ਜਾਇਦਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਇਦਾਦ [ਨਾਂਇ] ਮਿਲਖ , ਸੰਪਤੀ , ਧਨ , ਮਾਲ਼, ਦੌਲਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3842, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਾਇਦਾਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਇਦਾਦ ਫ਼ਾਮਾਲ. ਅਸਬਾਬ. ਧਨ ਸੰਪੱਤਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3659, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਾਇਦਾਦ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Jaidad_ਜਾਇਦਾਦ: ਤਰਜਮੇ ਵਿਚ ਜਾਇਦਾਦ ਅੰਗਰੇਜ਼ੀ ਦੇ ਸ਼ਬਦ property ਦੇ ਸਮਾਨਾਰਥਕ ਵਜੋਂ ਵਰਤਿਆ ਜਾਂਦਾ ਹੈ ਅਤੇ ਇਹ ਸ਼ਬਦ ਅਚੁੱਕਵੀਂ ਸੰਪਤੀ ਲਈ ਵਰਤਿਆ ਜਾਂਦਾ ਹੈ ਅਤੇ ਜਦੋਂ ਇਹ ਸ਼ਬਦ ਚੁੱਕਵੀਂ ਸੰਪਤੀ ਲਈ ਵਰਤਿਆ ਜਾਵੇ ਤਾਂ ਉਸ ਨਾਲ ‘ਮਨਕੂਲਾ’ ਸ਼ਬਦ ਅਗੇਤਰ ਵਜੋਂ ਵਰਤਿਆ ਜਾਂਦਾ ਹੈ, ਇਸ ਤੋਂ ਇਹ ਦਰਸਾਇਆ ਜਾਂਦਾ ਹੈ ਕਿ ਜਾਇਦਾਦ ਸ਼ਬਦ ਦੇ ਇਥੇ ਮੂਲ ਅਰਥ (ਅਚੁੱਕਵੀਂ ਸੰਪਤੀ) ਨਹੀਂ ਲਏ ਜਾਣੇ (ਮੌਲਵੀ ਸੈਯਦ ਬਨਾਮ ਮੁਹੰਮਦ ਜ਼ਬੈਰ , ਆਈ ਐਲ ਆਰ 31 ਇਲਾ. 523)।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਜਾਇਦਾਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਾਇਦਾਦ : ਪੂਰਬੀ ਅਤੇ ਪੱਛਮੀ ਸਮਾਜਾਂ ਦੁਆਰਾ ਜਾਇਦਾਦ ਦੀ ਵਰਤੋਂ ਸਮਾਜਕ ਸੰਗਠਨ ਅਤੇ ਸਮਾਜਕ ਰਹਿਣ-ਸਹਿਣ ਲਈ ਇਕ ਅਤਿ ਜ਼ਰੂਰੀ ਵਸਤੂ ਦੇ ਰੂਪ ਵਿਚ ਹੁੰਦੀ ਰਹੀ ਹੈ। ਇਸ ਦਾ ਆਸ਼ਾ ਇਸ ਨਾਲ ਸਬੰਧਤ ਹੋਰ ਵਿਚਾਰਾਂ ਤੋਂ ਜਿਨ੍ਹਾਂ ਨੂੰ ‘ਵਸਤੂ’ ਜਾਂ ਲਾਤੀਨੀ ਸ਼ਬਦ ਰੀਜ਼ (Res), ‘ਡੋਮਸ’ (Domus) ਅਤੇ ਮਾਲਕ (Proprietor) ਆਦਿ ਸ਼ਬਦਾਂ ਨਾਲ ਪਰਗਟ ਕੀਤਾ ਗਿਆ, ਵਿਕਸਿਤ ਹੋਇਆ। ਭਾਸ਼ਾ ਵਿਗਿਆਨ ਅਨੁਸਾਰ ਇਹ ਸ਼ਬਦ ਲਾਤੀਨੀ ਦੇ ਸ਼ਬਦ ਪ੍ਰਾਪਟਰ (Propter) ਤੋਂ ਨਿਕਲਿਆ ਹੈ। ਇਸ ਦਾ ਵਿਕਾਸ ‘ਪ੍ਰੋਪ੍ਰਾਇਟਰਜ਼’ ਤੋਂ ਹੋਇਆ ਹੈ। ਹੌਲੀ-ਹੌਲੀ ਜਾਇਦਾਦ ਸ਼ਬਦ ਦੀ ਵਰਤੋਂ ਜ਼ਰ, ਜ਼ਮੀਨ ਅਤੇ ਕੀਮਤੀ ਚੀਜ਼ਾਂ ਲਈ ਹੋਣ ਲੱਗੀ।

