ਜਗਤਾਰ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਜਗਤਾਰ (1935): ਦੇਸ਼ ਦੀ ਅਜ਼ਾਦੀ ਤੋਂ ਬਾਅਦ ਦੇ ਮਾਨਵਵਾਦੀ ਕਵੀਆਂ ਵਿੱਚੋਂ ਜਗਤਾਰ ਉੱਘਾ ਕਵੀ ਹੈ। ਉਸ ਨੇ 1960 ਅਤੇ 1970ਵਿਆਂ ਦੇ ਪੰਜਾਬੀ ਸਮਾਜ ਵਿੱਚ ਉੱਭਰ ਰਹੀਆਂ ਰਾਜਸੀ ਅਤੇ ਆਰਥਿਕ ਮੁਸ਼ਕਲਾਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ। ਇਸ ਧਰਤੀ ਦੇ ਕਵੀ ਦਾ ਜਨਮ 23 ਮਾਰਚ 1935 ਨੂੰ ਪਿੰਡ ਰਾਜਗੋਮਾਲ, ਜ਼ਿਲ੍ਹਾ ਜਲੰਧਰ ਵਿੱਚ ਸ. ਨੱਥਾ ਸਿੰਘ ਅਤੇ ਗੁਰਚਰਨ ਕੌਰ ਦੇ ਘਰ ਹੋਇਆ ਪਰ ਉਸ ਦੀ ਪਾਲਣਹਾਰੀ ਮਾਂ ਦਾ ਨਾਂ ਲਕਸ਼ਮੀ ਦੇਵੀ ਅਤੇ ਬਾਪ ਦਾ ਨਾਂ ਜਵਾਹਰ ਸਿੰਘ ਸੀ। ਜਵਾਹਰ ਸਿੰਘ ਉਸ ਦੀ ਪਾਲਣਹਾਰੀ ਮਾਂ ਨੂੰ ਛੱਡ ਕੇ ਆਸਟਰੇਲੀਆ ਚਲਾ ਗਿਆ ਸੀ। ਉਹ ਵਾਪਸ ਨਹੀਂ ਸੀ ਪਰਤਿਆ ਤੇ ਪਾਲਣਹਾਰੀ ਮਾਂ ਨੇ ਹੀ ਉਸ ਨੂੰ ਬੜੇ ਨਿੱਘ, ਪਿਆਰ ਅਤੇ ਅਪਣੱਤ ਨਾਲ ਪਾਲਿਆ ਜਿਸ ਦਾ ਬਹੁਤ ਜ਼ਿਆਦਾ ਪ੍ਰਭਾਵ ਜਗਤਾਰ ਦੀ ਸ਼ਖ਼ਸੀਅਤ ਦੇ ਵਿਕਾਸ ਵਿੱਚ ਪਿਆ। ਆਪਣੀ ਕਵਿਤਾ ਵਿੱਚ ਜਗਤਾਰ ਆਪਣੀ ਪਾਲਣਹਾਰ ਮਾਂ ਨੂੰ ਬਾਰ-ਬਾਰ ਅਕੀਦਤ ਪੇਸ਼ ਕਰਦਾ ਹੈ।
ਜਗਤਾਰ ਦੀ ਵਿੱਦਿਆ ਪ੍ਰਾਪਤੀ ਦਾ ਰਾਹ ਵੀ ਔਕੜਾਂ ਭਰਿਆ ਸੀ ਪਰ ਉਸ ਨੇ ਆਪਣੀ ਹਿੰਮਤ, ਲਗਨ, ਦ੍ਰਿੜ੍ਹਤਾ, ਸਿਦਕ ਅਤੇ ਸੰਘਰਸ਼ ਨਾਲ ਜ਼ਿੰਦਗੀ ਵਿੱਚ ਆਈਆਂ ਮੁਸ਼ਕਲਾਂ ਅਤੇ ਔਕੜਾਂ ਉੱਤੇ ਜਿੱਤ ਪ੍ਰਾਪਤ ਕੀਤੀ। ਉਸ ਨੇ ਪ੍ਰਾਇਮਰੀ ਸਕੂਲ ਦੀਆਂ ਪਹਿਲੀਆਂ ਚਾਰ ਜਮਾਤਾਂ ਪਿੰਡ ਕਾਹਨਾ ਢੇਸੀਆਂ ਸਕੂਲ ਵਿੱਚੋਂ ਪਾਸ ਕੀਤੀਆਂ। ਉਸ ਨੇ ਆਪਣੀ ਬਹੁਤ ਪੜ੍ਹਾਈ ਪ੍ਰਾਈਵੇਟ ਤੌਰ `ਤੇ ਪ੍ਰਾਪਤ ਕੀਤੀ। 