ਛਾਇਆਵਾਦ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਛਾਇਆਵਾਦ: ਵੀਹਵੀਂ ਸਦੀ ਦੇ ਦੂਸਰੇ ਦਹਾਕੇ ਦੇ ਅੰਤ ਤੋਂ ਲੈ ਕੇ ਚੌਥੇ ਦਹਾਕੇ ਦੇ ਅੰਤ ਤੱਕ ਰਚੀ ਗਈ ਹਿੰਦੀ ਕਵਿਤਾ ਦੀ ਪ੍ਰਮੁੱਖ ਧਾਰਾ ਆਪਣੇ ਵਿਸ਼ੇਸ਼ ਸਾਹਿਤਿਕ ਗੁਣਾਂ ਕਾਰਨ ਛਾਇਆਵਾਦ ਦੇ ਨਾਂ ਨਾਲ ਵਿਖਿਆਤ ਹੋਈ। ਆਧੁਨਿਕ ਹਿੰਦੀ ਕਾਵਿ-ਪਰੰਪਰਾ ਵਿੱਚ ਇਸ ਨਾਂ ਅਧੀਨ ਲਿਖੀ ਗਈ ਕਵਿਤਾ ਦੀ ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਇੱਕ ਅਹਿਮ ਥਾਂ ਹੈ। ਇਸ ਕਵਿਤਾ ਦੀ ਨਵੀਨਤਾ, ਮੌਲਿਕਤਾ, ਮਿਆਰ ਅਤੇ ਉੱਤਮ ਸਾਹਿਤਿਕ ਗੁਣਾਂ ਕਾਰਨ ਸਾਹਿਤ ਦੇ ਇਤਿਹਾਸ ਦਾ ਇੱਕ ਪੂਰਾ ਦੌਰ ‘ਛਾਇਆਵਾਦੀ ਯੁਗ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਮੋਟੇ ਤੌਰ ਤੇ 1920 ਤੋਂ ਲੈ ਕੇ 1936 ਤੱਕ ਦੇ ਸਮੇਂ ਨੂੰ ਛਾਇਆਵਾਦੀ ਕਵਿਤਾ ਦੀ ਚੜ੍ਹਤ ਦਾ ਸਮਾਂ ਮੰਨਿਆ ਜਾ ਸਕਦਾ ਹੈ। ਛਾਇਆਵਾਦੀ ਕਾਵਿ ਧਾਰਾ ਦਾ ਜਨਮ ਆਪਣੇ ਪੂਰਵ ਵਰਤੀ ਦ੍ਵਿਵੇਦੀ ਯੁੱਗ ਵਿੱਚ ਰਚੀ ਜਾ ਰਹੀ ਨੀਰਸ ਬਿਰਤਾਂਤਕ ਕਵਿਤਾ ਦੇ ਵਿਰੋਧ ਵਜੋਂ ਹੋਇਆ। ਦ੍ਵਿਵੇਦੀ ਯੁੱਗ ਵਿੱਚ ਰਚੀ ਗਈ ਕਵਿਤਾ ਵਿੱਚ ਉਪਦੇਸ਼ ਅਤੇ ਨੈਤਿਕਤਾ ਦੀ ਸੁਰ ਬਹੁਤ ਉੱਭਰਵੀਂ ਸੀ। ਉਸ ਕਵਿਤਾ ਵਿੱਚ ਕਲਾਤਮਿਕਤਾ ਅਤੇ ਨਵੀਨਤਾ ਦੀ ਘਾਟ ਸੀ। ਵਿਸ਼ੇ, ਭਾਵ, ਛੰਦ-ਪ੍ਰਬੰਧ ਅਤੇ ਕਾਵਿ-ਰੂਪਾਂ ਦੇ ਪੱਧਰ ਤੇ ਨਵੇਂ ਪ੍ਰਯੋਗ ਕਰਨ ਦਾ ਹੌਸਲਾ ਕਿਸੇ ਵਿਰਲੇ ਕਵੀ ਵਿੱਚ ਹੀ ਨਜ਼ਰੀਂ ਪੈਂਦਾ ਸੀ। ਪੌਰਾਣਿਕ ਅਤੇ ਇਤਿਹਾਸਿਕ ਪਾਤਰਾਂ ਨੂੰ ਆਦਰਸ਼ਵਾਦ ਦੇ ਗੂੜ੍ਹੇ ਰੰਗ ਦੀ ਪਾਣ ਚੜ੍ਹਾ ਕੇ ਮੌਜੂਦਾ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਫਿਰ ਤੋਂ ਪੇਸ਼ ਕਰਨਾ, ਉਸ ਯੁੱਗ ਦੀ ਕਵਿਤਾ ਦੀ ਉਘੜਵੀਂ ਵਿਸ਼ੇਸ਼ਤਾ ਰਹੀ। ਛਾਇਆਵਾਦੀ ਕਵੀਆਂ ਨੇ ਕਵਿਤਾ ਨੂੰ ਉਪਰੋਕਤ ਭਾਂਤ ਦੀ ਜਕੜ ਤੋਂ ਅਜ਼ਾਦ ਕਰਨ ਲਈ ਵਿਦਰੋਹ ਦਾ ਬਿਗਲ ਵਜਾਇਆ ਅਤੇ ਬੰਧਨਾਂ ਨੂੰ ਝਟਕਾ ਦੇ ਕੇ ਤੋੜ ਸੁੱਟਿਆ। ਸੁਭਾਵਿਕ ਸੀ ਕਿ ਇਸ ਕਿਸਮ ਦੇ ਯਤਨਾਂ ਨੂੰ ਉਸ ਸਮੇਂ ਦੇ ਸਥਾਪਿਤ ਕਵੀਆਂ ਅਤੇ ਆਲੋਚਕਾਂ ਦੀ ਨਰਾਜ਼ਗੀ ਅਤੇ ਵਿਅੰਗ-ਬਾਣਾਂ ਦਾ ਸ਼ਿਕਾਰ ਹੋਣਾ ਪਿਆ। ਉਸ ਦੌਰ ਵਿੱਚ ਬਿਲਕੁਲ ਨਵੇਕਲੀ ਦਿੱਖ ਵਾਲੀ ਇਸ ਕਵਿਤਾ ਨੂੰ ‘ਛਾਇਆ’ ਨਾਂ ਵੀ ਵਿਅੰਗ ਵਜੋਂ ਹੀ ਦਿੱਤਾ ਗਿਆ, ਜੋ ਬਾਅਦ ਵਿੱਚ ਅਜਿਹੀ ਕਵਿਤਾ ਦਾ ਪਹਿਚਾਣ ਪੱਤਰ ਬਣ ਗਿਆ। ਕਵੀਆਂ ਨੇ ਖ਼ੁਦ ਹੀ ਇਸ ਨਾਮਕਰਨ ਤੇ ਪ੍ਰਵਾਨਗੀ ਦੀ ਮੋਹਰ ਲਗਾ ਦਿੱਤੀ।
‘ਛਾਇਆਵਾਦ’ ਸ਼ਬਦ ਦੇ ਅਰਥ ਸੰਬੰਧੀ ਵਿਦਵਾਨਾਂ ਅਤੇ ਆਲੋਚਕਾਂ ਵਿੱਚ ਕੋਈ ਸਹਿਮਤੀ ਨਹੀਂ ਹੋ ਸਕੀ। ਸਭ ਨੇ ਆਪੋ-ਆਪਣੇ ਢੰਗ ਨਾਲ ਇਸ ਨੂੰ ਅਰਥਾਉਣ ਅਤੇ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਚਾਰੀਆ ਹਜ਼ਾਰੀ ਪ੍ਰਸਾਦ ਦ੍ਵਿਵੇਦੀ ਅਨੁਸਾਰ ‘ਛਾਇਆਵਾਦ ਤੋਂ ਲੋਕਾਂ ਦਾ ਕੀ ਮਤਲਬ ਹੈ ਕੁਝ ਸਮਝ ਵਿੱਚ ਨਹੀਂ ਆਉਂਦਾ। ਸ਼ਾਇਦ ਉਹਨਾਂ ਦਾ ਮਤਲਬ ਹੈ ਕਿ ਕਿਸੇ ਕਵਿਤਾ ਦੇ ਭਾਵਾਂ ਦੀ ਛਾਇਆ ਵਗੈਰਾ ਕਿਤੇ ਹੋਰ ਜਾ ਕੇ ਪਵੇ, ਉਸ ਨੂੰ ਛਾਇਆਵਾਦੀ ਕਹਿਣਾ ਚਾਹੀਦਾ ਹੈ।’ ਅਚਾਰੀਆ ਜੀ ਦਾ ਕਥਨ ਕਾਫ਼ੀ ਹੱਦ ਤੱਕ ਸਹੀ ਪ੍ਰਤੀਤ ਹੁੰਦਾ ਹੈ ਕਿਉਂਕਿ ਕਵਿਤਾ ਦੇ ਭਾਵਾਂ ਦੀ ਛਾਇਆ ਕਿਸੇ ਹੋਰ ਤੇ ਪੈਣਾ ਉੱਤਮ ਕਵਿਤਾ ਦੀ ਪਹਿਚਾਣ ਹੁੰਦੀ ਹੈ।