          ਨਿਆਂ ਸੰਘਤਾ (Justinian Code) ਵਿਚ ‘ਮੈਨਸਿਪੀਅਮ’ ‘ਡੋਮੀਨੀਅਮ’ ਅਤੇ ‘ਪ੍ਰੋਪ੍ਰਾਇਟੈਸ’ ਦੀ ਵਰਤੋਂ ‘ਸੰਪਤੀ’ ਜਾਂ ‘ਮਲਕੀਅਤਾਂ’ ਲਈ ਸਮਾਨ ਰੂਪ ਵਿਚ ਕੀਤੀ ਜਾਂਦੀ ਹੈ। ਮੈਨਸਿਪੀਅਮ ਤੋਂ ਭਾਵ ਭੌਂ ਆਦਿ ਦਾ ਅਧਿਕਾਰ ਵਿਚ ਲੈਣਾ ਹੈ। ਰੋਮਨ ਵਿਚ ‘ਡੋਮੀਨਿਅਮ’ ਜਾਂ ‘ਪ੍ਰੋਪ੍ਰਾਇਟੈਸ’ ਤੋਂ ਭਾਵ ਉਨ੍ਹਾਂ ਸਾਰੇ ਅਧਿਕਾਰਾਂ ਦਾ ਸਮੂਹ ਹੈ ਜਿਨ੍ਹਾਂ ਤੋਂ ਮਲਕੀਅਤ ਦਾ ਪਤਾ ਚਲਦਾ ਹੈ। ਹੌਲੀ ਹੌਲੀ ਅਧਿਕਾਰਾਂ ਵਿਚ ਵਾਧਾ ਹੋਇਆ ਅਤੇ ਵਸਤੂਆਂ ਦੀ ਸੁਤੰਤਰ ਰੂਪ ਵਿਚ ਵਰਤੋਂ ਅਤੇ ਉਨ੍ਹਾਂ ਨੂੰ ਭੇਜਣ ਜਾਂ ਦੇਣ ਦਾ ਹੱਕ ਸਮਝਿਆ ਜਾਣ ਲੱਗਾ।

          ਪੁਰਾਣੇ ਸਮਾਜਾਂ ਵਿਚ ਜਾਇਦਾਦ ਨਾਲ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਸਨ। ਪੂਰਵਜਾਂ ਦੇ ਧਾਰਮਿਕ ਕੰਮ ਨੇਪਰੇ ਚਾੜ੍ਹਨੇ ਬੰਸ ਦੇ ਮਰਦਾਂ ਦਾ ਹੀ ਕਰਤੱਵ ਸੀ। ਇਸ ਲਈ ਖੇਤੀ ਕਰਨ, ਇਸ ਦੀ ਵਰਤੋਂ ਕਰਨ ਅਤੇ ਇਸ ਨੂੰ ਵੇਚਣ-ਖਰੀਦਣ ਦਾ ਹੱਕ ਵੀ ਜਨਮ ਤੋਂ ਹੀ ਪ੍ਰਾਪਤ ਹੋ ਜਾਂਦਾ ਸੀ।