1947 ਦੀ ਵੰਡ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਸਰਕਾਰੀ ਸਕੂਲ ਨਨਕਾਣਾ ਸਾਹਿਬ, ਪਾਕਿਸਤਾਨ ਵਿੱਚ ਸਤਵੀਂ ਵਿੱਚ ਦਾਖ਼ਲਾ ਲਿਆ ਸੀ। ਪਰ ਦੇਸ਼ ਦੀ ਵੰਡ ਹੋ ਜਾਣ ਕਾਰਨ ਪੜ੍ਹਾਈ ਛੱਡ ਕੇ ਭਾਰਤ ਆਉਣਾ ਪਿਆ। ਇਸ ਇਤਿਹਾਸਿਕ ਦੁਖਾਂਤ ਦਾ ਉਸ ਦੀ ਜ਼ਿੰਦਗੀ ਉੱਤੇ ਬਹੁਤ ਪ੍ਰਭਾਵ ਪਿਆ। 1951 ਵਿੱਚ ਉਸ ਨੇ ਪ੍ਰਾਈਵੇਟ ਮੈਟ੍ਰਿਕ ਦਾ ਇਮਤਿਹਾਨ ਪਾਸ ਕਰਨ ਉਪਰੰਤ ਗਿਆਨੀ ਪਾਸ ਕਰ ਕੇ ਪੜ੍ਹਾਈ ਨੂੰ ਜਾਰੀ ਰੱਖਦਿਆਂ ਉਸ ਦੀ ਡੀ.ਬੀ. ਸਕੂਲ ਝੰਡੇਵਾਲਾ, ਫਿਰੋਜ਼ਪੁਰ ਵਿੱਚ ਬਤੌਰ ਪ੍ਰਾਇਮਰੀ ਅਧਿਆਪਕ ਨਿਯੁਕਤੀ ਹੋ ਗਈ। ਲਗਪਗ 1964-65 ਦਰਮਿਆਨ ਉਸ ਦੀ ਸ਼ਾਦੀ ਜੀ.ਕੇ. ਨਿੱਝਰ ਨਾਲ ਹੋ ਗਈ, ਜਿਸ ਨੇ ਜੀਵਨ-ਸਾਥਣ ਬਣ ਕੇ ਜਗਤਾਰ ਦੇ ਜੀਵਨ ਅਤੇ ਕਾਵਿਕ-ਵਿਕਾਸ ਵਿੱਚ ਬਹੁਤ ਯੋਗਦਾਨ ਪਾਇਆ। ਵੱਖ-ਵੱਖ ਥਾਂਵਾਂ `ਤੇ ਕੀਤੀਆਂ ਨੌਕਰੀਆਂ ਦੌਰਾਨ ਉਸ ਨੇ ਬਹੁਤ ਅਨੁਭਵ ਪ੍ਰਾਪਤ ਕੀਤਾ। ਇਸ ਅਨੁਭਵ ਨੇ ਉਸ ਦੀ ਸ਼ਖ਼ਸੀਅਤ ਵਿੱਚ ਨਿਖਾਰ ਲੈ ਕੇ ਆਂਦਾ। ਇਸ ਅਨੁਭਵ ਦਾ ਉਸ ਦੀ ਕਵਿਤਾ ਦੇ ਵਿਕਾਸ ਵਿੱਚ ਵੀ ਵੱਡਮੁੱਲਾ ਯੋਗਦਾਨ ਹੈ।
ਜਗਤਾਰ ਨੇ ਆਪਣੇ ਗਿਆਨ ਭੰਡਾਰ ਵਿੱਚ ਵਾਧੇ ਲਈ ਅਤੇ ਅਨੁਭਵ ਦੀ ਵਿਸ਼ਾਲਤਾ ਲਈ ਉਚੇਰੀ ਵਿੱਦਿਆ ਦਾ ਰਾਹ ਚੁਣਿਆ। ਉਸ ਨੇ ਆਪਣੀ ਨੌਕਰੀ ਦੇ ਨਾਲ- ਨਾਲ ਪ੍ਰਾਈਵੇਟ ਤੌਰ `ਤੇ ਬੀ.ਏ., ਐਮ.ਏ. (ਪੰਜਾਬੀ) ਦੀ ਡਿਗਰੀ ਪ੍ਰਾਪਤ ਕੀਤੀ। 1973-75 ਦੌਰਾਨ ਜਗਤਾਰ ਦੀ ਭਾਈ ਵੀਰ ਸਿੰਘ ਚੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਸੀਨੀਅਰ ਫ਼ੈਲੋ ਦੇ ਤੌਰ `ਤੇ ਨਿਯੁਕਤੀ ਹੋਈ। ਮਗਰੋਂ ਉਸ ਨੇ ਫ਼ਾਰਸੀ ਅਤੇ ਉਰਦੂ ਦੀ ਐਮ.