਾਰੀ ਆ ਕੇ ਜੰਗਲੀ ਜਾਨਵਰਾਂ ਅਤੇ ਕੁਝ ਪੰਛੀਆਂ ਦਾ ਸ਼ਿਕਾਰ ਕਰਿਆ ਕਰਦੇ ਸਨ ਅਤੇ ਵੱਡੀਆਂ ਵੱਡੀਆਂ ਨਦੀਆਂ ਵਿਚੋਂ ਮੱਛੀਆਂ ਵੀ ਫੜਿਆ ਕਰਦੇ ਸਨ।
ਚੰਬਾ ਰਿਆਸਤ ਵਿਚ ਤਾਂਬੇ ਦੀਆਂ ਪਲੇਟਾਂ ਉਪਰ ਉਕਰੀਆਂ ਹੋਈਆਂ ਲਿਖਤਾਂ ਮਿਲੀਆਂ ਸਨ ਜਿਨ੍ਹਾਂ ਦੀ ਸਹਾਇਤਾ ਨਾਲ ਚੰਬਾ ਰਿਆਸਤ ਦਾ ਇਤਿਹਾਸ ਤਿਆਰ ਕੀਤਾ ਗਿਆ। ਜਾਪਦਾ ਹੈ ਕਿ ਇਸ ਰਿਆਸਤ ਦੀ ਨੀਂਹ ਛੇਂਵੀ ਸਦੀ ਵਿਚ ਮਾਰੂਤ, ਇਕ ਸੂਰਜਵੰਸ਼ੀ ਰਾਜਪੂਤ ਨੇ ਰੱਖੀ ਸੀ ਜਿਸਨੇ ਬ੍ਰਾਹਮਪੁਰਾ, ਆਧੁਨਿਕ ਬਾਹਮੌਰ ਬਣਾਇਆ ਸੀ। ਮੇਰੂ ਵਰਮਾ ਨੇ 680 ਵਿਚ ਚੰਬਾ ਨੂੰ ਆਪਣੇ ਰਾਜਖੇਤਰ ਵਿਚ ਸ਼ਾਮਲ ਕੀਤਾ। ਚੰਬਾ ਸ਼ਹਿਰ ਸਾਹਿਲ ਵਰਮਾ ਨੇ 920 ਈ. ਦੇ ਲਗਭਗ ਬਣਾਇਆ ਸੀ। ਇਹ ਰਿਆਸਤ ਹਮੇਸ਼ਾ ਸੁਤੰਤਰ ਹੀ ਰਹੀ ਪਰ ਕਈ ਵਾਰ ਇਹ ਨਾਂ-ਮਾਤਰ ਜਿਹੀ ਕਸ਼ਮੀਰ ਦੇ ਅਧੀਨ ਹੋ ਜਾਂਦੀ। ਅਖ਼ੀਰ ਹਿੰਦੁਸਤਾਨ ਉਪਰ ਮੁਗ਼ਲਾਂ ਦਾ ਕਬਜ਼ਾ ਹੋ ਗਿਆ। ਮੁਗ਼ਲਾਂ ਅਧੀਨ ਇਹ ਰਿਆਸਤ ਮੁਗ਼ਲ ਹਕੂਮਤ ਨੂੰ ਖਿਰਾਜ ਦੇਣ ਲਗ ਪਈ ਪਰ ਅੰਦਰੂਲੀ ਮਾਮਲਿਆਂ ਵਿਚ ਇਹ ਸੁਤੰਤਰ ਹੀ ਰਹੀ। ਸਿੱਖਾਂ ਦੇ ਜ਼ੋਰ ਫੜਨ ਤੇ ਇਸ ਰਿਆਸਤ ਨੂੰ ਕੋਈ ਫਰਕ ਨਾ ਪਿਆ ਕਿਉਂਕਿ ਸਿੱਖਾਂ ਨੇ ਇਸ ਉਪਰ ਕੋਈ ਹਮਲਾ ਨਾ ਕੀਤਾ। ਸੰਨ 1846 ਵਿਚ ਇਹ ਰਿਆਸਤ ਪਹਿਲੀ ਵਾਰ ਅੰਗਰੇਜ਼ਾਂ ਦੇ ਪ੍ਰਭਾਵ ਹੇਠ ਆਈ। ਰਾਵੀ ਦਰਿਆ ਦੇ ਪੱਛਮ ਵਲ ਪੈਂਦਾ ਭਾਗ ਕਸ਼ਮੀਰ ਨੂੰ ਦੇ ਦਿੱਤਾ ਗਿਆ। ਬਾਕੀ ਦਾ ਬਚਿਆ ਇਲਾਕਾ ਇਸ ਰਿਆਸਤ ਕੋਲ ਰਿਹਾ। ਬਾਅਦ ਵਿਚ ਵੀ ਰਿਆਸਤ ਕੋਲ ਇਹੀ ਖੇਤਰ ਕਾਇਮ ਰਿਹਾ। ਫਰਕ ਕੇਵਲ ਇੰਨਾ ਸੀ ਕਿ ਇਸ ਨੂੰ ਹੁਣ ਰਿਆਸਤ ਕਸ਼ਮੀਰ ਤੋਂ ਬਿਲਕੁਲ ਸੁਤੰਤਰ ਕਰਾਰ ਦਿੱਤਾ ਗਿਆ। ਸੰਨ 1848 ਵਿਚ ਅੰਗਰੇਜ਼ਾਂ ਨੇ ਇਸ ਰਿਆਸਤ ਦੀ ਮਾਲਕੀ ਦੀ ਸਨਦ ਚੰਬੇ ਦੇ ਰਾਜੇ ਨੂੰ ਦੇ ਦਿੱਤੀ।
ਚੰਬਾ ਰਿਆਸਤ ਦੀ ਮੁੱਖ ਉਪ-ਭਾਸ਼ਾ ਚੰਬਿਆਲੀ ਸੀ। ਇਹ ਉਪ-ਭਾਸ਼ਾ ਸਾਰੀ ਰਿਆਸਤ ਦੇ ਵਾਸੀ ਸਮਝਦੇ ਸਨ। ਲਿਪੀ ਟਾਕਰੀ ਸੀ। ਹਿੰਦੀ, ਉਰਦੂ ਤੇ ਪੰਜਾਬੀ ਵੀ ਰਿਆਸਤ ਦੇ ਲੋਕ ਬੋਲਦੇ ਸਨ। ਰਿਆਸਤ ਵਿਚ ਕੁਝ ਰਾਜਪੂਤ ਘਰ ਵੀ ਸਨ ਜਿਨ੍ਹਾਂ ਨੂੰ ਉਚ ਕੁਲ ਦਾ ਸਮਝਿਆ ਜਾਂਦਾ ਸੀ। ਬ੍ਰਾਹਮਣਾਂ ਦੀ ਗਿਣਤੀ ਵੀ ਕਾਫ਼ੀ ਸੀ।