          ਹਿੰਦੂ ਸਮਾਜ ਵਿਚ ਇਹ ਕਾਨੂੰਨ ਹੈ ਕਿ ਪੁੱਤਰ ਦਾ ਪਿਤਾ-ਪੁਰਖੀ ਜਾਂ ਵੱਡੇ-ਵਡੇਰਿਆਂ ਦੀ ਜਾਇਦਾਦ ਉੱਤੇ ਜਨਮ ਤੋਂ ਹੀ ਹੱਕ ਹੁੰਦਾ ਹੈ। ਹੌਲੀ ਹੌਲੀ ਜਾਇਦਾਦ ਦਾ ਧਾਰਮਿਕ ਸਰੂਪ ਖਤਮ ਹੁੰਦਾ ਗਿਆ ਕਿਉਂਕਿ ਵਿਦਵਾਨਾਂ ਅਨੁਸਾਰ ਇਸ ਦੀ ਵਰਤੋਂ ਕੇਵਲ ਸੰਸਾਰਕ ਲੈਣ ਦੇਣ ਲਈ ਹੀ ਹੁੰਦੀ ਹੈ।

          ਮਨੂ ਸਮ੍ਰਿਤੀ ਦੇ ਟੀਕਾਕਾਰਾਂ ਅਨੁਸਾਰ ਆਰੀਆ ਲੋਕਾਂ ਵਿਚ ਜਾਇਦਾਦ ਪੂਰੇ ਪਰਿਵਾਰ ਨਾਲ ਸਬੰਧਤ ਸੀ ਜਿਸ ਵਿਚ ਧੀ, ਪੁੱਤਰ, ਪਤਨੀ ਅਤੇ ਨੌਕਰ ਸ਼ਾਮਲ ਸਨ। ਸਮਾਜ ਦੇ ਵਿਕਾਸ ਦੇ ਨਾਲ ਨਾਲ ਧੀ, ਪੁੱਤਰ ਅਤੇ ਪਤਨੀ ਨੂੰ ਜਾਇਦਾਦ ਨਾ ਸਮਝ ਕੇ ਉਨ੍ਹਾਂ ਦੀ ਜਾਇਦਾਦ ਤੋਂ ਅਲੱਗ ਹੋਂਦ ਮੰਨੀ ਗਈ।

          ਜਾਇਦਾਦ ਦੇ ਸਬੰਧ ਵਿਚ ਭਾਰਤੀ ਅਤੇ ਅੰਗਰੇਜ਼ੀ ਕਾਨੂੰਨ ਦੀ ਧਾਰਨਾ ਤਕਰੀਬਨ ਇਕੋ ਜਿਹੀ ਹੁੰਦੀ ਹੈ। ਅੰਗਰੇਜ਼ੀ ਕਾਨੂੰਨ ਬਹੁਤ ਹੱਦ ਤੱਕ ਰੋਮਨ ਕਾਨੂੰਨ ਤੋਂ ਪ੍ਰਭਾਵਿਤ ਹੈ।

          ਰੋਮਨ ਭਾਸ਼ਾ ਵਿਚ ‘ਰੀਜ਼’ ਜਾਇਦਾਦ ਦੀ ਵਸਤੂ ਅਤੇ ਅਧਿਕਾਰ ਦੋਹਾਂ ਲਈ ਵਰਤਿਆ ਜਾਂਦਾ ਹੈ ਪਰ ਬੋਨਾ (Bona) ਸ਼ਬਦ ਜਿਸ ਦੀ ਵਰਤੋਂ ਸਾਮਾਨ ਜਾਂ ਧਨ ਲਈ ਹੁੰਦੀ ਹੈ, ਸੰਸਕ੍ਰਿਤ ਦੇ ‘ਧਨ’ ਵਰਗਾ ਹੈ। ਅਰਬੀ ਕਾਨੂੰਨਦਾਨਾਂ ਅਨੁਸਾਰ ‘ਮਾਲ’ ਸ਼ਬਦ ਜਾਇਦਾਦ ਜਾਂ ਕਿਸੇ ਵੀ ਇਸ ਤਰ੍ਹਾਂ ਦੀ ਵਸਤੂ ਲਈ ਵਰਤਿਆ ਜਾਂਦਾ ਹੈ ਜਿਸ ਦਾ ਅਰਬੀ ਕਾਨੂੰਨ ਵਿਚ ਮੁੱਲ ਹੋਵੇ ਜਾਂ ਜਿਹੜੀ ਕਿਸੇ ਵਿਅਕਤੀ ਦੇ ਅਧਿਕਾਰ ਵਿਚ ਰਹਿ ਸਕਦੀ ਹੋਵੇ। ਜਾਇਦਾਦ ਲਈ ਧਨ ਸ਼ਬਦ ਵੀ ਬਹੁਤ ਵਰਤਿਆ ਜਾਂਦਾ ਹੈ।