ਏ. ਕੀਤੀ ਜਿਸ ਕਾਰਨ ਅਰਬੀ, ਫ਼ਾਰਸੀ, ਉਰਦੂ ਸਾਹਿਤ ਅਤੇ ਇਸਲਾਮੀ ਪਰੰਪਰਾ ਨਾਲ ਉਸ ਦੀ ਜਾਣਕਾਰੀ ਹੋਈ। ਇਸ ਗਿਆਨ ਨੇ ਜਗਤਾਰ ਦੀ ਸ਼ਖ਼ਸੀਅਤ ਦੇ ਵਿਕਾਸ ਵਿੱਚ ਨਿੱਗਰ ਵਾਧਾ ਕੀਤਾ ਅਤੇ ਉਸ ਦੇ ਕਾਵਿ- ਸੰਸਾਰ ਨੂੰ ਤੌਫ਼ੀਕ (ਸ਼ਕਤੀ) ਬਖ਼ਸ਼ੀ ਜਿਸ ਨਾਲ ਉਸ ਨੇ ਪੰਜਾਬੀ ਭਾਸ਼ਾ ਅਤੇ ਗ਼ਜ਼ਲ ਨੂੰ ਮਾਲਾਮਾਲ ਕੀਤਾ।
1976 ਵਿੱਚ ਉਸ ਦੀ ਬਤੌਰ ਲੈਕਚਰਾਰ ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਨਿਯੁਕਤੀ ਹੋ ਗਈ। ਜਗਤਾਰ ਦੀ ਹਿੰਮਤ, ਸਿਦਕ ਅਤੇ ਸੰਘਰਸ਼ ਦਾ ਹੀ ਨਤੀਜਾ ਸੀ ਕਿ ਉਹ ਸਕੂਲ ਅਧਿਆਪਕ ਤੋਂ ਤਰੱਕੀ ਕਰ ਕੇ ਕਾਲਜ ਅਧਿਆਪਕ ਬਣਿਆ। 1981 ਵਿੱਚ ਉਸ ਨੇ ਵਿਸ਼ਵਨਾਥ ਤਿਵਾੜੀ ਦੀ ਨਿਗਰਾਨੀ ਹੇਠ ਪਾਕਿਸਤਾਨੀ ਸਾਹਿਤ ਉੱਤੇ ਪੀ-ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਜਗਤਾਰ ਡਾ. ਜਗਤਾਰ ਬਣ ਗਿਆ। 1997-2000 ਤੱਕ ਉਸ ਦੀਆਂ ਸੇਵਾਵਾਂ ਨੂੰ ਵੇਖਦਿਆਂ ਹੋਇਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਉਸ ਨੂੰ ਫੈਲੋਸ਼ਿਪ ਪ੍ਰਦਾਨ ਕੀਤੀ। ਇਸੇ ਦੌਰਾਨ ਹੀ ਜਗਤਾਰ ਨੇ ਚਾਰ ਵਿਦਿਆਰਥੀਆਂ ਨੂੰ ਪੀ-ਐਚ.ਡੀ. ਕਰਵਾਈ। ਜਗਤਾਰ ਨੌਕਰੀ ਤੋਂ ਰਿਟਾਇਰਡ ਤਾਂ ਹੋ ਗਿਆ, ਪਰ ਗਿਆਨ ਅਤੇ ਸਾਹਿਤ ਸੇਵਾ ਤੋਂ ਨਹੀਂ। ਸਿਹਤ ਦੀ ਕਮਜ਼ੋਰੀ ਦੇ ਬਾਵਜੂਦ ਉਸ ਦੇ ਸਾਹਿਤ/ਕਵਿਤਾ ਵਿੱਚ ਨਿਖ਼ਾਰ ਆ ਰਿਹਾ ਹੈ।