ਗੱਦੀ ਲੋਕ ਅਤੇ ਹੋਰ ਕਬੀਲਿਆਂ ਦੇ ਲੋਕ ਖੇਤੀਬਾੜੀ ਕਰਦੇ ਅਤੇ ਪਸ਼ੂ ਚਰਾਉਂਦੇ ਸਨ। ਚੰਬੇ ਦੇ ਅਸਲ ਵਸਨੀਕ ਆਪਣੇ ਹੱਥ ਨਾਲ ਖੇਤੀ ਕਰਨ ਨੂੰ ਚੰਗਾ ਨਹੀਂ ਸਮਝਦੇ ਸਨ। ਇਸ ਰਿਆਸਤ ਵਿਚ ਬਹੁਸੰਮਤੀ ਰਾਠੀਆਂ ਦੀ ਸੀ। ਉਹ ਖੇਤੀਬਾੜੀ, ਵਪਾਰ ਤੇ ਲੋੜ ਪੈਣ ਤੇ ਨੌਕਰੀ ਵੀ ਕਰ ਲੈਂਦੇ ਸਨ ਘਰਾਂ ਵਿਚ ਛੋਟੀਆਂ ਮੋਟੀਆਂ ਦਸਤਕਾਰੀਆਂ ਵੀ ਸਥਾਪਤ ਸਨ। ਹੇਠਲੇ ਵਰਗ ਦੀਆਂ ਜਾਤਾਂ ਵਿਚ ਹਾਲੀ, ਕੋਲੀ, ਚਮਾਰ ਡੂਮ ਆਦਿ ਸ਼ਾਮਲ ਸਨ।
ਚੰਬਾ ਰਿਆਸਤ ਵਿਚ ਈਸਾਈ ਧਰਮ ਦਾ ਪ੍ਰਚਾਰ ਕਾਫ਼ੀ ਜ਼ਿਆਦਾ ਸੀ। ਕਈ ਚਰਚ ਇਸ ਰਿਆਸਤ ਵਿਚ ਸਥਾਪਤ ਹੋ ਗਏ ਸਨ।
ਸਾਰੀ ਰਿਆਸਤ ਦੀ ਜ਼ਮੀਨ ਦਾ ਮਾਲਕ ਰਾਜਾ ਸੀ। ਰਾਜੇ ਤੋਂ ਠੇਕੇ ਤੇ ਜ਼ਮੀਨ ਲੈਣ ਵਾਲਿਆਂ ਨੂੰ ਮਾਲਗੁਜ਼ਾਰ ਕਿਹਾ ਜਾਂਦਾ ਸੀ। ਮਾਲਗੁਜ਼ਾਰ ਨੂੰ ਆਪਣਾ ਕਬਜ਼ਾ ਅਗੇ ਵੇਚਣ ਜਾਂ ਰਹਿਨ ਰੱਖਣ ਦਾ ਅਧਿਕਾਰ ਪ੍ਰਾਪਤ ਸੀ।
ਰਿਆਸਤ ਵਿਚ ਹੋਣ ਵਾਲੀਆਂ ਫ਼ਸਲਾਂ ਵਿਚ ਚੌਲ, ਮੱਕੀ, ਜਵਾਰ, ਬਾਜਰਾ, ਦਾਲਾਂ ਅਤੇ ਆਲੂ ਸ਼ਾਮਲ ਸਨ। ਚੌਰਾਹ ਵਜ਼ਾਰਤ ਵਿਚ ਪੋਸਤ ਵੀ ਉਗਾਇਆ ਜਾਂਦਾ ਸੀ। ਕਾਂਗੜੇ ਜ਼ਿਲ੍ਹੇ ਦੇ ਸ਼ਾਹਪੁਰ ਦੇ ਨਾਲ ਲਗਦੇ ਖੇਤਰ ਵਿਚ ਚਾਹ ਦੀ ਕਾਸ਼ਤ ਵੀ ਕੀਤੀ ਜਾਂਦੀ ਸੀ ਸਿੰਜਾਈ ਕੂਹਲਾਂ ਰਾਹੀਂ ਕੀਤੀ ਜਾਂਦੀ ਸੀ।
ਇਸ ਰਿਆਸਤ ਵਿਚ ਪਸ਼ੂ ਬਹੁਤ ਛੋਟੇ ਕੱਦ ਦੇ ਅਤੇ ਘਟੀਆ ਨਸਲ ਦੇ ਸਨ। ਮੱਝਾਂ ਵਧੇਰੇ ਕਰਕੇ ਗੁੱਜਰ ਰੱਖਦੇ ਸਨ। ਲਾਹੋਲ ਦੀਆਂ ਪਹਾੜੀਆਂ ਉਪਰ ਟੱਟੂ ਮਿਲਦੇ ਸਨ ਜੋ ਕਾਫ਼ੀ ਦੂਰ ਦੂਰ ਤਕ ਮਸ਼ਹੂਰ ਸਨ। ਭੇਡਾਂ, ਬੱਕਰੀਆਂ ਆਦਿ ਵੀ ਰਿਆਸਤ ਦੇ ਲੋਕ ਪਾਲਦੇ ਸਨ।
ਰਿਆਸਤ ਵਿਚ ਜੰਗਲ ਕਾਫ਼ੀ ਜ਼ਿਆਦਾ ਮਿਲਦੇ ਸਨ, ਜਿਹੜੇ ਕਿ ਪਟੇ ਤੇ ਦੇ ਦਿੱਤੇ ਜਾਂਦੇ ਸਨ। ਇਥੋਂ ਦਿਉਦਾਰ, ਚੀੜ ਆਦਿ ਦੇ ਫੱਟੇ ਤੇ ਸਲੀਪਰ ਰਾਵੀ ਅਤੇ ਅੱਗੋਂ ਚਨਾਬ ਦਰਿਆ ਵਿਚੋਂ ਲਾਹੌਰ ਅਤੇ ਵਜ਼ੀਰਬਾਦ (ਪਾਕਿਸਤਾਨ) ਵੀ ਭੇਜੇ ਜਾਂਦੇ ਸਨ।
ਪਹਾੜੀ ਸਿਲਸਲਿਆਂ ਉਪਰ ਖਣਿਜ ਕਾਫ਼ੀ ਮਾਤਰਾ ਵਿਚ ਮਿਲਦੇ ਸਨ।
ਲੋਹਾ ਬਾਹਮੋਰ ਅਤੇ ਚੌਰਾਹ ਵਜ਼ਾਰਤਾਂ ਵਿਚ ਮਿਲਦਾ ਸੀ। ਵਿਸ਼ੇਸ਼ ਤੌਰ ਤੇ ਡਲਹੌਜ਼ੀ ਦੇ ਨੇੜੇ ਪੱਥਰ ਦੀਆਂ ਸਲੇਟਾਂ ਦੀਆਂ ਖਾਣਾਂ ਕਾਫ਼ੀ ਮਿਲਦੀਆਂ ਸਨ।
ਇਸ ਰਿਆਸਤ ਵਿਚ ਵੱਡੇ ਵੱਡੇ ਕਾਰਖ਼ਾਨੇ ਨਹੀਂ ਸਨ। ਲੋਕ ਕੇਵਲ ਉਹ ਚੀਜ਼ਾਂ ਤਿਆਰ ਕਰਦੇ ਸਨ ਜੋ ਰੋਜ਼ਾਨਾ ਜੀਵਨ ਵਿਚ ਉਨ੍ਹਾਂ ਦੇ ਕੰਮ ਆਉਣ। ਪਿੱਤਲ ਅਤੇ ਲੱਕੜੀ ਤੋਂ ਛੋਟੀਆਂ ਮੋਟੀਆਂ ਚੀਜ਼ਾਂ ਤਿਆਰ ਕਰਨਾ, ਰੰਗਾਈ ਦਾ ਕੰਮ ਕਰਨਾ, ਕਪੜਾ ਬੁਣਨਾ ਆਦਿ ਛੋਟੀਆਂ ਦਸਤਕਾਰੀਆਂ ਸਥਾਪਤ ਸਨ। ਰਿਆਸਤ ਵਿਚੋਂ ਸ਼ਹਿਦ, ਘਿਉ, ਉੱਨ ਅਖ਼ਰੋਟ ਦੇ ਬ੍ਰਿਛਾਂ ਦੀ ਛਾਲ, ਅਖ਼ਰੋਟ, ਲਾਖ, ਦਵਾਈਆਂ, ਸ਼ਤੀਰੀ ਲੱਕੜੀ ਅਤੇ ਜੰਗਲਾਂ ਤੋਂ ਪ੍ਰਾਪਤ ਹੋਣ ਵਾਲੀਆਂ ਹੋਰ ਬਹੁਤ ਸਾਰੀਆਂ ਵਸਤਾਂ ਦਾ ਨਿਰਯਾਤ ਹੁੰਦਾ ਸੀ। ਬਾਹਰੋਂ ਕਪੜੇ ਦੇ ਥਾਨ, ਬਰਤਨ, ਨਮਕ, ਖੰਡ, ਚਰਸ, ਤੇਲ ਅਤੇ ਸ਼ੀਰ ਦਾ ਆਯਾਤ ਹੁੰਦਾ ਸੀ।