          ਜਿਸ ਵਸਤੂ ਨੂੰ ਜਾਇਦਾਦ ਕਿਹਾ ਜਾਵੇ ਉਸ ਦਾ ਸਥਾਈ ਅਤੇ ਪਦਾਰਥਕ ਹੋਣਾ ਜ਼ਰੂਰੀ ਹੈ। ਕਾਨੂੰਨ ਵਿਚ ਜਾਇਦਾਦ ਸ਼ਬਦ ਦੀ ਵਰਤੋਂ ਕੁਝ ਅਧਿਕਾਰਾਂ ਅਤੇ ਕਰਤੱਵਾਂ ਨੂੰ ਸਪਸ਼ਟ ਕਰਨ ਵਿਚ ਕੀਤੀ ਜਾਂਦੀ ਹੈ। ਪਦਾਰਥਕ ਗੁਣਾਂ ਦੇ ਆਧਾਰ ਤੇ ਜਾਇਦਾਦ ਦੋ ਪ੍ਰਕਾਰ ਦੀ ਹੋ ਸਕਦੀ ਹੈ––ਚੱਲ ਅਤੇ ਅਚੱਲ ਪਰ ਅੰਗਰੇਜ਼ੀ ਕਾਨੂੰਨ ਦੇ ਤਕਨੀਕੀ ਨਿਯਮਾਂ ਅਨੁਸਾਰ ਜਾਇਦਾਦ ਵਾਸਤਵਿਕ ਅਤੇ ਵਿਅਕਤੀਗਤ ਹੁੰਦੀ ਹੈ। ਜਾਇਦਾਦ ਲਈ ਇਕ ਅਜਿਹਾ ਵਿਅਕਤੀ ਜ਼ਰੂਰੀ ਹੈ ਜਿਹੜਾ ਕਿਸੇ ਵਸਤੂ ਉੱਤੇ ਆਪਣਾ ਅਧਿਕਾਰ ਜਾਂ ਕਬਜ਼ਾ ਰੱਖ ਸਕੇ।

          ਅੰਤਮ ਵਿਸ਼ਲੇਸ਼ਣ ਅਨੁਸਾਰ ਜਾਇਦਾਦ ਕਿਸੇ ਇਕ ਮਨੁੱਖ ਅਤੇ ਇਕ ਵਸਤੂ ਜਾਂ ਅਧਿਕਾਰ ਜਿਸ ਨੂੰ ਉਹ ਸਿਰਫ਼ ਆਪਣਾ ਮੰਨਦਾ ਹੋਵੇ, ਵਿਚਲੇ ਸਬੰਧ ਨੂੰ ਸਪਸ਼ਟ ਕਰਦੀ ਹੈ। ਆਧੁਨਿਕ ਵਰਤੋਂ ਅਨੁਸਾਰ ਜਾਇਦਾਦ ਸ਼ਬਦ ਉਨ੍ਹਾਂ ਸਾਰੀਆਂ ਵਸਤੂਆਂ ਜਾਂ ਮਾਲ ਮੱਤੇ ਲਈ ਵਰਤਿਆ ਜਾਂਦਾ ਹੈ ਜੋ ਕਿਸੇ ਵਿਅਕਤੀ ਨਾਲ ਸਬੰਧਤ ਹੋਵੇ ਜਾਂ ਉਸ ਵਿਅਕਤੀ ਨੇ ਉਹ ਵਸਤੂ ਕਿਸੇ ਹੋਰ ਨੂੰ ਦੇ ਦਿੱਤੀ ਹੋਵੇ ਪਰ ਆਪਣੇ ਲਾਭ ਲਈ ਉਸ ਵਸਤੂ ਦੀ ਵਿਵਸਥਾ ਕਰਨ ਦਾ ਅਧਿਕਾਰ ਸੁਰੱਖਿਅਤ ਰੱਖਦਾ ਹੋਵੇ। ਜਾਇਦਾਦ ਦੀ ਚੱਲ ਅਤੇ ਅਚੱਲ, ਵਾਸਤਵਿਕ ਅਤੇ ਵਿਅਕਤੀਗਤ ਰੂਪਾਂ ਵਿਚ ਵੰਡ ਹੋ ਸਕਦੀ ਹੈ। ਇਸ ਨਾਲ ਵਿਸ਼ੇਸ਼ ਸ਼ਬਦ ਜਿਵੇਂ ਨਿੱਜੀ, ਜਨਤਕ, ਪਿਤਾ-ਪੁਰਖੀ, ਸੰਯੁਕਤ ਪਰਿਵਾਰ ਦੀ ਆਮਦਨ ਨਾ ਦੇਣ ਨਾਲ ਜਾਇਦਾਦ ਦੇ ਸਰੂਪ ਦਾ ਸਬੰਧ ਸਪਸ਼ਟ ਹੋ ਜਾਂਦਾ ਹੈ।