ਜਗਤਾਰ ਨੂੰ ਕਵਿਤਾ ਦੀ ਚੇਟਕ ਸਕੂਲ ਵੇਲੇ ਤੋਂ ਹੀ ਲੱਗ ਗਈ। ਉਸ ਦੀ ਪਹਿਲੀ ਪੜ੍ਹਾਈ ਉਰਦੂ ਵਿੱਚ ਸੀ ਜੋ ਉਸ ਨੇ ਮਦਰਸੇ ਵਿੱਚ ਮੌਲਵੀ ਕੋਲੋਂ ਸਿਖੀ ਸੀ। 1952 ਵਿੱਚ ਉਸ ਦੀਆਂ ਕਵਿਤਾਵਾਂ ਅਜੀਤ (ਪਹਿਲਾਂ ਉਰਦੂ ਵਿੱਚ ਛਪਦਾ ਸੀ), ਅਖ਼ਬਾਰ ਵਿੱਚ ਛਪਣੀਆਂ ਸ਼ੁਰੂ ਹੋ ਗਈਆਂ ਸਨ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਉਸ ਨੇ ਪੰਜਾਬੀ ਭਾਸ਼ਾ `ਤੇ ਮੁਹਾਰਤ ਹਾਸਲ ਕੀਤੀ ਅਤੇ 1952 ਵਿੱਚ ਫੁਲਵਾੜੀ ਮੈਗਜ਼ੀਨ ਵਿੱਚ ਉਸ ਦੀਆਂ ਪੰਜਾਬੀ ਦੀਆਂ ਕਵਿਤਾਵਾਂ ਛਪਣੀਆਂ ਸ਼ੁਰੂ ਹੋ ਗਈਆਂ, ਭਾਵੇਂ ਇਹ ਬਹੁਤੀਆਂ ਤੁਕਬੰਦੀਆਂ ਹੀ ਸਨ। ਜਗਤਾਰ ਨੂੰ ਉਰਦੂ ਦੇ ਸ਼ਾਇਰਾਂ ਸ਼ਾਦ ਸਾਹਿਬ, ਫ਼ਿਕਰ ਤੌਂਸਵੀ ਮਖਮੂਰ ਜਲੰਧਰੀ ਦੀ ਮਹਿਫ਼ਲ ਹਾਸਲ ਸੀ, ਚਾਹੇ ਉਹ ਉਸ ਵੇਲੇ ਜਗਤਾਰ ਨੂੰ ਸ਼ਾਇਰ ਨਹੀਂ ਸਨ ਮੰਨਦੇ ਅਤੇ ਉਸ ਦੇ ਸ਼ੇਅਰਾਂ ਵਿੱਚ ਬਹੁਤ ਨੁਕਸ ਕੱਢਦੇ ਸਨ। ਇਸ ਗੱਲ ਦਾ ਜਗਤਾਰ ਨੂੰ ਬਹੁਤ ਲਾਭ ਹੋਇਆ ਤੇ ਉਸ ਨੇ ਇਸ ਨੂੰ ਵੰਗਾਰ ਸਮਝ ਕੇ ਕਬੂਲ ਕੀਤਾ। ਉਸ ਨੇ ਸ਼੍ਰੀ ਦੀਨਾ ਨਾਥ ਨੂੰ ਗੁਰੂ ਮੰਨ ਕੇ ਉਹਨਾਂ ਤੋਂ ਬਹਿਰ ਸਿਖੀ ਅਤੇ ਅਰੂਜ਼ ਵਿੱਚ ਵਿਸ਼ੇਸ਼ਤਾ ਹਾਸਲ ਕੀਤੀ। ਇਹ ਸਾਰੀਆਂ ਵੰਗਾਰਾਂ 1952-53 ਵਿੱਚ ਹੀ ਸਵੀਕਾਰ ਕੀਤੀਆਂ ਅਤੇ ਜਗਤਾਰ ਇਹਨਾਂ ਕਸੌਟੀਆਂ ਵਿੱਚੋਂ ਸੋਨਾ ਬਣ ਕੇ ਨਿਕਲਿਆ ਜਿਹੜਾ ਹੁਣ ਤੱਕ ਉਸ ਦੀ ਵਿਸ਼ੇਸ਼ਤਾ ਅਤੇ ਮਕਬੂਲੀਅਤ ਦਾ ਕਾਰਨ ਬਣਿਆ। ਸਾਧੂ ਸਿੰਘ ਹਮਦਰਦ ਦੀ ਸੰਗਤ ਅਤੇ ਦੋਸਤੀ ਨੇ ਇਸ ਵਿੱਚ ਚਾਰ ਚੰਨ ਲਾਏ। ਉਹਨਾਂ ਨੇ ਜਗਤਾਰ ਨੂੰ ਉਰਦੂ ਵਾਲੇ ਪਾਸੇ ਤੋਂ ਮੋੜ ਕੇ ਪੰਜਾਬੀ ਵਾਲੇ ਪਾਸੇ ਲੈ ਆਂਦਾ।