ਚੰਬਾ ਸ਼ਹਿਰ ਪਠਾਨਕੋਟ ਤੋਂ ਮੁੱਖ ਸੜਕ ਤੇ 112 ਕਿ. ਮੀ. ਦੀ ਦੂਰੀ ਤੇ ਹੈ। ਸੜਕ ਦੁਨੇਰਾ ਅਤੇ ਡਲਹੌਜ਼ੀ ਵਿਚੋਂ ਦੀ ਹੋ ਕੇ ਜਾਂਦੀ ਸੀ। ਚੰਬਾ ਡਲਹੌਜ਼ੀ ਤੋਂ 25 ਕਿ. ਮੀ. ਦੂਰ ਹੈ। ਇਕ ਹੋਰ ਸੜਕ ਪਠਾਨਕੋਟ ਤੋਂ ਕਾਂਗੜਾ ਜ਼ਿਲ੍ਹੇ ਦੇ ਨੂਰਪੂਰ ਤੋਂ ਹੁੰਦੀ ਹੋਈ ਚੰਬਾ ਸ਼ਹਿਰ ਤੱਕ ਜਾਂਦੀ ਸੀ। ਸਰਦੀਆਂ ਦੇ ਮੌਸਮ ਵਿਚ ਇਨ੍ਹਾਂ ਸੜਕਾਂ ਰਾਹੀਂ ਆਵਾਜਾਈ ਨਹੀਂ ਹੋ ਸਕਦੀ ਸੀ। ਨਤੀਜੇ ਦੇ ਤੌਰ ਤੇ ਬਾਠਰੀ ਅਤੇ ਚੈਹਲ ਵਿਚੋਂ ਦੀ ਹੋ ਕੇ ਜਾਣਾ ਪੈਂਦਾ ਸੀ।
ਬਰਤਾਨਵੀ ਸਰਕਾਰ ਅਤੇ ਰਿਆਸਤ ਵਿਚਕਾਰ ਡਾਕ ਸਬੰਧ 1886 ਦੀ ਕਨਵੈਨਸ਼ਨ ਉਪਰ ਆਧਾਰਤ ਸਨ। ਹਿੰਦੁਸਤਾਨੀ ਟਿਕਟਾਂ ਜਿਨ੍ਹਾਂ ਉਪਰ ਚੰਬਾ ਰਿਆਸਤ ਦੀ ਮੁਹਰ ਲੱਗੀ ਹੁੰਦੀ ਸੀ, ਹੀ ਚੰਬਾ ਰਿਆਸਤ ਦੇ ਡਾਕਖ਼ਾਨਿਆਂ ਵਿਚ ਮਿਲਦੀਆਂ ਸਨ। ਜੇ ਰਿਆਸਤ ਤੋਂ ਬਾਹਰ ਚਿੱਠੀ ਪੱਤਰ ਕਰਨਾ ਹੁੰਦਾ ਸੀ ਜਾਂ ਕੋਈ ਚੀਜ਼ ਭੇਜਣੀ ਹੁੰਦੀ ਤਾਂ ਸਾਧਾਰਨ ਹਿੰਦੁਸਤਾਨੀ ਟਿਕਟਾਂ ਹੀ ਕੰਮ ਦੇ ਜਾਂਦੀਆਂ ਸਨ। ਪੂਰੀ ਰਿਆਸਤ ਵਿਚ 8 ਡਾਕਖ਼ਾਨੇ ਸਨ ਅਤੇ ਇਨ੍ਹਾਂ ਵਿਚ ਰਾਜਧਾਨੀ ਦਾ ਕੇਂਦਰੀ ਦਫ਼ਤਰ ਵੀ ਸ਼ਾਮਲ ਸੀ। ਡਾਕ ਵਿਭਾਗ ਪੋਸਟ ਮਾਸਟਰ ਜਨਰਲ ਦੇ ਨਿਯੰਤਰਣ ਅਧੀਨ ਸੀ ਅਤੇ ਡਾਕਖ਼ਾਨਿਆਂ ਦੇ ਮੁਆਇਨੇ ਦਾ ਕੰਮ ਅੰਬਾਲਾ ਡਵੀਜ਼ਨ ਦੇ ਡਾਕਖ਼ਾਨਿਆਂ ਦੇ ਨਿਰੀਖਕ ਦੇ ਸਪੁਰਦ ਸੀ।
ਪ੍ਰਸ਼ਾਸਨ ਦੇ ਕੰਮ ਵਿਚ ਰਾਜੇ ਦੀ ਸਹਾਇਤਾ ਵਜ਼ੀਰ ਕਰਦਾ ਸੀ ਜਿਹੜਾ ਕਿ ਮੁੱਖ ਕਾਰਜਕਾਰੀ ਅਫ਼ਸਰ ਸੀ ਅਤੇ ਅਦਾਲਤੀ ਵਿਭਾਗ ਦਾ ਮੁਖੀ ਵੀ ਸੀ। ਰਾਜੇ ਨੇ ਆਪਣੀ ਸਹਾਇਤਾ ਲਈ ਇਕ ਬਖ਼ਸ਼ੀ ਅਰਥਾਤ ਮੁੱਖ ਮਾਲ ਅਫ਼ਸਰ ਵੀ ਨਿਯੁਕਤ ਕੀਤਾ ਹੋਇਆ ਸੀ। ਰਾਜੇ ਤੋਂ ਬਾਅਦ ਵਜ਼ੀਰ ਦਾ ਨੰਬਰ ਆਉਂਦਾ ਸੀ ਅਤੇ ਰਾਜੇ ਦੀ ਗ਼ੈਰਹਾਜ਼ਰੀ ਵਿਚ ਵਜ਼ੀਰ ਨੂੰ ਹੀ ਸਾਰੇ ਅਧਿਕਾਰ ਪ੍ਰਾਪਤ ਹੁੰਦੇ ਸਨ।