          ਜਾਇਦਾਦ ਦੀ ਕਾਨੂੰਨੀ ਵਿਆਖਿਆ ਅਨੁਸਾਰ ਇਸ ਦੇ ਕਈ ਅਰਥ ਹਨ। ਇਸ ਵਿਚ ਕਿਸੇ ਮਨੁੱਖ ਰਾਹੀਂ ਕੀਤੇ ਗਏ ਸਰੀਰਕ ਅਤੇ ਮਾਨਸਿਕ ਕੰਮ ਵੀ ਸ਼ਾਮਿਲ ਹਨ। ਕਿਸੇ ਵੀ ਮਨੁੱਖ ਨੂੰ ਉਸ ਦੀ ਕਿਸੇ ਵਸਤੂ ਬਦਲੇ ਜੋ ਕੁਝ ਵੀ ਦਿੱਤਾ ਜਾਂਦਾ ਹੈ ਅਤੇ ਜਿਸ ਨੂੰ ਕਾਨੂੰਨ ਦੁਆਰਾ ਉਸ ਵਿਅਕਤੀ ਦੀ ਮਲਕੀਅਤ ਮੰਨਿਆ ਜਾਂਦਾ ਹੈ ਅਰਥਾਤ ਉਸ ਨੂੰ ਵਰਤਣ, ਮਾਣਨ ਅਤੇ ਵਿਵਸਥਾ ਕਰਨ ਦਾ ਅਧਿਕਾਰ ਪ੍ਰਦਾਨ ਕੀਤਾ ਜਾਂਦਾ ਹੈ, ਇਹ ਸਭ ਉਸ ਮਨੁੱਖ ਦੀ ਨਿੱਜੀ ਜਾਇਦਾਦ ਕਹਾਉਂਦੀ ਹੈ ਪਰ ਕਾਨੂੰਨ ਰਾਹੀਂ ਮਾਨਤਾ ਨਾ ਪ੍ਰਾਪਤ ਹੋਣ ਦੀ ਸੂਰਤ ਵਿਚ ਉਸ ਨੂੰ ਜਾਇਦਾਦ ਨਹੀਂ ਕਿਹਾ ਜਾ ਸਕਦਾ ਅਤੇ ਇਸ ਤਰ੍ਹਾਂ ਵਿਧਾਨਕ ਤੌਰ ਤੇ ਵਿਅਕਤੀ ਅਤੇ ਵਸਤੂ ਵਿਚਕਾਰ ਕੋਈ ਸਬੰਧ ਨਹੀਂ ਰਹਿ ਜਾਂਦਾ।

          ਹ. ਪੁ.––ਹਿੰ. ਵਿ. ਕੋ. 11 : 381


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2970, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.