ਅਸਲ ਵਿੱਚ ਜਗਤਾਰ ਦੀ ਸਮੁੱਚੀ ਜ਼ਿੰਦਗੀ ਹਾਦਸਿਆਂ ਭਰਪੂਰ ਹੈ। ਇਹ ਹਾਦਸੇ ਉਸ ਦੀ ਜੀਵਨ ਦੀ ਸ਼ਕਤੀ ਬਣੇ। ਜਨਮ ਤੋਂ ਪਹਿਲਾਂ ਦੇ ਹਾਦਸਿਆਂ ਅਤੇ ਜਨਮ ਤੋਂ ਬਾਅਦ ਦੇ ਹਾਦਸਿਆਂ ਨੇ ਕਦੇ ਉਸ ਨੂੰ ਬੇਗਾਨਾ ਬਣਾਇਆ ਅਤੇ ਫ਼ਕੀਰ। ਪਾਲਣਹਾਰ ਮਾਂ ਲਕਸ਼ਮੀ ਦੇਵੀ ਦੇ ਪਤੀ ਨੇ ਆਸਟਰੇਲੀਆ ਜਾ ਕੇ ਹੋਰ ਵਿਆਹ ਕਰਵਾਇਆ। ਮਾਂ ਦੇ ਤੀਬਰ ਦਰਦ ਦਾ ਅਹਿਸਾਸ ਜਗਤਾਰ ਦੇ ਸੀਨੇ ਵਿੱਚ ਵੱਸਿਆ ਪਿਆ ਹੈ। 1957 ਵਿੱਚ ਜਨਮਦਾਤੀ ਮਾਂ ਦੀ ਮੌਤ, 1961 ਵਿੱਚ ਪਿਉ ਦੀ ਮੌਤ, ਉਪਰੰਤ ਛੋਟੇ ਭਰਾ ਦਾ ਕਤਲ। ਇਹਨਾਂ ਹਾਦਸਿਆਂ ਨੇ ਉਸ ਨੂੰ ਨਿਰਾਸ਼ਾ ਤੇ ਵਿਰਾਗ ਵੱਲ ਧੱਕਿਆ ਪਰ ਕਿਸਮਤ ਨੇ ਸਾਥ ਦਿੱਤਾ। ਇਹਨਾਂ ਹਾਦਸਿਆਂ ਨੇ ਫਿਰ ਸੋਚ ਨੂੰ ਬਦਲਿਆ। ਜ਼ਿੰਦਗੀ ਦਾ ਚਾਨਣ ਹੋ ਗਿਆ। ਸੂਝ ਆ ਗਈ ਕਿ ‘ਜ਼ਿੰਦਗੀ ਸੰਘਰਸ਼ ਦਾ ਨਾਂ ਹੈ’। ਦੁੱਧ ਪੱਥਰੀ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਇਹ ਵਿਚਾਰ ਹੀ ਪੇਸ਼ ਹੋ ਰਿਹਾ ਹੈ। ਇਸ ਕਾਵਿ-ਸੰਗ੍ਰਹਿ ਨੇ ਜਗਤਾਰ ਨੂੰ ਕਵੀ ਦੇ ਰੂਪ ਵਿੱਚ ਸਥਾਪਿਤ ਕੀਤਾ।
ਜਗਤਾਰ ਨੇ 50 ਸਾਲ ਤੋਂ ਜ਼ਿਆਦਾ ਦਾ ਆਪਣਾ ਕਾਵਿ-ਸਫ਼ਰ ਪੂਰਾ ਕਰ ਲਿਆ ਹੈ। ਇਹ ਸਫ਼ਰ ਹਾਲੇ ਵੀ ਜਾਰੀ ਹੈ ਜਿਸ ਨੇ ਪੰਜਾਬੀ ਸਾਹਿਤ ਨੂੰ ਭਰਪੂਰ ਕੀਤਾ ਹੈ। ਜਗਤਾਰ ਨੇ ਹੇਠ ਲਿਖੀਆਂ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ:
ਉਸ ਦੇ ਕਾਵਿ ਸੰਗ੍ਰਹਿ ਰੁੱਤਾਂ ਰਾਂਗਲੀਆਂ (1957), ਤਲਖੀਆਂ ਰੰਗੀਨੀਆਂ (1960), ਦੁੱਧ ਪੱਥਰੀ (1961), ਅਧੂਰਾ ਆਦਮੀ (1967), ਲਹੂ ਦੇ ਨਕਸ਼ (1973), ਛਾਂਗਿਆ ਰੁੱਖ (1976), ਸ਼ੀਸ਼ੇ ਦਾ ਜੰਗਲ (1980), ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ (1985), ਚਨੁਕਰੀ ਸ਼ਾਮ (1990), ਜੁਗਨੂੰ, ਦੀਵਾ ਤੇ ਦਰਿਆ (1992), ਅੱਖਾਂ ਵਾਲੀਆਂ ਪੈੜਾਂ (1999), ਮੇਰੇ ਅੰਦਰ ਇੱਕ ਸਮੁੰਦਰ (2001), ਹਰ ਮੌੜ `ਤੇ ਸਲੀਬਾਂ (ਕੁੱਲ ਗ਼ਜ਼ਲਾਂ) (2003), ਪ੍ਰਵੇਸ਼ ਦੁਆਰ (2003), ਅਣਮੁਕ ਸਫ਼ਰ (ਕੁੱਲ ਨਜ਼ਮਾਂ) (ਛਪਾਈ ਅਧੀਨ) ਅਤੇ ਸੰਪਾਦਿਤ ਪੁਸਤਕਾਂ ਦੁਖ ਦਰਿਆਓਂ ਪਾਰ ਦੇ, ਚਿੱਟਾ ਘਾਹ ਧੁਆਂਖੀਆਂ ਧੁੱਪਾਂ, ਆਖਿਆ ਫ਼ਰੀਦ ਨੇ, ਸੂਫ਼ੀ-ਕਾਵਿ ਤੇ ਉਸ ਦਾ ਪਿਛੋਕੜ, ਚੋਣਵੀਂ ਪੰਜਾਬੀ ਕਵਿਤਾ, ਚੋਣਵੀਂ ਪੰਜਾਬੀ ਗ਼ਜ਼ਲ, ਪਰਲੇ ਪਾਰ (ਚੋਣਵੀਂ ਪਾਕਿਸਤਾਨੀ ਗ਼ਜ਼ਲ), ਗੁਆਚੀ ਛਾਂ (ਚੋਣਵੀਂ ਪਾਕਿਸਤਾਨੀ ਗ਼ਜ਼ਲ), ਰਾਤ ਦੇ ਰਾਹੀ (ਚੋਣਵੀਂ ਪੰਜਾਬੀ ਕਵਿਤਾ), ਚੋਣਵੀਂ ਕਵਿਤਾ (ਪਾਕਿਸਤਾਨੀ), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, ਚੋਣਵੀਂ ਪਾਕਿਸਤਾਨੀ ਕਵਿਤਾ (ਅਕਾਡਮੀ ਆਫ਼ ਆਰਟ ਅਤੇ ਲੈਂਗੂਅਜ਼, ਜੰਮੂ), ਹਮਸਫ਼ਰ (ਮੁਲਾਕਾਤਾਂ) ਹਨ। ਇਹਨਾਂ ਤੋਂ ਇਲਾਵਾ ਲਿਪੀ-ਅੰਤਰ ਪੁਸਤਕਾਂ ਅਧੀਨ ਸਾਂਝ (ਸਲੀਮਖਾਂ ਗਿੰਮੀ ਦਾ ਨਾਵਲ), ਕੁਕਨੁਸ (ਇਸਹਾਕ ਮੁਹੰਮਦ ਦਾ ਨਾਟਕ), ਜਿੱਥੇ ਪਿੱਪਲਾਂ ਦੀ ਠੰਡੀ ਛਾਂ (ਪਾਕਿਸਤਾਨੀ ਲੋਕ-ਗੀਤ), ਰੰਨ, ਤਲਵਾਰ ਤੇ ਘੋੜਾ (ਅਫ਼ਜ਼ਲ ਅਹਿਸਾਨ ਰੰਧਾਵਾ ਦੀਆਂ ਚੋਣਵੀਆਂ ਕਹਾਣੀਆਂ), ਚਿਕੜ ਰੰਗੀ ਮੂਰਤੀ (ਕਹਿਕਸ਼ਾਂ ਮਲਕ ਦਾ ਨਾਵਲ), ਦੀਵਾ ਦੇ ਦਰਿਆ ਅਤੇ ਦੁਆਬਾ (ਅਫ਼ਜ਼ਲ ਅਹਿਸਾਨ ਰੰਧਾਵਾ ਦੇ ਨਾਵਲ) ਅਤੇ ਅਨੁਵਾਦਿਤ ਪੁਸਤਕਾਂ ਰਾਤ ਦੀ ਰਾਤ (ਫ਼ੈਜ਼ ਦੀ ਚੋਣਵੀਂ ਕਵਿਤਾ), ਰਾਤ (ਅਬਦੁਲਾ ਹੁਸੈਨ ਦਾ ਨਾਵਲ), ਕੁਰਅਤੁਲ ਐਨ ਹੈਦਰ ਦੀਆਂ ਚੋਣਵੀਆਂ ਕਹਾਣੀਆਂ, ਰਤਨ ਨਾਥ ਸਰਸ਼ਾਰ ਆਦਿ ਹਨ।