ਰਿਆਸਤ ਪੰਜ ਵਜ਼ਾਰਤਾਂ–ਬ੍ਰਾਹਮੋਰ, ਚੰਬਾ, ਭਤੀਆਤ ਚੌਰਾਹ ਤੇ ਪਾਂਗੀ ਵਿਚ ਵੰਡੀ ਹੋਈ ਸੀ। ਵਜ਼ਾਰਤਾਂ ਅੱਗੇ ਪਰਗਨਿਆਂ ਵਿਚ ਵੰਡੀਆਂ ਹੋਈਆਂ ਸਨ। ਚੰਬਾ ਸ਼ਹਿਰ ਨੂੰ ਛੱਡ ਕੇ ਰਿਆਸਤ ਵਿਚ 1617 ਪਿੰਡ ਸਨ। ਸੰਨ 1907 ਵਿਚ ਰਿਆਸਤ ਦੀ ਆਬਾਦੀ 1,27,824 ਸੀ ਜਿਸ ਵਿਚ ਲਗਭਗ 907 ਹਿੰਦੂ ਸਨ। ਹਰ ਪਰਗ਼ਨੇ ਵਿਚ ਸ਼ਾਮਲ ਪਿੰਡਾਂ ਤੋਂ ਭੋਂ––ਮਾਮਲਾ ਉਗਰਾਹੁਣ ਦੀ ਜ਼ਿੰਮੇਵਾਰੀ ਲਿਖਣ-ਹਾਰ ਅਰਥਾਤ ਲੇਖਾਕਾਰ ਉਪਰ ਸੀ। ਉਸ ਦੀ ਸਹਾਇਤਾ ਲਈ ‘ਉਗਰਾਹਕ’ ਨਿਯੁਕਤ ਕੀਤੇ ਗਏ ਸਨ ਜਿਹੜੇ ਪਿੰਡਾਂ ਤੋ ਭੋਂ-ਮਾਮਲਾ ਉਗਰਾਹੁੰਦੇ ਸਨ। ਪਿੰਡ ਦੇ ਪੱਧਰ ਤੇ ਇਕ ਕਾਨਸਟੇਬਲ ਵੀ ਨਿਯੁਕਤ ਸੀ ਜਿਸਨੂੰ ਬਟਵਾਲ ਕਹਿੰਦੇ ਸਨ। ਇਸ ਦੇ ਅਧੀਨ ਹੋਰ ਕਰਮਚਾਰੀ ਸਨ।
ਹ. ਪੁ.––ਇੰਪ. ਗ. ਇੰਡ. 10 : 129
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4717, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no
ਚੰਬਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਚੰਬਾ : ਸ਼ਹਿਰ––ਇਹ ਸ਼ਹਿਰ ਬਰਤਾਨਵੀ ਕਾਲ ਵਿਚ ਚੰਬਾ ਰਿਆਸਤ ਦੀ ਰਾਜਧਾਨੀ ਸੀ। ਅੱਜਕਲ੍ਹ ਇਹ ਹਿਮਾਚਲ ਰਾਜ ਦੇ ਚੰਬਾ ਜ਼ਿਲ੍ਹੇ ਦਾ ਸਦਰਮੁਕਾਮ ਹੈ। ਰਾਵੀ ਦਰਿਆ ਦੇ ਸੱਜੇ ਕੰਢੇ ਤੇ ਇਕ ਪਠਾਰ ਉੱਪਰ ਸ਼ਿਮਲੇ ਤੋਂ ਲਗਭਗ 184 ਕਿ. ਮੀ. ਉੱਤਰ-ਪੱਛਮ ਵਿਚ ਵੱਸਿਆ ਹੋਇਆ ਹੈ।
ਇਥੇ ਜਵਾਰ, ਬਾਜਰਾ, ਚੌਲ, ਉੱਨ, ਸ਼ਹਿਦ, ਲੱਕੜੀ, ਸੂਤੀ ਕਪੜੇ ਤੇ ਫ਼ਲਾਂ ਦਾ ਵਪਾਰ ਹੁੰਦਾ ਹੈ। ਇਥੇ ਮਲੇਰੀਏ ਦੀ ਦਵਾਈ ਤੇ ਅੱਖਾਂ ਦੀ ਦਵਾਈ ਤਿਆਰ ਹੁੰਦੀ ਹੈ। ਇਥੇ ਇਕ ਪ੍ਰਸਿੱਧ ਲਾਇਬ੍ਰੇਰੀ ਵੀ ਹੈ।
ਆਬਾਦੀ––17,194 (1991)
32° 29' ਉ. ਵਿਥ.; 76° 11' ਪੂ. ਲੰਬ.
ਹ. ਪੁ.––ਇੰਪ. ਗ. ਇੰਡ. 10 : 33; ਹਿੰ. ਵਿ. ਕੋ. 4 : 149
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no
ਚੰਬਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਚੰਬਾ : ਰਿਆਸਤ – ਦੇਸ਼ ਦੀ ਵੰਡ ਤੋਂ ਪਹਿਲਾਂ ਪਹਾੜੀ ਪੰਜਾਬ ਦੀ ਇਕ ਦੇਸੀ ਰਿਆਸਤ ਸੀ ਜੋ ਪ੍ਰਬੰਧਕੀ ਪੱਖੋਂ ਲਾਹੌਰ ਡਿਵੀਜ਼ਨ ਦੇ ਕਮਿਸ਼ਨਰ ਦੇ ਅਧੀਨ ਸੀ। ਇਸ ਦਾ ਕੁੱਲ ਰਕਬਾ 8230.5 ਵ.ਕਿ.ਮੀ.ਸੀ ਅਤੇ ਇਹ ਚਾਰੇ ਪਾਸਿਓਂ ਉੱਚੀਆਂ ਪਹਾੜੀਆਂ ਨਾਲ ਘਿਰਿਆ ਹੋਇਆ ਖੇਤਰ ਸੀ। ਇਸ ਦੇ ਉੱਤਰ-ਪੱਛਮ ਵੱਲ ਕਸ਼ਮੀਰ ਅਤੇ ਪੂਰਬ ਤੇ ਦੱਖਣ ਵੱਲ ਕਾਂਗੜਾ ਅਤੇ ਗੁਰਦਾਸਪੁਰ ਦੇ ਜ਼ਿਲ੍ਹੇ ਸਨ। ਇਸ ਇਲਾਕੇ ਵਿਚੋਂ ਬਰਫ਼ਾਨੀ ਪਹਾੜਾਂ ਦੀਆਂ ਦੋ ਧਾਰਾਵਾਂ ਲੰਘਦੀਆਂ ਹਨ। ਸਾਬਕਾ ਚੰਬਾ ਰਿਆਸਤ ਦਾ ਸਾਰਾ ਖੇਤਰ ਹੀ ਪਹਾੜੀ ਹੈ। ਰਿਆਸਤ ਵਿਚੋਂ ਲੰਘਣ ਵਾਲੇ ਮੁੱਖ ਦਰਿਆ ਚੰਦਰ ਭਾਗਾ, ਚਨਾਬ ਅਤੇ ਰਾਵੀ ਸਨ ਜੋ ਦੱਖਣ-ਪੂਰਬ ਤੋਂ ਉੱਤਰ-ਪੱਛਮ ਵੱਲ ਵਹਿੰਦੇ ਹਨ।