ਛਾਇਆਵਾਦ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਵਿੱਚ ਅਚਾਰੀਆ ਰਾਮਚੰਦਰ ਸ਼ੁਕਲ ਨੇ ਇਸ ਨੂੰ ਸ਼ੈਲੀ ਵਿਸ਼ੇਸ਼ ਮੰਨਦਿਆਂ ਅੰਗਰੇਜ਼ੀ ‘ਫੈਂਟਸੀ’ ਨਾਲ ਇਸ ਦਾ ਸੰਬੰਧ ਜੋੜਿਆ ਹੈ। ਜੈ ਸ਼ੰਕਰ ਪ੍ਰਸਾਦ ਨੇ ‘ਛਾਇਆ’ ਸ਼ਬਦ ਨੂੰ ਮੋਤੀ ਦੀ ਤਰਲਤਾ ਨਾਲ ਸੰਬੰਧਿਤ ਕੀਤਾ ਹੈ। ਮਹਾਂਦੇਵੀ ਵਰਮਾ ਨੇ ਇਸ ਨੂੰ ਇੱਕ ‘ਭਾਵਨਾਤਮਿਕ ਦ੍ਰਿਸ਼ਟੀਕੋਣ’ ਕਿਹਾ ਹੈ ਅਤੇ ਨਗੇਂਦਰ ਨੇ ਇਸ ਨੂੰ ‘ਸਥੂਲ ਦੇ ਪ੍ਰਤਿ ਸੂਖਮ ਦਾ ਵਿਦਰੋਹ’ ਮੰਨਿਆ ਹੈ।
ਕੁਝ ਆਲੋਚਕਾਂ ਨੇ ਛਾਇਆਵਾਦ ਦੀ ਤੁਲਨਾ ਰੁਮਾਂਸਵਾਦ ਨਾਲ ਵੀ ਕੀਤੀ ਹੈ। ਭਾਵੇਂ ਕੁਝ ਸਾਂਝੀਆਂ ਵਿਸ਼ੇਸ਼ਤਾਵਾਂ ਕਾਰਨ ਇਸ ਤਰ੍ਹਾਂ ਦੀ ਤੁਲਨਾ ਸੁਭਾਵਿਕ ਪ੍ਰਤੀਤ ਹੁੰਦੀ ਹੈ ਪਰੰਤੂ ਛਾਇਆਵਾਦ ਵਿੱਚ ਪਰੰਪਰਾ ਤੋਂ ਵਿਦਰੋਹ ਦੀ ਉਹ ਸ਼ਿੱਦਤ ਨਜ਼ਰ ਨਹੀਂ ਆਉਂਦੀ, ਜੋ ਰੁਮਾਂਸਵਾਦ ਵਿੱਚ ਪਾਈ ਜਾਂਦੀ ਹੈ। ਮੋਟੇ ਤੌਰ ਤੇ ਛਾਇਆਵਾਦ ਪਰੰਪਰਿਕ ਮੁੱਲਾਂ ਨੂੰ ਨਵੇਂ ਨਜ਼ਰੀਏ ਤੋਂ ਅਭਿਵਿਅਕਤੀ ਦਿੰਦਾ ਹੈ ਅਤੇ ਇਸ ਲਈ ਇਸ ਨੂੰ ਪੁਨਰ-ਉਥਾਨਵਾਦੀ ਕਾਵਿ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ। ਦਾਰਸ਼ਨਿਕ ਪੱਖ ਤੋਂ ਵੀ ਛਾਇਆਵਾਦ ਪੁਰਾਣੇ ਸਿਧਾਂਤਾਂ ਨੂੰ ਨਵੇਂ ਜਾਮੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਿਹਾ ਜਾ ਸਕਦਾ ਹੈ।
ਛਾਇਆਵਾਦ ਕੇਵਲ ਸ਼ੈਲੀ ਵਿਸ਼ੇਸ਼ ਨਹੀਂ ਸਗੋਂ ਸੰਪੂਰਨ ਕਾਵਿ-ਪੱਧਤੀ ਹੈ। ਭਾਵ-ਪੱਖ ਅਤੇ ਰੂਪ-ਵਿਧਾਨ ਦੋਵਾਂ ਦੀ ਦ੍ਰਿਸ਼ਟੀ ਤੋਂ ਇਸ ਵਿੱਚ ਨਵਾਂ-ਨਵੇਕਲਾਪਣ ਹੈ। ਹਿੰਦੀ ਦੀ ਛਾਇਆਵਾਦੀ ਕਵਿਤਾ ਦੀ ਵਿਲੱਖਣਤਾ ਅਤੇ ਖ਼ੂਬਸੂਰਤੀ ਦੀਆਂ ਕੁਝ ਵਿਸ਼ੇਸ਼ਤਾਵਾਂ ਨਿਮਨ ਅਨੁਸਾਰ ਹਨ।
ਹਿੰਦੀ ਕਵਿਤਾ ਵਿੱਚ ਛਾਇਆਵਾਦ ਹੀ ਅਜਿਹੀ ਕਾਵਿ-ਧਾਰਾ ਹੈ ਜਿਸ ਵਿੱਚ ਕਵੀ ਪਹਿਲੀ ਵਾਰ ਨਿੱਜੀ ਅਨੁਭਵਾਂ ਨੂੰ ਬੇਬਾਕੀ ਨਾਲ ਬਿਆਨ ਕਰਨ ਦਾ ਹੀਆ ਕਰਦਾ ਨਜ਼ਰੀਂ ਪੈਂਦਾ ਹੈ। ਇਸ ਤੋਂ ਪਹਿਲਾਂ ਕਵੀਆਂ ਨੇ ਜੇ ਕਿਤੇ ਨਿੱਜੀ-ਅਨੁਭੂਤੀ ਨੂੰ ਵਿਅਕਤ ਕੀਤਾ ਵੀ ਹੈ ਤਾਂ ਕੇਵਲ ਕਿਸੇ ਪਾਤਰ ਦਾ ਓਹਲਾ ਲੈ ਕੇ ਅਪ੍ਰਤੱਖ ਰੂਪ ਵਿੱਚ ਹੀ ਕੀਤਾ ਹੈ। ਪਰੰਤੂ ਛਾਇਆਵਾਦੀ ਕਵਿਤਾ ਵਿੱਚ ਕਵੀਆਂ ਦਾ ਨਿੱਜੀ ਵਿਅਕਤਿਤਵ ਪੂਰੀ ਤਰ੍ਹਾਂ ਆਪਾ ਪ੍ਰਗਟਾਉਂਦਾ ਹੈ। ਛਾਇਆਵਾਦੀ ਕਵੀਆਂ ਨੂੰ ਆਪਣੇ ਨਿੱਜ ਤੇ ਪੂਰਨ ਭਰੋਸਾ ਸੀ, ਇਸੇ ਲਈ ਉਹਨਾਂ ਨੇ ਇਸ ਕਾਵਿ ਵਿੱਚ ਨਿੱਜੀ ਵੇਦਨਾ, ਦੁੱਖ-ਦਰਦ, ਹੌਕੇ-ਹਾਵਿਆਂ ਅਤੇ ਝੋਰੇ-ਪਛਤਾਵਿਆਂ ਨੂੰ ਖੁੱਲ੍ਹ ਕੇ ਬਿਆਨ ਕੀਤਾ ਹੈ। ਪਰੰਤੂ ਇਸ ਬਿਆਨ ਵਿੱਚ ਮਰਯਾਦਾ ਦਾ ਪਾਲਣ ਹੈ, ਬੜਬੋਲਾਪਣ ਨਹੀਂ। ਕਲਪਨਾ ਸ਼ਕਤੀ ਦੇ ਅਦਭੁਤ ਪ੍ਰਯੋਗ ਨਾਲ ਕਵੀਆਂ ਨੇ ਨਿੱਜੀ-ਪੀੜਾ ਦਾ ਇਸ ਢੰਗ ਨਾਲ ਉਦਾਤੀਕਰਨ ਕੀਤਾ ਹੈ ਕਿ ਉਹ ਪਾਠਕ ਦੇ ਹਿਰਦੇ ਤੱਕ ਸਿਧੀ ਰਸਾਈ ਕਰਨ ਵਿੱਚ ਸਫਲ ਰਹਿੰਦੀ ਹੈ ਅਤੇ ਸਭ ਨੂੰ ਆਪਣੀ ਪੀੜ ਮਹਿਸੂਸ ਹੁੰਦੀ ਹੈ। ਕਵੀ ‘ਨਿਰਾਲਾ’ ਦੇ ਸ਼ਬਦਾਂ ਵਿੱਚ :