ਖੋਜ ਦੇ ਖੇਤਰ ਵਿੱਚ ਹੀਰ ਦਮੋਦਰ ਅਤੇ ਅੰਗਰੇਜ਼ੀ ਪੁਸਤਕਾਂ ਅਧੀਨ Voice of Dissent (with others), Hundred Poets (with others), Indian Poetry Today (with others), Modern Indian Poetry ਅਤੇ Snakes Around Us, Red Kite, Coins of Mughals (in press), Forts in India (in press) ਅਨੁਵਾਦਿਤ ਪੁਸਤਕਾਂ ਹਨ।
ਜਗਤਾਰ ਨੂੰ ਉਸ ਦੀਆਂ ਵੱਡਮੁੱਲੀਆਂ ਕਾਵਿ- ਪ੍ਰਾਪਤੀਆਂ ਕਰ ਕੇ ਬਹੁਤੇ ਸਾਰੇ ਇਨਾਮ-ਸਨਮਾਨ ਪ੍ਰਾਪਤ ਹੋਏ ਜਿਨ੍ਹਾਂ ਨੇ ਸਮੇਂ-ਸਮੇਂ ਉਸ ਨੂੰ ਸ਼ਕਤੀ ਬਖ਼ਸ਼ੀ ਅਤੇ ਵਧੇਰੇ ਜ਼ੁੰਮੇਵਾਰੀਆਂ ਤੇ ਵੰਗਾਰਾਂ ਪਾਈਆਂ। ਜਗਤਾਰ ਨੂੰ ਹੇਠ ਲਿਖੇ ਇਨਾਮ-ਸਨਮਾਨ ਪ੍ਰਾਪਤ ਹੋਏ; ਜਿਨ੍ਹਾਂ ਵਿੱਚ ਕੁਝ ਇਸ ਤਰ੍ਹਾਂ ਹਨ: 1980 ਵਿੱਚ ਪੰਜਾਬ ਆਰਟ ਕੌਂਸਲ, ਚੰਡੀਗੜ੍ਹ ਵੱਲੋਂ, 1991 ਵਿੱਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸ਼੍ਰੋਮਣੀ ਕਵੀ ਅਵਾਰਡ, 1995 ਵਿੱਚ ਭਾਰਤੀ ਸਾਹਿਤ ਅਕਾਡਮੀ ਵੱਲੋਂ ਜੁਗਨੂੰ, ਦੀਵਾ ਤੇ ਦਰਿਆ ਕਾਵਿ-ਪੁਸਤਕ ਨੂੰ ਪੁਰਸਕਾਰ, 1998 ਵਿੱਚ ਬੈਸਟ ਪੋਇਟ ਅਵਾਰਡ, ਲਾਹੌਰ (ਪਾਕਿਸਤਾਨ), 2000 ਵਿੱਚ ਅੰਤਰ- ਰਾਸ਼ਟਰੀ ਯਾਦਗਾਰੀ ਅਵਾਰਡ, ਕੈਨੇਡਾ, 2000 ਵਿੱਚ ਪੋਇਟ ਆਫ਼ ਮਲੇਨੀਅਮ, ਨਾਰਥ ਅਮਰੀਕਾ, 2002 ਵਿੱਚ ਪੋਇਟ ਆਫ਼ ਸੰਚਰੀ, ਕੈਲੇਫੋਰਨੀਆ (ਯੂ.ਐਸ.ਏ.)