ਇਤਿਹਾਸ – ਚੰਬਾ ਰਿਆਸਤ ਵਿਚ ਤਾਂਬੇ ਦੀਆਂ ਪਲੇਟਾਂ ਉੱਪਰ ਹੋਈ ਉਕਰਾਈ ਦੀ ਸਹਾਇਤਾ ਨਾਲ ਚੰਬਾ ਰਿਆਸਾਤ ਦੇ ਇਤਿਹਾਸ ਦਾ ਪਤਾ ਲੱਗਦਾ ਹੈ। ਇਨ੍ਹਾਂ ਤੋਂ ਪਤਾ ਚਲਦਾ ਹੈ ਕਿ ਇਸ ਰਿਆਸਤ ਦੀ ਨੀਂਹ ਛੇਂਵੀ ਸਦੀ ਵਿਚ ਮਾਰੂਤ (ਇਕ ਸੂਰਜਬੰਸੀ ਰਾਜਪੂਤ) ਨੇ ਰੱਖੀ ਸੀ ਜਿਸ ਨੇ ਬ੍ਰਾਹਮਪੁਰਾ (ਅੱਜਕੱਲ੍ਹ ਬ੍ਰਾਹਮੌਰ ਜਾਂ ਭਰਮੌਰ) ਸਥਾਪਤ ਕੀਤਾ। ਮੇਰੂ ਵਰਮਾ ਨੇ 680 ਈ. ਵਿਚ ਚੰਬਾ ਨੁੂੰ ਆਪਣੇ ਰਾਜ ਖੇਤਰ ਵਿਚ ਸ਼ਾਮਲ ਕੀਤਾ। ਚੰਬਾ ਸ਼ਹਿਰ ਸਾਹਿਲ ਵਰਮਾ ਨੇ 920 ਈ. ਵਿਚ ਵਸਾਇਆ। ਇਹ ਰਿਆਸਤ ਹਮੇਸ਼ਾ ਸੁਤੰਤਰ ਹੀ ਰਹੀ ਪਰ ਕਈ ਵਾਰ ਇਹ ਨਾ-ਮਾਤਰ ਜਿਹੀ ਕਸ਼ਮੀਰ ਦੇ ਅਧੀਨ ਵੀ ਰਹੀ। ਇਹ ਰਿਆਸਤ ਮੁਗ਼ਲੀਆ ਸਲਤਨਤ ਨੂੰ ਖਿਰਾਜ ਦਿੰਦੀ ਰਹੀ। ਸਿੱਖ ਰਾਜ-ਕਾਲ ਵੇਲੇ ਵੀ ਇਸ ਨੇ ਆਪਣੀ ਹੋਂਦ ਸੁਤੰਤਰ ਹੀ ਰੱਖੀ। ਸੰਨ 1846 ਵਿਚ ਇਹ ਰਿਆਸਤ ਪਹਿਲੀ ਵਾਰ ਅੰਗਰੇਜ਼ਾਂ ਦੇ ਪ੍ਰਭਾਵ ਹੇਠ ਆਈ। ਰਾਵੀ ਦਰਿਆ ਦੇ ਪੱਛਮ ਵੱਲ ਦਾ ਖੇਤਰ ਕਸ਼ਮੀਰ ਨੂੰ ਦੇ ਦਿੱਤਾ ਗਿਆ। ਸੰਨ 1948 ਵਿਚ ਅੰਗਰੇਜ਼ਾਂ ਨੇ ਇਸ ਰਿਆਸਤ ਦੀ ਮਾਲਕੀ ਦੀ ਸਨਦ ਚੰਬੇ ਦੇ ਰਾਜੇ ਨੂੰ ਦੇ ਦਿੱਤੀ। 15 ਅਪ੍ਰੈਲ, 1948 ਨੂੰ ਇਸ ਰਿਆਸਤ ਨੂੰ ਖ਼ਤਮ ਕਰ ਕੇ ਨਵ-ਗਠਿਤ ਹਿਮਾਚਲ ਪ੍ਰਦੇਸ਼ ਵਿਚ ਮਿਲਾ ਦਿੱਤਾ ਗਿਆ।
ਜਲਵਾਯੂ – ਚੰਬਾ ਰਿਆਸਤ ਪਹਾੜੀ ਖੇਤਰ ਵਿਚ ਸੀ ਜਿਥੇ ਕੁਝ ਸਥਾਨ 690 ਮੀ. ਤੋਂ 7,000 ਮੀ. ਉਚਾਈ ਤਕ ਵੀ ਪਾਏ ਜਾਂਦੇ ਹਨ। ਇਸ ਲਈ ਇਥੇ ਕਈ ਤਰ੍ਹਾਂ ਦਾ ਜਲਵਾਯੂ ਪਾਇਆ ਜਾਂਦਾ ਹੈ। ਨੀਵੇਂ ਇਲਾਕਿਆਂ ਵਿਚ ਗਰਮੀ ਘੱਟ ਤਿੱਖੀ ਹੁੰਦੀ ਹੈ, ਵਿਚਕਾਰਲੇ ਇਲਾਕੇ ਵਿਚ ਗਰਮੀ ਕਾਫ਼ੀ ਪਰ ਠੰਢ ਦਰਮਿਆਨੀ ਅਤੇ ਬਰਫ਼ ਹਲਕੀ ਪੈਂਦੀ ਹੈ। 1,700 ਮੀ. ਤੋਂ 6,800 ਮੀ. ਦੇ ਇਲਾਕੇ ਵਿਚ ਗਰਮੀ ਦਰਮਿਆਨੀ, ਠੰਢ ਤਿੱਖੀ ਅਤੇ ਭਾਰੀ ਬਰਫ਼ ਪੈਂਦੀ ਹੈ। ਨੀਵੀਆਂ ਵਾਦੀਆਂ ਵਿਚ ਵਰਖਾ ਭਾਰੀ ਅਤੇ ਕਾਫ਼ੀ ਲੰਬਾ ਚਿਰ ਪੈਂਦੀ ਹੈ। ਰਾਵੀ ਦੀ ਵਾਦੀ ਵਿਚ ਕਾਫ਼ੀ ਵਰਖਾ ਹੁੰਦੀ ਹੈ ਪਰ ਇਸ ਦੇ ਮੁਕਾਬਲੇ ਤੇ ਚਨਾਬ ਦੀ ਵਾਦੀ ਵਿਚ ਵਰਖਾ ਥੋੜ੍ਹੀ ਹੁੰਦੀ ਹੈ ਜਿਸ ਦੀ ਸਾਲਾਨਾ ਔਸਤ 25 ਸੈਂ.ਮੀ. ਤੋਂ ਵੱਧ ਨਹੀਂ ਹੁੰਦੀ।