ਮੈਂਨੇ ‘ਮੈਂ’ ਸ਼ੈਲੀ ਅਪਨਾਈ
ਦੇਖਾ ਏਕ ਦੁਖੀ ਨਿੱਜ ਭਾਈ
ਦੁਖ ਕੀ ਛਾਇਆ ਪੜੀ ਹ੍ਰਿਦਯ ਮੇਂ
ਝਰ ਉਮੜ ਵੇਦਨਾ ਆਈ।
ਇਸ ਤਰ੍ਹਾਂ ‘ਮੈਂ’ ਦੀ ਕਥਾ ਕਹਿੰਦਿਆਂ ਵੀ ਇਹ ਕਵਿਤਾ ਪਰਾਈ-ਪੀੜ ਵਿੱਚ ਘੁਲ-ਮਿਲ ਜਾਂਦੀ ਹੈ।
ਛਾਇਆਵਾਦੀ ਕਵਿਤਾ ਵਿੱਚ ਦੁੱਖ ਜਾਂ ਵੇਦਨਾ ਦੀ ਸੁਰ ਪ੍ਰਧਾਨ ਹੈ। ‘ਰੋਣਾ’ ਅਤੇ ‘ਗਾਉਣਾ’ ਇੱਕ ਦੂਜੇ ਦੇ ਸਮਾਨ-ਅਰਥੀ ਬਣਦੇ ਪ੍ਰਤੀਤ ਹੁੰਦੇ ਹਨ। ਜੈ ਸ਼ੰਕਰ ਪ੍ਰਸਾਦ ਦੇ ਆਂਸੂ ਤੋਂ ਲੈ ਕੇ ਮਹਾਂਦੇਵੀ ਵਰਮਾ ਦੇ ਨੀਰ ਭਰੀ ਦੁਖ ਕੀ ਬਦਲੀ ਤੱਕ ਪੀੜਾ ਦਾ ਸਾਮਰਾਜ ਪਸਰਿਆ ਨਜ਼ਰੀਂ ਪੈਂਦਾ ਹੈ। ਛਾਇਆਵਾਦੀ ਕਵੀਆਂ ਲਈ ਦੁੱਖ ਜਾਂ ਵੇਦਨਾ ਕਿਸੇ ਨਕਾਰਾਤਮਿਕ ਸੱਤਾ ਦੇ ਤੌਰ ਤੇ ਨਹੀਂ ਸਗੋਂ ਪ੍ਰੇਰਨਾ ਬਣ ਕੇ ਸਾਮ੍ਹਣੇ ਆਉਂਦੀ ਹੈ। ਇਹੀ ਵੇਦਨਾ ਕਰੁਣਾ ਦੇ ਰੂਪ ਵਿੱਚ ਢਲਦੀ ਹੈ ਤਾਂ ਵੇਗਮਈ ਕਵਿਤਾ ਦਾ ਜਨਮ ਹੁੰਦਾ ਹੈ। ਦੁੱਖ, ਵਿਯੋਗ ਅਤੇ ਜੀਵਨ ਦੀਆਂ ਦੁਸ਼ਵਾਰੀਆਂ ਹਿਰਦੇ ਨੂੰ ਦ੍ਰਵਿਤ ਕਰਦੀਆਂ ਹਨ ਅਤੇ ਕਵਿਤਾ ਸਹਿਜ ਹੀ ਵਹਿ ਤੁਰਦੀ ਹੈ :
ਵਿਯੋਗੀ ਹੋਗਾ ਪਹਿਲਾ ਕਵੀ
ਆਹ ਸੇ ਉਪਜਾ ਹੋਗਾ ਗਾਨ
ਉਮੜ ਕਰ ਆਂਖੋਂ ਸੇ ਚੁਪਚਾਪ
ਬਹੀ ਹੋਗੀ ਕਵਿਤਾ ਅਨਜਾਨ।
(ਸੁਮਿੱਤਰਾਨੰਦਨ ਪੰਤ)
ਮਹਾਂਦੇਵੀ ਵਰਮਾ ਨੂੰ ‘ਪ੍ਰਿਅ ਪਥ ਕੇ ਸੂਲ’ ਪਿਆਰੇ ਲੱਗਦੇ ਹਨ। ਉਹ ਪੀੜਾ ਵਿੱਚੋਂ ਪ੍ਰੀਤਮ ਨੂੰ ਲੱਭਦੀ ਹੈ ਅਤੇ ਪ੍ਰੀਤਮ ਵਿੱਚੋਂ ਪੀੜਾ ਲੱਭਣਾ ਲੋਚਦੀ ਹੈ। ਨਿਰਾਲਾ ਨੂੰ ‘ਸਨੇਹ ਨਿਰਝਰ ਬਹਿ ਗਯਾ ਹੈ, ਰੇਤ ਜਿਓਂ ਤਨ ਰਹਿ ਗਯਾ ਹੈ’ ਦਾ ਗ਼ਮ ਵਿਆਕੁਲ ਕਰਦਾ ਹੈ।
ਕੁਦਰਤ ਛਾਇਆਵਾਦੀ ਕਵੀਆਂ ਦਾ ਚਹੇਤਾ ਵਿਸ਼ਾ ਰਹੀ ਹੈ। ਕਵੀਆਂ ਨੇ ਪ੍ਰਕਿਰਤੀ ਦੇ ਵੱਖੋ-ਵੱਖ ਪਹਿਲੂਆਂ ਨੂੰ ਵਿਸ਼ਾ ਬਣਾ ਕੇ ਕਵਿਤਾ ਲਿਖੀ। ਇਹਨਾਂ ਦੀ ਰਚਨਾ ਵਿੱਚ ਪ੍ਰਕਿਰਤੀ ਇੱਕ ਸਜੀਵ ਸੱਤਾ ਦੇ ਰੂਪ ਵਿੱਚ ਸਾਮ੍ਹਣੇ ਆਉਂਦੀ ਹੈ ਨਾ ਕਿ ਕਿਸੇ ਬੇਜਾਨ ਜੜ੍ਹ-ਪਦਾਰਥ ਦੇ ਰੂਪ ਵਿੱਚ। ਕਵੀਆਂ ਨੇ ਕੁਦਰਤ ਨੂੰ ਆਪਣੀ ਸਖੀ-ਸਹੇਲੀ ਦੇ ਰੂਪ ਵਿੱਚ ਚਿਤਰਿਆ ਜਿਹੜੀ ਉਹਨਾਂ ਦੇ ਸਾਹਾਂ ਵਿੱਚ ਸਾਹ ਲੈਂਦੀ ਅਤੇ ਧੜਕਣ ਵਿੱਚ ਧੜਕਦੀ ਪ੍ਰਤੀਤ ਹੁੰਦੀ ਹੈ। ਛਾਇਆਵਾਦੀ ਕਵੀਆਂ ਨੂੰ ਪ੍ਰਕਿਰਤੀ ਉਹਨਾਂ ਦੇ ਦੁੱਖ ਵਿੱਚ ਦੁੱਖੀ ਹੁੰਦੀ ਅਤੇ ਉਹਨਾਂ ਦੀਆਂ ਖ਼ੁਸ਼ੀਆਂ ਵਿੱਚ ਖਿੜੀ ਹੋਈ ਜਾਪਦੀ ਹੈ। ਪ੍ਰਕਿਰਤੀ ਨੂੰ ਮਾਨਵੀ ਰੂਪ ਵਿੱਚ ਚਿਤਵਦਿਆਂ ਕਵੀਆਂ ਨੇ ਕਮਾਲ ਹੀ ਕਲਪਨਾ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ। ਉਹ ਭਾਵੇਂ ਪ੍ਰਸਾਦ ਦੀ ਊਸ਼ਾ ਨਾਗਰੀ ਹੋਵੇ ਜਾਂ ਨਿਰਾਲਾ ਦੀ ਸੰਧਿਆ ਸੁੰਦਰੀ, ਪੰਤ ਦਾ ਮੇਖਲਾਕਾਰ ਪਰਬਤ ਹੋਵੇ ਜਾਂ ਮਹਾਂਦੇਵੀ ਵਰਮਾ ਦੀ ਅਸਮਾਨੋਂ ਉੱਤਰਦੀ ਵਸੰਤ ਰਜਨੀ ਸਭ ਦੇ ਸਭ ਆਪਣੇ ਸਮੁੱਚੇ ਨੈਣ-ਨਕਸ਼ਾਂ ਸਹਿਤ ਪਾਠਕ ਦੀ ਸਿਮਰਤੀ ਵਿੱਚ ਉੱਕਰੇ ਜਾਂਦੇ ਹਨ।