ਜਗਤਾਰ ਫ਼ਕੀਰਾਨਾ ਤਬੀਅਤ ਦਾ ਮਾਲਕ ਹੈ। ਇਸੇ ਕਰ ਕੇ ਉਸ ਨੂੰ ਘੁੰਮਣ ਦਾ ਬਹੁਤ ਸ਼ੌਕ ਹੈ। ਇਸ ਸਫ਼ਰ ਨੇ ਜਿੱਥੇ ਉਸ ਦੀ ਸ਼ਖ਼ਸੀਅਤ ਵਿੱਚ ਗੰਭੀਰਤਾ ਲਿਆਂਦੀ ਹੈ, ਉੱਥੇ ਗਿਆਨ ਅਤੇ ਅਨੁਭਵ ਨੂੰ ਵਿਸ਼ਾਲ ਵੀ ਕੀਤਾ ਹੈ। ਇਸੇ ਰੁਚੀ ਕਰ ਕੇ ਉਸ ਨੇ ਤਕਰੀਬਨ 10-11 ਮੁਲਕਾਂ ਦੀ ਸੈਰ ਕੀਤੀ ਹੈ ਜਿਨ੍ਹਾਂ ਵਿੱਚ ਅਮਰੀਕਾ, ਕੈਨੇਡਾ, ਯੂ.ਕੇ., ਪਾਕਿਸਤਾਨ, ਨੇਪਾਲ ਆਦਿ ਮੁਲਕਾਂ ਦੀਆਂ ‘ਅਦਬੀ ਮਹਿਫ਼ਲਾਂ’ ਅਤੇ ਕਾਨਫਰੰਸਾਂ ਵਿੱਚ ਭਾਗ ਲਿਆ ਹੈ।
ਸਾਹਿਤ ਦੇ ਇਤਿਹਾਸ ਦੇ ਨਿਰਮਾਣ ਅਤੇ ਵਿਕਾਸ ਵਿੱਚ ਸਮਾਜਿਕ ਇਤਿਹਾਸ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਕਿਉਂਕਿ ਕਵੀ ਇਸ ਵਿੱਚ ਜਨਮ ਲੈ ਕੇ ਵਿਕਾਸ ਕਰਦਾ ਹੈ। ਇੱਕ ਪਾਸੇ ਉਹ ਸਮਾਜ ਵਿੱਚ ਅਣਮਨੁੱਖੀ ਕੀਮਤਾਂ ਨਾਲ ਟੱਕਰ ਲੈਂਦਾ ਹੈ, ਦੂਜੇ ਪਾਸੇ, ਉਹ ਲੋਕਾਂ ਨੂੰ ਅਣਮਨੁੱਖੀ ਵਿਚਾਰ ਤੋਂ ਜਗਾਉਂਦਾ ਹੈ। ਇਹ ਮਾਪਦੰਡ ਜਗਤਾਰ ਦੀ ਕਵਿਤਾ ਦੀ ਪਛਾਣ ਹੈ। ਇਸ ਸਿਰਜਣਾਤ- ਮਿਕ ਗੁਣ ਕਰ ਕੇ ਜਗਤਾਰ ਦਾ ਪੰਜਾਬੀ ਕਵਿਤਾ ਵਿੱਚ ਵਿਸ਼ੇਸ਼ ਸਥਾਨ ਹੈ।
ਜਗਤਾਰ ਦੀ ਸਮੁੱਚੀ ਕਵਿਤਾ ਸਮਾਜਿਕ, ਰਾਜਸੀ, ਧਾਰਮਿਕ ਅਤੇ ਸੱਭਿਆਚਾਰਿਕ ਲਹਿਰਾਂ ਨਾਲ ਜੁੜੀ ਹੋਈ ਹੈ। ਉਸ ਦੀ ਕਵਿਤਾ ਵਿੱਚੋਂ ਪੇਂਡੂ ਸੱਭਿਆਚਾਰ, ਰਹਿਤਲ, ਪ੍ਰਗਤੀਵਾਦ, ਆਧੁਨਿਕਤਾ, ਪ੍ਰਯੋਗਵਾਦ, ਨਕਸਲਵਾਦ/ਜੁਝਾਰਵਾਦ, ਪੰਜਾਬ ਸੰਕਟ, ਪਿਆਰ, ਦਲਿਤ ਚੇਤਨਾ ਅਤੇ ਨਾਰੀ ਚੇਤਨਾ ਦੇ ਵਿਚਾਰਾਂ ਨੂੰ ਪਛਾਣਿਆ ਜਾ ਸਕਦਾ ਹੈ। ਜਗਤਾਰ ਆਪਣੇ ਸਮੇਂ ਦਾ ਪ੍ਰਮੁਖ ਗ਼ਜ਼ਲਗੋ ਹੈ ਜਿਸ ਨੂੰ ਪੰਜਾਬੀ ਅਤੇ ਇਸਲਾਮੀ ਸੱਭਿਆਚਾਰ ਦੀ ਜਾਣਕਾਰੀ ਹੈ। ਉਸ ਨੇ ਵੱਡੇ ਪੱਧਰ `ਤੇ ਨਵੇਂ ਗ਼ਜ਼ਲਗੋਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਉਹਨਾਂ ਦੀ ਅਗਵਾਈ ਵੀ ਕੀਤੀ ਹੈ।
ਲੇਖਕ : ਗੁਰਇਕਬਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First