ਰਾਜ ਪ੍ਰਬੰਧ – ਸੰਨ 1848 ਵਿਚ ਇਸ ਦੇ ਅਸਲੀ ਮਾਲਕ ਰਾਜਾ ਸ੍ਰੀ ਸਿੰਘ ਅਤੇ ਉਸ ਦੇ ਮਰਦ ਵਾਰਸਾਂ ਦੇ ਨਾਂ ਇਸ ਦੀ ਸਨਦ ਲਿਖ ਦਿੱਤੀ ਗਈ। ਸੰਨ 1921 ਵਿਚ ਇਸ ਰਿਆਸਤ ਨੂੰ ਪੰਜਾਬ ਦੀਆਂ ਰਿਆਸਤਾਂ ਦੇ ਏਜੰਟ ਰਾਹੀਂ ਸਿੱਧੇ ਤੌਰ ਤੇ ਭਾਰਤ ਸਰਕਾਰ ਨਾਲ ਜੋੜ ਦਿੱਤਾ ਗਿਆ। ਸੰਨ 1948 ਵਿਚ ਪੰਜਾਬ ਦੀਆਂ ਪਹਾੜੀ ਰਿਆਸਤਾਂ ਅਤੇ ਦੂਜੀਆਂ ਰਿਆਸਤਾਂ ਚੰਬਾ, ਮੰਡੀ, ਸਕੇਤ ਅਤੇ ਸਿਰਮੌਰ ਨੂੰ ਮਿਲਾ ਕੇ ਇਕ ਪ੍ਰਬੰਧਕੀ ਇਕਾਈ ਦੇ ਰੂਪ ਵਿਚ ਹਿਮਾਚਲ ਪ੍ਰਦੇਸ਼ ਕਾਇਮ ਕੀਤਾ ਗਿਆ। ਚੰਬਾ ਰਿਆਸਤ 15 ਅਪ੍ਰੈਲ, 1948 ਨੂੰ ਇਸ ਵਿਚ ਸ਼ਾਮਲ ਕਰ ਦਿੱਤੀ ਗਈ ਅਤੇ ਇਸ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਗਿਆ।
ਭਾਸ਼ਾ ਅਤੇ ਲਿਪੀ – ਇਥੋਂ ਦੀ ਉਪ-ਭਾਸ਼ਾ ਚੰਬਿਆਲੀ ਹੈ ਜੋ ਸਾਰੇ ਜ਼ਿਲ੍ਹੇ ਵਿਚ ਸਮਝੀ ਜਾਂਦੀ ਹੈ ਜਦ ਕਿ ਇਥੋਂ ਦੀ ਲਿਪੀ ਟਾਕਰੀ ਹੈ। ਕਈ ਲੋਕ ਪੰਜਾਬੀ, ਉਰਦੂ ਅਤੇ ਹਿੰਦੀ ਵੀ ਬੋਲਦੇ ਹਨ।
ਇਥੋਂ ਦੀ ਵਸੋਂ ਵਿਚ ਰਾਜਪੂਤਾਂ ਦੇ ਰਈਸ ਘਰਾਣੇ ਅਤੇ ਕਈ ਸ਼੍ਰੇਣੀਆਂ ਦੇ ਬ੍ਰਾਹਮਣ ਹਨ। ਬਹੁਤੀ ਵਸੋਂ ਰਾਠੀ ਕਬੀਲੇ ਦੀ ਹੈ ਜੋ ਖੇਤੀਬਾੜੀ, ਵਪਾਰ, ਸਰਕਾਰੀ ਨੌਕਰੀ ਅਤੇ ਹੋਰ ਹਰ ਤਰ੍ਹਾਂ ਦਾ ਕੰਮ ਕਰਦੇ ਹਨ। ਇਥੇ ਗੱਦੀ ਕਬੀਲੇ ਦੇ ਲੋਕ ਵੀ ਕਾਫ਼ੀ ਹਨ ਜੋ ਸ਼ਹਿਰਾਂ ਤੋਂ ਦੂਰ ਰਹਿ ਕੇ ਖੇਤੀਬਾੜੀ ਅਤੇ ਭੇਡਾਂ ਬੱਕਰੀਆਂ ਪਾਲਣ ਦਾ ਕੰਮ ਕਰਦੇ ਹਨ। ਇਹ ਲੋਕ ਸਾਦੇ, ਸਖ਼ਤ ਜਾਨ ਅਤੇ ਨੇਕ ਹੁੰਦੇ ਹਨ। ਇਨ੍ਹਾਂ ਤੋਂ ਇਲਾਵਾ ਇਥੇ ਹਾਲੀ, ਕੌਲੀ, ਚਮਾਰ ਅਤੇ ਡੂਮ ਜ਼ਾਤਾਂ ਦੇ ਲੋਕ ਵੀ ਵਸਦੇ ਹਨ।
ਸਾਬਕਾ ਚੰਬਾ ਰਿਆਸਤ ਵਿਚ ਕਈ ਪੁਰਾਤਨ ਮੰਦਰ ਹਨ। ਇਨ੍ਹਾਂ ਵਿਚੋਂ ਕੁੱਝ ਮੰਦਰ ਰਾਜਾ ਮੇਰੂ ਵਰਮਾ ਦੇ ਸਮੇਂ ਦੇ ਬਣੇ ਹੋਏ ਹਨ। ਪ੍ਰਸਿੱਧ ਮੰਦਰ ਮਨੀ ਮਹੇਸ਼, ਗਣੇਸ਼ ਲਕਸ਼ਣਾ ਅਤੇ ਨਰ ਸਿੰਘ ਜੀ ਹਨ। ਚੰਬਾ ਰਿਆਸਤ ਵਿਚ ਈਸਾਈ ਧਰਮ ਦਾ ਪ੍ਰਚਾਰ ਕਾਫ਼ੀ ਜ਼ਿਆਦਾ ਪ੍ਰਚਲਿਤ ਹੋਇਆ। ਅੰਗਰੇਜ਼ਾਂ ਦੇ ਸਮੇਂ ਇਥੇ ਕਈ ਗਿਰਜਾਘਰ ਸਥਾਪਤ ਹੋਏ।
ਚੰਬਾ ਰਿਆਸਤ, ਪੰਜ ਵਜ਼ਾਰਤਾਂ ਬ੍ਰਾਹਮੌਰ, ਚੰਬਾ, ਭਤੀਆਤ, ਚੌਰਾਹ ਅਤੇ ਪਾਂਸੀ ਵਿਚ ਵੰਡੀ ਹੋਈ ਸੀ। ਵਜ਼ਾਰਤਾਂ ਅੱਗੇ ਪਰਗਣਿਆਂ ਵਿਚ ਵੰਡੀਆਂ ਹੋਈਆਂ ਸਨ। ਚੰਬਾ ਰਿਆਸਤ ਵਿਚ ਕੁੱਲ 1,617 ਪਿੰਡ ਸਨ। ਪਰਗਣੇ ਵਿਚ ਸ਼ਾਮਲ ਪਿੰਡਾਂ ਤੋਂ ਮਾਮਲਾ ਉਗਰਾਹੁਣ ਦੀ ਜ਼ਿੰਮੇਵਾਰੀ ਲੇਖਾਕਾਰ ਦੀ ਹੁੰਦੀ ਸੀ ਜਿਸ ਦੀ ਸਹਾਇਤਾ ਲਈ ਅੱਗੇ ਕਈ ਕਾਰਕੁਨ ਹੁੰਦੇ ਹਨ।
ਪ੍ਰਸ਼ਾਸਨ ਦੇ ਕੰਮ ਵਿਚ ਰਾਜੇ ਦੀ ਸਹਾਇਤਾ ਵਜ਼ੀਰ ਕਰਦਾ ਸੀ ਜਿਹੜਾ ਕਿ ਮੁਖੀ ਕਾਰਜਕਾਰੀ ਅਫ਼ਸਰ ਸੀ ਅਤੇ ਅਦਾਲਤੀ ਵਿਭਾਗ ਦਾ ਮੁਖੀ ਵੀ ਸੀ। ਰਾਜੇ ਦੀ ਸਹਾਇਤਾ ਲਈ ਇਕ ਬਖਸ਼ੀ ਅਰਥਾਤ ਮੁੱਖ ਮਾਲ ਅਫ਼ਸਰ ਵੀ ਹੁੰਦਾ ਸੀ। ਚੰਬਾ ਰਿਆਸਤ ਦੀ ਫ਼ੌਜ ਵਿਚ 16 ਬਾਡੀਗਾਰਡ ਅਤੇ 153 ਪੈਦਲ ਸਵਾਰ ਸ਼ਾਮਲ ਸਨ। ਇਥੋਂ ਦੇ ਰਾਜੇ ਨੂੰ 11 ਤੋਪਾਂ ਦੀ ਸਲਾਮੀ ਹਾਸਲ ਸੀ ਅਤੇ ਉਹ ਚੈਂਬਰ ਆਫ਼ ਪ੍ਰਿੰਸਜ਼ ਦਾ ਮੈਂਬਰ ਵੀ ਸੀ।
ਪਹਾੜੀ ਲੋਕਾਂ ਦਾ ਜੀਵਨ ਮੁਸ਼ਕਲਾਂ ਭਰਿਆ ਹੋਣ ਕਰ ਕੇ ਇਹ ਮੇਲਿਆਂ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਚੰਬੇ ਦੇ ਇਲਾਕੇ ਵਿਚ ਕਈ ਪ੍ਰਸਿੱਧ ਮੇਲੇ ਲਗਦੇ ਹਨ।
ਸਾਵਣ ਦੀ ਦੂਜ ਨੂੰ ਮਿੰਜਰ ਦਾ ਮੇਲਾ ਲਗਦਾ ਹੈ। ਚੰਬੇ ਤੋਂ ਹੇਠਾਂ ਰਾਵੀ ਦਰਿਆ ਦੇ ਕਿਨਾਰੇ ਹਜ਼ਾਰਾਂ ਲੋਕ ਇਕੱਤਰ ਹੁੰਦੇ ਹਨ ਅਤੇ ਦਰਿਆ ਵਿਚ ਮੱਕੀ ਦੀਆਂ ਖਿੱਲਾਂ ਅਤੇ ਨਾਰੀਅਲ ਤਾਰਦੇ ਹਨ।
1 ਵੈਸਾਖ ਨੂੰ ਚੰਬਾ ਸ਼ਹਿਰ ਵਿਚ ਨੈਣਾ ਦੇਵੀ ਦੇ ਮੰਦਰ ਤੇ ਮੇਲਾ ਲੱਗਦਾ ਹੈ ਜਿਥੇ ਇਸਤਰੀਆਂ ਇਕੱਠੀਆਂ ਹੋ ਕੇ ਦੇਵੀ-ਪੂਜਾ ਕਰਦੀਆਂ ਹਨ। ਚੰਬੇ ਦੇ ਲੋਕਾਂ ਦੀ ਸ਼ਰਧਾ ਭਾਵਨਾ ਦਾ ਕੇਂਦਰ ਆਮ ਪਹਾੜੀ ਲੋਕਾਂ ਵਾਂਗ ਸ਼ਿਵ ਜੀ ਦੇਵਤਾ ਹੈ। ਗੁੱਜਰ ਜਾਤੀ ਦੇ ਲੋਕਾਂ ਦਾ ਇਸਲਾਮ ਧਰਮ ਵਿਚ ਵਿਸ਼ਵਾਸ ਹੈ।
ਚੰਬੇ ਦੇ ਜ਼ਿਲ੍ਹੇ ਵਿਚ ਬ੍ਰਾਹਮੌਰ ਇਕ ਵੇਖਣਯੋਗ ਸਥਾਨ ਹੈ ਜੋ ਚੰਬੇ ਤੋਂ 67 ਕਿ. ਮੀ. ਦੂਰ 2,100 ਮੀ. ਦੀ ਉਚਾਈ ਤੇ ਹੈ। ਇਹ ਪੁਰਾਤਨ ਮੰਦਰਾਂ ਲਈ ਪ੍ਰਸਿੱਧ ਸਥਾਨ ਹੈ। ਇਸ ਸਥਾਨ ਦੀ ਇਤਿਹਾਸਕ ਮਹੱਤਤਾ ਵੀ ਹੈ। ਇਹ 400 ਸਾਲ ਚੰਬੇ ਦੀ ਰਾਜਧਾਨੀ ਰਿਹਾ ਹੈ।
ਚੰਬੇ ਵਿਚ ਝੋਨਾ, ਮੱਕੀ, ਦਾਲਾਂ, ਬਾਜਰਾ ਅਤੇ ਆਲੂ ਆਦਿ ਦੀ ਕਾਸ਼ਤ ਕੀਤੀ ਜਾਂਦੀ ਹੈ। ਕਾਂਗੜੇ ਨਾਲ ਲਗਦੇ ਇਲਾਕੇ ਵਿਚ ਚਾਹ ਵੀ ਉਗਾਈ ਜਾਂਦੀ ਹੈ। ਪਿੱਤਲ ਅਤੇ ਲੱਕੜੀ ਦਾ ਕੰਮ ਕੀਤਾ ਜਾਂਦਾ ਹੈ। ਸ਼ਹਿਦ, ਉੱਨ, ਘਿਉ, ਜੜੀ ਬੂਟੀਆਂ, ਅਖਰੋਟ, ਨਿਉਜ਼ੇ, ਜ਼ੀਰਾ, ਲੱਕੜੀ ਅਤੇ ਹੋਰ ਜੰਗਲੀ ਚੀਜ਼ਾਂ ਬਾਹਰ ਭੇਜੀਆਂ ਜਾਂਦੀਆਂ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-03-23-43, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ.; ਚੀ. ਫੈ. ਨੋ. ਪੰ.
ਚੰਬਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਚੰਬਾ : ਸ਼ਹਿਰ – ਹਿਮਾਚਲ ਪ੍ਰਦੇਸ਼ ਰਾਜ ਦੇ ਚੰਬਾ ਜ਼ਿਲ੍ਹੇ ਦਾ ਸਦਰ ਮੁਕਾਮ, ਚੰਬਾ ਸ਼ਹਿਰ ਰਾਵੀ ਦਰਿਆ ਦੇ ਸੱਜੇ ਕਿਨਾਰੇ ਤੇ ਸਮੁੰਦਰੀ ਤਲ ਤੋਂ 900 ਮੀ. ਦੀ ਉਚਾਈ ਤੇ ਵਾਕਿਆ ਹੈ। ਸੰਨ 1966 ਦੇ ਪੁਨਰਗਠਨ ਤੋਂ ਪਹਿਲਾਂ ਇਹ ਪੰਜਾਬ ਦਾ ਹੀ ਇਕ ਹਿੱਸਾ ਸੀ। ਇਥੇ ਪਹੁੰਚਣ ਲਈ ਦੋ ਰਸਤੇ ਹਨ-ਇਕ ਰਸਤਾ ਪਠਾਨਕੋਟ ਤੋਂ ਹੈ ਜਿਸ ਰਾਹੀਂ 125 ਕਿ. ਮੀ. ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਇਹ ਰਸਤਾ ਭਰਵੇਂ ਜੰਗਲਾਂ ਵਿਚ ਦੀ ਹੋ ਕੇ ਪਹੁੰਚਦਾ ਹੈ। ਦੂਜਾ ਡਲਹੌਜ਼ੀ ਤੋਂ ਹੈ ਜਿਹੜਾ 30 ਕਿ. ਮੀ. ਦੀ ਦੂਰੀ ਤੈਅ ਕਰ ਕੇ ਪੈਦਲ ਜਾਂ ਜੀਪ ਰਾਹੀ ਚੰਬੇ ਪਹੁੰਚਿਆ ਜਾ ਸਕਦਾ ਹੈ। ਇਸ ਰਸਤੇ ਵਿਚ ਕਾਫ਼ੀ ਸੰਘਣੇ ਜੰਗਲ ਹਨ ਪਰ ਇਹ ਰਸਤਾ ਕਾਫ਼ੀ ਰੁਮਾਂਟਿਕ ਹੈ। ਪੱਛਮੀ ਪਾਸੇ ਰਾਵੀ ਅਤੇ ਉੱਤਰੀ ਪਾਸੇ ਸਾਹੋ ਦੀਆਂ ਡੂੰਘੀਆਂ ਖੱਡਾਂ ਦੇ ਵਿਚਕਾਰ ਚੰਬਾ ਇਕ ਪੱਬੀ ਤੇ ਵਸਿਆ ਹੋਇਆ ਹੈ। ਚੰਬਾ ਮੁੱਖ ਤੌਰ ਤੇ ਦੋ ਢਲਾਣਾਂ ਉੱਤੇ ਵਸਿਆ ਹੋਇਆ ਹੈ। ਹੇਠਲੀ ਢਲਾਣ ਨੂੰ ਚੋਗਾਨ ਕਹਿੰਦੇ ਹਨ ਜੋ ਲੋਕਾਂ ਦੇ ਮਨੋਰੰਜਨ ਦੀ ਥਾਂ ਹੈ। ਇਸ ਦੇ ਆਲੇ-ਦੁਆਲੇ ਦਫ਼ਤਰ ਬਣੇ ਹਨ। ਉਪਰਲੀ ਢਲਾਣ ਤੇ ਮਹਿਲ ਅਤੇ ਨਗਰ ਦੇ ਰਈਸ ਲੋਕਾਂ ਦੇ ਘਰ ਹਨ। ਚੰਬੇ ਵਿਚ ਕਈ ਪੁਰਾਤਨ ਮੰਦਰ ਹਨ ਜਿਨ੍ਹਾਂ ਵਿਚੋਂ ਲਕਸ਼ਮੀ ਨਾਰਾਇਣ ਦਾ ਮੰਦਰ ਪ੍ਰਸਿੱਧ ਹੈ ਜੋ ਦਸਵੀਂ ਸਦੀ ਦਾ ਬਣਿਆ ਹੈ। ਇਸ ਸ਼ਹਿਰ ਵਿਚ ਸ਼ਿਵ ਜੀ ਅਤੇ ਵਿਸ਼ਨੂੰ ਦੇ ਪੁਰਾਤਨ ਮੰਦਰ ਹਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ 10 ਵੀਂ ਸਦੀ ਦੇ ਬਣੇ ਹੋਏ ਹਨ।
ਬਸੌਲੀ ਅਤੇ ਕਾਂਗੜਾ ਸਕੂਲ ਦੀਆਂ ਪ੍ਰਸਿੱਧ ਚਿੱਤਰ ਕਲਾਵਾਂ ਦਾ ਭਰਪੂਰ ਖਜ਼ਾਨਾ ਇਥੋਂ ਦਾ ਭੂਰੀ ਸਿੰਘ ਅਜਾਇਬ-ਘਰ ਹੈ। ਇਥੋਂ ਦੀ ਪੁਰਾਤਨ ਇਤਿਹਾਸਕ ਮਹੱਤਤਾ ਦਾ ਪਤਾ ਇਥੇ ਰੱਖੀ ਹੋਈ ਸ਼ਿਲਾਲੇਖੀ ਸਮੱਗਰੀ (Epigraphical material) ਤੋਂ ਮਿਲਦਾ ਹੈ।
ਇਥੇ ਪ੍ਰਸਿੱਧ ਮੇਲੇ ਵੀ ਲਗਦੇ ਹਨ ਜਿਨ੍ਹਾਂ ਵਿਚੋਂ ਸਭ ਤੋਂ ਪ੍ਰਸਿੱਧ ਹੈ ਮਿੰਜਰ ਦਾ ਮੇਲਾ। ਇਹ ਮੇਲਾ ਅਗਸਤ ਮਹੀਨੇ ਲਗਦਾ ਹੈ। ਇਸ ਦੀ ਮਹੱਤਤਾ ਬਰਸਾਤਾਂ ਦੀ ਆਮਦ ਅਤੇ ਮੱਕੀ ਦੇ ਖਿੜਾਅ ਲਈ ਜਸ਼ਨ ਮਨਾਉਣ ਬਾਰੇ ਹੈ। ਹਫ਼ਤਾਵਾਰੀ ਮੇਲੇ ਦੀ ਸ਼ੁਰੂਆਤ ਸਜਾਏ ਹੋਏ ਘੋੜੇ ਅਤੇ ਬੈਨਰਾਂ ਨਾਲ ਹੁੰਦੀ ਹੈ।
ਅੰਗਰੇਜ਼ੀ ਰਾਜ ਦੇ ਸਮੇਂ ਹੀ ਇਥੇ ਸ਼ਾਮ ਸਿੰਘ ਹਸਪਤਾਲ ਬਣਾਇਆ ਗਿਆ ਸੀ। ਸਕਾਟਿਸ਼ ਮਿਸ਼ਨ ਵੱਲੋਂ ਇਕ ਅੰਗਰੇਜ਼ੀ ਵਰਨੈਕੂਲਰ ਸਕੂਲ ਵੀ ਸਥਾਪਤ ਕੀਤਾ ਗਿਆ ਸੀ।
ਚੰਬੇ ਦਾ ਰੁਮਾਲ ਉੱਤਮ ਕਲਾ ਕ੍ਰਿਤ ਮੰਨਿਆ ਜਾਂਦਾ ਹੈ। ਕਾਰੀਗਰੀ ਦੀਆਂ ਵਸਤਾਂ ਵਿਚ ਇਥੋਂ ਦੀਆਂ ਚੱਪਲਾਂ ਨੂੰ ਗਿਣਿਆ ਜਾ ਸਕਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-03-24-59, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ.: ਇੰਡੀਆ–ਇਨਸਾਈਟ ਗਾਈਡਜ਼: 117
ਵਿਚਾਰ / ਸੁਝਾਅ
Please Login First