ਮੱਧ-ਕਾਲੀਨ ਹਿੰਦੀ ਕਵਿਤਾ ਵਿੱਚ ਨਾਰੀ ਨੂੰ ਜਾਂ ਤਾਂ ਉਪਾਸਨਾ ਦੀ ਵਸਤ ਬਣਾ ਕੇ ਪੇਸ਼ ਕੀਤਾ ਗਿਆ ਜਾਂ ਵਾਸਨਾ ਦੀ ਮੂਰਤ ਕਹਿ ਕੇ ਤਿਰਸਕਾਰਿਆ ਗਿਆ। ਆਧੁਨਿਕ ਕਾਲ ਖ਼ਾਸ ਕਰ ਕੇ ਦ੍ਵਿਵੇਦੀ ਯੁਗ ਵਿੱਚ ਨਾਰੀ ਨੂੰ ਲੋੜੋਂ ਵੱਧ ਆਦਰਸ਼ਕ ਰੰਗ ਵਿੱਚ ਰੰਗ ਕੇ ਪੇਸ਼ ਕੀਤਾ ਗਿਆ। ਪਰੰਤੂ ਛਾਇਆਵਾਦੀ ਕਵਿਤਾ ਵਿੱਚ ਨਾਰੀ ਪ੍ਰਤਿ ਇੱਕ ਵੱਖਰਾ ਅਤੇ ਨਵੀਨ ਦ੍ਰਿਸ਼ਟੀਕੋਣ ਅਪਣਾਇਆ ਗਿਆ। ਨਾਰੀ ਭੋਗ ਵਿਲਾਸ ਦੀ ਵਸਤੂ ਨਾ ਹੋ ਕੇ ਪ੍ਰੇਰਕ ਸ਼ਕਤੀ ਵਜੋਂ ਸਾਮ੍ਹਣੇ ਆਈ। ਛਾਇਆਵਾਦੀ ਕਵਿਤਾ ਵਿੱਚ ਨਾਰੀ ਸੁੰਦਰਤਾ ਦਾ ਵਰਣਨ ਵੀ ਬੜੀ ਕਲਾਤਮਿਕ ਸੂਖਮਤਾ ਨਾਲ ਕੀਤਾ ਗਿਆ ਹੈ। ਉਸ ਨੂੰ ਵਾਸਨਾਮਈ ਨਜ਼ਰ ਨਾਲ ਦੇਖਣ ਦੀ ਬਜਾਏ ਉਸ ਦੀ ਹਸਤੀ ਨੂੰ ਸਤਿਕਾਰਨ ਦਾ ਰੁਝਾਨ ਨਜ਼ਰੀਂ ਆਉਂਦਾ ਹੈ। ਨਾਰੀ, ਸਖੀ, ਸਹਿਚਰੀ, ਪ੍ਰਾਣ ਅਤੇ ਸ਼ਰਧਾ ਦੀ ਮੂਰਤ ਬਣ ਕੇ ਸਾਮ੍ਹਣੇ ਆਉਂਦੀ ਹੈ।
ਛਾਇਆਵਾਦੀ ਕਵਿਤਾ ਵਿੱਚ ਵਰਣਨ ਕੀਤਾ ਗਿਆ ਪ੍ਰੇਮ ਕੇਵਲ ਦੇਹੀ ਦੇ ਪੱਧਰ ਦਾ ਹੀ ਨਹੀਂ। ਅਨੇਕ ਥਾਵਾਂ ਤੇ ਕਵੀਆਂ ਨੇ ਕਿਸੇ ਅਦ੍ਰਿਸ਼ ਅਗਿਆਤ ਪ੍ਰੀਤਮ ਦੇ ਪ੍ਰਤਿ ਆਪਣੀ ਪ੍ਰੇਮ ਭਾਵਨਾ ਦਾ ਇਜ਼ਹਾਰ ਕੀਤਾ ਹੈ। ਇਸ ਤਰ੍ਹਾਂ ਦਾ ਪ੍ਰੇਮ ਵਰਣਨ ਛਾਇਆਵਾਦੀ ਕਵਿਤਾ ਨੂੰ ਰਹੱਸਵਾਦੀ ਰੰਗਤ ਪ੍ਰਦਾਨ ਕਰਦਾ ਹੈ। ਉਂਞ ਇਹ ਰਹੱਸਵਾਦ ਭਾਵਨਾਤਮਿਕ ਪੱਧਰ ਦਾ ਹੈ। ਕੁਦਰਤੀ ਪਸਾਰੇ ਅਤੇ ਵਰਤਾਰੇ ਦੇ ਪਿੱਛੇ ਬਿਰਾਜਮਾਨ ਦੈਵੀ ਸ਼ਕਤੀ ਦੇ ਪ੍ਰਤਿ ਜਿਗਿਆਸਾ ਅਤੇ ਆਕਰਸ਼ਣ ਦਾ ਭਾਵ ਸਾਰੇ ਛਾਇਆਵਾਦੀ ਕਵੀਆਂ ਦੀਆਂ ਰਚਨਾਵਾਂ ਵਿੱਚ ਮਿਲਦਾ ਹੈ। ਪ੍ਰਸਾਦ ਅਤੇ ਮਹਾਂਦੇਵੀ ਵਰਮਾ ਵਿੱਚ ਇਸ ਕਿਸਮ ਦਾ ਰਹੱਸਵਾਦੀ ਅੰਸ਼ ਕਾਫ਼ੀ ਜ਼ਿਆਦਾ ਮਿਲਦਾ ਹੈ।
ਭਾਵੇਂ ਛਾਇਆਵਾਦੀ ਕਵਿਤਾ ਦਾ ਵੱਡਾ ਹਿੱਸਾ ਆਤਮ-ਪਰਕ ਹੋਣ ਕਰ ਕੇ ਨਿੱਜੀ ਪੀੜਾ ਦੀ ਗਾਥਾ ਕਿਹਾ ਜਾ ਸਕਦਾ ਹੈ ਪਰੰਤੂ ਫਿਰ ਵੀ ਇਹ ਕਵੀ ਏਨੇ ਸਵਾਰਥੀ ਜਾਂ ਸੁੰਗੜੇ ਹੋਏ ਨਹੀਂ ਸਨ ਕਿ ਦੇਸ ਜਾਂ ਸਮਾਜ ਨਾਲ ਕੋਈ ਵਾਸਤਾ ਹੀ ਨਾ ਰੱਖਣ। ਛਾਇਆਵਾਦੀ ਰਚਨਾਵਾਂ ਵਿੱਚ ਦੇਸ ਪ੍ਰੇਮ ਅਤੇ ਰਾਸ਼ਟਰੀ ਭਾਵਨਾ ਦੀ ਤੀਬਰ ਸੁਰ ਗੂੰਜਦੀ ਹੈ। ਆਪਣੇ ਦੇਸ ਦੀ ਕੁਦਰਤੀ ਖ਼ੂਬਸੂਰਤੀ, ਸ਼ਾਨਦਾਰ ਅਤੀਤ ਅਤੇ ਅਮੀਰ ਸੱਭਿਆਚਾਰਿਕ ਵਿਰਾਸਤ ਆਦਿ ਦੇ ਪ੍ਰਤਿ ਕਵੀਆਂ ਵਿੱਚ ਵਿਸ਼ੇਸ਼ ਅਨੁਰਾਗ ਦੇਖਣ ਨੂੰ ਮਿਲਦਾ ਹੈ। ਪ੍ਰਸਾਦ ਦੇ ਨਾਟਕਾਂ ਵਿਚਲੇ ਗੀਤਾਂ ਵਿੱਚ ਜਿੱਥੇ ਭਾਰਤ ਦੀ ਇਤਿਹਾਸਿਕ ਮਹਾਨਤਾ ਦੇ ਸੋਹਲੇ ਗਾਏ ਗਏ ਹਨ ਉੱਥੇ ਪੰਤ ਅਤੇ ਨਿਰਾਲਾ ਦੀਆਂ ਕਵਿਤਾਵਾਂ ਵਿੱਚ ਵੀ ਵਤਨ- ਪ੍ਰਸਤੀ ਦਾ ਜਜ਼ਬਾ ਛਲਕਦਾ ਦਿਖਾਈ ਦਿੰਦਾ ਹੈ।
ਇਹ ਕਵਿਤਾ ਸਮਾਜਿਕ ਅਤੇ ਵਿਚਾਰਧਾਰਿਕ ਸਰੋਕਾਰਾਂ ਤੋਂ ਵੀ ਸੱਖਣੀ ਨਹੀਂ ਹੈ। ਛਾਇਆਵਾਦੀ ਕਵੀ ਆਪਣੇ ਸਮੇਂ ਦੇ ਪ੍ਰਸਿੱਧ ਸਮਾਜ ਸੁਧਾਰਕਾਂ ਅਤੇ ਚਿੰਤਕਾਂ ਜਿਵੇਂ ਕਿ ਸਵਾਮੀ ਵਿਵੇਕਾਨੰਦ, ਦਯਾਨੰਦ, ਸਰਸਵਤੀ, ਅਰਵਿੰਦ ਘੋਸ਼, ਮਹਾਤਮਾ ਗਾਂਧੀ ਆਦਿ ਤੋਂ ਬੇਹੱਦ ਪ੍ਰਭਾਵਿਤ ਹੋਏ ਅਤੇ ਇਹਨਾਂ ਮਹਾਂਪੁਰਸ਼ਾਂ ਦੀ ਦਾਰਸ਼ਨਿਕ ਵਿਚਾਰਧਾਰਾ ਕਵੀਆਂ ਦੀ ਰਚਨਾ ਵਿੱਚ ਸਹਿਜੇ ਹੀ ਢਲਦੀ ਗਈ। ਇਸੇ ਲਈ ਇਸ ਦੌਰ ਦੀ ਕਵਿਤਾ ਵਿੱਚ ਮਾਨਵਤਾਵਾਦ ਆਪਣੇ ਸੁਘੜ ਰੂਪ ਵਿੱਚ ਨਜ਼ਰੀਂ ਪੈਂਦਾ ਹੈ।
ਰੂਪਕ ਪੱਖ ਤੋਂ ਵੀ ਛਾਇਆਵਾਦੀ ਕਵਿਤਾ ਵਿੱਚ ਨਵੀਆਂ ਪਿਰਤਾਂ ਨਜ਼ਰੀਂ ਆਉਂਦੀਆਂ ਹਨ। ਭਾਸ਼ਾ ਦੇ ਸ਼ਬਦਿਕ ਰੂਪ ਦਾ ਖੁੱਲ੍ਹ ਕੇ ਪ੍ਰਯੋਗ ਕੀਤਾ ਗਿਆ ਹੈ। ਕਵੀਆਂ ਨੇ ਆਪਣੇ ਸੁੱਖ-ਦੁੱਖ, ਆਸਾ- ਨਿਰਾਸ਼ਾ ਆਦਿ ਦਾ ਵਰਣਨ ਪ੍ਰਤੀਕਾਂ ਦੇ ਸਹਾਰੇ ਹੀ ਕੀਤਾ ਹੈ। ਇਸ ਪ੍ਰਤੀਕਵਾਦ ਕਾਰਨ ਕਿਤੇ-ਕਿਤੇ ਕਵਿਤਾ ਦੇ ਅਰਥ ਸੰਚਾਰ ਵਿੱਚ ਰੁਕਾਵਟ ਵੀ ਪੈਦਾ ਹੁੰਦੀ ਹੈ। ਚਿੱਤਰਮਈ ਭਾਸ਼ਾ ਛਾਇਆਵਾਦੀ ਕਵਿਤਾ ਦਾ ਮੀਰੀ ਗੁਣ ਹੈ। ਸ਼ਬਦਾਂ ਦੀ ਯੋਜਨਾ ਏਨੀ ਸੁਘੜ ਹੈ ਕਿ ਪੂਰੇ ਦਾ ਪੂਰਾ ਦ੍ਰਿਸ਼ ਅੱਖਾਂ ਸਾਮ੍ਹਣੇ ਸਾਕਾਰ ਹੋ ਉੱਠਦਾ ਹੈ। ਕਵੀਆਂ ਨੇ ਪਰੰਪਰਾਗਤ ਮਾਪਦੰਡਾਂ ਨੂੰ ਛੱਡ ਕੇ ਨਵੇਂ-ਨਵੇਂ ਮਾਪਦੰਡ ਲੱਭੇ ਹਨ ਅਤੇ ਆਪਣੀ ਜ਼ਰਖੇਜ਼ ਕਲਪਨਾ-ਸ਼ਕਤੀ ਦਾ ਪ੍ਰਮਾਣ ਪੇਸ਼ ਕੀਤਾ ਹੈ। ਬਹੁਤੀ ਛਾਇਆਵਾਦੀ ਕਵਿਤਾ ਮੁਕਤਕ ਸ਼ੈਲੀ ਵਿੱਚ ਲਿਖੀ ਗਈ ਹੈ। ਹਿੰਦੀ ਵਿੱਚ ਸਰੋਦੀ ਕਵਿਤਾ ਦੀ ਪਰੰਪਰਾ ਨੂੰ ਸਿਖਰ ਤੱਕ ਪਹੁੰਚਾਉਣ ਦਾ ਸਿਹਰਾ ਛਾਇਆਵਾਦ ਦੇ ਸਿਰ ਬੱਝਦਾ ਹੈ। ਇਹਨਾਂ ਗੀਤਾਂ ਵਿਚਲੀ ਸੂਖਮਤਾ, ਕੋਮਲਤਾ ਅਤੇ ਸੰਗੀਤ- ਆਤਮਿਕਤਾ ਦਿਲ ਨੂੰ ਖਿੱਚ ਪਾਉਂਦੀ ਹੈ। ਕਲਪਨਾ ਦੀ ਮੌਲਿਕਤਾ ਛਾਇਆਵਾਦੀ ਕਵਿਤਾ ਦੇ ਹੁਸਨ ਨੂੰ ਹੋਰ ਨਿਖਾਰਦੀ ਹੈ। ਇਹਨਾਂ ਕਵੀਆਂ ਦਾ ਕਲਪਨਾ ਸੰਸਾਰ ਅਤੀਤ ਤੋਂ ਵਰਤਮਾਨ ਅਤੇ ਭਵਿੱਖ ਤੱਕ ਪਸਰਿਆ ਹੈ ਅਤੇ ਦੂਜੇ ਬੰਨੇ ਧਰਤੀ-ਅਕਾਸ਼ ਵਿਚਲੀ ਦੂਰੀ ਨੂੰ ਮੇਟਦਾ-ਸਮੇਟਦਾ ਦਿਖਾਈ ਦਿੰਦਾ ਹੈ।
ਛਾਇਆਵਾਦ ਦੇ ਨਾਂ ਨਾਲ ਚੱਲੀ ਇਹ ਕਾਵਿ-ਧਾਰਾ ਭਾਵੇਂ ਸਿਰਫ਼ ਪੰਦਰਾਂ ਵਰ੍ਹਿਆਂ ਦੇ ਅਲਪ-ਕਾਲ ਵਿੱਚ ਸਿਮਟ ਗਈ ਪਰ ਇਸ ਦੀਆਂ ਪ੍ਰਾਪਤੀਆਂ ਸਲਾਹੁਣਯੋਗ ਰਹੀਆਂ ਹਨ। ਆਪਣੇ ਸਮਕਾਲੀਨ ਆਲੋਚਕਾਂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹਨ ਲਈ ਭਾਵੇਂ ਇਸ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ ਪਰ ਬਾਅਦ ਦੇ ਸਮੇਂ ਵਿੱਚ ਪਾਠਕਾਂ ਅਤੇ ਆਲੋਚਕਾਂ ਵੱਲੋਂ ਇਸ ਨੂੰ ਭਰਪੂਰ ਹੁੰਗਾਰਾ ਮਿਲਿਆ। ਛਾਇਆਵਾਦ ਦੇ ਚਾਰ ਪ੍ਰਮੁੱਖ ਕਵੀ ਜੈਸ਼ੰਕਰ ਪ੍ਰਸਾਦ, ਸੂਰਯਕਾਂਤ ਤ੍ਰਿਪਾਠੀ, ਨਿਰਾਲਾ, ਸੁਮਿੱਤਰਾ ਨੰਦਨ ਪੰਤ ਅਤੇ ਮਹਾਂਦੇਵੀ ਵਰਮਾ ਛਾਇਆਵਾਦ ਦੇ ‘ਚਾਰ ਥੰਮ੍ਹ’ ਵਜੋਂ ਪ੍ਰਸਿੱਧ ਹੋਏ। ਇਹਨਾਂ ਤੋਂ ਇਲਾਵਾ ਹੋਰ ਵੀ ਅਨੇਕ ਕਵੀਆਂ ਜਿਵੇਂ ਕਿ ਰਾਮ ਕੁਮਾਰ ਵਰਮਾ, ਭਗਵਤੀ ਚਰਨ ਵਰਮਾ, ਹਰਿਵੰਸ਼ ਰਾਇ ਬੱਚਨ, ਰਾਮ ਨਰੇਸ਼ ਤ੍ਰਿਪਾਠੀ ਆਦਿ ਕਵੀਆਂ ਨੇ ਵੀ ਛਾਇਆਵਾਦੀ ਰਚਨਾਵਾਂ ਲਿਖੀਆਂ।
ਲੇਖਕ : ਮੱਖਣ ਲਾਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3802, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਛਾਇਆਵਾਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛਾਇਆਵਾਦ [ਨਾਂਪੁ] ਪਰਮਾਤਮਾ ਜਾਂ ਅਗਿਆਤ ਸੰਬੰਧੀ ਪ੍ਰੇਮ ਜਾਂ ਵਿਛੋੜੇ ਦੇ ਭਾਵ ਪ੍ਰਗਟਾਉਣ ਵਾਲ਼ਾ ਸਿਧਾਂਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਛਾਇਆਵਾਦ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਛਾਇਆਵਾਦ : ਛਾਇਆਵਾਦ ਸਾਹਿੱਤ ਦਾ ਉਹ ਕਾਵਿ–ਸਿਧਾਂਤ ਹੈ ਜੋ ਪ੍ਰਗਟ, ਦਿੱਸਦੇ ਤੇ ਪ੍ਰਸਤੁਤ ਦੀ ਥਾਂ ਤੇ, ਉਸ ਦੀ ਵਿਅੰਜਨਾ ਕਰਨ ਵਾਲੀ ਛਾਇਆ ਦੇ ਰੂਪ ਵਿਚ ਅਪ੍ਰਗਟ, ਅਣਦਿਸਦੇ ਤੇ ਅਪ੍ਰਸਤੁਤ ਦਾ ਨਿਰਪੂਣ ਕਰਦਾ ਹੈ, ਅਰਥਾਤ ਛਾਇਆਵਾਦੀ ਕਾਵਿ ਧਾਰਾ ਪ੍ਰਗਟ ਤੇ ਸਥੂਲ ਤੇ ਵਿਰੁੱਧ ਅਪ੍ਰਗਟ ਤੇ ਸੂਖ਼ਮ ਦਾ ਵਿਦਰੋਹ ਮਾਤਰ ਹੈ। ਛਾਇਆਵਾਦ ਦਾ ਖੇਤਰ ਬੜਾ ਵਿਆਪਕ ਹੈ ਤੇ ਰਹੱਸਵਾਦ ਨੂੰ ਇਸ ਦਾ ਇਕ ਮਾਮੂਲੀ ਅੰਗ ਜਾਂ ਅੰਸ਼ ਆਖਿਆ ਜਾ ਸਕਦਾ ਹੈ। ਕਿਉਂਕਿ ਇਹ ਕਈ ਭਿੰਨ ਭਿੰਨ ਪ੍ਰਵ੍ਰਿਤੀਆਂ ਦਾ ਸੰਸ਼ਲਿਸ਼ਟ ਤੇ ਸਮਗ੍ਰ ਰੂਪ ਹੈ, ਇਸ ਦੀਆਂ ਹੱਦਾਂ ਇਕ ਪਾਸੇ ਰੋਮਾਂਸਵਾਦੀ ਨੂੰ ਜਾ ਛੂੰਹਦੀਆਂ ਹਨ ਤੇ ਦੂਜੇ ਪਾਸੇ ਮਾਨਵਤਾਵਾਦੀ ਆਦਰਸ਼ਵਾਦ ਤਕ ਜਾ ਅਪੜਦੀਆਂ ਹਨ। ਦੂਜੇ ਸ਼ਬਦਾਂ ਵਿਚ ਇਕ ਪਾਸੇ ਵਿਅਕਤੀਵਾਦ ਦੇ ਨੈਣ–ਨਕਸ਼ ਦਿੱਸਦੇ ਹਨ ਤੇ ਦੂਜੇ ਪਾਸੇ ਅਧਿਆਤਮਿਕਤਾ ਦੇ ਸੁਪਨ–ਸੰਸਾਰ ਦੇ ਚਿਤਰ ਹਨ।
ਛਾਇਆਵਾਦ ਦੀ ਰੂਪ–ਰੇਖਾ ਉਲੀਕਣ ਲੱਗਿਆਂ ਅਸੀਂ ਵੇਖਦੇ ਹਾਂ ਕਿ ਇਸ ਵਿਚ ਕਵੀ ਦੀ ਆਤਮਾ–ਅਭਿਵਿਅੰਜਨਾ, ਕਲਪਨਾ, ਅਨੁਭੂਤੀ, ਚਿੰਤਨ ਆਦਿ ਦਾ ਵਿਸ਼ੇਸ਼ ਮਹੱਤਵ ਹੈ। ਵਿਦਰੋਹ ਦੀ ਭਾਵਨਾ ਨਿਰੰਤਰ ਬਣੀ ਰਹਿੰਦੀ ਹੈ ਤੇ ਕਵੀ ਸਮਾਜਕ ਜੀਵਨ ਦੇ ਸਾਰੇ ਬੰਨ੍ਹਣਾਂ ਨੂੰ ਤਜ ਕੇ ਪ੍ਰਕ੍ਰਿਤੀ ਦੀ ਰਹੱਸਮਈ ਸੁੰਦਰਤਾ ਨੂੰ ਮਾਣਨ ਲਈ ਪ੍ਰੇਰਿਆ ਜਾਂਦਾ ਹੈ। ਇੰਜ ਉਸ ਦੀ ਅਸੰਤੁਸ਼ਟਤਾ ਤੇ ਉਦਾਸੀ ਕੁਝ ਚਿਰ ਲਈ ਉਸ ਦਾ ਖਹਿੜਾ ਛੱਡ ਜਾਂਦੀਆਂ ਹਨ ਤੇ ਉਹ ਸਾਪੇਖ ਕਾਲ ਨੂੰ ਤੈਅ ਕਰ ਕੇ ਇਕੋ ਸਮੇਂ ਵਰਤਮਾਨ, ਅਤੀਤ ਤੇ ਭਵਿੱਖ ਵਿਚ ਵਿਚਰ ਸਕਦਾ ਹੈ। ਉਸ ਨੂੰ ਕਲਪਨਾ ਦੇ ਅਲੌਕਿਕ ਸੰਸਾਰ ਵਿਚੋਂ ਜੋ ਤਸੱਲੀ ਤੇ ਤ੍ਰਿਪਤੀ ਮਿਲਦੀ ਹੈ ਉਹ ਦਿੱਸਦੇ ਤੇ ਯਧਾਰਥ ਸੰਸਾਰ ਵਿਚੋਂ ਨਹੀਂ।
ਛਾਇਆਵਾਦ ਦਾ ਮੁਹਾਂਦਰਾ ਰੋਮਾਂਸਵਾਦ ਨਾਲ ਕਈ ਪੱਖਾਂ ਤੋਂ ਮਿਲਦਾ ਜੁਲਦਾ ਹੈ। ਮਿਸਾਲ ਦੇ ਤੌਰ ਤੇ ਆਤਮ ਅਨੁਭੂਤੀ ਜਾਂ ਆਤਮ ਅਭਿਵਿਅਕਤੀ ਦੀ ਦੋਹਾਂ ਵਿਚ ਪ੍ਰਧਾਨਤਾ ਹੈ। ਦੋਵੇਂ ਕਲਪਨਾ ਦੇ ਸੁਪਨ–ਸੰਸਾਰ ਦੇ ਵਾਸੀ ਹਨ। ਦੋਹਾਂ ਵਿਚ ਸੁੰਦਰਤਾ ਪ੍ਰਤਿ ਅੰਤਾਂ ਦੀ ਖਿੱਚ ਹੈ, ਦੋਵੇਂ ਵਿਸਮਾਦੀ ਭਾਵਨਾ ਦੇ ਸੁਆਮੀ ਹਨ, ਦੋਹਾਂ ਵਿਚ ਪ੍ਰਕ੍ਰਿਤੀ ਪ੍ਰੇਮ ਤੇ ਪ੍ਰਕ੍ਰਿਤਕ ਰਹੱਸਵਾਦ ਦੇ ਦਰਸ਼ਨ ਹੁੰਦੇ ਹਨ, ਦੋਵੇਂ ਪਰੰਪਰਾਗਤ–ਸਾਹਿੱਤ–ਮਾਨਢੰਡਾਂ ਦੀ ਵਿਰੋਧਤਾ ਕਰਦੇ ਹਨ ਤੇ ਇਨ੍ਹਾਂ ਤੋਂ ਵਿਦਰੋਹ ਕਰਦੇ ਹਨ। ਦੋਹਾਂ ਨੇ ਪ੍ਰੇਮ ਨੂੰ ਕਿਸੇ ਨਾ ਕਿਸੇ ਰੂਪ ਵਿਚ ਆਪਣੀ ਰਚਨਾ ਦਾ ਵਿਸ਼ੈ ਬਣਾਇਆ ਹੈ, ਇਤਿਆਦਿ।
ਛਾਇਆਵਾਦ ਨੂੰ ਪੁਸ਼ਟ ਕਰਨ ਤੇ ਇਸ ਨੂੰ ਪਲ੍ਹਰਨ ਵਿਚ ਸਹਾਇਕ ਕਾਰਣਾਂ ਵਿਚੋਂ ਦਾਰਸ਼ਨਿਕ ਤੇ ਅਧਿਆਤਮ ਚਿੰਤਨ, ਵਿਵੇਕ ਤੇ ਬੁੱਧੀ, ਮਾਨਵਤਾਵਾਦ, ਰਾਸ਼ਟਰੀ ਅਥਵਾ ਅੰਤਰਰਾਸ਼ਟਰੀ ਭਾਵਨਾ ਆਦਿ ਨੂੰ ਪ੍ਰਸਿੱਧ ਮੰਨਿਆ ਜਾ ਸਕਦਾ ਹੈ। ਛਾਇਆਵਾਦ ਦਾ ਜੀਵਨ ਪ੍ਰਤਿ ਵਿਗਿਆਨਕ ਦ੍ਰਿਸ਼ਟੀਕੋਣ ਨਹੀਂ ਹੈ। ਛਾਇਆਵਾਦ ਨੇ ਕਿਸੇ ਰੂੜ੍ਹੀਵਾਦੀ ਸਿਧਾਂਤ ਨੂੰ ਨਹੀਂ ਅਪਣਾਇਆ। ਵੈਰਾਗ, ਕਰੁਣਾ ਤੇ ਦੁਖ ਆਦਿ ਛਾਇਆਵਾਦ ਦੇ ਪ੍ਰਮੁੱਖ ਤੱਤ ਹਨ। ਪੰਜਾਬੀ ਦੇ ਰਹੱਸਵਾਦੀ ਕਾਵਿ ਵਿਚ ਛਾਇਆਵਾਦੀ ਅੰਸ਼ ਮਿਲਦੇ ਹਨ।
[ਸਹਾ. ਗ੍ਰੰਥ––ਪਾ. ਸ਼. ਕੋ.; ਦੇਵਰਾਜ : ‘ਛਾਯਾਵਾਦ ਕਾ ਪਤਨ’ (ਹਿੰ); ਸ਼ੰਭੂ ਨਾਥ ਸਿੰਘ : ‘ਛਾਇਆਵਾਦ ਯੁਗ’ (ਹਿੰ.)]
ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no
ਛਾਇਆਵਾਦ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਛਾਇਆਵਾਦ : ਇਹ ਇਕ ਨਵੀਂ ਕਿਸਮ ਦੀ ਕਾਵਿ-ਧਾਰਾ ਹੈ ਜਿਹੜੀ ਅੰਗਰੇਜ਼ੀ ਦੇ ਰੋਮਾਂਟਿਕ ਕਵੀਆਂ ਅਤੇ ਬੰਗਾਲ ਦੇ ਕਵੀ ਰਾਬਿੰਦਰ ਨਾਥ ਟੈਗੋਰ ਦੀ ਕਾਵਿ-ਧਾਰਾ ਦੇ ਢੰਗ ਦੀਆਂ ਜਾਂ ਉਸ ਤੋਂ ਪ੍ਰਭਾਵਿਤ ਹੋਈ ਸੀ। ਕਈ ਆਲੋਚਕ ਇਹ ਮੰਨਦੇ ਹਨ ਕਿ ਪੁਰਾਤਨ ਸਿੱਧਾਂ ਦੀ ਛਾਇਆ ਭਾਸ਼ਾ ਸੀ ਜਿਸ ਵਿਚ ਵਿਸ਼ੇਸ਼ ਪ੍ਰਤੀਕਾਂ ਰਾਹੀਂ ਭਾਵ ਦੱਸਿਆ ਜਾਂਦਾ ਸੀ। ਅਸਪਸ਼ਟਤਾ ਦੇ ਕਾਰਨ ਇਸ ਨਵੇਂ ਕਾਵਿ ਨੂੰ ਛਾਇਆਵਾਦ ਕਿਹਾ ਗਿਆ। ਮੁੱਢ ਵਿਚ ਕਈ ਵਿਦਵਾਨਾਂ ਦਾ ਵਿਚਾਰ ਸੀ ਕਿ ਰਹੱਸਵਾਦ ਅਤੇ ਛਾਇਆਵਾਦ ਇਕ ਹੀ ਗੱਲ ਹੈ। ਮਗਰੋਂ ਰਹੱਸਵਾਦ ਨੂੰ ਮਿਸਟੀਸਿਜ਼ਮ ਦਾ ਅਤੇ ਛਾਇਆਵਾਦ ਨੂੰ ਰੋਮਾਂਟਿਸਿਜ਼ਮ ਦਾ ਸੂਚਕ ਮੰਨਿਆ ਜਾਣ ਲੱਗਾ। ਡਾ. ਨਗੇਂਦਰ ਅਨੁਸਾਰ ਛਾਇਆਵਾਦ ਇਕ ਵਿਸ਼ੇਸ਼ ਪ੍ਰਕਾਰ ਦੀ ਭਾਵ ਪ੍ਰਣਾਲੀ ਹੈ, ਜੀਵਨ ਬਾਰੇ ਇਕ ਭਾਵਾਤਮਕ ਦ੍ਰਿਸ਼ਟੀਕੋਣ ਹੈ। ਇਸ ਦ੍ਰਿਸ਼ਟੀਕੋਣ ਦਾ ਕਾਰਨ ਹੈ, ਨਵੇਂ ਜੀਵਨ ਦੇ ਸੁਪਨਿਆਂ ਅਤੇ ਅਰਮਾਨਾਂ ਦਾ ਘੋਲ-ਮੇਲ। ਛਾਇਆਵਾਦੀ ਪ੍ਰਵਿਰਤੀ ਦਾ ਪ੍ਰਗਟਾਉ ਪ੍ਰਤੀਕਾਂ ਤੇ ਸੰਕੇਤਾਂ ਰਾਹੀਂ ਹੁੰਦਾ ਹੈ।
ਪਿਛੋਕੜ––ਛਾਇਆਵਾਦੀ ਕਵਿਤਾ ਦੇ ਕੁਝ ਗੁਣ-ਵਿਸ਼ੇਸ਼ ਪੁਰਾਤਨ ਸਾਹਿਤ ਵਿਚ ਵੀ ਮਿਲ ਜਾਂਦੇ ਹਨ। ਵੇਦ ਵਿਚ ਊਸ਼ਾ, ਸੰਧਿਆ, ਅਗਨੀ, ਵਰੁਣ, ਸੂਰਜ, ਚੰਨ, ਯਮ, ਯਮੀ ਆਦਿ ਦੀ ਸੂਖ਼ਮ ਸੱਤਾ ਦਾ ਵਰਣਨ ਆਇਆ ਹੈ। ਉਪਨਿਸ਼ਦਾਂ ਦੀ ਕਾਵਿ-ਸ਼ੈਲੀ ਵਿਚ ਸਥੂਲ ਵਸਤੂਆਂ ਦਾ ਰਾਗਾਤਮਕ ਵਰਣਨ ਆਇਆ ਹੈ।
ਸਿੱਧਾਂ ਤੇ ਜੋਗੀਆਂ ਦੇ ਸ਼ਬਦਾਂ ਵਿਚ ਵੀ ਕਿਤੇ-ਕਿਤੇ ਕੁਝ ਛਾਇਆਵਾਦੀ ਗੁਣ ਲੱਭੇ ਜਾਂਦੇ ਹਨ। ਬਾਬਾ ਫਰੀਦ ਦੇ ਸਲੋਕ ‘ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ, ਸਰਪਰ ਮੈਥੇ ਆਵਣਾ ਮਰਣਹੁ ਨ ਡਰਿਆਹੁ’ ਵਿਚ ਛਾਇਆਵਾਦੀ ਸ਼ੈਲੀ ਦੇ ਦਰਸ਼ਨ ਹੁੰਦੇ ਹਨ। ਗੁਰਬਾਣੀ ਵਿਚ ਵੀ ਕਿਤੇ-ਕਿਤੇ ਚਿੰਨ੍ਹਵਾਦੀ ਪ੍ਰਯੋਗ ਅਤੇ ਮਾਨਵੀਕਰਣ ਦੇ ਉਦਾਹਰਣ ਮਿਲ ਜਾਂਦੇ ਹਨ––
‘ਮੈ ਰੋਵੰਦੀ ਸਭੁ ਜਗ ਰੁਨਾ, ਰੁਨੜੇ ਵਣਹੁ ਪੰਖੇਰੂ,
ਇਕੁ ਨ ਰੁੰਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ’
(ਗੁਰੂ ਨਾਨਕ ਦੇਵ ਜੀ)
ਛਾਇਆਵਾਦੀ ਕਾਵਿ ਵਿਚ ਕੋਮਲ ਸ਼ਬਦਾਵਲੀ ਕਥਨੀ ਦੀ ਵਿਚਿੱਤਰਤਾ ਅਤੇ ਕੋਮਲ ਬਿਆਨੀ ਇੰਨੀ ਵਧੀਕ ਹੁੰਦੀ ਹੈ ਕਿ ਬਹੁਤ ਸਾਰੇ ਆਲੋਚਕ ਛਾਇਆਵਾਦ ਨੂੰ ਕੇਵਲ ਨਵੀਂ ਸ਼ੈਲੀ ਮਾਤਰ ਸਮਝਦੇ ਰਹੇ ਹਨ। ਹਿੰਦੀ ਛਾਇਆਵਾਦ ਦੇ ਪ੍ਰਮੁੱਖ ਕਵੀ, ਜੈ ਸ਼ੰਕਰ ਪ੍ਰਸਾਦ ਨੇ ਇਸ ਦੇ ਕਲਾ ਪੱਖ ਤੇ ਪ੍ਰਕਾਸ਼ ਪਾਉਂਦਿਆਂ ਦੱਸਿਆ ਹੈ ਕਿ ਧੁਨੀਆਤਮਿਕਤਾ ਚਿੰਨ੍ਹਾਂ ਦੀ ਵਰਤੋਂ, ਸੁੰਦਰ ਪ੍ਰਤੀਕ ਵਿਧਾਨ ਬਾਂਕਾਪਣ ਅਤੇ ਆਪਣਾ ਅਨੁਭਵ ਛਾਇਆਵਾਦ ਦੇ ਗੁਣ-ਵਿਸ਼ੇਸ਼ ਹਨ।
ਸ਼ੈਲੇ, ਕਾੱਲਰਿਜ, ਕੀਟਸ ਆਦਿ ਅੰਗਰੇਜ਼ੀ ਕਵੀਆਂ ਦੀਆਂ ਰਚਨਾਵਾਂ ਤੋਂ ਸਾਡੇ ਕਵੀਆਂ ਨੇ ਸ਼ਬਦ ਚਿੱਤਰ ਉਸਾਰਨ ਦੀ ਕਲਾ ਵਧੇਰੇ ਸਿੱਖੀ ਹੈ। ਅੰਗਰੇਜ਼ੀ ਕਵਿਤਾ ਦੇ ਡੂੰਘੇ ਅਧਿਐਨ ਕਰਕੇ ਪ੍ਰੋ. ਪੂਰਨ ਸਿੰਘ ਨੇ ਸ਼ਬਦ ਚਿੱਤਰਾਂ ਅਤੇ ਅਲੰਕਾਰਾਂ ਦੀ ਵਰਤੋਂ ਵਧੀਕ ਕੀਤੀ ਹੈ। ਸੂਫ਼ੀਆਂ ਦੇ ਕਲਾਮ ਅਤੇ ਗੁਰਬਾਣੀ ਨੇ ਸੰਜੋਗ/ਵਿਜੋਗ ਦੇ ਮਨ ਖਿੱਚਵੇਂ ਭਾਵ-ਚਿੱਤਰਾਂ ਰਾਹੀਂ ਪੰਜਾਬੀ ਬੋਲੀ ਨੂੰ ਪਹਿਲਾਂ ਹੀ ਅਮੀਰ ਬਣਾ ਦਿੱਤਾ ਸੀ। ਭਾਈ ਗੁਰਦਾਸ ਪ੍ਰੋ. ਪੂਰਨ ਸਿੰਘ ਅਤੇ ਪ੍ਰੀਤਮ ਸਿੰਘ ਸਫ਼ੀਰ ਨੇ ਗੁਰਬਾਣੀ ਦੀ ਸ਼ਬਦਾਵਲੀ ਤੋਂ ਚੋਖਾ ਲਾਭ ਉਠਾਇਆ ਹੈ। ਛਾਇਆਵਾਦੀ ਕਾਵਿ ਵਿਚ ਸੂਖ਼ਮ ਭਾਵਾਂ ਦਾ ਪ੍ਰਗਟਾਉ ਸਥੂਲ ਵਸਤੂਆਂ ਰਾਹੀਂ ਅਤੇ ਸਥੂਲ ਵਸਤੂਆਂ ਦਾ ਪ੍ਰਗਟਾਉ ਸੂਖਮ ਭਾਵਾਂ ਰਾਹੀਂ ਕੀਤਾ ਗਿਆ ਹੈ। ਉਰਦੂ ਦੀ ਗਜ਼ਲ ਸ਼ੈਲੀ ਦਾ ਪ੍ਰਭਾਵ ਵੀ ਪੰਜਾਬੀ ਰੋਮਾਂਚਿਕ ਕਾਵਿ ਜਾਂ ਛਾਇਆਵਾਦੀ ਕਾਵਿ ਉੱਤੇ ਚੋਖਾ ਪਿਆ ਹੈ। ਫ਼ਾਰਸੀ ਦੇ ਔਖੇ ਸ਼ਬਦਾਂ ਕਰਕੇ ਭਾਵ ਦਾ ਸਾਧਾਰਣੀਕਰਨ ਠੀਕ ਨਹੀਂ ਹੋ ਸਕਿਆ। ਅੰਗਰੇਜ਼ੀ ਕਾਵਿ ਦੇ ਛਾਇਆਵਾਦੀ ਕਾਵਿ ਨੇ ਛੰਦਾ-ਬੰਦੀ ਵਿਚ ਬਹੁਰੂਪਤਾ ਅਤੇ ਰੌਚਕਤਾ ਦਰਸਾਉਣ ਦਾ ਯਤਨ ਕੀਤਾ ਹੈ। ਪੁਰਾਣੇ ਗਿਣੇ-ਮਿੱਥੇ ਛੰਦ ਤਾਂ ਹੌਲੀ-ਹੌਲੀ ਰਿਵਾਜੋਂ ਬਾਹਰ ਹੋ ਗਏ। ਸੰਗੀਤ ਦੇ ਪ੍ਰੇਮੀ ਕਵੀਆਂ ਨੇ ਲੋਕ ਗੀਤਾਂ ਦੀ ਧਾਰਨਾ ਅਪਣਾ ਲਈ। ਅੰਗਰੇਜ਼ੀ ਦੇ ਪ੍ਰਭਾਵ ਅਤੇ ਟੈਗੋਰ ਦੀ ਸ਼ੈਲੀ ਨੇ ਸਿਰਖੰਡੀ ਛੰਦ ਦਾ ਰਿਵਾਜ ਵਧਾ ਦਿੱਤਾ। ਪ੍ਰੋ. ਪੂਰਨ ਸਿੰਘ ਤੋਂ ਮਗਰੋਂ ਹੋਰ ਕੋਈ ਕਵੀ ਸੈਲਾਨੀ ਛੰਦ ਨੂੰ ਉਨੇ ਸੁਹਜ ਸੁਆਦ ਨਾਲ ਨਹੀਂ ਨਿਭਾ ਸਕਿਆ।
ਛਾਇਆਵਾਦੀ ਰਚਨਾ ਵਿਚ ਆਸ਼ਾਵਾਦੀ ਪੱਖ ਨੂੰ ਭਾਈ ਵੀਰ ਸਿੰਘ ਤੋਂ ਵਧੇਰੇ ਪ੍ਰੋ. ਪੂਰਨ ਸਿੰਘ ਜੀ ਨੇ ਉਜਾਗਰ ਕੀਤਾ ਹੈ। ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਵਿਧਾਤਾ ਸਿੰਘ ਤੀਰ ਆਦਿ ਕਵੀਆਂ ਨੇ ਨਿਰਾਸ਼ਾਵਾਦੀ ਪੱਖ ਉਪਰ ਵਧੇਰੇ ਲਿਖਿਆ ਹੈ ਅਤੇ ਹਨੇਰਾ, ਦੁੱਖ ਜਾਂ ਬੇਬਸੀ ਦੇ ਚਿੱਤਰ ਬਹੁਤ ਦਿੱਤੇ ਹਨ। ਸੰਤੋਖ ਤੇ ਤ੍ਰਿਪਤੀ ਨਾ ਹੋਣ ਕਰਕੇ ਇਸ ਦੁੱਖ ਭਰੇ ਸੰਸਾਰ ਨੂੰ ਭੁਲਾ ਦੇਣ ਜਾਂ ਇਸ ਤੋਂ ਨੱਠ ਕੇ ਉਜਾੜ ਵਿਚ ਜਾਂ ਸੁਪਨਿਆਂ ਦੇ ਜਗਤ ਵਿਚ ਰਹਿਣ ਦੀ ਭਾਵਨਾ ਪਲਾਇਨਵਾਦ ਨਾਲ ਵੀ ਜਾ ਮਿਲਦੀ ਹੈ। ਇਸੇ ਕਰਕੇ ਪ੍ਰਗਤੀਵਾਦੀ ਅਲੋਚਕਾਂ ਨੇ ਛਾਇਆਵਾਦ ਨੂੰ ਪਲਾਇਨਵਾਦ ਦਾ ਇਕ ਰੂਪ ਮੰਨਿਆ ਹੈ।
ਭਵਿੱਖ––ਹਿੰਦੀ ਦੇ ਪ੍ਰਮੁੱਖ ਛਾਇਆਵਾਦੀ ਕਵੀ ਸੁਮਿਤ੍ਰਾ ਨੰਦਨ ਪੰਤ ਨੇ ਆਪਣੇ ਕਾਵਿ-ਸੰਗ੍ਰਹਿ ਦੀ ਭੂਮਿਕਾ ਵਿਚ ਇਸ ਵਿਸ਼ੇ ਤੇ ਇਉਂ ਲਿਖਿਆ ਹੈ, ‘ਛਾਇਆਵਾਦ ਵਿਚ ਹੁਣ ਭਵਿੱਖ ਲਈ ਨਵੇਂ ਤੇ ਉਪਯੋਗੀ ਆਦਰਸ਼, ਨਵੀਂ ਭਾਵਨਾ ਦੀ ਸੁੰਦਰਤਾ ਅਤੇ ਨਵੇਂ ਵਿਚਾਰਾਂ ਦਾ ਰਸ ਨਹੀਂ ਰਿਹਾ। ਉਹ ਕਾਵਿ ਦੀ ਥਾਂ ਅਲੰਕਾਰ-ਭਰਿਆ ਸੰਗੀਤ ਬਣ ਗਿਆ ਹੈ।’
ਲਿਖਣ ਤੇ ਬੋਲਣ ਦੀ ਆਜ਼ਾਦੀ ਨੇ ਕਵੀਆਂ ਦੀ ਅਸਪਸ਼ਟਤਾ ਕਿਸੇ ਹੱਦ ਤੱਕ ਮਿਟਾ ਦਿੱਤੀ ਹੈ। ਜਨਤਾਵਾਦ ਨੇ ਕਵੀ ਦੀ ‘ਮੈਂ’ ਨੂੰ ਜਨਤਾ ਦੀ ‘ਮੈਂ’ ਬਣਾ ਦਿੱਤਾ ਹੈ। ਇਹੋ ਕਾਰਨ ਹੈ ਕਿ ਕਲ੍ਹ ਦੇ ਛਾਇਆਵਾਦੀ ਜਾਂ ਰੋਮਾਂਸਵਾਦੀ ਕਵੀਆਂ ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫ਼ੀਰ ਆਦਿ ਨੇ ਪ੍ਰਗਤੀਵਾਦ ਵੱਲ ਮੋੜਾ ਪਾਇਆ।
ਛਾਇਆਵਾਦ ਨੇ ਭਾਵਨਾ, ਵਿਸ਼ੇ, ਅਨੁਭਵ, ਛੰਦ ਅਤੇ ਭਾਸ਼ਾ ਵਿਚ ਇਕ ਕ੍ਰਾਂਤੀ ਲਿਆਂਦੀ ਸੀ ਪਰ ਉਸ ਦਾ ਸੰਪਰਕ ਸਮਾਜ ਨਾਲੋਂ ਹਟ ਗਿਆ ਹੈ। ਹੁਣ ਮਨੁੱਖਤਾ ਅਤੇ ਸਮਾਜ ਤੋਂ ਪਰੇ ਸੱਚੀ ਸੁੰਦਰਤਾ ਦੀ ਕਲਪਨਾ ਕਰਨਾ ਵੀ ਕਠਨ ਹੋ ਗਿਆ ਹੈ।
ਛਾਇਆਵਾਦ ਆਪਣਾ ਰਾਗ ਗਾ ਚੁੱਕਾ ਹੈ ਪਰ ਇਸ ਦੀ ਗੂੰਜ ਚਿਰ ਤੱਕ ਸੁਣਾਈ ਦਿੰਦੀ ਰਹੇਗੀ।
ਹ. ਪੁ.––ਸਾਹਿਤ ਮੰਥਨ-ਸੀਤਾ ਰਾਮ ਬਾਹਰੀ ; ਹਿੰ. ਸਾ. ਕੋ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2524, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First